Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Sunday, 20 November 2016

ਕਾਲੇ ਧੰਨ ਦੀ ਛੁਰਲੀ ਛੱਡਣ ਨਾਲ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਹੋ ਸਕਣਗੇ: ਪਾਸਲਾ

ਜਲੰਧਰ, 20 ਨਵੰਬਰ - ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨੀ ਗਈ ਅਤੇ ਅਮਲ ’ਚ ਲਿਆਂਦੀ ਜਾ ਰਹੀ ਨੋਟ ਪਾਬੰਦੀ (ਕਾਰੰਸੀ ਬੈਨ) ਮੁਹਿੰਮ ਦੇ ਸਿੱਟੇ ਵਜੋਂ ਆਮ ਲੋਕਾਂ ਖਾਸ ਕਰ ਤਾਜੀ ਕਮਾ ਕੇ ਖਾਣ ਵਾਲਿਆਂ ਦੀਆਂ ਮੁਸੀਬਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆ ਹਨ।’ ਇਹ ਗੱਲ ਅੱਜ ਇਥੋਂ ਜਾਰੀ ਕੀਤੇ ਇੱਕ ਲਿਖਤੀ ਬਿਆਨ ਰਾਹੀਂ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੀ। ਉਨ੍ਹਾਂ ਕਿਹਾ ਕਿ ਕਾਲੇ ਧੰਨ ’ਤੇ ਰੋਕ ਲਾਉਣ ਦੇ ਨਾਂ ਉਤੇ ਲਾਗੂ ਕੀਤੀ ਗਈ ਨੋਟ ਪਾਬੰਦੀ ਉਲਟ ਨਤੀਜੇ ਦੇਣ ਵਾਲੀ ਸਾਬਤ ਹੋਈ ਹੈ ਕਿਉਂਕਿ ਰਿਪਰੋਟਾਂ ਮਿਲ ਰਹੀਆਂ ਹਨ ਕਿ ਲੋਕ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਗੈਰ ਵਾਜਬ ਲੋਕਾਂ ਤੋਂ ਘੱਟ ਕੀਮਤ ’ਤੇ ਨੋਟਾਂ ਦੀ ਬਦਲੀ ਕਰ ਰਹੇ ਹਨ। ਇੰਝ ਇਸ ਤਰ੍ਹਾਂ ਸਗੋਂ ਨਵੇਂ ਢੰਗ ਨਾਲ ਕਾਲਾ ਧੰਨ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਸਾਥੀ ਪਾਸਲਾ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਖਿਆਲ ਬੇਵਕੂਫਾਨਾ ਹੈ ਕਿ ਕਾਲਾ ਧੰਨ ਇਸ ਦੇ ਮਾਲਕਾਂ ਨੇ ਸਟੋਰ ਕਰ ਛੱਡਿਆ ਹੈ ਠੀਕ ਇਸੇ ਕਿਸਮ ਦੇ ਇਸ ਤੋਂ ਸਿੱਟੇ ਨਿਕਲਣੇ ਸਨ ਅਤੇ ਨਿੱਕਲ ਰਹੇ ਹਨ। ਮੱੁਠੀ ਭਰ ਕਾਲੇ ਧੰਨ ਦੀ ਕਰਤੇ ਧਰਤੇ ਮੌਜਾਂ ਨਾਲ ਆਪਣੇ ਨਖਿੱਧ ਕਾਰਿਆਂ ਨੂੰ ਸਿਰੇ ਚਾੜ੍ਹ ਰਹੇ ਹਨ ਅਤੇ ਲੱਗਭੱਗ ਸਾਰਾ ਸਮਾਜ ਬੈਂਕਾਂ ਦੀਆਂ ਲਾਈਨਾਂ ’ਚ ਖੜ੍ਹਾ ਸਜਾ ਭੁਗਤ ਰਿਹਾ ਹੈ, ਇਥੋਂ ਤੱਕ ਅਨੇਕਾਂ ਲੋਕਾਂ ਦੀ ਇਸ ਨੋਟਬੰਦੀ ਮੁਹਿੰਮ ਨੇ ਬਲੀ ਵੀ ਲੈ ਲਈ ਹੈ। ਸਾਥੀ ਪਾਸਲਾ ਨੇ ਕਿਹਾ ਕਿ ਕਾਲਾ ਧੰਨ ਗਤੀਮਾਨ ਰੱਖਣ ’ਤੇ ਇੱਕਤਰ ਕਰਨ ਵਾਲੇ ਮੁੱਖ ਤੌਰ ’ਤੇ ਟੈਕਸ ਚੋਰੀ ਕਰਨ ਵਾਲੇ ਉਦਯੋਗਿਕ ਘਰਾਣੇ, ਵੱਡੇ ਹਵਾਲਾ ਕਾਰੋਬਾਰੀ, ਭ੍ਰਿਸ਼ਟ ਰਾਜਨੀਤੀਵਾਨ, ਕਮਿਸ਼ਨਾਂ ਦੇ ਵੱਡੇ ਪੱਧਰ ’ਤੇ ਗੋਰਖ ਧੰਦਾ ਕਰਨ ਵਾਲੀ ਉੱਚ ਅਧਿਕਾਰੀਆਂ ਦੀ ਲਾਬੀ, ਡਰੱਗ ਟਰੇਡਰਜ, ਹਥਿਆਰ ਵਿਓਵਾਰ, ਤਸਕਰ ਆਦਿ ਹਨ। ਪਰ ਮੋਦੀ ਦੀ ਸਰਕਾਰ ਅਤੇ ਇਸ ਦੀ ਪੁਸ਼ਤ ਪਨਾਹ ਸੰਘ ਇਨ੍ਹਾਂ ਅਨਸਰਾਂ ਦੇ ਹਿੱਤਾ ’ਤੇ ਨਾਂ ਲੈਣ ਨੂੰ ਵੀ ਸ਼ਬਦੀ ਹਮਲਾ ਤੱਕ ਵੀ ਨਹੀਂ ਕਰ ਰਿਹਾ। ਜਦਕਿ ਆਮ ਲੋਕਾਂ ਦੀ ਮਾਮੂਲੀ ਜਮ੍ਹਾਂ ਪੰੂਜੀ, ਰੁਜ਼ਗਾਰ, ਸਮਾਜਿਕ ਜਿੰਦਗੀ, ਮਨ ਦੀ ਸ਼ਾਂਤੀ ਸਭ ਕੁੱਝ ਇੱਕੋਂ ਝਟਕੇ ਨਾਲ ਮੁਕਾ ਦਿੱਤਾ ਗਿਆ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਜਿੰਨੀ ਛੇਤੀ ਹੋ ਸਕੇ ਹਿ ਸਮਝ ਲੈਣਾ ਚਾਹੀਦਾ ਹੈ ਕਿ ਪੈਰ-ਪੈਰ ’ਤੇ ਟੈਕਸ ਚੋਰਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਕਾਲਾ ਧੰਨ ਕਢਵਾਉਣ ਪ੍ਰਤੀ ਕਦੇ ਵੀ ਗੰਭੀਰ ਨਹੀਂ ਹੋ ਸਕਦੀ, ਹਾਂ ਸਸਤੀ ਸ਼ੁਹਰਤ ਹਾਸਲ ਕਰਨ ਅਤੇ ਆਪਣੀਆਂ ਨਾਕਾਮੀਆਂ ਤੋਂ ਆਮ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਨੋਟਬੰਦੀ ਜਿਹੀਆਂ ਛੁਰਲੀਆਂ ਜਰੂਰ ਛੱਡ ਸਕਦੀ ਹੈ ਜੋ ਭਾਵੇਂ ਕਿੰਨੇ ਵੀ ਲੋਕਾਂ ਦੀ ਜਾਨ ਦਾ ਖੌਅ ਬਣੇ, ਇਸ ਹਕੂਮਤ ਨੂੰ ਕੋਈ ਪ੍ਰਵਾਹ ਨਹੀਂ। ਸਾਥੀ ਪਾਸਲਾ ਨੇ ਕਿਹਾ ਕਿ ਜਿਵੇਂ ਇਸ ਸਰਕਾਰ ਦੇ ਹੁਣ ਤੱਕ ਦੇ ਵਾਅਦੇ ਅਤੇ ਐਲਾਨ ਨਾ ਕੇਵਲ ਸੌ ਫ਼ੀਸਦੀ ਝੂਠੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵਧਾਉਣ ਵਾਲੇ ਸਾਬਤ ਹੋਏ ਹਨ ਉਵੇਂ ਹੀ ਮੌਜੂਦਾ ਨੋਟ ਬੈਨ ਮੁਹਿੰਮ ਵੀ ਲੋਕਾਂ ਦੀ ਜਾਨ ਦਾ ਖੌਅ ਹੀ ਸਾਬਤ ਹੋਵੇਗੀ।
ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ਦਾ ਅਗਾਊਂ ਅੰਦਾਜਾ ਲਾਏ ਬਗੈਰ ਤਾਨਾਸ਼ਾਹੀ ਮਾਨਸਿਕਤਾ ਨਾਲ ਲਾਗੂ ਕੀਤੀ ਗਈ ਉਕਤ ਮੁਹਿੰਮ ਵਿਰੁੱਧ ਲੋਕਾਂ ਨੂੰ ਉੱਠ ਖਲੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਮੰਨੇ ਪ੍ਰਮੰਨੇ ਅਰਥ ਸ਼ਾਸ਼ਤਰੀ, ਇਥੋਂ ਤੱਕ ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਬਕ ਅਧਿਕਾਰੀ ਤੱਕ ਇਸ ਇਸ ਮੁਹਿੰਮ ਤੋਂ ਸਰਕਾਰ ਨੂੰ ਵਰਜ਼ ਰਹੇ ਹਨ ਪਰ ਸਰਕਾਰ ਕਿਸੇ ਗੁੱਝੇ ਹਿੱਤਾਂ ਦੀ ਪ੍ਰਾਪਤੀ ਲਈ ਬਜ਼ਿਦ ਹੈ। ਸਾਥੀ ਪਾਸਲਾ ਨੇ ਕਿਹਾ ਕਿ ਇਹ ਇੱਕ ਸਥਾਪਤ ਸੱਚ ਹੈ ਕਿ ਕਾਲਾ ਧੰਨ ਕਢਵਾਉਣ ਲਈ ਜਰੂਰੀ ਕਦਮ ਉਠਾਉਣੇ ਤਾਂ ਦੂਰ ਦੀ ਗੱਲ ਰਹੀ ਸਰਕਾਰ ਤਾਂ ਸਗੋਂ ਬੈਂਕਾਂ ਦਾ ਕਰਜਾ ਮੁਕਰ ਚੁੱਕੇ ਕਾਰਪੋਰੇਟ ਘਰਾਣਿਆਂ ਨੂੰ ਨਵੇਂ ਸਿਰੇ ਤੋਂ ਕਰਜਾ ਦੇ ਰਹੀ ਹੈ। ਸਰਕਾਰ ਦੀਆਂ ਟੈਕਸ ਚੋਰਾਂ ਨਾਲ ਸਿਆਸੀ ਗਲਵਕੜੀਆਂ ਕਿਸੇ ਤੋਂ ਲੁਕੀਆਂ ਹੋਈਆ ਨਹੀਂ ਹਨ। ਵਿਦੇਸ਼ੀ ਬੈਂਕ ’ਚ ਕਾਲਾ ਧੰਨ ਹੋਣ ਦਾ ਇਲਜਾਮ ਜਿਨ੍ਹਾਂ ਦੇ ਮੱਥੇ ਦਾ ਸ਼ਿਗਾਰ ਹੈ ਉਹ ਤਾਂ ਸਰਕਾਰ ਦੇ ਐਂਬਸਡਰ ਬਣੇ ਫਿਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਨੋਟ ਬੰਦੀ ਮੁਹਿੰਮ ਤੁਰੰਤ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਆਮ ਲੋਕ ਨਾਰਮਲ ਜਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਣ। ਸਾਥੀ ਪਾਸਲਾ ਨੇ ਖੱਬੇ ਪੱਖ ਦੇ ਦੇਸ਼ ਵਿਆਪੀ ਸਾਂਝੇ ਐਕਸ਼ਨ ਨੂੰ ਸਮੇਂ ਦੇ ਤੁਰੰਤ ਲੋੜ ਕਹਿੰਦਿਆਂ ਇਸ ਪੱਖ ਤੋਂ ਪਹਿਲ ਕਦਮੀ ਕਰਨ ਦੀ ਸਭ ਖੱਬੀਆਂ ਧਿਰਾਂ ਨੂੰ ਅਪੀਲ ਕੀਤੀ। ਉਨ੍ਹਾਂ ਸਭਨਾਂ ਪਾਰਟੀ ਇਕਾਈਆਂ ਨੂੰ ਸੱਦਾ ਕਿ ਉਹ ਖੱਜਲ ਖੁਆਰ ਹੋ ਰਹੇ ਲੋਕਾਂ ਦੀ ਤੁਰੰਤ ਬਾਂਹ ਫੜਨ ਅਤੇ ਆਮ ਜਨ ਨੂੰ ਸਰਕਾਰ ਦੀ ਕੋਝੀ ਮਨਸ਼ਾ ਤੋਂ ਜਾਣੂ ਕਰਵਾਉਣ ਦੀ ਮੁਹਿੰਮ ਵਿੱਢਣ। 

Tuesday, 15 November 2016

ਮੋਦੀ ਜੀ, ਕਾਲੇ ਧਨ ਦੇ ਮਾਲਕ ਤਾਂ ਤੁਹਾਡੇ ਪਾਲੇ ’ਚ ਮੌਜਾਂ ਮਾਣ ਰਹੇ ਹਨ, ਨੀਂਦ ਤਾਂ ਗਰੀਬ ਲੋਕਾਂ ਦੀ ਉਡੀ ਹੋਈ ਹੈ!

ਜਲੰਧਰ, 15 ਨਵੰਬਰ - ‘‘ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਸਤਲੁਜ-ਯਮੁਨਾ ਲਿੰਕ ਨਹਿਰ ਸਬੰਧੀ ਸਰਵਉਚ ਅਦਾਲਤ ਦੇ ਹਾਲੀਆ ਦਿਸ਼ਾ ਨਿਰਦੇਸ਼ਾਂ ਨੂੰ ਅਧਾਰ ਬਣਾ ਕੇ ਅਕਾਲੀ ਦਲ ਅਤੇ ਕਾਂਗਰਸ ਵਲੋਂ ਕੀਤੇ ਜਾ ਰਹੇ ਭੜਕਾਊ ਪ੍ਰਚਾਰ ਅਤੇ ਪਾਣੀਆਂ ਦੀ ਵੰਡ ਦੇ ਮੁੱਦੇ ਨੂੰ ਬੀਤੇ ਸਮੇਂ ਰਾਜਸੀ ਲਾਭਾਂ ਦੀ ਪ੍ਰਾਪਤੀ ਲਈ ਉਲਝਾਉਣ ਦੇ ਉਕਤ ਦੋਹਾਂ ਪਾਰਟੀਆਂ ਦੇ ਖੂਨੀ ਟਕਰਾਅ ਪੈਦਾ ਕਰਨ ਵਾਲੇ ਰੋਲ ਨੂੰ ਦੇਸ਼ ਦੇ ਲੋਕਾਂ ’ਚ ਬੇਪਰਦ ਕਰਨ ਲਈ ਛੇਤੀ ਹੀ ਆਜ਼ਾਦਾਨਾ ਅਤੇ ਖੱਬੀਆਂ ਧਿਰਾਂ ਦੇ ਸਾਂਝੇ ਜਨਤਕ ਐਕਸ਼ਨ ਲਾਮਬੰਦ ਕਰੇਗੀ।’’ ਇਹ ਫੈਸਲਾ ਆਰ.ਐਮ.ਪੀ.ਆਈ. ਦੇ ਸੂਬਾਈ ਦਫਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਜਲੰਧਰ ਵਿਖੇ ਸਾਥੀ ਭੀਮ ਸਿੰਘ ਆਲਮਪੁਰ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੇ ਸੂਬਾ ਸਕੱਤਰੇਤ ਦੀ ਮੀਟਿੰਗ ਵਿਚ ਕੀਤਾ ਗਿਆ।
ਮੀਟਿੰਗ ਉਪਰੰਤ ਜਾਰੀ ਕੀਤੇ ਇੱਕ ਬਿਆਨ ’ਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੇਂਦਰੀ ਸਰਕਾਰ ਦੇ ‘ਨੋਟ ਬੈਨ’ ਫੈਸਲੇ ਨੂੰ ਮੋਦੀ ਦਾ ਅਜਮਾਇਆ ਹੋਇਆ ਸਸਤੀ ਸ਼ੁਹਰਤ ਪ੍ਰਾਪਤ ਕਰਨ ਅਤੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦਾ ਸਾਜਸ਼ੀ ਪੈਂਤੜਾ ਦੱਸਿਆ। ਉਨ੍ਹਾ ਤਨਜ਼ ਨਾਲ ਕਿਹਾ ਕਿ ਜਿਸ ਫੈਸਲੇ ਨੂੰ ਅਜਾਰੇਦਾਰ ਪੂੰਜੀਪਤੀ ਅਤੇ ਸੁਖਬੀਰ ਬਾਦਲ ਵਰਗੇ ਲੋਕ ਪੱਖੀ ਦੱਸ ਰਹੇ ਹੋਣ ਉਸਦੇ ਲੋਕ ਵਿਰੋਧੀ ਹੋਣ ਬਾਰੇ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਉਨ੍ਹਾ ਕਿਹਾ ਕਿ ਕਾਲੇਧਨ ਦੇ ਵੱਡੇ ਅੰਬਾਰਾਂ ਦੇ ਮਾਲਕ ਤਾਂ ਮੋਦੀ ਦੇ ਚਹੇਤੇ ਹਨ ਤੇ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ।
ਹਾਲ ਹੀ ’ਚ ਹੋਈਆਂ ਅਮਰੀਕੀ ਚੋਣਾਂ ’ਚ ਡੋਨਾਲਡ ਟਰੰਪ ਦੀ ਜਿੱਤ ਬਾਰੇ ਸਾਥੀ ਪਾਸਲਾ ਨੇ ਕਿਹਾ ਕਿ ਇਹ ਸੱਜ ਪਿਛਾਖੜ ਦੀ ਜਿੱਤ ਹੈ। ਇਸਨੂੰ ਠੀਕ ਇਸੇ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ ਜਿਵੇਂ ਯੂ.ਪੀ.ਏ. ਸਰਕਾਰ ਦੀ ਦਸਾਂ ਸਾਲਾਂ ਦੀ ਚੌਤਰਫਾ ਲੁੱਟ ਤੋਂ ਦੁਖੀ ਲੋਕਾਂ ਨੇ ਕਿਸੇ ਲੋਕ ਪੱਖੀ ਬਦਲ ਦੀ ਅਣਹੋਂਦ ’ਚ ਯੂ.ਪੀ.ਏ. ਵਾਲੀਆਂ ਹੀ ਨੀਤੀਆਂ ਦੇ ਝੰਡਾ ਬਰਦਾਰ ’ਤੇ ਸਿਰੇ ਦੇ ਫਿਰਕਾਪ੍ਰਸਤ ਮੋਦੀ ਨੂੰ ਭਾਰਤ ਦੀ ਗੱਦੀ ਸੌਂਪ ਦਿੱਤੀ ਸੀ। ਟਰੰਪ ਦੇ ਜਿੱਤਣ ਨਾਲ ਸੰਸਾਰ ਭਰ ਦੇ ਕਿਰਤੀਆਂ ਅਤੇ ਅਮਰੀਕੀ ਮਿਹਨਤਕਸ਼ਾਂ ਦੀਆਂ ਦਿੱਕਤਾਂ ’ਚ ਹੋਰ ਵਾਧਾ ਹੋਣਾ ਲਾਜ਼ਮੀ ਹੈ। ਉਨ੍ਹਾਂ ਸਾਮਰਾਜੀ ਲੁੱਟ ਵਧਣ ਦੇ ਹਕੀਕੀ ਖਤਰੇ ਨੂੰ ਨਜ਼ਰ ਅੰਦਾਜ਼ ਕਰਕੇ ਕਈ ਫਿਰਕੂ ਸੋਚ ਨਾਲ ਡੰਗੇ ਸੰਗਠਨਾਂ ਵਲੋਂ ਉਸ ਦੀ ਜਿੱਤ ਦੀ ਖੁਸ਼ੀ ਵਿਚ ਕੱਢੇ ਜਾ ਰਹੇ ਜਲੂਸਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ।
ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਆਰ.ਐਮ.ਪੀ.ਆਈ. ਪੰਜਾਬ ਇਕਾਈ ਇਸ ਗੱਲ ਦੇ ਭਰਪੂਰ ਯਤਨ ਕਰੇਗੀ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਉਪਰੋਂ ਵਿਰੋਧੀ ਦਿਸਣ ਵਾਲੀਆਂ ਪਰ ਸਾਮਰਾਜੀ ਨੀਤੀਆਂ ਤੇ ਇਕ ਦੂਜੇ ਤੋਂ ਵੱਧ ਕੇ ਅਮਲ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਵਿਸ਼ੇਸ਼ਕਰ ਅਕਾਲੀ-ਭਾਜਪਾ, ਕਾਂਗਰਸ, ਆਪ ਆਦਿ ਨੂੰ ਹਰਾਉਣ ਲਈ ਪੂਰਾ ਤਾਣ ਲਾਏਗੀ। ਇਸੇ ਤਰ੍ਹਾਂ ਫਿਰਕੂ ਧਰੁਵੀਕਰਨ ਲਈ ਤਰਲੋਮੱਛੀ ਹੋਏ ਸੰਘ ਪਰਿਵਾਰ, ਹਰ ਕਿਸਮ ਦੇ ਦੂਸਰੇ ਫਿਰਕੂ ਸੰਗਠਨਾਂ, ਜਾਤੀਵਾਦੀ ਤੇ ਫੁੱਟਪਾਊ ਧਿਰਾਂ ਨੂੰ ਹਾਰ ਦੇਣ ਲਈ ਹਰ ਯਤਨ ਕੀਤਾ ਜਾਵੇਗਾ। ਉਕਤ ਉਦੇਸ਼ ਦੀ ਪੂਰਤੀ ਲਈ ਸੰਗਰਾਮੀ ਖੱਬੀਆਂ ਧਿਰਾਂ ਇਕ ਮੰਚ ਤੋਂ ਨਿੱਤਰਣਗੀਆਂ।
ਸਕੱਤਰੇਤ ਨੇ ਆਰ.ਐਮ.ਪੀ.ਆਈ. ਵਲੋਂ ਵਿਧਾਨ ਸਭਾ ਲਈ 14 ਹਲਕਿਆਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਵੀ ਜਾਰੀ ਕੀਤੀ। 
ਮੀਟਿੰਗ ਵਲੋਂ ਝਲੂਰ ਗੁੰਡਾ ਹਮਲੇ ’ਚ ਜਖ਼ਮੀ ਹੋ ਕੇ ਵਿਛੋੜਾ ਦੇ ਗਈ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਹਾਕਮ ਟੋਲੇ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਕਿ ਕਾਤਲਾਂ ਵਿਰੁੱਧ ਧਾਰਾ 302 ਦਾ ਮੁਕੱਦਮਾ ਦਰਜ ਕੀਤਾ ਜਾਵੇ। ਸਾਥੀ ਪਾਸਲਾ ਨੇ ਕਿਹਾ ਹੈ ਸਰਕਾਰ ਇਸ ਘੋਲ ਨਾਲ ਸਬੰਧਤ ਸੰਘਰਸ਼ ਕਮੇਟੀ ਨਾਲ ਬੈਠ ਕੇ ਸਾਰੇ ਮਸਲਿਆਂ ਦਾ ਹੱਲ ਕਰੇ।

(ਮੰਗਤ ਰਾਮ ਪਾਸਲਾ)

Sunday, 13 November 2016

ਆਰ.ਐਮ.ਪੀ.ਆਈ. ਨੇ ਵਿਧਾਨ ਸਭਾ ਚੋਣਾਂ ਲਈ 14 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਪ੍ਰੈਸ ਕਾਨਫਰੰਸ ਦੌਰਾਨ ਮੰਗਤ ਰਾਮ ਪਾਸਲਾ, ਸਾਥੀ ਮਹੀਪਾਲ ਅਤੇ ਸਰਦੂਲਗੜ੍ਹ ਹਲਕੇ ਤੋਂ ਪਾਰਟੀ ਉਮੀਦਵਾਰ ਕਾਮਰੇਡ ਲਾਲ ਚੰਦ।
ਲਾਲ ਚੰਦ ਕਾਮਰੇਡ ਨੂੰ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਉਮੀਦਵਾਰ ਐਲਾਨਿਆ
ਕਾਂਗਰਸ ਤੇ ਅਕਾਲੀ ਦਲ  ਐਸ.ਵਾਈ.ਐਲ. ਮੁੱਦੇ ’ਤੇ ਵੋਟਾਂ ਦੀ ਰਾਜਨੀਤੀ ਕਰ ਰਹੀਆਂ ਨੇ : ਪਾਸਲਾ
 

ਸਰਦੂਲਗੜ੍ਹ,  13  ਨਵੰਬਰ - ਸਤਲੁਜ ਯਾਮੁਨਾ ਲਿੰਕ ਨਹਿਰ ਮੁੱਦੇ ’ਤੇ ਅਕਾਲੀ ਦਲ-ਭਾਜਪਾ ਵਲੋਂ ਕੀਤੀਆਂ ਜਾ ਰਹੀਆਂ ਭੜਕਾਊ ਕਾਰਵਾਈਆਂ ਅਤੇ ਅੱਗ ਲਾਊ ਪ੍ਰਚਾਰ ਤੋਂ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਸੁਚੇਤ ਕਰਦਿਆ ਆਪਸੀ ਭਾਈਚਾਰੇ ਅਤੇ ਏਕਤਾ ਨੂੰ ਹਰ ਹਾਲ ’ਚ ਕਾਇਮ ਰੱਖਣਾ ਚਾਹੀਦਾ ਹੈ ਕਿਉਂਕਿ ਜਿੱਥੇ ਕਾਂਗਰਸ ਪਾਰਟੀ ਦੀ ਉਸ ਵੇਲੇ ਦੀ ਕੇਂਦਰ ਸਰਕਾਰ ਨੇ ਨਹਿਰ ਦੀ ਉਸਾਰੀ ਦਾ ਫੈਸਲਾ ਲਿਆ ਉੱਥੇ ਅਕਾਲੀ ਦਲ ਦੀ ਉਸ ਵੇਲੇ ਦੀ ਸਰਕਾਰ ਨੇ ਨਾ ਕੇਵਲ ਨਹਿਰ ਲਈ ਜਮੀਨ ਅਕੁਵਾਇਰ ਕੀਤੀ ਬਲਕਿ ਨਹਿਰ ਉਸਾਰੀ ਬਦਲੇ ਹਰਿਆਣਾ ਤੋਂ ਕਰੋੜਾਂ ਰੁਪਏ ਮੁਆਵਜਾ ਵੀ ਵਸੂਲ ਕੀਤਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਵਿਧਾਨ ਸਭਾ ਚੋਣਾਂ ਲਈ  ਪਾਰਟੀ ਦੇ 14 ਉਮੀਦਵਾਰਾਂ ਦੀ ਸੂਚੀ ਜਾਰੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਉਕਤ ਦੋਂਹੇ ਪਾਰਟੀਆਂ ਐਸ.ਵਾਈ.ਐਲ. ਦੇ  ਮੁੱਦੇ ’ਤੇ ਦੋਵਾਂ ਸੂਬਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਵੋਟਾਂ ਦੇ ਲਾਭ ਲਈ ਖੂਨੀ ਖੇਡ ਖੇਡਦੀਆਂ ਆ ਰਹੀਆਂ ਹਨ ਅਤੇ ਇਹ ਜਿਉਂਦੀ ਜਾਗਦੀ ਸੱਚਾਈ ਹੈ ਕਿ ਪੰਜਾਬ ਕੋਲ ਕੋਈ ਵਾਧੂ ਪਾਣੀ ਨਹੀਂ ਹੈ। ਇਸ ਸਬੰਧੀ ਲੋਕਾਂ ਦਾ ਲਹੂ ਵਹਾਉਣ ਵਾਲੇ ਪ੍ਰਚਾਰ ਦੀ ਬਜਾਏ ਕੇਂਦਰ ਦੀ ਮੋਦੀ ਸਰਕਾਰ, ਮੋਦੀ ਦੀ ਭਾਈ ਵਾਲ ਬਾਦਲ ਸਰਕਾਰ ਅਤੇ ਹਰਿਆਣਾ ਦੀ ਭਾਜਪਾ ਖੱਟੜ ਸਰਕਾਰ ਮਿਲ ਬੈਠ ਕੇ ਪਾਣੀਆਂ ਦੇ ਝਗੜੇ ਦਾ ਤਰਕ ਸੰਗਤ ਅਤੇ ਨਿਆਂਪੂਰਨ ਹੱਲ ਲੱਭਣ। ਪਾਸਲਾ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ 500 ਤੇ 1000 ਦੇ ਨੋਟਾਂ ਨੂੰ ਬੰਦ ਕਰਨਾ ਮੋਦੀ ਦਾ ਜਾਣਿਆ ਪਛਾਣਿਆ ਸਸਤੀ ਸ਼ੋਹਰਤ ਹਾਸਲ ਕਰਨ ਅਤੇ ਅਸਲ ਮੁੱਦਿਆ ਤੋਂ ਲੋਕਾਂ ਦਾ ਧਿਆਨ ਭਵਕਾਉਣ ਦਾ ਇੱਕ ਨਿਖੇਧੀ ਯੋਗ ਪੈਂਤੜਾ ਕਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਸਿਰਫ ਆਮ ਲੋਕਾਂ ਨੂੰ ਮੁਸ਼ਕਿਲਾਂ ਹੋ ਰਹੀਆਂ ਹਨ ਤੇ ਕਾਲਾ ਬਜਾਰੀਏ, ਟੈਕਸ ਚੋਰ ਮੌਜਾਂ ਨਾਲ ਘਰੇ ਬੈਠੇ ਹਨ ਅਤੇ ਆਮ ਜਨ ਸਧਾਰਨ ਲੋਕ ਬੈਂਕਾਂ ’ਚ ਦਿਹਾੜੀਆਂ ਭੰਨ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਹੇਠੇਲੇ ਪੱਧਰ ਦਾ ਵਪਾਰ ਵੀ ਬੰਦ ਹੋ ਕੇ ਰਹਿ ਗਿਆ ਹੈ ਅਤੇ ਗਰੀਬ ਵਰਗ ਛੋਟੇ ਨੋਟ ਦੇਖਣ ਨੂੰ ਵੀ ਤਰਸ ਗਿਆ ਹੈ। ਵਿਧਾਨ ਸਭਾ ਚੋਣਾਂ ਲਈ ਸਰਦੂਲਗੜ੍ਹ ਹਲਕੇ ਤੋਂ ਸਾਥੀ ਲਾਲ ਚੰਦ ਨੂੰ ਉਮੀਦਵਾਰ ਐਲਾਨਦਿਆ ਪਾਸਲਾ ਨੇ ਕਿਹਾ ਕਿ ਖੱਬਾ ਪੱਖ ਘੱਟੋ-ਘੱਟ 60 ਸੀਟਾਂ ’ਤੇ ਉਮੀਦਵਾਰ ਖੜੇ ਕਰੇਗਾ ਤੇ ਇਸ ਵਾਰ ਲਾਲ ਝੰਡਾ ਅਜ਼ਾਦ ਤੌਰ ’ਤੇ ਵਿਧਾਨ ਸਭਾ ’ਚ ਲੋਕਾਂ ਦੀ ਅਵਾਜ ਬਣੇਗਾ।
 
14 ਉਮੀਦਵਾਰਾਂ ਦੀ ਸੂਚੀ ਇਸ ਪ੍ਰਕਾਰ ਹੈ:
ਸਰਦੂਲਗੜ੍ਹ (ਜਿਲ੍ਹਾ ਮਾਨਸਾ) ਤੋਂ ਕਾਮਰੇਡ ਲਾਲ ਚੰਦ, ਸੁਜਾਨਪੁਰ (ਜਿਲ੍ਹਾ ਪਠਾਨਕੋਟ ਤੋਂ) ਸਾਥੀ ਨੱਥਾ ਸਿੰਘ, ਭੋਆ (ਜਿਲ੍ਹਾ ਪਠਾਨਕੋਟ) ਤੋਂ ਸਾਥੀ ਲਾਲ ਚੰਦ ਕਟਰੂਚੱਕ, ਬਾਬਾ ਬਕਾਲਾ (ਅਮ੍ਰਿਤਸਰ) ਤੋਂ ਸਾਥੀ ਗੁਰਨਾਮ ਸਿੰਘ, ਰਾਜਾਸਾਂਸੀ ਤੋਂ ਸਾਥੀ ਵਿਰਸਾ ਸਿੰਘ, ਅਜਨਾਲਾ ਤੋਂ ਸਾਥੀ ਗੁਰਨਾਮ ਸਿੰਘ ਉਮਰਪੁਰਾ, ਖੇਮਕਰਣ (ਜਿਲ੍ਹਾ ਤਰਨਤਾਰਨ) ਤੋਂ ਸਾਥੀ ਦਲਜੀਤ ਸਿੰਘ, ਮੁਕੇਰੀਆਂ (ਹੁਸ਼ਿਆਰਪੁਰ) ਤੋਂ ਸਾਥੀ ਧਰਮਿੰਦਰ ਸਿੰਘ, ਫਿਲੌਰ (ਜਲੰਧਰ) ਤੋਂ ਪਰਮਜੀਤ ਰੰਧਾਵਾ, ਨਕੋਦਰ ਤੋਂ ਸੰਤੋਖ ਸਿੰਘ ਬਿਲਗਾ, ਸ਼ਾਹਕੋਟ ਤੋਂ ਸਾਥੀ ਰਾਮ ਸਿੰਘ, ਬੰਗਾ (ਸ਼ਹੀਦ ਭਗਤ ਸਿੰਘ ਨਗਰ) ਤੋਂ ਹਰਪਾਲ ਸਿੰਘ ਜਗਤਪੁਰ, ਮੁਕਤਸਰ ਤੋਂ ਹਰਜੀਤ ਸਿੰਘ ਮਦਰੱਸਾ,ਅਬੋਹਰ ( ਫਾਜਲਿਕਾ) ਤੋਂ ਰਾਮ ਕੁਮਾਰ ਵਰਮਾ ।

Friday, 11 November 2016

ਤਰਕਸੰਗਤ ਤਰੀਕੇ ਨਾਲ ਪਾਣੀਆਂ ਦੇ ਮਸਲੇ ਦਾ ਹੱਲ ਕੀਤਾ ਜਾਵੇ


ਜਲੰਧਰ, 11 ਨਵੰਬਰ -     ‘‘ਸਤਲੁਜ-ਯਮੁਨਾ ਜੋੜ ਨਹਿਰ (ਐਸ.ਵਾਈ.ਐਲ.) ਦੀ ਉਸਾਰੀ ਬਾਰੇ ਬੁੱਧਵਾਰ ਨੂੰ ਦੇਸ਼ ਦੀ ਸਰਵਉਚ ਅਦਾਲਤ ਵਲੋਂ ਸੁਣਾਇਆ ਗਿਆ ਫੈਸਲਾ ਅਤੀ ਮੰਦਭਾਗਾ ਅਤੇ ਇਕ ਪਾਸੜ ਹੈ ਤੇ ਇਹ ਫੈਸਲਾ ਸਿੰਚਾਈ ਦੀਆਂ ਲੋੜਾਂ ਪੂਰੀਆਂ ਕਰਨ ਪੱਖੋਂ ਤੇ ਦੋਹਾਂ ਸੂਬਿਆਂ ਦੇ ਕਿਸਾਨਾਂ ’ਚ ਏਕਤਾ ਤੇ ਭਾਈਚਾਰਾ ਵਧਾਉਣ ਪੱਖੋਂ ਕਿਸੇ ਵੀ ਤਰ੍ਹਾਂ ਸਹਾਈ ਸਾਬਤ ਹੋਣ ਦੀ ਥਾਂ ਉਲਟ ਨਤੀਜੇ ਦੇਣ ਵਾਲਾ ਹੀ ਸਾਬਤ ਹੋਵੇਗਾ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਕ ਲਿਖਤੀ ਬਿਆਨ ਰਾਹੀਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੀਤਾ। ਸਾਥੀ ਪਾਸਲਾ ਨੇ ਅੱਗੋਂ ਕਿਹਾ ਕਿ ਅਜੋਕੀ ਸਥਿਤੀ ਲਈ ਕਾਂਗਰਸ ਅਤੇ ਅਕਾਲੀ ਪਾਰਟੀਆਂ ਬਰਾਬਰ ਦੀਆਂ ਜ਼ਿੰਮੇਵਾਰ ਹਨ। ਜਿੱਥੇ ਕਾਂਗਰਸ ਦੀ ਵੇਲੇ ਦੀ ਪ੍ਰਧਾਨ ਮੰਤਰੀ ਨੇ ਟੱਕ ਲਗਾ ਕੇ ਨਹਿਰ ਦਾ ਨੀਂਹ ਪੱਥਰ ਰੱਖਿਆ ਉਥੇ ਅਜੋਕੇ ਮੁੱਖ ਮੰਤਰੀ ਅਖੌਤੀ ਪੰਜਾਬ ਹਿਤੈਸ਼ੀਆਂ ਨੇ ਨਹਿਰ ਬਨਾਉਣ ਲਈ ਨਾ ਕੇਵਲ ਜਮੀਨ ਅਕੁਆਇਰ ਕੀਤੀ ਬਲਕਿ ਹਰਿਆਣਾ ਸਰਕਾਰ ਤੋਂ ਮੁਆਵਜ਼ਾ ਵੀ ਲਿਆ। ਅੱਜ ਦੋਹੇਂ ਪਾਰਟੀਆਂ ਫਿਰ ਇਸ ਮੁੱਦੇ ਨੂੰ ਵਰਤ ਕੇ ਵੋਟ ਲਾਭ ਪ੍ਰਾਪਤੀ ਦੀ ਗੰਦੀ ਖੇਡ ’ਚ ਮਸਤ ਹਨ।
ਸਾਥੀ ਪਾਸਲਾ ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀ ਲਗਾਤਾਰ ਕਿਸਾਨ ਵਿਰੋਧੀ-ਖੇਤੀ ਵਿਰੋਧੀ ਪਹੁੰਚ ਦੇ ਚਲਦਿਆਂ 1970 ’ਚ ਜੋ ਖੇਤੀ ਦਾ 43% ਭਾਗ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਸੀ ਅੱਜ ਉਹ ਘਟ ਕੇ 24% ’ਤੇ ਆ ਗਿਆ ਹੈ। ਇਸੇ ਤਰ੍ਹਾਂ ਧਰਤੀ ਹੇਠਲਾ ਪਾਣੀ ਇਸ ਖਤਰਨਾਕ ਹੱਦ ਤੱਕ ਥੱਲੇ ਜਾ ਚੁਕਿਆ ਹੈ ਕਿ ਕੇਵਲ 18% ਹੀ ਰਹਿ ਗਿਆ ਹੈ। 143 ’ਚੋਂ 124 ਜੋਨ ਸੋਕਾ ਜੋਨ (ਡਰਾਈ ਜੋਨਸ) ਕਰਾਰ ਦਿੱਤੇ ਜਾ ਚੁੱਕੇ ਹਨ। ਇਹ ਸਥਿਤੀ ਪੰਜਾਬ ਦੀ ਹੈ। ਹਰਿਆਣਾ ਵੀ ਲਗਭਗ ਇਸੇ ਹਾਲਤ ’ਚੋਂ ਗੁਜ਼ਰ ਰਿਹਾ ਹੈ। ਨਹਿਰ ਬਣਨ ਨਾਲ ਹਰਿਆਣਾ ਦਾ ਭਾਵੇਂ ਮਾਮੂਲੀ ਫਾਇਦਾ ਹੋ ਜਾਵੇ ਪਰ ਪੰਜਾਬ, ਜਿੱਥੇ ਖੇਤੀ ਸੰਕਟ ਕਾਰਨ ਖੁਦਕੁਸ਼ੀਆਂ ਦੀ ਦਰ ਪਹਿਲਾਂ ਹੀ ਬਹੁਤ ਉਚੀ ਹੈ, ਦੇ ਮਾਝਾ ਅਤੇ ਦੋਆਬਾ ਖੇਤਰ ਹੋਰ ਖਤਰਨਾਕ ਸੰਕਟਾ ’ਚ ਘਿਰ ਜਾਣਗੇ।
ਕਮਿਊਨਿਸਟ ਆਗੂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਮਸਲੇ ਦਾ ਤਰਕ ਸੰਗਤ ਤੇ ਨਿਆਈਂ ਹੱਲ ਲੱਭਣ ਦੀ ਥਾਂ ਪੱਪਪਾਤੀ ਪਹੁੰਚ ’ਤੇ ਚਲ ਰਹੀ ਹੈ ਜੋ ਅਤੀ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਦੁੱਖ ਨਾਲ ਯਾਦ ਕਰਾਇਆ ਕਿ ਪਾਣੀਆਂ ਦੇ ਨਾਂਅ ’ਤੇ ਚੱਲੀ ਗੰਦੀ ਰਾਜਨੀਤੀਕ ਖੇਡ ਕਰਕੇ ਬਹੁਤ ਖੂਨ ਵਹਿਆ ਸੀ। ਉਨ੍ਹਾਂ ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਭਾਈਚਾਰਾ ਅਤੇ ਅਮਨ ਹਮੇਸ਼ਾ ਹਰ ਹਾਲਤ ਕਾਇਮ ਰੱਖਿਆ ਜਾਵੇ ਅਤੇ ਟਕਰਾਅ ਤੋਂ ਟਾਲਾ ਵੱਟਦਿਆਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ’ਤੇ ਪਾਣੀ ਦੇ ਸੰਕਟ ਦੇ ਸਰਵਪੱਖੀ ਹੱਲ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਅੰਦੋਲਨਾਂ ਰਾਹੀਂ ਦਬਾਅ ਬਣਾਇਆ ਜਾਵੇ।

Monday, 7 November 2016

ਅਕਤੂਬਰ ਇਨਕਲਾਬ ਦੀ ਅਜੋਕੀ ਪ੍ਰਸੰਗਕਤਾ




-ਮੰਗਤ ਰਾਮ ਪਾਸਲਾ
 
ਅੱਜ ਤੱਕ ਦੇ ਮਨੁੱਖੀ ਇਤਿਹਾਸ ਵਿਚ 7 ਨਵੰਬਰ 1917 ਦਾ ਦਿਨ ਇਕ ਅਤਿਅੰਤ ਮਹੱਤਵਪੂਰਨ ਦਿਵਸ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਦਿਨ ਧਰਤੀ ਉਪਰ ਪਹਿਲੀ ਵਾਰ ਰੂਸ ਦੇ ਮਜ਼ਦੂਰਾਂ-ਕਿਸਾਨਾਂ ਤੇ ਹੋਰ ਮਿਹਨਤਸ਼ ਲੋਕਾਂ ਨੇ ਕਾਮਰੇਡ ਵੀ.ਆਈ.ਲੈਨਿਨ ਦੀ ਅਗਵਾਈ ਵਿਚ ਇਨਕਲਾਬੀ ਕਮਿਊਨਿਸਟ ਪਾਰਟੀ-ਰਸ਼ੀਅਨ ਸੋਸ਼ਲ ਡੈਮੋਕ੍ਰੇਟਿਕ ਲੇਬਰ ਪਾਰਟੀ (ਬੋਲਸ਼ਵਿਕ) ਦੇ ਝੰਡੇ ਹੇਠ ਰੂਸ ਦੀ ਧਰਤੀ 'ਤੇ ਪਹਿਲਾਂ ਫਰਵਰੀ 1917 ਵਿਚ ਸਰਮਾਏਦਾਰੀ ਨਾਲ  ਸਾਂਝਾ ਮੋਰਚਾ ਬਣਾ ਕੇ ਰਾਜਾਸ਼ਾਹੀ ਦੇ ਵਿਰੁੱਧ ਯੁੱਧ ਕਰਦਿਆਂ ਜਮਹੂਰੀ ਇਨਕਲਾਬ ਸਫਲ ਕੀਤਾ ਅਤੇ ਉਸੇ ਵਰ੍ਹੇ ਨਵੰਬਰ 1917 ਨੂੰ ਨਵੇਂ ਦਾਅ ਪੇਚ ਲਗਾ ਕੇ ਸਰਮਾਏਦਾਰੀ ਦਾ ਤਖਤ ਪਲਟ ਕੇ ਸਮਾਜਵਾਦੀ ਇਨਕਲਾਬ ਨੂੰ ਨੇਪਰੇ ਚਾੜ੍ਹਿਆ। ਇਸ ਮਹਾਨ ਘਟਨਾ ਨੂੰ ਅਕਤੂਬਰ ਇਨਕਲਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿੱਥੇ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਨਾਲ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਕਰਕੇ ਸਾਰੇ ਸਮਾਜ ਲਈ ਸਮੂਹਕ ਇਕਸਾਰ ਵਿਕਾਸ ਕਰਨ ਦੇ ਵਿਸ਼ਾਲ ਦਰਵਾਜ਼ੇ ਖੋਲ੍ਹ ਦਿੱਤੇ ਗਏ। ਇਸ ਨਵ ਜਨਮੇ ਕਿਰਤੀਆਂ ਦੇ ਰਾਜ ਨੂੰ ਬਾਹਰੀ ਤੇ ਅੰਦਰੂਨੀ ਦੁਸ਼ਮਣਾਂ ਨੇ ਬਹੁਤ ਹੀ ਸਾਜਸ਼ੀ ਢੰਗਾਂ ਨਾਲ ਖਤਮ ਕਰਨ ਦਾ ਹਰ ਯਤਨ ਕੀਤਾ। ਪ੍ਰੰਤੂ ਜਿਉਂ ਜਿਉਂ ਇਸ ਧਰਤੀ ਉਪਰ ਵਸੀ ਕਿਰਤੀ ਲੋਕਾਂ ਦੀ ਇਸ ਸਵਰਗ ਰੂਪੀ ਵਿਵਸਥਾ ਵਿਰੁੱਧ ਨਵੀਆਂ ਤੋਂ ਨਵੀਆਂ ਸਕੀਮਾਂ ਘੜੀਆਂ ਗਈਆਂ, ਤਿਵੇਂ ਤਿਵੇਂ ਕਾਮਰੇਡ ਲੈਨਿਨ ਤੇ ਕਾਮਰੇਡ ਸਟਾਲਿਨ ਵਰਗੇ ਮਹਾਨ ਕਮਿਊਨਿਸਟ ਆਗੂਆਂ ਦੀ ਅਗਵਾਈ ਹੇਠ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਨੇ ਦੁਸ਼ਮਣਾਂ ਦੀਆਂ ਸਾਰੀਆਂ ਚਾਲਾਂ ਨੂੰ ਅਸਫਲ ਬਣਾ ਕੇ ਉਨਤੀ ਦੀਆਂ ਨਵੀਆਂ ਮੰਜ਼ਿਲਾਂ ਤੈਅ ਕੀਤੀਆਂ।
ਇਸ ਸਮਾਜਵਾਦੀ ਸੋਵੀਅਤ ਰੂਸ ਦੀ ਵਧੀ ਹੋਈ ਸਰਵਪੱਖੀ ਸ਼ਕਤੀ ਤੇ ਕਮਿਊਨਿਸਟ ਪਾਰਟੀ ਦੀ ਯੋਗ ਅਗਵਾਈ ਨੇ ਸੰਸਾਰ ਭਰ ਵਿਚ ਕੌਮੀ ਮੁਕਤੀ ਲਹਿਰਾਂ ਨੂੰ ਨਵਾਂ ਬਲ ਬਖਸ਼ਿਆ ਤੇ ਦੁਨੀਆਂ ਭਰ ਦੇ ਕਿਰਤੀਆਂ ਅੰਦਰ ਮੁਕਤੀ ਦਾ ਰਸਤਾ ਅਖਤਿਆਰ ਕਰਨ ਲਈ ਇਕ ਨਵੀਂ ਰੂਹ ਫੂਕੀ। ਸੋਵੀਅਤ ਯੂਨੀਅਨ ਦੀ ਫੌਜੀ ਸ਼ਕਤੀ ਤੇ ਲੋਕਾਂ ਦੀਆਂ ਸ਼ਾਨਾਮੱਤੀਆਂ ਕੁਰਬਾਨੀਆਂ ਸਦਕਾ ਦੂਸਰੀ ਸੰਸਾਰ ਜੰਗ ਵਿਚ ਹਿਟਲਰਸ਼ਾਹੀ (ਫਾਸਿਜ਼ਮ) ਦੀ ਕਰਾਰੀ ਹਾਰ ਹੋਈ ਤੇ ਸੰਸਾਰ ਪੱਧਰ ਉਪਰ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਇਕ ਸਮਾਜਵਾਦੀ ਕੈਂਪ ਦਾ ਉਦੈ ਹੋਇਆ। ਬਾਅਦ ਵਿਚ ਚੀਨੀ ਇਨਕਲਾਬ ਸਮੇਤ ਵੀਅਤਨਾਮ, ਕਿਊਬਾ, ਕੋਰੀਆ ਆਦਿ ਦੇਸ਼ਾਂ ਵਿਚ ਹੋਏ ਸਮਾਜਵਾਦੀ ਇਨਕਲਾਬਾਂ ਵਿਚ ਸੋਵੀਅਤ ਯੂਨੀਅਨ ਦੀ ਫੌਜੀ ਤੇ ਹੋਰ ਸਹਾਇਤਾ ਨੇ ਵੱਡਾ ਹਿੱਸਾ ਪਾਇਆ। ਸੰਸਾਰ ਭਰ ਦੇ ਪੂੰਜੀਵਾਦੀ ਪ੍ਰਬੰਧ ਦੇ ਮੁਕਾਬਲੇ ਵਿਚ ਇਕ ਐਸੇ ਸਮਾਜਵਾਦੀ ਕੈਂਪ ਦੀ ਸਥਾਪਨਾ ਹੋਈ, ਜੋ ਲੋਕਾਂ ਦੀਆਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਨਾਲ ਨਾਲ ਸਾਮਰਾਜੀ ਧੌਂਸ ਦਾ ਅਸਰਦਾਰ ਢੰਗ ਨਾਲ ਮੁਕਾਬਲਾ ਕਰਨ ਵਾਲਾ ਇਕ ਕਾਰਗਰ ਦੇਸ਼ ਸਮੂਹ ਹੋ ਨਿਬੜਿਆ। ਸੋਵੀਅਤ ਯੂਨੀਅਨ ਤੇ ਹੋਰ ਸਮਾਜਵਾਦੀ ਦੇਸ਼ਾਂ ਵਿਚ ਸਮੁੱਚੀ ਵਸੋਂ ਨੂੰ ਦਿੱਤੀਆਂ ਜਾਣ ਵਾਲੀਆਂ ਆਰਥਿਕ ਤੇ ਸਮਾਜਿਕ ਸਹੂਲਤਾਂ ਅਤੇ ਲੋਕਾਂ ਵਿਚ ਸਮਾਜਵਾਦੀ ਪ੍ਰਬੰਧ ਪ੍ਰਤੀ ਵਿਸ਼ਵਾਸ ਤੇ ਉਤਸ਼ਾਹ ਕਾਰਨ ਪੂੰਜੀਵਾਦੀ ਦੇਸ਼ਾਂ ਦੇ ਹਾਕਮਾਂ ਨੂੰ ਵੀ ਆਪਣੇ ਲੋਕਾਂ ਨੂੰ ਕੁਝ ਆਰਥਿਕ ਰਿਆਇਤਾਂ ਦੇਣ ਲਈ ਮਜ਼ਬੂਰ ਹੋਣਾ ਪਿਆ ਤਾਂ ਕਿ ਸਮਾਜਵਾਦ ਪ੍ਰਤੀ ਸੰਸਾਰ ਭਰ ਦੇ ਲੋਕਾਂ ਦੀ ਵਧ ਰਹੀ ਖਿੱਚ ਨੂੰ ਰੋਕਿਆ ਜਾ ਸਕੇ। ਇਸ ਯੁਗਪਲਟਾਊ ਤਬਦੀਲੀ ਦੇ ਪ੍ਰਭਾਵ ਹੇਠ ਕੌਮੀ ਮੁਕਤੀ ਸੰਗਰਾਮ ਵੀ ਜਿੱਤ ਗਏ। ਲਗਭਗ 70 ਸਾਲ ਇਸ ਸਮਾਜਵਾਦੀ ਸੋਵੀਅਤ ਯੂਨੀਅਨ ਤੇ ਦੂਸਰੇ ਸਮਾਜਵਾਦੀ ਦੇਸ਼ਾਂ ਦੇ ਕਿਰਤੀ ਲੋਕਾਂ ਨੇ ਇਕ ਅਰਥ ਭਰਪੂਰ ਤੇ ਗੁਰਬਤਾਂ ਤੋਂ ਸੁਰਖਰੂ ਇਨਸਾਨੀ ਜ਼ਿੰਦਗੀ ਬਸਰ ਕੀਤੀ ਤੇ ਹਰ ਖੇਤਰ ਵਿਚਲੀ ਸਰਮਾਏਦਾਰੀ ਪ੍ਰਬੰਧ ਨੂੰ ਪਛਾੜਿਆ। ਇਸ ਲਈ ਅਕਤੂਬਰ 1917 ਦੀ ਰੂਸ ਵਿਚਲੀ ਸਮਾਜਵਾਦੀ ਇਨਕਲਾਬ ਦੀ ਘਟਨਾ ਦੇ 100 ਸਾਲ ਬਾਅਦ ਅਸੀਂ ਜਿੱਥੇ ਰੂਸ ਦੇ ਬਹਾਦਰ ਲੋਕਾਂ, ਕਾਮਰੇਡ ਲੈਨਿਨ ਦੀ ਅਗਵਾਈ ਹੇਠਲੀ ਰੂਸ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਤੇ ਇਨਕਲਾਬ ਲਈ ਜਾਨਾਂ ਵਾਰਨ ਵਾਲੇ ਸੂਰਮਿਆਂ ਨੂੰ ਯਾਦ ਕਰਦੇ ਹਾਂ, ਉਥੇ ਕਾਮਰੇਡ ਲੈਨਿਨ ਵਰਗੇ ਮਹਾਨ ਕਮਿਊਨਿਸਟ ਆਗੂ ਦੀ ਯੋਗਤਾ ਤੇ ਸਿਦਕ ਦਿਲੀ ਨੂੰ ਵੀ ਸਲਾਮ ਕਰਦੇ ਹਾਂ, ਜਿਸਨੇ ਮਾਰਕਸਵਾਦ ਦੀ ਵਿਗਿਆਨਕ ਵਿਚਾਰਧਾਰਾ ਨੂੰ ਸਮਝ ਕੇ ਉਸਨੂੰ ਰੂਸ ਦੀਆਂ ਠੋਸ ਹਾਲਤਾਂ ਉਪਰ ਲਾਗੂ ਕਰਕੇ ਦਰੁਸਤ ਪੈਂਤੜਿਆਂ ਰਾਹੀਂ ਅਕਤੂਬਰ ਇਨਕਲਾਬ ਨੂੰ ਸਿਰੇ ਚਾੜ੍ਹਿਆ। ਇਸ ਮਹਾਨ ਦੇਣ ਤੋਂ ਬਾਅਦ ਮਾਰਕਸਵਾਦੀ ਵਿਚਾਰਧਾਰਾ ਨਾਲ ਲੈਨਿਨਵਾਦੀ ਵਿਚਾਰਧਾਰਾ ਵੀ ਜੁੜ ਗਈ, ਜੋ ਦੁਨੀਆਂ ਭਰ ਦੇ ਕਿਰਤੀਆਂ ਦਾ ਸਮਾਜਿਕ ਪਰਿਵਰਤਨ ਲਈ ਮਾਰਗ ਦਰਸ਼ਨ ਕਰ ਰਹੀ ਹੈ। ਇਸ ਸੁਮੇਲ ਨੂੰ ਉਨ੍ਹਾਂ ਕੁਲੱਕੜਾਂ ਤੇ ਸਥੂਲ ਵਸਤੂ ਸਮਝਣ ਵਾਲੇ ਨਾਮਨਿਹਾਦ ਮਾਰਕਸਵਾਦੀਆਂ ਨੂੰ ਵੀ ਮੱਤ ਦਿੱਤੀ ਕਿ ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਾ ਤੋਂ ਸੇਧ ਲੈਂਦੇ ਹੋਏ, ਹਰ ਉਸ ਦੇਸ਼ ਦੀਆਂ ਠੋਸ ਪ੍ਰਸਥਿਤੀਆਂ, ਇਤਿਹਾਸ, ਸਭਿਆਚਾਰ, ਸਮਾਜਿਕ ਵਿਵਸਥਾ ਤੇ ਅੰਦਰੂਨੀ ਤੇ ਬਾਹਰੀ ਹਾਲਤਾਂ ਨੂੰ ਵੀ ਧਿਆਨ ਵਿਚ ਰੱਖਣਾ ਹੋਵੇਗਾ, ਜਿੱਥੇ ਕਿਰਤੀ ਲੋਕ ਸਮਾਜਿਕ ਪਰਿਵਰਤਨ ਲਈ ਸੰਘਰਸ਼ਸ਼ੀਲ ਹਨ। ਮਾਰਕਸਵਾਦ ਲੈਨਿਨਵਾਦ ਕੋਈ ਨਿਰਜਿੰਦ ਜਾਂ ਸਥੂਲ ਪੂਜਣਯੋਗ ਚੀਜ਼ ਨਹੀਂ, ਬਲਕਿ ਇਕ ਜੀਵੰਤ ਤੇ ਉਨਤੀ ਕਰ ਰਿਹਾ ਵਿਗਿਆਨ ਹੈ ਜੋ ਸੰਸਾਰ ਨੂੰ ਸਮਝਣ ਤੇ ਬਦਲਣ ਲਈ ਇਕ ਵਿਗਿਆਨਕ ਵਿਧੀ ਹੈ, ਜਿਸਨੂੰ ਹਰ ਦੇਸ਼ ਤੇ ਖਿੱਤੇ ਦੀਆਂ ਠੋਸ ਹਾਲਤਾਂ ਉਪਰ ਲਾਗੂ ਕਰਕੇ ਹੀ ਲੁੱਟ ਰਹਿਤ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ।
ਜਿੰਨੀ ਖੁਸ਼ੀ ਅਕਤੂਬਰ ਇਨਕਲਾਬ ਦੀ ਕਾਮਯਾਬੀ ਸਮੇਂ ਸੰਸਾਰ ਭਰ ਦੇ ਕਿਰਤੀਆਂ ਨੂੰ ਹੋਈ ਸੀ, ਉਸਤੋਂ ਕਈ ਗੁਣਾਂ ਜ਼ਿਆਦਾ ਨਿਰਾਸ਼ਾ 70 ਸਾਲਾਂ ਬਾਅਦ ਇਸ ਮਜ਼ਦੂਰ ਜਮਾਤ ਦੇ ਕਿਲੇ ਦੇ ਢਹਿ ਢੇਰੀ ਹੋਣ ਉਪਰੰਤ ਹੋਈ ਅਤੇ ਅੱਜ ਵੀ ਹੈ। ਦੁਸ਼ਮਣ ਜਮਾਤਾਂ ਨੇ ਇਸ 'ਤੇ ਬਾਘੀਆਂ ਪਾਈਆਂ ਤੇ ਮਜ਼ਦੂਰ ਜਮਾਤ ਦੀ ਮੁਕਤੀ ਦੇ ਫਲਸਫੇ ਮਾਰਕਸਵਾਦ ਲੈਨਿਨਵਾਦ ਦੀ ਸਾਰਥਿਕਤਾ ਨੂੰ ਗੈਰ ਪ੍ਰਸੰਗਿਕ ਆਖ ਕੇ ਭੰਡਿਆ। ਪੂੰਜੀਵਾਦ ਨੂੰ ਸਮਾਜ ਦੇ ਵਿਕਾਸ ਦੀ ਅੰਤਿਮ ਮੰਜ਼ਿਲ ਦੱਸ ਕੇ ਸਰਮਾਏਦਾਰੀ ਦੇ ਪਰਿਪਾਲਕਾਂ ਨੇ ਕਦੀ ਵਿਕਸਿਤ ਪੂੰਜੀਵਾਦੀ ਤੇ ਇਸੇ ਵਿਵਸਥਾ ਵਾਲੇ ਪੱਛੜੇ ਦੇਸ਼ਾਂ ਦੇ ਕਰੋੜਾਂ ਲੋਕਾਂ ਦੀ ਭੁਖਮਰੀ, ਗਰੀਬੀ, ਬੇਕਾਰੀ ਤੇ ਮੰਦਹਾਲੀ ਦਾ ਜ਼ਿਕਰ ਨਹੀਂ ਕੀਤਾ, ਬਲਕਿ ਸਮਾਜਵਾਦੀ ਪ੍ਰਬੰਧ ਨੂੰ ਦਰਪੇਸ਼ ਮੁਸਕਲਾਂ ਤੇ ਘਾਟਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਦੇ ਸੰਕਲਪ ਨੂੰ ਹੀ ਗੈਰ ਪ੍ਰਸੰਗਿਕ ਤੇ ਖਿਆਲੀ ਕਰਾਰ ਦੇ ਦਿੱਤਾ। ਦੁਨੀਆਂ ਦੀਆਂ ਕਈ ਕਮਿਊਨਿਸਟ ਪਾਰਟੀਆਂ ਤੇ ਕਚਘਰੜ ਮਾਰਕਸਵਾਦੀ ਬੁੱਧੀਜੀਵੀਆਂ ਨੇ ਮਾਰਕਸਵਾਦੀ-ਲੈਨਿਨਵਾਦੀ ਫਲਸਫੇ ਵਿਚ ਹੋਰ ਘਚੋਲਾ ਪਾਉਣ ਦਾ ਯਤਨ ਕੀਤਾ ਤੇ ਕਈਆਂ ਨੇ ਤਾਂ ਆਪਣੇ ਆਪ ਨੂੰ ਇਸ ਵਿਗਿਆਨਕ ਫਲਸਫੇ ਤੋਂ ਹੀ ਅਲੱਗ ਕਰ ਲਿਆ। ਪ੍ਰੰਤੂ ਇਨ੍ਹਾਂ ਸਭ ਹਮਲਿਆਂ ਦੇ ਬਾਵਜੂਦ ਦੁਨੀਆਂ ਦਾ ਕੋਈ ਵੀ ਸਮਾਜਿਕ ਵਿਗਿਆਨੀ ਜਾਂ ਅਰਥ ਸ਼ਾਸਤਰੀ ਅਜੇ ਤੱਕ ਮਾਰਕਸਵਾਦ-ਲੈਨਿਨਵਾਦ ਤੋਂ ਚੰਗੇਰਾ ਤੇ ਸਹੀ ਵਿਗਿਆਨਕ ਫਲਸਫਾ ਪੇਸ਼ ਨਹੀਂ ਕਰ ਸਕਿਆ ਹੈ। ਤੇ ਨਾ ਹੀ ਸਰਮਾਏਦਾਰੀ ਪ੍ਰਬੰਧ ਦੇ ਨਿਕਲਣ ਵਾਲੇ ਮਾਰੂ ਸਿੱਟਿਆਂ ਉਪਰ ਹੀ ਪਰਦਾ ਪਾ ਸਕਿਆ ਹੈ। ਇਸ ਤੱਥ ਨੂੰ ਜਾਣਦਿਆਂ ਹੋਇਆਂ ਵੀ ਸਾਨੂੰ ਸਭ ਨੂੰ, ਜੋ ਸਮਾਜਿਕ ਪਰਿਵਰਤਨ ਲਈ ਸਮਰਪਿਤ ਹਾਂ, ਸੋਵੀਅਤ ਯੂਨੀਅਨ ਤੇ ਦੂਸਰੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਢਾਂਚੇ ਦੇ ਢਹਿ ਢੇਰੀ ਹੋ ਜਾਣ ਤੇ ਮੁੜ ਸਰਮਾਏਦਾਰੀ ਪ੍ਰਬੰਧ ਦੀ ਕਾਇਮੀ ਹੋਣ ਦੇ ਕਾਰਨਾਂ ਨੂੰ ਗੰਭੀਰਤਾ ਤੇ ਡੂੰਘਾਈ ਨਾਲ ਵਿਚਾਰਨਾ ਹੋਵੇਗਾ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਜਦੋਂ ਵਿਗਿਆਨਕ ਤੇ ਇਤਿਹਾਸਕ ਤੌਰ 'ਤੇ ਪੂੰਜੀਵਾਦ ਦਾ ਖਾਤਮਾ ਅਟਲ ਹੈ ਅਤੇ ਇਸਨੂੰ ਤਬਦੀਲ ਕਰਕੇ ਲੁੱਟ ਰਹਿਤ ਸਮਾਜਿਕ ਵਿਵਸਥਾ ਦੀ ਕਾਇਮੀ ਵੀ ਸਮੁੱਚੀ ਮਨੁੱਖਤਾ ਲਈ ਜ਼ਰੂਰੀ ਹੈ ਤੇ ਫਿਰ ਭਵਿੱਖ ਵਿਚ ਸਾਨੂੰ ਸਮਾਜਵਾਦੀ ਪ੍ਰਬੰਧ ਦੀ ਸਿਰਜਣਾ ਤੇ ਵਿਕਾਸ ਸਮੇਂ ਪਿਛਲੇਰੀਆਂ ਕੀਤੀਆਂ ਗਲਤੀਆਂ ਤੇ ਅਸਫਲਤਾਵਾਂ ਉਪਰ ਉਂਗਲ ਧਰਨ ਦੀ ਜ਼ਰੂਰਤ ਹੈ ਤਾਂ ਕਿ ਭਵਿੱਖ ਵਿਚ ਅਜਿਹੀਆਂ ਗਲਤੀਆਂ ਦੇ ਮੁੜ ਵਾਪਰਨ ਤੋਂ ਬਚਿਆ ਜਾ ਸਕੇ।
ਉਂਝ ਤਾਂ ਸਾਰੀ ਦੁਨੀਆਂ ਦੇ ਮਾਰਕਸਵਾਦੀ ਚਿੰਤਕ ਤੇ ਕਮਿਊਨਿਸਟ ਪਾਰਟੀਆਂ ਸਮਾਜਵਾਦ ਨੂੰ ਲੱਗੀ ਇਸ ਪਛਾੜ ਦੇ ਕਾਰਨਾਂ ਦੀ ਖੋਜ ਵਿਚ ਜੁਟੀਆਂ ਹੋਈਆਂ ਹਨ ਤੇ ਕਈ ਦਰੁਸਤ ਸਿੱਟਿਆਂ ਉਪਰ ਵੀ ਪੁੱਜ ਰਹੀਆਂ ਹਨ। ਅਸੀਂ ਇਥੇ ਕੁਝ ਕੁ ਕਾਰਨਾਂ ਦਾ ਉਲੇਖ ਕਰ ਰਹੇ ਹਾਂ, ਜਿਨ੍ਹਾਂ ਕਾਰਨ ਮਜ਼ਦੂਰ ਜਮਾਤ ਵਲੋਂ ਧਰਤੀ ਉਪਰ ਸਿਰਜਿਆ ਇਕ ਲੁੱਟ ਖਸੁੱਟ ਰਹਿਤ ਸਮਾਜ ਢਹਿ ਢੇਰੀ ਹੋ ਗਿਆ ਹੈ।
1. ਪੂੰਜੀਵਾਦ ਤੋਂ ਸਮਾਜਵਾਦੀ ਢਾਂਚੇ ਵਿਚ ਤਬਦੀਲੀ ਨਾਲ ਬਹੁਤ ਸਾਰੀਆਂ ਹੋਰ ਸਬੰਧਤ ਤਬਦੀਲੀਆਂ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸਨੂੰ ਸੋਵੀਅਤ ਦੀ ਕਮਿਊਨਿਸਟ ਪਾਰਟੀ ਨੇ ਸਮੇਂ ਸਿਰ ਨਹੀਂ ਕੀਤਾ। ਬਿਨਾਂ ਸ਼ੱਕ ਦੁਸ਼ਮਣ ਦੇਸ਼ਾਂ ਦੇ ਚੌਂਹ ਤਰਫਾ ਘੇਰੇ ਤੇ ਫਾਸ਼ੀਵਾਦ ਵਿਰੁੱਧ ਜੰਗ ਵਾਸਤੇ ਇਕ ਡਾਢੀ ਸਖਤ ਅਨੁਸਾਸ਼ਨਬੱਧ ਤੇ ਹੰਗਾਮੀ ਫੈਸਲੇ ਲੈਣ ਲਈ ਸ਼ਕਤੀਆਂ ਦੇ ਕੇਂਦਰੀਕਰਨ ਵਾਲੀ ਵਿਵਸਥਾ ਜ਼ਰੂਰੀ ਬਣ ਜਾਂਦੀ ਹੈ, ਜਿਸ ਵਿਚ ਫਾਇਦਿਆਂ ਦੇ ਨਾਲ ਨਾਲ ਗਲਤੀਆਂ ਹੋਣ ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਹਨ। ਪ੍ਰੰਤੂ ਅਜਿਹਾ ਫਾਸ਼ੀਵਾਦ ਵਿਰੁੱਧ ਜੰਗ ਜਿੱਤਣ ਲਈ ਜ਼ਰੂਰੀ ਸੀ। ਫਾਸ਼ੀਵਾਦ ਦੀ ਹਾਰ ਤੋਂ ਬਾਅਦ ਵੀ ਸੋਵੀਅਤ ਕਮਿਊਨਿਸਟ ਪਾਰਟੀ ਦੀ ਸਮੁੱਚੀ ਜਥੇਬੰਦਕ ਬਣਤਰ ਵਿਚ ਜਮਹੂਰੀਅਤ ਦੀ ਘਾਟ ਤੇ ਲੋਕਾਂ ਦੀ ਰਾਜਨੀਤਕ, ਆਰਥਿਕ ਤੇ ਸਮਾਜਿਕ ਕੰਮਾਂ ਵਿਚ ਲੋੜੀਂਦੀ ਭਾਗੀਦਾਰੀ ਨਹੀਂ ਸਥਾਪਤ ਕੀਤੀ ਗਈ। ਸਿੱਟੇ ਵਜੋਂ ਲੋਕਾਂ ਦੀ ਸੇਵਾ ਲਈ ਸਮਰਪਤ ਆਰਥਿਕ ਤੇ ਰਾਜਨੀਤਕ ਢਾਂਚੇ ਵਿਚ ਵੀ ਜਨ ਸਧਾਰਣ ਦਾ ਪੂਰਨ ਭਰੋਸਾ ਪੈਦਾ ਨਹੀਂ ਕੀਤਾ ਜਾ ਸਕਿਆ। ਅਜਿਹੇ ਸਮਿਆਂ ਉਪਰ ਆਗੂਆਂ ਦਾ ਗੈਰ ਜਮਹੂਰੀ ਤੇ ਅਫਸਰਸ਼ਾਹੀ ਰਵੱਈਆ, ਵਿਸ਼ੇਸ਼ ਸਹੂਲਤਾਂ ਮਾਨਣ ਦੀ ਆਦਤ ਤੇ ਆਲੇ ਦੁਆਲੇ ਖੁਦਗਰਜ਼ ਚਾਪਲੂਸਾਂ ਦਾ ਜਮਘੱਟ ਲੱਗਣਾ ਗੈਰ ਕਮਿਊਨਿਸਟ ਅਮਲਾਂ ਨੂੰ ਜਨਮ ਦੇਣ ਲੱਗ ਪਿਆ। ਇਸ ਤਰ੍ਹਾਂ ਪਾਰਟੀ ਤੇ ਆਮ ਲੋਕਾਂ ਵਿਚਕਾਰ ਰਿਸ਼ਤਿਆਂ ਦੀ ਗਰਮਾਹਟ ਤੇ ਨੇੜਤਾ ਵੱਧਣ ਦੇ ਵਿਪਰੀਤ ਦੂਰੀਆਂ ਵਧਦੀਆਂ ਗਈਆਂ। ਲੋਕਾਂ ਦੇ ਦਿਲਾਂ ਅੰਦਰ ਹੌਲੀ ਹੌਲੀ ਆਪਣੇ ਹੀ ਢਾਂਚੇ ਪ੍ਰਤੀ ਮੋਹ ਘਟਦਾ ਗਿਆ, ਜਿਸਨੂੰ ਕਮਿਊਨਿਸਟ ਦੋਖੀਆਂ ਨੇ ਬੜੀ ਚਲਾਕੀ ਨਾਲ ਇਸਤੇਮਾਲ ਕੀਤਾ।
2. ਮਾਰਕਸਵਾਦ-ਲੈਨਿਨਵਾਦ ਦੇ ਬੁਨਿਆਦੀ ਸਿਧਾਂਤਾਂ ਤੋਂ ਰੂਸ ਦੀ ਕਮਿਊਨਿਸਟ ਪਾਰਟੀ ਹੌਲੀ ਹੌਲੀ ਥਿੜਕਦੀ ਗਈ, ਜਦਕਿ ਜ਼ਰੂਰਤ ਇਨ੍ਹਾਂ ਨੂੰ ਯਥਾਰਥ ਨਾਲ ਜੋੜ ਕੇ ਸਖਤ ਅਮਲਾਂ ਦੀ ਸੀ। ਸੋਧਵਾਦੀ ਖੁਰਸ਼ਚੋਵ , ਜੋ ਪਾਰਟੀ ਦਾ ਜਨਰਲ ਸਕੱਤਰ ਸੀ, ਨੇ ਇਕ ਬਹੁਤ ਹੀ ਬੇਹੂਦਾ ਤੇ ਗੈਰ ਮਾਰਕਸੀ ਸਿਧਾਂਤ ਪੇਸ਼ ਕਰ ਦਿੱਤਾ, ਜੋ ''ਪੁਰਅਮਨ-ਸਹਿਹੋਂਦ, ਪੁਰਅਮਨ ਮੁਕਾਬਲਾ ਤੇ ਪੁਰਅਮਨ ਤਬਦੀਲੀ'' ਦੀ ਤਰਿਕੜੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜਮਾਤੀ ਸੰਘਰਸ਼ ਤੇਜ਼ ਕਰਨ ਦੀ ਥਾਂ ਮਜ਼ਦੂਰ ਜਮਾਤ ਤੇ ਇਸ ਦੁਆਰਾ ਸਥਾਪਤ ਢਾਂਚੇ ਸਮਾਜਵਾਦ ਨੂੰ ਪੂੰਜੀਵਾਦ ਨਾਲ ਪੁਰਅਮਨ ਸਹਿਹੋਂਦ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਤਾਂ ਕਿ ਪੈਦਾਵਾਰ ਦੇ ਖੇਤਰ ਵਿਚ ਪੁਰਅਮਨ ਮੁਕਾਬਲੇ ਰਾਹੀਂ ਸਮਾਜਵਾਦੀ ਪ੍ਰਬੰਧ ਪੂੰਜੀਵਾਦੀ ਢਾਂਚੇ ਨੂੰ ਪਛਾੜ ਸਕੇ। ਇੱਥੇ ਪੂੰਜੀਵਾਦੀ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਅੱਖੋਂ ਓਹਲੇ ਕਰਕੇ ਦੁਸ਼ਮਣ ਜਮਾਤਾਂ ਦੀ ਤਾਕਤ ਨੂੰ ਘਟਾ ਕੇ ਦੇਖਣ ਦਾ ਗੁਨਾਹ ਵੀ ਕੀਤਾ ਗਿਆ ਅਤੇ ਪੂੰਜੀਵਾਦੀ ਪ੍ਰਬੰਧ ਪ੍ਰਤੀ ਘਿਰਣਾ ਦਾ ਤਿੱਖਾਪਨ ਵੀ ਘਟਾ ਦਿੱਤਾ ਗਿਆ। ਇਸ ਢੰਗ ਨਾਲ ਭਾਵ ਪੁਰਅਮਨ ਤਰੀਕੇ ਨਾਲ ਹੀ ਪੂੰਜੀਪਤੀ ਸੱਤਾ ਤਿਆਗ ਕੇ ਮਜ਼ਦੂਰ ਜਮਾਤ ਨੂੰ ਸੌਂਪ ਦੇਣਗੇ, ਦਾ ਗੈਰ ਵਿਗਿਆਨਕ ਤੇ ਸਿਰੇ ਦਾ ਸੋਧਵਾਦੀ ਸਿਧਾਂਤ ਪੇਸ਼ ਕਰਕੇ ਸਮਾਜਵਾਦੀ ਪ੍ਰਬੰਧ ਦੀਆਂ ਮੂਲ ਸਥਾਪਨਾਵਾਂ ਹੀ ਹਿਲਾ ਦਿੱਤੀਆਂ ਗਈਆਂ ਅਤੇ ਇਸ ਦੀ ਕਾਇਮੀ, ਸੰਘਰਸ਼ ਦੀ ਲੋੜ ਦੀ ਭਾਵਨਾ ਵੀ ਮੱਠੀ ਕਰ ਦਿੱਤੀ ਗਈ। ਕਮਿਊਨਿਸਟ ਲਹਿਰ ਨੂੰ ਇਸ ਭਟਕਾਅ ਦੀ ਵੱਡੀ ਕੀਮਤ ਅਦਾ ਕਰਨੀ ਪਈ।  ਇਹ ਪੂਰੀ ਤਰ੍ਹਾਂ ਮਾਰਕਸਵਾਦ-ਲੈਨਿਨਵਾਦ ਦਾ ਨਿਖੇਧ ਸੀ, ਪ੍ਰੰਤੂ ਰੂਸ ਦੀ ਕਮਿਊਨਿਸਟ ਪਾਰਟੀ ਵਲੋਂ ਇਸਨੂੰ ''ਸਰਵ ਸੰਮਤੀ'' ਨਾਲ  ਪ੍ਰਵਾਨ ਕਰ ਲਿਆ ਗਿਆ। ਇਸਦੇ ਦੁਰਗਾਮੀ ਭੈੜੇ ਸਿੱਟੇ ਤਾਂ ਨਿਕਲਣੇ ਹੀ ਸਨ। ਸੰਸਾਰ ਪੱਧਰੀ ਵੱਖ ਵੱਖ ਜਮਾਤਾਂ ਤੇ ਆਰਥਿਕ ਢਾਂਚਿਆਂ ਵਿਚਲੀਆਂ ਅੰਤਰ ਵਿਰੋਧਤਾਈਆਂ ਨੂੰ ਠੀਕ ਢੰਗ ਨਾਲ ਨਹੀਂ ਸਮਝਿਆ ਗਿਆ। ਸਮਾਜਵਾਦੀ ਪ੍ਰਬੰਧ ਅੰਦਰ ਨਵੇਂ ਪੈਦਾਵਾਰੀ ਸਬੰਧਾਂ ਨੂੰ ਸਥਾਪਤ ਕਰਨ ਲਈ ਵੀ ਲੋੜੀਂਦੀ ਤਬਦੀਲੀ ਨਹੀਂ ਕੀਤੀ ਗਈ, ਜਿਸ ਕਾਰਨ ਵੱਡੇ ਮਨੁੱਖੀ ਸਰੋਤਾਂ ਦੀਆਂ ਪਹਿਲਕਦਮੀਆਂ ਦਾ ਇਸਤੇਮਾਲ ਕਰਕੇ ਪੂੰਜੀਵਾਦੀ ਪ੍ਰਬੰਧ ਤੋਂ ਪੈਦਾਵਾਰ ਦੇ ਸਬੰਧ ਵਿਚ ਕਈ ਪੱਖਾਂ ਤੋਂ ਚੰਗੇਰੇ ਸਿੱਟੇ ਕੱਢਣ ਵਿਚ ਅਸਫਲਤਾ ਹੋਈ। ਸਮਾਜਵਾਦੀ ਪ੍ਰਬੰਧ, ''ਜਿੱਥੇ ਹਰ ਇਕ ਨੂੰ ਕੰਮ ਮੁਤਾਬਕ ਉਜਰਤ ਤੇ ਕੰਮ ਕਰਨਾ ਸਾਰਿਆਂ ਵਾਸਤੇ ਜ਼ਰੂਰੀ ਹੈ'' ਦੇ ਸਿਧਾਂਤ ਤੋਂ ਅੱਗੇ ਵਧਦਿਆਂ ਮਨੁੱਖ ਨੂੰ ''ਕੰਮ ਯੋਗਤਾ ਮੁਤਾਬਕ ਤੇ ਉਜਰਤ ਲੋੜਾਂ ਮੁਤਾਬਕ'' ਤੇ ''ਕੰਮ ਮਨੁੱਖ ਦੀ ਲੋੜ ਹੈ'' ਦੇ ਸਿਧਾਂਤ ਨਾਲ ਲੈਸ ''ਨਵੇਂ ਮਨੁੱਖ ਦੀ ਉਤਪਤੀ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸੇ ਕਰਕੇ ਭਰਿਸ਼ਟਾਚਾਰ, ਕੁਣਬਾਪਰਵਰੀ, ਕੰਮਚੋਰੀ, ਗੈਰ ਜ਼ਿੰਮੇਦਾਰਾਨਾ ਵਿਵਹਾਰ ਆਦਿ ਵਰਗੀਆਂ ਬਿਮਾਰੀਆਂ ਲੋਕਾਂ ਦੇ ਇਕ ਚੌਖੇ ਹਿੱਸੇ ਵਿਚ ਫੈਲ ਗਈਆਂ।
3. ਰੂਸੀ ਕਮਿਊਨਿਸਟ ਪਾਰਟੀ ਵਲੋਂ ਆਪਣੀ ਰਾਜਨੀਤਕ ਸਮਝ ਨੂੰ ਦੂਸਰੇ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਉਪਰ ਵੀ ਠੋਸਿਆ ਜਾਂਦਾ ਰਿਹਾ ਹੈ। ਬਰਾਬਰਤਾ ਦੇ ਆਧਾਰ 'ਤੇ ਭਰਾਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਥਾਂ ਰੂਸ ਦੀ ਕਮਿਊਨਿਸਟ ਪਾਰਟੀ ਵਲੋਂ ਸੰਬੰਧਤ ਦੇਸ਼ਾਂ ਦੀਆਂ ਹਾਕਮ ਜਮਾਤਾਂ ਨਾਲ ਸਬੰਧ ਬਣਾਉਣ ਲਈ ਪ੍ਰੋਲੇਤਾਰੀ ਕੌਮਾਂਤਰੀਵਾਦ ਦਾ ਪੱਲਾ ਛੱਡ ਕੇ ਉਥੋਂ ਦੀਆਂ ਕਮਿਊਨਿਸਟ ਪਾਰਟੀਆਂ 'ਤੇ ਰੂਸੀ ਹਿਤਾਂ ਦੇ ਅਨੁਕੂਲ ਢਾਲਣ ਲਈ ਦਬਾਅ ਪਾਇਆ ਗਿਆ ਤੇ ਉਸੇ ਅਨੁਸਾਰ ਹਾਕਮ ਧਿਰਾਂ ਨਾਲ ਸਬੰਧ ਕਾਇਮ ਕਰਨ ਲਈ ਮਜ਼ਬੂਰ ਕੀਤਾ ਗਿਆ। ਇਸ ਵਤੀਰੇ ਨੇ ਅੰਤਰਰਾਸ਼ਟਰੀ ਕਮਿਊਨਿਸਟ ਲਹਿਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਭਾਰਤ ਅੰਦਰ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਨਾਲ ਦੋਸਤਾਨਾ ਸਬੰਧ ਬਣਾਉਣ ਖਾਤਰ 1975 ਵਿਚ ਭਾਰਤੀ ਸਰਕਾਰ ਵਲੋਂ ਦੇਸ਼ ਅੰਦਰ ਅੰਦਰੂਨੀ ਐਮਰਜੈਂਸੀ ਵਰਗੇ ਚੁੱਕੇ ਗਏ ਅੱਤ ਦੇ ਤਾਨਾਸ਼ਾਹੀ ਕਦਮ ਦੀ ਸੀ.ਪੀ.ਆਈ. ਨੂੰ ਹਮਾਇਤ ਕਰਨ ਲਈ ਦਬਾਅ ਪਾਇਆ ਗਿਆ, (ਭਾਵੇਂ ਇਸ ਵਿਚ ਸੀ.ਪੀ.ਆਈ. ਆਗੂਆਂ ਦੀ ਆਪਣੀ ਨਾਕਸ ਪਹੁੰਚ ਵੀ ਜ਼ਿੰਮੇਵਾਰ ਸੀ)  ਜਿਸ ਨਾਲ ਦੇਸ਼ ਅੰਦਰ ਸੀ.ਪੀ.ਆਈ. ਦੀ ਸਖਤ ਨੁਕਤਾਚੀਨੀ ਹੋਣ ਦੇ ਨਾਲ ਨਾਲ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਵੀ ਖਿੱਲੀ ਉਡੀ। ਇਸੇ ਤਰ੍ਹਾਂ ਦੀਆਂ ਅਨੇਕਾਂ ਉਦਾਹਰਣਾਂ ਹੋਰ ਵੀ ਦਿੱਤੀਆਂ ਜਾ ਸਕਦੀਆਂ ਹਨ, ਜਿੱਥੇ ਰੂਸ ਦੀ ਕਮਿਊਨਿਸਟ ਪਾਰਟੀ ਨੇ ਭਰਾਤਰੀ ਕਮਿਊਨਿਸਟ ਪਾਰਟੀਆਂ ਨੂੰ ਸਬੰਧਤ ਦੇਸ਼ਾਂ ਦੇ ਹਾਕਮਾਂ ਦੀਆਂ ਪਿਛਲੱਗੂ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ। ਮਿੱਤਰ ਕਮਿਊਨਿਸਟ ਪਾਰਟੀਆਂ ਨੂੰ ਸੋਵੀਅਤ ਯੂਨੀਅਨ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਆਰਥਿਕ ਫਾਇਦੇ ਪਹੁੰਚਾਏ ਗਏ, ਜਿਨ੍ਹਾਂ ਦੇ ਨਤੀਜੇ ਪੂਰੀ ਤਰ੍ਹਾਂ ਤਬਾਹਕੁੰਨ ਨਿਕਲੇ। ਜਿਹੜੇ ਵੀ ਵਿਦਿਆਰਥੀ ਸੀ.ਪੀ.ਆਈ. ਦੀ ਸਿਫਾਰਿਸ਼ ਨਾਲ ਸੋਵੀਅਤ ਯੂਨੀਅਨ ਵਿਚ ਵਿਦਿਆ ਹਾਸਲ ਕਰਨ ਲਈ ਭੇਜੇ ਗਏ, ਉਨ੍ਹਾਂ 'ਚੋਂ ਭਾਰੀ ਬਹੁਗਿਣਤੀ ਭਾਵੇਂ ਹੋਰ ਤਾਂ ਕੁਝ ਵੀ ਬਣ ਗਏ ਹੋਣ, ਕਮਿਊਨਿਸਟ ਬਿਲਕੁਲ ਨਹੀਂ ਬਣੇ। ਉਹ ਇਨਕਲਾਬੀ ਸਿਧਾਂਤ ਸਿੱਖ ਕੇ ਵਾਪਸ ਭਾਰਤ ਪੁੱਜਕੇ ਇਨਕਲਾਬ ਲਈ ਕੰਮ ਕਰਨ ਦੀ ਥਾਂ ਆਮ ਤੌਰ 'ਤੇ ਸੋਵੀਅਤ ਵਿਰੋਧੀ ਹੀ ਬਣੇ ਜਾਂ ਗੈਰ ਰਾਜਨੀਤਕ ਬਣ ਕੇ ਹੋਰ ਕਾਰੋਬਾਰਾਂ ਵਿਚ ਉਲਝ ਕੇ ਪੂੰਜੀਵਾਦੀ ਪ੍ਰਬੰਧ ਦਾ ਪੱਕਾ ਹਿੱਸਾ ਬਣ ਗਏ।
4. ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਵਿਚ ਸਿਧਾਂਤਕ ਤੇ ਰਾਜਨੀਤਕ ਰੂਪ ਵਿਚ ਇਰਾਦੇ ਦੀ ਏਕਤਾ ਨਹੀਂ ਸੀ ਰਹੀ। ਇਸੇ ਕਰਕੇ ਨਾ ਪਾਰਟੀ ਵਿਚ ਕਮਿਊਨਿਸਟ ਯਕਯਹਿਤੀ ਤੇ ਸਮਾਜਵਾਦੀ ਇਨਕਲਾਬ ਦੀ ਰਾਖੀ ਲਈ ਮਰ ਮਿੱਟਣ ਦੀ ਭਾਵਨਾ ਹੀ ਰਹੀ ਅਤੇ ਨਾ ਹੀ ਰੂਸੀ ਲੋਕਾਂ ਨਾਲ ਪਾਰਟੀ ਦਾ ਮੱਛੀ ਤੇ ਪਾਣੀ ਵਾਲਾ ਸੰਬੰਧ ਹੀ ਕਾਇਮ ਰਹਿ ਸਕਿਆ। ਹਰ ਫੈਸਲਾ ਬਨਾਵਟੀ 'ਸਰਵਸੰਮਤੀ' ਨਾਲ ਹੁੰਦਾ ਰਿਹਾ ਤੇ ਸੋਵੀਅਤ ਯੂਨੀਅਨ ਦੇ ਢਹਿ ਢੇਰੀ ਹੋਣ ਸਮੇਂ ਇਹ 'ਸਰਵਸੰਮਤੀ' ਹੋਰ ਵੀ ਸ਼ਰਮਨਾਕ ਰੂਪ ਵਿਚ ਸਾਹਮਣੇ ਆਈ, ਜਦੋਂ ਕਰੈਮਲਿਨ ਤੋਂ ਕਮਿਊਨਿਸਟ ਪਾਰਟੀ ਦਾ ਲਾਲ ਝੰਡਾ ਉਤਾਰ ਕੇ ਜਾਰਸ਼ਾਹੀ ਦਾ ਝੰਡਾ ਮੁੜ ਝੁਲਾ ਦਿੱਤਾ ਗਿਆ। ਕਿਸੇ ਵੀ ਦੁਨੀਆਂ ਜਾਂ ਰੂਸ ਦੀ ਘਟਨਾ ਬਾਰੇ ਜਨਤਕ ਲਾਮਬੰਦੀ ਰਾਹੀਂ ਜਨਤਕ ਚੇਤਨਾ ਪੈਦਾ ਕਰਨ ਦੀ ਥਾਂ ਸਾਰਾ ਕੰਮ ਸੋਵੀਅਤ ਸਰਕਾਰ ਤੇ ਕਮਿਊਨਿਸਟ ਪਾਰਟੀ ਵਲੋਂ ਅਫਸਰਸ਼ਾਹ ਢੰਗਾਂ ਨਾਲ ਕੀਤਾ ਜਾਂਦਾ ਰਿਹਾ ਹੈ। ਲੋਕਾਂ ਦੀ ਸ਼ਮੂਲੀਅਤ ਤੇ ਰਾਜਨੀਤਕ ਚੇਤਨਾ ਵਧਾਏ ਬਿਨਾ ਕੋਈ ਕੰਮ ਵੀ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ। ਕਮਿਊਨਿਸਟ ਪਾਰਟੀ ਵਿਚ ਵੀ ਸਾਂਝੀ ਲੀਡਰਸ਼ਿਪ ਪੈਦਾ ਕਰਨ ਦੀ ਥਾਂ ਸਾਰੀ ਤਾਕਤ ਚੰਦ ਕੁ ਹੱਥਾਂ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਹੱਥਾਂ ਵਿਚ ਦੇ ਦਿੱਤੀ ਗਈ, ਜੋ ਬਿਲਕੁਲ ਹੀ ਗੈਰ ਮਾਰਕਸੀ-ਲੈਨਿਨੀ ਵਰਤਾਰਾ ਹੈ।
6. ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਇਹ ਗੱਲ ਵੀ ਵਿਸਰ ਗਈ ਕਿ ਅਜੇ ਦੁਨੀਆਂ ਵਿਚ ਇਕ ਮਜ਼ਬੂਤ ਪੂੰਜੀਵਾਦੀ ਪ੍ਰਬੰਧ ਕਾਇਮ ਹੈ, ਜੋ ਕਈ ਪੱਖਾਂ ਤੋਂ ਸਮਾਜਵਾਦ ਨਾਲੋਂ ਵਧੇਰੇ ਤਾਕਤਵਰ ਤੇ ਉਨਤ ਹੈ। ਪੂੰਜੀਵਾਦੀ ਦੇਸ਼ ਕਦੀ ਸਮਾਜਵਾਦੀ ਵਿਵਸਥਾ ਨੂੰ ਮਜ਼ਬੂਤ ਹੁੰਦਿਆਂ ਨਹੀਂ ਦੇਖ ਸਕਦੇ ਤੇ ਇਸਨੂੰ ਕਮਜ਼ੋਰ ਕਰਨ ਲਈ ਹਰ ਚਾਲ ਚਲਦੇ ਰਹੇ। ਇਹ ਨਿਸ਼ਾਨਾ ਪ੍ਰਾਪਤ ਕਰਨ ਲਈ ਸਾਮਰਾਜੀ ਦੇਸ਼ਾਂ ਨੇ ਥੋੜ ਸਮੇਂ ਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਬਣਾਈਆਂ ਸਨ; ਜੋ ਆਖਰਕਾਰ ਅਕਤੂਬਰ ਇਨਕਲਾਬ ਦੇ 70 ਸਾਲਾਂ ਬਾਅਦ ਸਿਰੇ ਚੜ੍ਹ ਹੀ ਗਈਆਂ ਅਤੇ ਸੋਵੀਅਤ ਯੂਨੀਅਨ ਅੰਦਰਲਾ ਸਮਾਜਵਾਦੀ ਪ੍ਰਬੰਧ ਤਾਸ਼ ਦੇ ਪੱਤਿਆਂ ਵਾਂਗਰ ਢਹਿ ਢੇਰੀ ਹੋ ਗਿਆ। ਫਾਸ਼ੀਵਾਦ ਦਾ ਟਾਕਰਾ ਕਰਦਿਆਂ ਬੇਮਿਸਾਲ ਤਿਆਗ ਕਰਨ ਵਾਲੇ ਲੱਖਾਂ ਰੂਸੀ ਯੋਧਿਆਂ ਦੇ ਦੇਸ਼ ਵਿਚ ਇਕ ਵੀ ਐਸਾ 'ਰੂਸੀ ਕਮਿਊਨਿਸਟ' ਸਾਹਮਣੇ ਆ ਕੇ ਉਸ ਵੇਲੇ ਲੜਦਾ ਮਰਦਾ ਨਹੀਂ ਦਿਸਿਆ, ਜਦੋਂ ਮਜ਼ਦੂਰ ਜਮਾਤ ਦਾ ਲਾਲ ਝੰਡਾ ਉਤਾਰ ਕੇ ਜਾਰਸ਼ਾਹੀ ਦਾ ਪਰਚਮ ਲਹਿਰਾਇਆ ਜਾ ਰਿਹਾ ਸੀ ਅਤੇ ਲੋਕਾਂ ਦੀ ਬੰਦਖਲਾਸੀ ਕਰਨ ਵਾਲੇ ਆਗੂਆਂ ਦੀਆਂ ਯਾਦਗਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ।
ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਪਰੋਕਤ ਦੱਸੀਆਂ ਸਾਰੀਆਂ ਹੀ ਉਣਤਾਈਆਂ ਤੇ ਭਟਕਾਵਾਂ ਤੋਂ ਕਮਿਊਨਿਸਟ ਵਿਚਾਰਧਾਰਾ ਦੇ ਨਜ਼ਰੀਏ ਤੋਂ ਕਾਰਲ ਮਾਰਕਸ, ਐਂਲਗਜ ਤੇ ਕਾਮਰੇਡ ਲੈਨਿਨ ਤੇ ਹੋਰ ਸੰਸਾਰ ਭਰ ਦੇ ਉਘੇ ਕਮਿਊਨਿਸਟ ਵਿਚਾਰਵਾਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਖਬਰਦਾਰ ਕੀਤਾ ਹੈ, ਇਸ ਲਈ ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪੀ ਦੇਸ਼ਾਂ ਵਿਚ ਸਮਾਜਵਾਦ ਨੂੰ ਲੱਗੀਆਂ ਪਛਾੜਾਂ ਨਾਲ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਗੈਰ ਪ੍ਰਸੰਗਕ ਨਹੀਂ ਹੋਈ, ਬਲਕਿ ਇਸ ਦੀਆਂ ਧਾਰਨਾਵਾਂ ਅਜੋਕੀਆਂ ਹਾਲਤਾਂ ਦੇ ਸਨਮੁੱਖ ਜਦੋਂ ਸੰਸਾਰ ਪੂੰਜੀਵਾਦ ਅੱਜ ਤੱਕ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਵਿਚ ਫਸਿਆ ਹੋਇਆ ਹੈ,  ਹੋਰ ਵੀ ਮਜ਼ਬੂਤ ਤੇ ਸਹੀ ਸਿੱਧ ਹੋ ਰਹੀਆਂ ਹਨ। ਸਮਾਜਿਕ ਪਰਿਵਰਤਨ ਵਿਚ ਲੱਗੀਆਂ ਸਾਰੀਆਂ ਹੀ ਇਨਕਲਾਬੀ ਧਿਰਾਂ ਨੂੰ ਅੱਜ ਅਕਤੂਬਰ ਇਨਕਲਾਬ ਦੇ ਦਿਨ 'ਤੇ ਜਿੱਥੇ ਇਸ ਮਿੱਥ ਦੇ ਟੁੱਟਣ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਮੀਰੀ ਤੇ ਗਰੀਬੀ ਦਾ ਪੂੰਜੀਵਾਦੀ ਰਾਜ ਪ੍ਰਬੰਧ ਅਧੀਨ ਪਾੜਾ ਕਦੀ ਨਹੀਂ ਮੇਟਿਆ ਜਾ ਸਕਦਾ, ਉਥੇ ਸੋਵੀਅਤ ਯੂਨੀਅਨ ਵਿਚ ਸਮਾਜਵਾਦ ਦੀ ਉਸਾਰੀ ਸਮੇਂ ਕੀਤੀਆਂ ਬੱਜਰ ਗਲਤੀਆਂ ਤੋਂ ਸਬਕ ਸਿੱਖ ਕੇ ਭਵਿੱਖ ਵਿਚ ਉਨ੍ਹਾਂ ਤੋਂ ਹਰ ਹਾਲਤ ਵਿਚ ਬਚਿਆ ਜਾਣਾ ਚਾਹੀਦਾ ਹੈ। ਇਨਕਲਾਬ ਕਰਨ ਵਾਸਤੇ ਜਿੰਨੀ ਕੁਰਬਾਨੀ ਦੀ ਲੋੜ ਹੈ, ਉਸਤੋਂ ਦਸ ਗੁਣਾਂ ਜ਼ਿਆਦਾ ਦੁਸ਼ਮਣ ਜਮਾਤਾਂ ਵਲੋਂ ਇਸ ਢਾਂਚੇ ਉਪਰ ਕੀਤੇ ਜਾਣ ਵਾਲੇ ਹਮਲਿਆਂ ਨੂੰ ਰੋਕਣ ਲਈ ਲੋੜੀਂਦੀ ਹੈ। ਇਹ ਤੱਥ ਹਰ ਸਮੇਂ ਸਾਡੇ ਜ਼ਿਹਨ ਵਿਚ ਰਹਿਣਾ ਚਾਹੀਦਾ ਹੈ।

ਕਾਮਰੇਡ ਤਾਰਾ ਸਿੰਘ ਦੇਹਾਂਤ ’ਤੇ ਕਾਮਰੇਡ ਪਾਸਲਾ ਵਲੋਂ ਸ਼ੋਕ ਦਾ ਪ੍ਰਗਟਾਵਾ

ਬਜ਼ੁਰਗ ਕਮਿਊਨਿਸਟ ਆਗੂ ਅਤੇ ਪੈਪਸੂ ਮੁਜਾਰਾ ਲਹਿਰ ਦੇ ਸਿਰਕੱਢ ਆਗੂ ਕਾਮਰੇਡ ਤਾਰਾ ਸਿੰਘ ਜਵਾਹਰਵਾਲਾ ਦੇ ਦੇਹਾਂਤ ’ਤੇ ਆਰਐਮਪੀਆਈ ਨੇ ਆਪਣੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ। ਤਾਮਿਲਨਾਡੂ ਦੇ ਸ਼ਹਿਰ ਸੇਲਮ ਤੋਂ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਵਲੋਂ ਭੇਜੇ ਇੱਕ ਸੰਦੇਸ਼ ’ਚ ਉਨ੍ਹਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਵਿਛੋੜਾ ਦੇ ਗਏ ਸਾਥੀ ਦੀਆਂ ਮਹਾਨ ਕੁਰਬਾਨੀਆਂ ਨੂੰ ਵੀ ਯਾਦ ਕੀਤਾ। ਕਾਮਰੇਡ ਤਾਰਾ ਸਿੰਘ 1954 ’ਚ ਪਰਜਾ ਮੰਡਲ ਲਹਿਰ ਰਾਹੀਂ ਲੋਕ ਲਹਿਰ ’ਚ ਸ਼ਾਮਲ ਹੋਏ ਸਨ ਅਤੇ ਪੈਪਸੂ ਮੁਜਾਰਾ ਲਹਿਰ ਦੇ ਸਰਗਰਮ ਆਗੂ ਵਜੋਂ ਕੰਮ ਕੀਤਾ। ਵਰਨਣਯੋਗ ਹੈ ਕਿ ਕਾਮਰੇਡ ਤਾਰਾ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ, ਇਸ ਮੌਕੇ ਖੱਬੀ ਲਹਿਰ ਦੇ ਬਹੁਤ ਸਾਰੇ ਆਗੂ ਸ਼ਾਮਲ ਸਨ।
 

Wednesday, 2 November 2016

ਥਰਮਲ ਪਲਾਂਟ ਦੇ ਕਾਮਿਆਂ 'ਤੇ ਲਾਠੀਚਾਰਜ ਦੀ ਨਿਖੇਧੀ



ਜਲੰਧਰ, 2 ਨਵੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਅੱਜ ਗੁਰੂ ਨਾਨਕ ਦੇਵ ਥਰਮਲ ਪ੍ਰੋਜੈਕਟ ਬਠਿੰਡਾ ਦੇ ਸੰਘਰਸ਼ੀ ਕਾਮਿਆਂ 'ਤੇ ਵਹਿਸ਼ੀ ਪੁਲੀਸ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ ਹੈ। ਇਥੋਂ ਜਾਰੀ ਇੱਕ ਬਿਆਨ ਰਾਹੀਂ ਆਰਐਮਪੀਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸੂਬਾ ਹਕੂਮਤ ਦੀ ਸਿਰੇ ਦੀ ਅਸੰਵੇਦਨਸ਼ੀਲ ਪਹੁੰਚ ਸਦਕਾ ਪੰਜਾਬ ਸੰਘਰਸ਼ੀ ਮਜ਼ਦੂਰਾਂ, ਮੁਲਜ਼ਮਾਂ, ਕਿਸਾਨਾਂ, ਖੇਤ ਮਜ਼ਦੂਰਾਂ ਦੀ 'ਸ਼ਿਕਾਰਗਾਹ' ਵਿੱਚ ਤਬਦੀਲ ਹੋ ਗਿਆ ਹੈ ਅਤੇ ਪੁਲੀਸ ਜਦੋਂ ਮਰਜ਼ੀ ਥਾਂ ਪਰ ਥਾਂ ਇਨ੍ਹਾਂ ਵਰਗਾਂ ਦੇ ਹੱਡ ਸੇਕ ਰਹੀ ਹੈ। ਉਨ੍ਹਾ ਥਰਮਲ ਕਾਮਿਆਂ ਦੇ ਸੰਘਰਸ਼ ਨਾਲ ਮੁਕੰਮਲ ਇਅਕਮੁਠੱਤਾ ਪ੍ਰਗਟਾਉਂਦਿਆ ਸਭਨਾਂ ਸੰਗਰਾਮੀ ਧਿਰਾਂ ਨੂੰ ਇਨ੍ਹਾਂ ਦੀ ਮਦਦ 'ਚ ਜੁੱਟ ਜਾਣ ਦਾ ਸੱਦਾ ਦਿੱਤਾ। ਸਾਥੀ ਪਾਸਲਾ ਨੇ ਪੰਜਾਬ ਦੇ ਅਵਾਮ ਨੂੰ ਵੀ ਇਨ੍ਹਾਂ ਮਜ਼ਲੂਮਾਂ ਦਾ ਸਾਥ ਦੇਣ ਦੀ ਅਪੀਲ ਕੀਤੀ।