Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Sunday, 12 October 2025

ਸੀਸੀਸੀ ਨੇ 15 ਅਕਤੂਬਰ ਨੂੰ ਪੁਤਲੇ ਫੂਕ ਮੁਜ਼ਾਹਰੇ ਕਰਨ ਦਾ ਫ਼ੈਸਲਾ

 


ਥਾਣੇ (ਮਹਾਰਾਸ਼ਟਰਾ)
: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ- ਯੂਨਾਇਟਡ (ਐੱਮਸੀਪੀਆਈ- ਯੂ) 'ਤੇ ਆਧਾਰਿਤ 'ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ' (ਸੀਸੀਸੀ) ਵਲੋਂ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਨੂੰ ਸੰਸਥਾਗਤ ਰੂਪ ਦੇਣ ਵਾਲੀ ਮਨੂੰਵਾਦੀ-ਹਿੰਦੂਤਵੀ ਸੋਚ ਖਿਲਾਫ਼ ਰੋਸ ਪ੍ਰਗਟਾਉਣ ਲਈ ਆਉਣ ਵਾਲੀ 15 ਅਕਤੂਬਰ ਨੂੰ ਪਿੰਡਾਂ/ ਸ਼ਹਿਰਾਂ ਅੰਦਰ ਪੁਤਲੇ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਹ ਫੈਸਲਾ ਗਣੇਸ਼ਾਪੁਰੀ, ਜ਼ਿਲ੍ਹਾ ਥਾਣੇ (ਮਹਾਰਾਸ਼ਟਰਾ) ਵਿਖੇ ਹੋਈ ਦੋਨਾਂ ਪਾਰਟੀਆਂ ਦੀਆਂ ਕੇਂਦਰੀ ਕਮੇਟੀਆਂ ਦੀ ਸਾਂਝੀ ਮੀਟਿੰਗ ਵਲੋਂ ਲਿਆ ਗਿਆ ਹੈ। 
 ਕਾਮਰੇਡ ਮੰਗਤ ਰਾਮ ਪਾਸਲਾ, ਜਨਰਲ ਸਕੱਤਰ ਆਰਐੱਮਪੀਆਈ ਤੇ ਕਾਮਰੇਡ ਐੱਮ ਅਸ਼ੋਕ ਓਮਕਾਰ, ਜਨਰਲ ਸਕੱਤਰ ਐੱਮਸੀਪੀਆਈ -ਯੂ ਨੇ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਉਕਤ ਜਾਣਕਾਰੀ ਦਿੱਤੀ ਹੈ। 
ਪਾਸਲਾ ਅਤੇ ਅਸ਼ੋਕ ਨੇ ਦੱਸਿਆ ਹੈ ਕਿ ਉਕਤ ਰੋਸ ਪ੍ਰਦਰਸ਼ਨਾਂ ਦੌਰਾਨ ਸਮਾਜਿਕ ਨਿਆਂ ਦੀ ਪ੍ਰਾਪਤੀ ਅਤੇ ਇਸਤਰੀਆਂ ਦੇ ਸਵੈਮਾਨ ਦੀ ਰਾਖੀ ਲਈ ਤੇ ਦਲਿਤਾਂ-ਔਰਤਾਂ ਖਿਲਾਫ਼ ਦੇਸ਼ ਭਰ 'ਚ ਵਧ ਰਹੇ ਜ਼ੁਲਮਾਂ ਤੇ ਵਿਤਕਰਿਆਂ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। 
ਉਨ੍ਹਾਂ ਕਿਹਾ ਕਿ ਆਰਐੱਸਐੱਸ ਨਾਲ ਜੁੜੇ ਇਕ ਸ਼ਖਸ ਵਲੋਂ ਭਾਰਤ ਦੀ ਸਰਵ ਉੱਚ ਅਦਾਲਤ ਦੇ ਮੁੱਖ ਜੱਜ ਵੱਲ ਜੁੱਤੀ ਵਗਾਹ ਕੇ ਮਾਰਨ ਤੇ ਹਰਿਆਣਾ ਵਿਖੇ ਅਖੌਤੀ ਉੱਚ ਜਾਤੀ ਨਾਲ ਸਬੰਧਤ ਅਧਿਕਾਰੀਆਂ ਦੇ ਜਾਤੀ ਸੂਚਕ ਵਿਵਹਾਰ ਤੋਂ ਤੰਗ ਆਏ ਦਲਿਤ ਆਈਪੀਐੱਸ ਅਧਿਕਾਰ ਵਲੋਂ ਖ਼ੁਦਕਸ਼ੀ ਕਰਨ ਨੂੰ ਸਾਧਾਰਨ ਜ਼ੁਰਮ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਵੇਂ ਹੀ ਤਾਲਿਬਾਨ ਨੁਮਾਇੰਦਿਆਂ ਦੀ ਪੱਤਰਕਾਰ ਵਾਰਤਾ 'ਚ ਮਹਿਲਾ ਨਾਮਾਨਿਗਾਰ ਨੂੰ ਦਾਖ਼ਲ ਨਾ ਹੋਣ ਦੇਣ ਤੇ ਭਾਰਤ ਦੀ ਮੋਦੀ ਸਰਕਾਰ ਵਲੋਂ ਇਸ ਵਤੀਰੇ ਦਾ ਬਣਦਾ ਪ੍ਰਤੀਕਾਰ ਨਾ ਕਰਨਾ ਵੀ ਕੋਈ ਮਾਮੂਲੀ ਘਟਣਾ ਨਹੀਂ।
ਪਾਸਲਾ ਅਤੇ ਅਸ਼ੋਕ ਨੇ ਦੇਸ਼ ਵਾਸੀਆਂ ਨੂੰ ਉਕਤ ਸ਼ਾਵਨਵਾਦੀ ਵਿਚਾਰ ਚੌਖਟੇ ਖਿਲਾਫ ਡੱਟਵਾਂ ਪ੍ਰਤੀਰੋਧ ਉਸਾਰਨ ਦਾ ਸੱਦਾ ਦਿੱਤਾ ਹੈ।