Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday, 15 April 2026

ਆਰਐੱਮਪੀਆਈ ਜੰਗ ਵਿਰੋਧੀ ਕਨਵੈਨਸ਼ਨ ਤੇ ਮਾਰਚ 'ਚ ਵਧ-ਚੜ੍ਹ ਕੇ ਸ਼ਾਮਲ ਹੋਵੇਗੀ : ਪਾਸਲਾ



ਜਲੰਧਰ: "ਵਿਸ਼ਵ ਭਰ ਦੇ ਦੇਸ਼ਾਂ, ਖਾਸ ਕਰਕੇ ਨਵੇਂ ਆਜ਼ਾਦ ਹੋਏ ਵਿਕਾਸਸ਼ੀਲ ਮੁਲਕਾਂ ਦੇ ਕੁਦਰਤੀ ਤੇ ਮਾਨਵੀ ਵਸੀਲਿਆਂ ਅਤੇ ਕਿਰਤੀ ਲੋਕਾਈ ਦੀ ਬੇਰਹਿਮ ਲੁੱਟ-ਖਸੁੱਟ ਦੇ ਖਾਤਮੇ ਅਤੇ ਘਾਤਕ ਜੰਗਾਂ-ਯੁੱਧਾਂ ਤੋਂ ਸੰਸਾਰ ਦੀ ਮੁਕਤੀ ਲਈ, ਗਲੋਬ ਦੇ ਹਰ ਕੋਨੇ 'ਚ ਮਾਨਵਤਾ ਦੇ ਸਭ ਤੋਂ ਖਤਰਨਾਕ ਵੈਰੀ, ਸਾਮਰਾਜ ਤੋਂ ਮੁਕਤ ਸੰਸਾਰ ਸਿਰਜਣ ਲਈ, ਤਿੱਖੇ ਤੋਂ ਤਿਖੇਰਾ ਲੋਕ ਯੁੱਧ ਵਿੱਢਣਾ ਅਜੋਕੇ ਦੌਰ ਦੀ ਪਲੇਠੀ, ਮਹੱਤਵਪੂਰਨ ਲੋੜ ਹੈ।" ਇਹ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੇ ਹਨ। ਪਾਸਲਾ ਨੇ ਕਿਹਾ ਹੈ ਕਿ ਵਿਸ਼ਵ ਭਰ 'ਚ ਨਸਲ ਦੇ ਨਾਂ 'ਤੇ ਮਜ਼ਲੂਮਾਂ 'ਤੇ ਅਕਹਿ ਤੇ ਅਸਹਿ ਜ਼ੁਲਮ ਢਾਹੁਣ ਵਾਲਾ ਵਿਸ਼ਵੀ ਸੱਜ ਪਿਛਾਖੜ ਅਤੇ ਧਰਮ-ਜਾਤ, ਭਾਸ਼ਾ-ਖਿੱਤੇ ਆਦਿ ਦੇ ਨਾਂ 'ਤੇ ਕਿਰਤੀ ਲੋਕਾਂ 'ਚ ਵੰਡੀਆਂ ਪਾ ਰਹੇ ਆਰ.ਐਸ.ਐਸ., ਭਾਜਪਾ ਦੀ ਅਗਵਾਈ ਵਾਲੇ ਹਿੰਦਤਵੀ-ਮੰਨੂਵਾਦੀ, ਫਿਰਕੂ-ਫਾਸ਼ੀ ਟੋਲੇ ਸਾਮਰਾਜ ਤੇ ਪੂੰਜੀਵਾਦ ਦੇ ਜਨਮ-ਜਾਤ ਏਜੰਟ ਹਨ। ਉਨ੍ਹਾਂ ਕਿਹਾ ਕਿ ਨਵ ਉਦਾਰਵਾਦੀ ਨੀਤੀ ਚੌਖਟੇ ਵਿਸ਼ਵ ਲੋਕਾਈ ਦੀ ਆਰਥਿਕ ਗੁਲਾਮੀ ਦਾ ਸੰਦ ਹੈ। 

ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਰਾਜ ਕਮੇਟੀ ਦੇ ਸਕੱਤਰ ਕਾਮਰੇਡ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਭਲਕੇ 16 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਹੋਣ ਜਾ ਰਹੀ ਖੱਬੀ ਪਾਰਟੀਆਂ ਦੀ ਸਾਂਝੀ ਸੂਬਾਈ ਜੰਗ ਵਿਰੋਧੀ  ਕਨਵੈਨਸ਼ਨ ਅਤੇ ਮਾਰਚ ਵਿਚ ਪਾਰਟੀ ਪੂਰੀ ਸ਼ਕਤੀ ਨਾਲ ਸ਼ਾਮਲ ਹੋਵੇਗੀ। ਮੀਟਿੰਗ ਵਲੋਂ ਪਹਿਲੀ ਮਈ ਨੂੰ 'ਕੌਮਾਂਤਰੀ ਮਜ਼ਦੂਰ ਦਿਹਾੜਾ' ਪਿੰਡਾਂ-ਸ਼ਹਿਰਾਂ ਅੰਦਰ ਭਰਵੇਂ ਇਕੱਠ ਕਰਕੇ ਉਤਸ਼ਾਹ ਪੂਰਬਕ ਮਨਾਏ ਜਾਣ ਦਾ ਨਿਰਣਾ ਲਿਆ ਗਿਆ ਹੈ। ਮੀਟਿੰਗ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ ਨੇ ਕੀਤੀ। ਆਰੰਭ 'ਚ ਈਰਾਨ, ਲਿਬਨਾਨ, ਫਲਸਤੀਨ ਵਿਖੇ ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਵਲੋਂ ਵਿੱਢੀ ਨਿਹੱਕੀ ਜੰਗ ਦੌਰਾਨ ਮਾਰੇ ਗਏ ਹਜ਼ਾਰਾਂ ਨਿਰਦੋਸ਼ ਲੋਕਾਂ, ਸਦੀਵੀ ਵਿਛੋੜਾ ਦੇ ਗਏ ਸਾਥੀ ਸੁਰਜੀਤ ਸਿੰਘ ਗੋਰਸੀਆਂ, ਸਾਥੀ ਗੁਰਨਾਇਬ ਸਿੰਘੇ ਜੈਤੇਵਾਲ ਤੇ ਉੱਘੀ ਗਾਇਕਾ ਆਸ਼ਾ ਭੋਂਸਲੇ ਨੂੰ ਦੋ ਮਿੰਟ ਮੌਨ ਖੜੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

No comments:

Post a Comment