Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Sunday, 23 November 2025

ਕਿਰਤੀਆਂ ਦੀਆਂ ਕੁੱਲੀਆਂ 'ਚ 'ਮਨੂਵਾਦ ਭਜਾਓ - ਬੇਗ਼ਮਪੁਰਾ ਵਸਾਓ' ਦਾ ਹੋਕਾ ਦੇਣ ਦਾ ਫ਼ੈਸਲਾ


ਜਲੰਧਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ, ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ 'ਤੇ ਕਾਬਜ ਆਰ.ਐਸ.ਐਸ. ਦੀਆਂ ਫਿਰਕੂ ਧਰੁਵੀਕਰਨ ਰਾਹੀਂ ਭਾਈਚਾਰਕ ਸਾਂਝ ਦੇ ਖਾਤਮੇ ਦੀਆਂ ਫਾਸ਼ੀਵਾਦੀ ਕੁਚਾਲਾਂ ਅਤੇ ਦੇਸ਼ ਦੇ ਮੌਜੂਦਾ ਸੰਵਿਧਾਨ ਦੀ ਥਾਂ ਦਲਿਤਾਂ-ਔਰਤਾਂ ਸਮੇਤ ਸਾਰੀ ਗਰੀਬ ਤੇ ਹਾਸ਼ੀਆਗਤ ਵਸੋਂ ਨੂੰ ਗੁਲਾਮ ਬਣਾਈ ਰੱਖਣ ਦੀ ਪੈਰਵੀ ਕਰਦੀ ਮਨੂੰ ਸਿਮਰਤੀ ਨੂੰ ਸ਼ਾਸ਼ਨ ਪੱਧਤੀ ਵਜੋਂ ਮੁੜ ਲਾਗੂ ਕਰਨ ਦੇ ਸੰਘ ਪਰਿਵਾਰ ਦੇ ਕੋਝੇ ਮਨਸੂਬੇ ਬੇਪਰਦ ਕੀਤੇ ਜਾਣ ਲਈ, ਪਾਰਟੀ ਕਮੇਟੀਆਂ ਨੂੰ ਤਕੜਾ ਹੰਭਲਾ ਮਾਰਨ ਦਾ ਸੱਦਾ ਦਿੱਤਾ ਹੈ। 

ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਸਕੱਤਰੇਤ ਵਲੋਂ 28 ਨਵੰਬਰ ਤੋਂ ਲੈ ਕੇ 16 ਦਸੰਬਰ ਤੱਕ ਸੂਬੇ ਦੇ ਇਕ ਹਜ਼ਾਰ ਪਿੰਡਾਂ ਅਤੇ ਸ਼ਹਿਰਾਂ-ਕਸਬਿਆਂ ਦੇ ਕਿਰਤੀ ਮੁਹੱਲਿਆਂ 'ਚ ਮੀਟਿੰਗਾਂ, ਰੈਲੀਆਂ, ਝੰਡਾ ਮਾਰਚ ਆਦਿ ਕਰਕੇ 'ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ' ਮੁਹਿੰਮ ਵਿੱਢਣ ਦਾ ਨਿਰਣਾ ਲਿਆ ਗਿਆ ਹੈ। ਮੀਟਿੰਗ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ ਨੇ ਕੀਤੀ।  

ਸਕੱਤਰੇਤ ਨੇ ਆਰ.ਐਸ.ਐਸ.-ਭਾਜਪਾ, ਮੋਦੀ ਸਰਕਾਰ ਤੇ ਕੇਂਦਰੀ ਏਜੰਸੀਆਂ ਦੀ ਸ਼ਹਿ 'ਤੇ ਪੰਜਾਬ ਦਾ ਮਾਹੌਲ ਵਿਗਾੜਨ ਲਈ ਯਤਨਸ਼ੀਲ ਹਰ ਰੰਗ ਦੇ ਕੱਟੜਪੰਥੀਆਂ ਨੂੰ ਮੂੰਹ ਨਾ ਲਾਉਣ ਬਦਲੇ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵੋਟਰਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਸਮਾਜ ਵਿਰੋਧੀ ਤੱਤਾਂ ਦੀਆਂ ਸਾਜ਼ਿਸ਼ਾਂ ਤੋਂ ਲਗਾਤਾਰ ਸੁਚੇਤ ਰਹਿਣ ਦੀ ਪੁਰਜ਼ੋਰ ਅਪੀਲ ਕੀਤੀ ਹੈ। 

ਸਕੱਤਰੇਤ ਨੇ ਪੰਜਾਬ ਅੰਦਰ ਹਰ ਰੋਜ ਹੋ ਰਹੇ ਘਿਨੌਣੇ ਕਤਲਾਂ ਤੇ ਹੌਲਨਾਕ ਅਪਰਾਧਾਂ, ਹਕੂਮਤੀ ਥਾਪੜੇ ਨਾਲ ਬੇਰੋਕ-ਟੋਕ ਜਾਰੀ ਨਸ਼ਾ ਕਾਰੋਬਾਰ ਤੇ ਮਾਫੀਆ ਲੁੱਟ, ਹਰ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ, ਸੰਘਰਸ਼ੀ ਲੋਕਾਂ 'ਤੇ ਢਾਹੇ ਜਾ ਰਹੇ ਪੁਲਸ ਜਬਰ ਅਤੇ ਸੂਬੇ ਦੀਆਂ ਬੇਸ਼ਕੀਮਤੀ ਜਾਇਦਾਦਾਂ ਖੁਰਦ-ਬੁਰਦ ਕਰਨ ਦੇ ਸਰਕਾਰੀ ਯਤਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਹਰ ਮੁਹਾਜ਼ 'ਤੇ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਸੂਬੇ ਦੀ 'ਆਪ' ਸਰਕਾਰ ਦੀ ਕਰੜੀ ਨਿਖੇਧੀ ਕੀਤੀ ਹੈ। ਸਕੱਤਰੇਤ ਦੀ ਠੋਸ ਰਾਇ ਹੈ ਕਿ 'ਆਮ ਆਦਮੀ ਪਾਰਟੀ' ਦਾ ਥਿੰਕ ਟੈਂਕ ਅਤੇ ਪੰਜਾਬ ਸਰਕਾਰ ਨਾ ਕੇਵਲ ਮੋਦੀ ਸਰਕਾਰ ਦੀਆਂ ਨੀਤੀਆਂ 'ਤੇ ਹੂਬਹੂ ਅਮਲ ਕਰ ਰਹੇ ਹਨ, ਬਲਕਿ ਸੰਘ-ਭਾਜਪਾ ਦੀ ਜ਼ਹਿਰੀਲੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਤੇ ਭਾਜਪਾ ਚੁਣਾਵੀ ਜਿੱਤਾਂ ਸੁਨਿਸ਼ਚਤ ਕਰਨ 'ਚ ਵੀ ਗਲਤਾਨ ਹਨ।

ਮੋਦੀ-ਮਾਨ ਸਰਕਾਰਾਂ ਦੀ ਉਕਤ ਨੀਤੀ-ਪਹੁੰਚ  ਖਿਲਾਫ਼ ਭਵਿੱਖ 'ਚ ਵਿਸ਼ਾਲ ਸੰਘਰਸ਼ ਵਿੱਢਣ ਲਈ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਮੇਤ ਕਿਰਤੀ ਲੋਕਾਈ ਦੀ ਸਾਂਝ ਕਾਇਮ ਕਰਨ ਤੇ ਮਨੁੱਖੀ ਸਵੈਮਾਨ ਤੇ ਸੁਤੰਤਰਤਾ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਇਸ ਖਿੱਤੇ ਦੇ ਸਮੁੱਚੇ ਬੇਜੋੜ ਸ਼ਹੀਦਾਂ ਦੀ ਯਾਦ 'ਚ 22 ਦਸੰਬਰ, 2025 ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਪ੍ਰਭਾਵਸ਼ਾਲੀ ਸੂਬਾਈ ਸੈਮੀਨਾਰ ਕਰਨ ਦਾ ਫੈਸਲਾ ਲਿਆ ਗਿਆ ਹੈ।  

ਪੰਜਾਬ ਦੇ ਚਿਰਾਂ ਤੋਂ ਲਟਕਦੇ ਆ ਰਹੇ ਮਸਲਿਆਂ ਜਿਵੇਂ ਚੰਡੀਗੜ੍ਹ ਪੰਜਾਬ ਨੂੰ ਸੌਂਪਣ, ਦਰਿਆਈ ਪਾਣੀਆਂ ਦੀ ਨਿਆਈਂ ਵੰਡ ਕਰਨ, ਪੰਜਾਬ ਤੇ ਗੁਆਂਢੀ ਸੂਬਿਆਂ 'ਚ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦੇਣ, ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਸ਼ਾਮਲ ਕਰਨ ਆਦਿ ਤੇ ਪੰਜਾਬ 'ਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਸਰਕਾਰ ਅਧੀਨ ਲਿਆਉਣ ਲਈ ਚੱਲੀਆਂ ਖਤਰਨਾਕ ਚਾਲਾਂ ਵਿਰੁੱਧ ਸਮੂਹ ਪੰਜਾਬੀਆਂ ਦਾ ਸਰਬ ਸਾਂਝਾ ਘੋਲ ਵਿੱਢਣ ਲਈ ਨਵੇਂ ਸਾਲ ਦੇ ਪਹਿਲੇ ਮਹੀਨੇ , ਅੰਮ੍ਰਿਤਸਰ, ਮੁਹਾਲੀ, ਸੰਗਰੂਰ, ਜਲੰਧਰ, ਬਠਿੰਡਾ ਆਦਿ ਥਾਂਵਾਂ 'ਤੇ ਖੇਤਰੀ ਲੋਕ ਇਕੱਠ ਕੀਤੇ ਜਾਣਗੇ। ਇਕੱਠਾਂ ਦੌਰਾਨ ਸੰਘ-ਭਾਜਪਾ ਤੇ ਮੋਦੀ ਸਰਕਾਰ ਦੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਅਤੇ ਸੂਬਿਆਂ ਦੇ ਅਧਿਕਾਰ ਪੂਰੀ ਤਰ੍ਹਾਂ ਖੋਹ ਲੈਣ ਦੇ ਹੱਲਿਆਂ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ।

ਆਰੰਭ ਵਿਚ ਸਦੀਵੀਂ ਵਿਛੋੜਾ ਦੇ ਗਏ ਕਾਮਰੇਡ ਡਾਕਟਰ ਬਲਵਿੰਦਰ ਸਿੰਘ ਛੇਹਰਟਾ ਤੇ ਕਰਨੈਲ ਸਿੰਘ ਨੰਬਰਦਾਰ ਗੁਰਦਾਸਪੁਰ ਨੂੰ ਦੋ ਮਿੰਟ ਮੌਨ ਖੜੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

Thursday, 6 November 2025

ਨਵਉਦਾਰਵਾਦੀ ਨੀਤੀਆਂ ਤੇ ਫਿਰਕੂ-ਫਾਸ਼ੀਵਾਦ ਖਿਲਾਫ਼ ਯੁੱਧ ਪ੍ਰਚੰਡ ਕਰਦੇ ਕੇਂਦਰੀ ਹੁਕਮਰਾਨਾਂ ਦੀਆਂ ਪੰਜਾਬ ਵਿਰੋਧੀ ਕੁਚਾਲਾਂ ਫੇਲ੍ਹ ਕਰਨ ਦਾ ਸੱਦਾ

 


ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਪੰਜਾਬ ਰਾਜ ਕਮੇਟੀ ਦੀ ਮੀਟਿੰਗ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ’ਚ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪਾਰਟੀ ਨੇ ਆਰ.ਐਸ.ਐਸ. ਦੀ ਅਗਵਾਈ ਵਾਲੇ ਫਿਰਕੂ-ਫਾਸ਼ੀ ਟੋਲਿਆਂ ਵਲੋਂ ਫਿਰਕੂ-ਜਾਤੀਵਾਦੀ ਵੰਡ ਤਿੱਖੀ ਕਰਨ ਲਈ ਮੁਸਲਮਾਨਾਂ, ਈਸਾਈਆਂ, ਦਲਿਤਾਂ ’ਤੇ ਢਾਹੇ ਜਾ ਰਹੇ ਅਕਹਿ ਤੇ ਅਸਹਿ ਜ਼ੁਲਮਾਂ ਅਤੇ ਮਨੂੰਵਾਦੀ ਮਾਨਸਿਕਤਾ ਅਧੀਨ ਔਰਤਾਂ ਖ਼ਿਲਾਫ਼ ਦਿਨੋ-ਦਿਨ ਵੱਧ ਰਹੇ ਸੰਗੀਨ ਅਪਰਾਧਾਂ ਵਿਰੁੱਧ, ਵਿਸ਼ਾਲ ਲੋਕ ਲਾਮਬੰਦੀ ਤੇ ਆਧਾਰਿਤ ਦੇਸ਼ ਵਿਆਪੀ ਸਿਆਸੀ-ਵਿਚਾਰਧਾਰਕ ਮੁਹਿੰਮ ਵਿੱਢੀ ਹੋਈ ਹੈ। ਮੁਹਿੰਮ ਦੌਰਾਨ ਜਨ ਸਮੂਹਾਂ ਨੂੰ ਦੇਸ਼ ਦੇ ਵਰਤਮਾਨ ਸੰਵਿਧਾਨ, ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚੇ ਅਤੇ ਮਨੁੱਖੀ ਤੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਉੱਠਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਸਾਥੀ ਪਾਸਲਾ ਨੇ ਦੱਸਿਆ ਕਿ ਪਾਰਟੀ ਵਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ’ਤੇ, 23 ਮਾਰਚ 2026 ਨੂੰ ਕੌਮੀ ਰਾਜਧਾਨੀ ਦਿੱਲੀ ਵਿਖੇ ਵਿਸ਼ਾਲ ਇਕੱਠ ਤੇ ਮਾਰਚ ਕੀਤਾ ਜਾਵੇਗਾ। ਉਕਤ ਇਕੱਠ ਤੇ ਮਾਰਚ ਰਾਹੀਂ ਕਿਰਤੀ ਲੋਕਾਈ ਨੂੰ ਜੰਗਾਂ-ਯੁੱਧਾਂ ਰਾਹੀਂ ਮਾਨਵਤਾ ਦੇ ਖਾਤਮੇ ਦੀਆਂ ਸਾਮਰਾਜੀ ਸਾਜ਼ਿਸ਼ਾਂ, ਸਾਮਰਾਜੀ ਤੇ ਕਾਰਪੋਰੇਟੀ ਲੁੱਟ ਤੇ ਦਾਬੇ, ਸੱਜ ਪਿਛਾਖੜ ਤੇ ਫਿਰਕੂ-ਫਾਸ਼ੀਵਾਦ ਦੇ ਵੰਡਵਾਦੀ ਮਨਸੂਬਿਆਂ ਅਤੇ ਲੋਕਾਈ ਨੂੰ ਕੰਗਾਲ ਕਰਕੇ ਲੋਟੂਆਂ ਦੇ ਢਿੱਡ ਭਰਨ ਭਰਨ ਵਾਲੇ ਨਵ-ਉਦਾਰਵਾਦੀ ਨੀਤੀ ਚੌਖਟੇ ਤੋਂ ਮੁਕਤੀ ਦਾ ਯੁੱਧ ਪ੍ਰਚੰਡ ਕਰਨ ਦਾ ਸੰਦੇਸ਼ ਦਿੱਤਾ ਜਾਵੇਗਾ।

ਸੂਬਾ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਰਾਜ ਕਮੇਟੀ ਨੇ 1917 ’ਚ ਰੂਸ ਅੰਦਰ ਸਫਲ ਹੋਈ ਅਕਤੂਬਰ ਕ੍ਰਾਂਤੀ ਦੀ ਵਰ੍ਹੇਗੰਢ 7 ਤੋਂ 14 ਨਵੰਬਰ ਤੱਕ ਪਿੰਡਾਂ, ਸ਼ਹਿਰਾਂ ਅੰਦਰ ਭਰਵੇਂ ਲੋਕ ਇਕੱਠ ਕਰਕੇ ਮਨਾਏ ਜਾਣ ਦਾ ਫੈਸਲਾ ਲਿਆ ਹੈ। ਉਕਤ ਇਕੱਠਾਂ ’ਚ ਕਿਰਤੀ ਲੋਕਾਈ ਨੂੰ ਅਜੋਕੇ ਹਾਲਾਤ ’ਚ ਇਨਕਲਾਬ ਦੀ ਸਾਰਥਿਕਤਾ ਤੋਂ ਜਾਣੂੰ ਕਰਵਾਉਂਦਿਆਂ ਲੋਟੂ ਰਾਜ ਪ੍ਰਬੰਧ ਦਾ ਖਾਤਮਾ ਕਰਕੇ ਸਾਂਝੀਵਾਲਤਾ ’ਤੇ ਆਧਾਰਿਤ ਸਮਾਜ ਦੀ ਕਾਇਮੀ ਲਈ ਜੂਝਣ ਦਾ ਪੈਗਾਮ ਦਿੱਤਾ ਜਾਵੇਗਾ।

ਰਾਜ ਕਮੇਟੀ, 28 ਨਵੰਬਰ ਤੋਂ 12 ਦਸੰਬਰ 2025 ਤੱਕ ਬੇਜ਼ਮੀਨੇ-ਸਾਧਨਹੀਣ ਕਿਰਤੀਆਂ, ਦਲਿਤਾਂ ਨਾਲ ਨੇੜਲਾ ਰਾਬਤਾ ਕਾਇਮ ਕਰਨ ਲਈ ਜਨ ਸੰਪਰਕ ਮੁਹਿੰਮ ਚਲਾਏਗੀ। ਮੁਹਿੰਮ ਦੌਰਾਨ, ਦੇਸ਼ ਦੇ ਅਜੋਕੇ ਸੰਵਿਧਾਨ ਨੂੰ ਖਾਰਜ ਕਰਕੇ ਸ਼ਾਸ਼ਨ ਪੱਧਤੀ ਵਜੋਂ ਮਨੂੰ ਸਿਮਰਤੀ ਦੀ ਪੁਨਰ ਸਥਾਪਤੀ ਦੀਆਂ ਆਰ.ਐਸ.ਐਸ., ਭਾਜਪਾ ਤੇ ਸੰਘੀ ਸੰਗਠਨਾਂ ਦੀਆਂ ਕੁਚਾਲਾਂ ਨੂੰ ਮਾਤ ਦੇਣ ਲਈ ਘੋਲ ਵਿੱਢਣ ਦਾ ਸੱਦਾ ਦਿੱਤਾ ਜਾਵੇਗਾ। ਮੁਹਿੰਮ ਦੌਰਾਨ ਸੂਬਾਈ ਜਥੇ ਪੰਜਾਬ ਦੇ 500 ਪਿੰਡਾਂ ’ਚ ਮਾਰਚ ਅਤੇ ਲਾਮਬੰਦੀ ਕਰਨਗੇ।

ਰਾਜ ਕਮੇਟੀ ਨੇ ‘ਪੰਜਾਬ ‘ਵਰਸਿਟੀ ਚੰਡੀਗੜ੍ਹ’ ਦਾ ਪ੍ਰਬੰਧ ਸੂਬੇ ਤੋਂ ਖੋਹਣ ਅਤੇ ਸੈਨੇਟ ਭੰਗ ਕਰਨ ਵਿਰੁੱਧ ਸਾਂਝਾ ਘੋਲ ਵਿੱਢਣ ਦਾ ਫੈਸਲਾ ਕੀਤਾ ਹੈ।

ਪਾਰਟੀ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਲਈ ਸਰਗਰਮ ਕੇਂਦਰੀ ਏਜੰਸੀਆਂ ਦੇ ਸ਼ਿਸ਼ਕਾਰੇ ਸ਼ਰਾਰਤੀ ਅਨਸਰਾਂ ਤੇ ਕੱਟੜਪੰਥੀਆਂ, ਪੰਜਾਬ ਦੇ ਨਰੋਏ ਵਿਰਸੇ ਤੇ ਨਾਬਰੀ ਦੇ ਖਾਸੇ ਨੂੰ ਤਬਾਹ ਕਰਨ ’ਤੇ ਤੁਲੀ ਹਿੰਦੂਤਵੀ-ਸਨਾਤਨੀ ਬਿ੍ਰਗੇਡ ਅਤੇ ਸਿਆਸੀ ਸ਼ਹਿ ਨਾਲ ਚੱਲਣ ਵਾਲੇ ਨਸ਼ਾ ਕਾਰੋਬਾਰ, ਅਪਰਾਧਿਕ ਵਾਰਦਾਤਾਂ ਤੇ ਮਾਫੀਆ ਲੁੱਟ ਦੇ ਖਾਤਮੇ ਲਈ ਜ਼ੋਰਦਾਰ ਮੁਹਿੰਮ ਚਲਾਵੇਗੀ।

ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਪਾਰਟੀ ਦਾ ਸੁਨੇਹਾ ਲਈ 7 ਨਵੰਬਰ ਨੂੰ ਜਨਤਕ ਰੈਲੀ ਕੀਤੀ ਜਾਵੇਗੀ ਜਿਸ ਨੂੰ ਕਾਮਰੇਡ ਪਾਸਲਾ ਸੰਬੋਧਨ ਕਰਨਗੇ।

ਜਥੇਬੰਦਕ ਮਜ਼ਬੂਤੀ ਲਈ ਸਰਵ ਸਾਥੀ ਸ਼ਿਵ ਕੁਮਾਰ, ਰਘਬੀਰ ਸਿੰਘ ਬੈਨੀਪਾਲ, ਮੋਹਨ ਸਿੰਘ ਧਮਾਣਾ, ਦਰਸ਼ਨ ਨਾਹਰ, ਸਰਬਜੀਤ ਗਿੱਲ, ਧਰਮਿੰਦਰ ਮੁਕੇਰੀਆਂ ਸਕੱਤਰੇਤ ਦੇ ਇਨਵਾਇਟੀ ਮੈਂਬਰ ਲਏ ਗਏ।

ਆਰੰਭ ਵਿਚ ਸਦੀਵੀ ਵਿਛੋੜਾ ਦੇ ਗਏ ਯੁੱਧ ਸਾਥੀਆਂ ਪ੍ਰਕਾਸ਼ ਸਿੰਘ ਕਾਹਨੂੰਵਾਨ, ਕਰਨੈਲ ਸਿੰਘ ਨਵਾਂ ਪਿੰਡ, ਰਣਬੀਰ ਜੈਨ ਸਰਦੂਲਗੜ੍ਹ ਅਤੇ ਹੋਰਨਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

Monday, 3 November 2025

ਚਾਰ ਨਵੰਬਰ ਦੀ ਮੀਟਿੰਗ ਦੌਰਾਨ ਯੂਨੀਵਰਸਿਟੀ ਦਾ ਪ੍ਰਬੰਧ ਖੋਹਣ ਖ਼ਿਲਾਫ਼ ਜ਼ੋਰਦਾਰ ਮੁਹਿੰਮ ਦਾ ਕੀਤਾ ਜਾਏਗਾ ਫ਼ੈਸਲਾ


ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਨੇ 'ਪੰਜਾਬ 'ਵਰਸਿਟੀ ਚੰਡੀਗੜ੍ਹ' ਦਾ ਪ੍ਰਬੰਧ ਸੂਬੇ ਤੋਂ ਖੋਹ ਕੇ ਕੇਂਦਰ ਦੇ ਹਵਾਲੇ ਕਰਨ ਦੇ ਮੋਦੀ ਸਰਕਾਰ ਦੇ ਸਾਜ਼ਿਸ਼ੀ ਕਦਮ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।

ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਅੱਜ ਇਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਪ੍ਰਤੀ ਸੂਬੇ ਦੀ 'ਆਮ ਆਦਮੀ ਪਾਰਟੀ' ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਧਾਰੀ ਸ਼ੱਕੀ ਚੁੱਪ ਤੋਂ ਮੋਦੀ-ਮਾਨ ਸਰਕਾਰਾਂ ਦੀ ਸਾਜ਼ਿਸ਼ੀ ਮਿਲੀਭੁਗਤ ਸਪਸ਼ਟ ਉਜਾਗਰ ਹੁੰਦੀ ਹੈ। ਉਨ੍ਹਾਂ ਬੀਤੇ ਕਲ੍ਹ ਅਖ਼ਬਾਰਾਂ ਦੀ ਸਪਲਾਈ ਰੋਕਣ ਦੇ ਸੂਬਾ ਸਰਕਾਰ ਦੇ ਸਿਰੇ ਦੇ ਜਮਹੂਰੀਅਤ ਵਿਰੋਧੀ ਕਦਮ ਦੀ ਵੀ ਕਰੜੀ ਨਿੰਦਾ ਕੀਤੀ ਹੈ।

ਆਗੂਆਂ ਨੇ ਐਲਾਨ ਕੀਤਾ ਹੈ ਕਿ ਰਾਜ ਕਮੇਟੀ ਦੀ ਭਲਕੇ ਤੋਂ ਸ਼ੁਰੂ ਹੋਣ ਵਾਲੀ ਦੋ ਦਿਨਾਂ ਮੀਟਿੰਗ ਵਿਚ ਗੰਭੀਰ ਵਿਚਾਰਾਂ ਕਰਕੇ ਉਕਤ ਹਮਲਿਆਂ ਅਤੇ ਕੇਂਦਰੀ ਸਰਕਾਰ ਦੀ ਫੈਡਰਲਿਜ਼ਮ ਨੂੰ ਢਾਹ ਲਾਉਣ ਵਾਲੀ ਕੇਂਦਰੀ ਸਰਕਾਰ ਦੀ ਨੀਤੀ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ।

ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਕੇਂਦਰੀ ਸਰਕਾਰ ਦੇ ਉਕਤ ਹਮਲੇ ਖਿਲਾਫ ਹਰ ਮੰਚ ਤੋਂ ਤਕੜੀ ਆਵਾਜ਼ ਬੁਲੰਦ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।