Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday, 22 March 2017

ਫ਼ਿਰਕੂ ਧਰੁਵੀਕਰਨ ਤੇ ਅੰਧ ਰਾਸ਼ਟਰਵਾਦ ਵਿਰੁੱਧ ਆਵਾਜ਼ ਸਮੇਂ ਦੀ ਮੰਗ: ਆਰਐੱਮਪੀਆਈ

ਜਲੰਧਰ, 22 ਮਾਰਚ -     ''ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਤਬਾਹਕੁੰਨ ਮਾਰਗਦਰਸ਼ਨ ਅਨੁਸਾਰ ਸ਼ਾਸ਼ਨ ਚਲਾ ਰਹੀ ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਗਿਣ ਮਿਥ ਕੇ ਅਮਲ ਵਿੱਚ ਲਿਆਂਦੇ ਜਾ ਰਹੇ ਫ਼ਿਰਕੂ ਧਰੁਵੀਕਰਣ, ਅੰਧ ਰਾਸ਼ਟਰਵਾਦ ਅਤੇ ਅਸਹਿਣਸ਼ੀਲਤਾ ਬੜੀ ਤੇਜੀ ਨਾਲ ਦੇਸ਼ ਨੂੰ ਤਬਾਹੀ ਵੱਲ ਧੱਕ ਰਹੇ ਹਨ ਅਤੇ ਜੇ ਦੇਸ਼ਵਾਸੀ ਇਸ ਵਿਰੁੱਧ ਨਾ ਉਠੇ ਤਾਂ ਇਸ ਦਾ ਖਮਿਆਜ਼ਾ ਭਵਿੱਖ ਦੀਆਂ ਅਨੇਕਾਂ ਨਸਲਾਂ ਨੂੰ ਭੁਗਤਣਾ ਪਵੇਗਾ।'' ਇਹ ਵਿਚਾਰ ਅੱਜ ਇੱਥੇ ਸਾਥੀ ਗੁਰਨਾਮ ਸਿੰਘ ਦਾਊਦ ਦੀ ਪ੍ਰਧਾਨਗੀ  ਹੇਠ ਹੋਈ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਸੂਬਾ ਸਕੱਤਰੇਤ ਦੀ ਮੀਟਿੰਗ ਵੱਲੋਂ ਪ੍ਰਗਟ ਕੀਤੇ ਗਏ। ਮੀਟਿੰਗ ਵੱਲੋਂ ਇਹ ਰਾਇ ਪ੍ਰਗਟ ਕੀਤੀ ਗਈ ਕਿ ਮੋਦੀ ਸਰਕਾਰ ਵੀ ਪਿਛਲੀਆਂ ਕੇਂਦਰੀ ਸਰਕਾਰਾਂ ਵਾਂਗ ਹੀ, ਪਰ ਉਨ੍ਹਾਂ ਤੋਂ ਕਿਤੇ ਤੇਜੀ ਨਾਲ ਉਦਾਰੀਕਰਨ, ਸੰਸਾਰੀਕਰਨ, ਨਿੱਜੀਕਰਣ ਦੀਆਂ ਤਬਾਹਕੁੰਨ ਲੋਕ ਮਾਰੂ ਨੀਤੀਆਂ 'ਤੇ ਅਮਲ ਕਰ ਰਹੀ ਹੈ, ਜਿਸ ਕਾਰਨ ਲੋਕਾਂ ਦੀਆਂ ਮੂਲ ਸਮੱਸਿਆਵਾਂ ਜਿਵੇਂ ਗਰੀਬੀ, ਭੁਖਮਰੀ, ਬੇਕਾਰੀ, ਅਨਪੜ੍ਹਤਾ, ਇਲਾਜ ਦੀ ਅਣਹੋਂਦ 'ਚ ਮੌਤਾਂ, ਛੋਟੇ ਉਦਯੋਗਾਂ ਅਤੇ ਕਾਰੋਬਾਰਾਂ ਦੇ ਖਾਤਮੇਂ ਆਦਿ ਹਰ ਰੋਜ ਖਤਰਨਾਕ ਹੱਦ ਤੱਕ ਵਧਦੇ ਜਾ ਰਹੇ ਹਨ। ਇਸ ਘੋਰ ਸਾਮਰਾਜ ਪ੍ਰਸਤੀ 'ਚੋਂ ਉਪਜੀ ਸਰਵ ਵਿਆਪੀ ਨਾਕਾਮੀ ਤੇ ਪਰਦਾਪੋਸ਼ੀ ਕਰਨ ਲਈ, ਮੂਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਅਤੇ ਦੇਸੀ-ਬਦੇਸ਼ੀ ਧਨਾਢਾਂ ਦੀ ਲੁੱਟ ਦੇ ਸਿਲਸਿਲੇ ਦੀ ਉਮਰ ਲੰਮੀ ਤੋਂ ਲੰਮੇਰੀ ਕਰਨ ਲਈ ਇੱਕ ਸਾਜਿਸ਼ ਤਹਿਤ ਮੋਦੀ ਸਰਕਾਰ ਫ਼ਿਰਕੂ-ਫੁਟਪਾਊ ਅਜੰਡਾ ਲਾਗੂ ਕਰ ਰਹੀ ਹੈ।
    ਮੀਟਿੰਗ ਦੇ ਫ਼ੈਸਲੇ ਜਾਰੀ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਉਕਤ ਵਰਤਾਰੇ ਪਿੱਛੇ ਲੁਕੀ ਸਰਕਾਰੀ ਮਨਸ਼ਾ ਨੂੰ ਬੇਪਰਦ ਕਰਨ ਅਤੇ ਇਸ ਵਿਰੁੱਧ ਅਜਾਦਾਨਾ ਤੇ ਖੱਬੀਆਂ ਧਿਰਾਂ ਦੇ ਸਾਂਝੇ ਸੰਗਰਾਮ ਲਾਮੰਬਦ ਕਰਨ ਲਈ ਲੈਨਿਨ ਮਹਾਨ ਦੇ ਜਨਮ ਦਿਨ ਨਾਲ ਜੋੜ ਕੇ ਇੱਕ ਵਿਸ਼ਾਲ ਮੁਹਿੰਮ ਲਾਮਬੰਦ ਕੀਤੀ ਜਾਵੇਗੀ ਅਤੇ ਅੱਧ ਅਪ੍ਰੈਲ ਵਿੱਚ ਜਲੰਧਰ ਵਿਖੇ ਇੱਕ ਸੂਬਾਈ ਸੈਮੀਨਾਰ ਕੀਤਾ ਜਾਵੇਗਾ। ਮੀਟਿੰਗ ਵਲੋਂ ਕਿਰਤੀ ਕਿਸਾਨਾਂ ਤੇ ਹੋਰ ਪ੍ਰਗਤੀਸ਼ੀਲ ਤਬਕਿਆਂ ਨੂੰ ਸਰਕਾਰ ਦੇ ਗੈਰਜਮਹੂਰੀ, ਧਰਮ ਨਿਰਪੱਖਤਾ ਤੇ ਮਾਨਵਵਾਦੀ ਅਸੂਲ ਨੂੰ ਤਹਿਸ ਨਹਿਸ ਕਰਨ ਵਾਲੇ, ਆਰਥਕ ਲੁੱਟ ਚੋਂਘ ਦੇ ਸਾਮਰਾਜੀ ਮਾਡਲ, ਵਿਚਾਰਾਂ ਦੀ ਅਜਾਦੀ ਦਾ ਗੱਲ ਘੁੱਟਣ ਵਾਲੇ ਤਾਨਾਸ਼ਾਹੀ ਦੇ ਤੁੱਲ ਸਾਸ਼ਨ ਪ੍ਰਬੰਧ ਵਿਰੁੱਧ ਘੋਲਾਂ ਦੇ ਪਿੜ ਮੱਲ੍ਹਣ ਦੀ ਅਪੀਲ ਕੀਤੀ। ਮੀਟਿੰਗ ਵਲੋਂ ਜੋਰ ਦੇ ਕੇ ਕਿਹਾ ਗਿਆ ਕਿ ਮਨਮਾਨੇ ਢੰਗ ਨਾਲ ਸਿਰੇ ਦੇ ਫਿਰਕੂ ਉਨਮਾਦੀ ਯੋਗੀ ਅਦਿੱਤਯਾ ਨਾਥ ਨੂੰ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਥਾਪਿਆ ਜਾਣਾ, ਦਲਬਦਲੀ ਵਿਰੋਧੀ ਕਾਨੂੰਨਾਂ ਅਤੇ ਸਰਵਉਚ ਅਦਾਲਤ ਦੇ ਫੈਸਲਿਆਂ ਨੂੰ ਟਿੱਚ ਜਾਣਦਿਆਂ ਗੋਆ ਅਤੇ ਮਨੀਪੁਰ ਵਿੱਚ ਭਾਜਪਾ ਸਰਕਾਰਾਂ ਦਾ ਗਠਨ ਕਰਨਾ, ਸਰਕਾਰ ਦੇ ਕਿਸੇ ਵੀ ਫੈਸਲੇ 'ਤੇ ਵਿਧਾਨਕ ਹੱਕ ਦੀ ਵਰਤੋਂ ਕਰਦਿਆਂ ਕਿੰਤੂ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਗਰਦਾਨ ਦੇਣਾ, ਬਿਨਾਂ ਮੁਕੱਦਮਾ ਚਲਾਏ ਜਾਂ ਮੁੱਢਲੀ ਪੜਤਾਲ ਕੀਤੇ ਵਿਕਾਊ ਮੀਡੀਏ ਰਾਹੀਂ ਕਿਸੇ ਨੂੰ ਵੀ 'ਦੁਸ਼ਮਣ' ਦੇਸ਼ ਦਾ ਏਜੰਟ ਕਰਾਰ ਦੇਣਾ ਆਦਿ ਤੋਂ ਭਾਰਤ ਅਤੇ ਭਾਰਤ ਵਾਸੀਆਂ ਦਾ ਭਲਾ ਚਾਹੁੰਣ ਵਾਲਿਆਂ ਨੂੰ ਮੋਦੀ ਸਰਕਾਰ ਦੀ ਅਸਲ ਮਨਸ਼ਾ ਬਾਰੇ ਕੋਈ ਭੁਲੇਖਾ ਨਹੀਂ ਰਹਿ ਜਾਣਾ ਚਾਰੀਦਾ। ਮੀਟਿੰਗ ਵੱਲੋਂ ਗੁੜਗਾਉ ਦੇ ਕਿਰਤੀਆਂ ਵਿਰੁੱਧ ਸੁਣਾਏ ਗਏ ਮੰਦਭਾਗੇ ਅਤੇ ਇੱਕ ਪਾਸੜ  ਅਦਾਲਤੀ ਫੈਸਲੇ 'ਤੇ ਚਿੰਤਾ ਜ਼ਾਹਿਰ ਕਰਦਿਆਂ ਇਸ ਫੈਸਲੇ ਦੀ ਮੁੜ ਨਜ਼ਰਸਾਨੀ ਦੀ ਮੰਗ ਕੀਤੀ ਗਈ। ਮੀਟਿੰਗ ਵੱਲੋਂ ਇਹ ਵੀ ਕਿਹਾ ਗਿਆ ਕਿ ਦੇਸ਼ ਦੀ ਸਰਵਉਚ ਅਦਾਲਤ ਅਤੇ ਕਈ ਉਚ ਅਦਾਲਤਾਂ ਵਲੋਂ ਸਿਰਫ ਵਿਚਾਰਧਾਰਕ ਪ੍ਰਤੀਬੱਧਤਾ ਦੇ ਅਧਾਰ 'ਤੇ ਕਿਸੇ ਨੂੰ ਵੀ ਦੇਸ਼ ਵਿਰੋਧੀ ਨਾ ਮੰਨੇ ਜਾਣ ਦੇ ਦਿਸ਼ਾ ਨਿਰਦੇਸ਼ਾਂ ਤੋਂ ਅੱਖਾਂ ਮੀਟਦਿਆਂ ਪ੍ਰੋਫੈਸਰ ਸਾਈ ਬਾਬਾ ਨੂੰ ਇੱਕ ਪਾਸੜ ਨਜਰੀਏ ਤੋਂ ਸਜਾ ਸੁਣਾਉਣਾ ਅਤੀ ਮੰਦਭਾਗਾ ਹੈ।
    ਮੀਟਿੰਗ ਵੱਲੋਂ ਇਹ ਤੱਥ ਬੜੀ ਗੰਭੀਰਤਾ ਨਾਲ ਨੋਟ ਕੀਤਾ ਗਿਆ ਕਿ ਕਿਸਾਨ-ਮਜਦੂਰ ਖੁਦਕੁਸ਼ੀਆਂ ਦਾ ਕੁਲਹਿਣਾ ਵਰਤਾਰਾ ਅਤੇ ਜਾਤਪਾਤੀ ਵਿਤਕਰੇ 'ਤੇ ਲਿੰਗਕ ਜਬਰ ਜ਼ਨਾਹ ਦੀਆਂ ਘਟਨਾਵਾਂ ਬਦਸਤੂਰ ਜਾਰੀ ਹਨ ਅਤੇ ਇਸ ਦਾ ਖਾਤਮਾ ਸਿਰਫ਼ ਵੱਡੇ ਵੱਡੇ ਐਲਾਨਾਂ ਜਾਂ ਦਾਅਵਿਆਂ ਨਾਲ ਨਹੀਂ ਕੀਤਾ ਜਾ ਸਕਦਾ ਬਲਕਿ ਠੋਸ ਨੀਤੀਗਤ ਬਦਲਾਅ ਲੋੜੀਂਦੇ ਹਨ। 
(ਮੰਗਤ ਰਾਮ ਪਾਸਲਾ)

Tuesday, 21 March 2017

ਖੱਬੀਆਂ ਧਿਰਾਂ ਦੀ ਇੱਕਜੁੱਟਤਾ ਸਮੇਂ ਦੀ ਲੋੜ

ਖੱਬੀਆਂ ਧਿਰਾਂ ਦੀ ਇੱਕਜੁੱਟਤਾ ਸਮੇਂ ਦੀ ਲੋੜ

Daily Nawan Zamana, 21.3.2017

 
- ਮੰਗਤ ਰਾਮ ਪਾਸਲਾ
ਵਿਧਾਨ ਸਭਾ ਚੋਣਾਂ ਅੰਦਰ ਪੰਜਾਬ ਦੇ ਵੋਟਰਾਂ ਨੇ ਅਕਾਲੀ ਦਲ-ਭਾਜਪਾ ਗਠਜੋੜ ਨੂੰ ਭਾਰੀ ਹਾਰ ਦੇ ਕੇ ਕਾਂਗਰਸ ਪਾਰਟੀ ਨੂੰ ਪ੍ਰਾਂਤ ਦੀ ਸੱਤਾ ਸੰਭਾਲ ਦਿੱਤੀ ਹੈ। 'ਆਪ' ਜੋ ਆਪਣੇ ਆਪ ਨੂੰ ਪੂਰਨ ਰੂਪ ਵਿਚ ਜੇਤੂ ਸਮਝ ਰਹੀ ਸੀ, ਨੂੰ ਹਾਰ ਹੋਣ ਨਾਲ ਭਾਰੀ ਮਾਯੂਸੀ ਹੋਈ ਹੈ। ਬਸਪਾ, ਜੋ ਕਦੀ ਦਲਿਤ ਸਮਾਜ ਵਿਚ ਜਾਤੀ ਪਾਤੀ ਅਧਾਰ 'ਤੇ ਚੋਖਾ ਅਸਰ ਬਣਾ ਗਈ ਸੀ, ਵੋਟਾਂ ਦੀ ਗਿਣਤੀ -ਮਿਣਤੀ ਦੇ ਪੱਖ ਤੋਂ ਕਾਫੀ ਹੇਠਾਂ ਚਲੇ ਗਈ ਹੈ। ਉਪਰੋਕਤ ਰਾਜਸੀ ਧਿਰਾਂ ਦੀਆਂ ਜਿੱਤਾਂ ਤੇ ਹਾਰਾਂ ਦੇ ਕਾਰਨਾਂ ਦਾ ਮੁਲਾਂਕਣ ਅਸੀਂ ਕਿਧਰੇ ਵੱਖਰਾ ਕਰਾਂਗੇ, ਪ੍ਰੰਤੂ ਸਭ ਤੋਂ ਪਹਿਲਾਂ ਖੱਬੀਆਂ ਪਾਰਟੀਆਂ ਦੀ ਆਪਣੀ ਕਾਰਗੁਜ਼ਾਰੀ ਬਾਰੇ ਚਰਚਾ ਕਰਨੀ ਜ਼ਿਆਦਾ ਜਰੂਰੀ ਹੈ। ਭਾਵੇਂ ਪ੍ਰਾਂਤ ਅੰਦਰ ਅਕਾਲੀ ਦਲ-ਭਾਜਪਾ ਸਰਕਾਰ, ਜੋ ਅੱਤ ਦੀ ਲੋਕ ਵਿਰੋਧੀ, ਭਰਿਸ਼ਟ ਅਤੇ ਫਿਰਕਾਪ੍ਰਸਤ ਸੀ, ਦਾ ਭੋਗ ਪੈਣਾ ਪ੍ਰਾਂਤ ਦੀ ਰਾਜਨੀਤੀ ਅੰਦਰ ਸ਼ੁਭ ਸ਼ਗਨ ਹੈ, ਪ੍ਰੰਤੂ ਕਾਂਗਰਸ ਦਾ ਸੱਤਾ ਉਪਰ ਕਾਬਜ਼ ਹੋਣਾ ਪੰਜਾਬੀ ਲੋਕਾਂ ਲਈ ਕਦੀ ਨਾ ਪਹਿਲਾ ਲਾਹੇਵੰਦ ਰਿਹਾ ਹੈ ਤੇ ਨਾ ਹੀ ਭਵਿੱਖ ਵਿੱਚ ਇਸਦੇ ਲੋਕ ਪੱਖੀ ਹੋਣ ਦੀ ਕੋਈ ਸੰਭਾਵਨਾ ਦਿਸਦੀ ਹੈ। ਕਾਂਗਰਸ ਸਰਕਾਰ ਦੇ ਇਨ੍ਹਾਂ ਸੰਭਾਵਿਤ ਲੋਕ ਦੋਖੀ ਅਮਲਾਂ ਦਾ ਟਾਕਰਾ ਕਰਨ ਲਈ ਪੰਜਾਬ ਅੰਦਰ ਇਕ ਮਜ਼ਬੂਤ ਆਧਾਰ ਵਾਲੀ ਸੰਗਠਤ ਖੱਬੇ  ਪੱਖੀ ਲਹਿਰ ਦੀ ਬੇਹੱਦ ਲੋੜ ਹੈ। ਵਿਧਾਨ ਸਭਾ ਚੋਣਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਰਕਾਰ ਦੀਆਂ ਨੀਤੀਆਂ ਤੋਂ ਪੈਦਾ ਹੋਈ ਭਵਿੱਖੀ ਲੋਕ ਬੇਚੈਨੀ ਨੂੰ ਇਕ  ਅਗਾਂਹਵਧੂ ਧਾਰਾ ਵਿਚ ਤਬਦੀਲ ਕਰਨ ਵਾਸਤੇ ਸੂਬੇ ਅੰਦਰ ਖੱਬੀਆਂ ਸ਼ਕਤੀਆਂ ਦਾ ਮਜ਼ਬੂਤ ਅਤੇ ਇਕਜੁੱਟ ਹੋਣਾ ਅਤਿਅੰਤ ਜਰੂਰੀ ਹੈ।
ਬਿਨਾਂ ਸ਼ੱਕ ਇਨ੍ਹਾਂ ਅਸੈਂਬਲੀ ਚੋਣਾਂ ਅੰਦਰ ਪੰਜਾਬ ਦੀਆਂ ਤਿੰਨ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ. ਆਈ. (ਐਮ) ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ) ਨੇ ਇਕ ਸਾਂਝਾ ਮੰਚ ਉਸਾਰ ਕੇ, ਚੋਣਾਂ ਅੰਦਰ ਸ਼ਿਰਕਤ ਕੀਤੀ। ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਨਾਲ ਇਕ ਦੋ ਸੀਟਾਂ ਉਪਰ ਸਮਝੌਤਾ ਨਾ ਹੋਣ ਕਰਕੇ ਭਾਵੇਂ ਇਹ ਪਾਰਟੀ ਖੱਬੇ ਮੋਰਚੇ ਵਿਚ ਸ਼ਾਮਲ ਤਾਂ ਨਹੀਂ ਸੀ ਪ੍ਰੰਤੂ ਜਿਸ ਸੀਟ ਉਪਰ ਆਪਸੀ ਵਿਰੋਧ ਨਹੀਂ ਸੀ, ਉਥੇ ਇਹ ਚਾਰੇ ਖੱਬੇ ਪੱਖੀ ਪਾਰਟੀਆਂ ਨੇ ਇਕ ਦੂਸਰੇ ਦੀ ਹਮਾਇਤ ਕਰਕੇ ਆਪਸੀ ਸਦਭਾਵਨਾ ਜ਼ਰੂਰ ਪੈਦਾ ਕੀਤੀ। ਅਸੈਂਬਲੀ ਚੋਣਾਂ ਵਿਚ ਇਨ੍ਹਾਂ ਚੌਹਾਂ ਖੱਬੀਆਂ ਪਾਰਟੀਆਂ ਨੇ ਕੁੱਲ 92,473 ਵੋਟਾਂ ਹਾਸਲ ਕੀਤੀਆਂ। ਭਾਵੇਂ ਆਰ. ਐਮ. ਪੀ. ਆਈ. ਜਿਸਨੇ 13 ਅਸੈਂਬਲੀ ਸੀਟਾਂ ਲੜੀਆਂ ਸਨ, ਨੂੰ 37,243 ਵੋਟਾਂ ਪ੍ਰਾਪਤ ਹੋਈਆਂ ਅਤੇ ਇਹ ਅਪਣੇ ਸਹਿਯੋਗੀ ਧਿਰਾਂ ਨਾਲੋਂ ਪ੍ਰਤੀ ਸੀਟ ਔਸਤਨ ਵੋਟਾਂ ਦੇ ਪੱਖ ਤੋਂ ਬਹੁਤ ਚੰਗੇਰੀ ਰਹੀ, ਪ੍ਰੰਤੂ ਸਮੁੱਚੇ ਰੂਪ ਵਿਚ ਖੱਬੇ ਪੱਖੀ ਦਲਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਬਿਲਕੁਲ ਹੀ ਨਹੀਂ ਕਹੀ ਜਾ ਸਕਦੀ। ਅਕਾਲੀ ਦਲ-ਭਾਜਪਾ ਸਰਕਾਰ ਵਿੱਰੁਧ ਲੋਕਾਂ ਵਿੱਚ ਏਨੀ ਨਿਰਾਸ਼ਤਾ ਤੇ ਗੁੱਸਾ ਹੋਣ ਦੇ ਬਾਵਜੂਦ ਜੇਕਰ ਖੱਬੇ ਪੱਖੀ ਦਲ ਲੁੱਟੇ ਪੁੱਟੇ ਜਾਂਦੇ ਮਿਹਨਤਕਸ਼ ਲੋਕਾਂ ਦੀ ਇਕ ਮਜ਼ਬੂਤ ਧਿਰ ਨਾ ਬਣਾ ਸਕਣ,  ਤਦ ਇਸ ਅਸਫਲਤਾ ਬਾਰੇ ਡੂੰਘੀ ਆਪਾ ਪੜਚੋਲ ਕਰਨ ਦੀ ਜ਼ਿਆਦਾ ਜ਼ਰੂਰਤ ਬਣ ਜਾਂਦੀ ਹੈ। ਸਫਲਤਾ ਸਮੇਂ ਕੱਛਾਂ ਵਜਾਉਣ ਤੇ ਅਸਫਲਤਾ  ਮਿਲਣ ਉਪਰ ਆਪਣੇ ਕਾਡਰ ਦੇ ਵਧੇਰੇ ਮਾਯੂਸ ਹੋਣ ਦੇ ਡਰੋਂ ਆਪਾ ਪੜਚੋਲ ਤੋਂ ਕਿਨਾਰਾਕਾਸ਼ੀ ਕਰਨ ਵਾਲਾ ਵਤੀਰਾ ਕਮਿਊਨਿਸਟ ਲਹਿਰ ਲਈ ਪਿੱਛਲੇ ਸਮਿਆਂ ਵਿਚ ਬਹੁਤ ਹੀ ਆਤਮਘਾਤੀ ਸਿੱਧ ਹੋਇਆ ਹੈ। ਅਸਲ ਵਿਚ ਜਿੱਤਾਂ ਤੇ ਹਾਰਾਂ, ਭਾਵ ਦੋਨਾਂ ਸਮਿਆਂ 'ਤੇ ਹੀ ਸਮਜਿਕ ਪਰਿਵਰਤਨ ਲਈ ਸਮਰਪਤ ਖੱਬੀਆਂ ਪਾਰਟੀਆਂ ਨੂੰ ਸਵੈ ਮੰਥਨ ਕਰਨ ਦੀ ਜ਼ਰੂਰਤ ਹੁੰਦੀ ਹੈ। ਜਿੱਤ ਸਮੇਂ ਹੋਰ ਅੱਗੇ ਵਧਣ ਦੀ ਯੋਜਨਾਬੰਦੀ ਤੇ ਸੇਧ ਉਲੀਕਣ ਵਾਸਤੇ ਅਤੇ ਹਾਰ ਸਮੇਂ ਆਪਣੀਆਂ ਕਮਜ਼ੋਰੀਆਂ 'ਤੇ ਉਂਗਲ ਧਰ ਕੇ ਉਨ੍ਹਾਂ ਉਪਰ ਕਾਬੂ ਪਾਉਣ ਲਈ।
ਕਮਿਊਨਿਸਟ ਲਹਿਰ ਦੇ ਇਕ ਵੱਡੇ ਭਾਗ ਦੀ ਸੱਭ ਤੋਂ ਵੱਡੀ ਕਮਜ਼ੋਰੀ ਦੁਸ਼ਮਣ ਜਮਾਤਾਂ ਤੇ ਸਰਕਾਰਾਂ ਦੀ ਦਰੁਸਤ ਨਿਸ਼ਾਨਦੇਹੀ ਨਾ ਕਰਨ ਦੀ ਰਹੀ ਹੈ । ਅਜੇ ਤੱਕ ਅਸੀਂ ਆਜ਼ਾਦੀ ਤੋਂ ਬਾਅਦ ਦੀਆਂ ਹੁਕਮਰਾਨ ਜਾਮਤਾਂ ਤੇ ਉਨ੍ਹਾਂ ਦੀ ਨੁੰਮਾਇੰਦਗੀ ਕਰਦੀਆਂ ਰਾਜਨੀਤਕ ਪਾਰਟੀਆਂ ਦੀ ਠੀਕ ਜਮਾਤੀ ਪਹਿਚਾਣ ਨਹੀਂ ਕਰ ਸਕੇ। ਦੇਸ਼ ਦੀਆਂ ਦੋ ਪ੍ਰਮੁੱਖ ਰਾਜਨੀਤਕ ਪਾਰਟੀਆਂ, ਭਾਜਪਾ ਤੇ ਕਾਂਗਰਸ, ਅਤੇ ਦੂਸਰੀਆਂ ਬਸਪਾ, ਰਾਸ਼ਟਰੀ ਜਨਤਾ ਦਲ, ਸਮਾਜਵਾਦੀ ਪਾਰਟੀ, ਅਕਾਲੀ ਪਾਰਟੀ, ਅੰਨਾ ਡੀ.ਐਮ.ਕੇ, ਡੀ. ਐਮ.ਕੇ. ਇਤਿਆਦਿ ਪਾਰਟੀਆਂ, ਜੋਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਪੱਖ ਤੋ ਬਿਲਕੁਲ ਹੀ ਇਕਮਿੱਕ ਹਨ, ਖੱਬੀਆਂ ਧਿਰਾਂ ਇਨ੍ਹਾਂ ਪਾਰਟੀਆਂ ਨੂੰ ਦੁਸ਼ਮਣ ਜਮਾਤਾਂ ਦੇ ਖਾਤੇ ਵਿੱਚ ਰੱਖਕੇ ਇਨ੍ਹਾਂ ਵਿੱਰੁਧ ਇੱਕ ਬੱਝਵੀਂ ਜਨਤਕ ਲਹਿਰ ਖੜੀ ਨਹੀਂ ਕਰ ਸਕੀਆਂ। ਇਹ ਰਾਜਨੀਤਕ ਦਲ ਫਿਰਕਾਪ੍ਰਸਤੀ ਬਾਰੇ ਵੀ ਮੌਕਾਤਾੜੂ ਪਹੁੰਚ ਰੱਖਦੇ ਹਨ ਤੇ ਕਈਆਂ ਦਲਾਂ ਨੇ ਤਾਂ ਭਾਜਪਾ ਨਾਲ ਮਿਲਕੇ ਸਰਕਾਰਾਂ ਵਿਚ ਸਾਂਝੇਦਾਰੀ ਵੀ ਕੀਤੀ ਹੈ।  ਕਿਸੇ ਨਾ ਕਿਸੇ ਬਹਾਨੇ ਝੂਠੇ ਤਰਕਾਂ ਨਾਲ ਖੱਬੇ ਪੱਖੀ ਦਲ ਚੰਦ ਵੋਟਾਂ ਤੇ ਸੀਟਾਂ ਪ੍ਰਾਪਤ ਕਰਨ ਲਈ ਇਕ ਜਾਂ ਦੂਸਰੀ ਹਾਕਮ ਜਮਾਤ ਦੀ ਰਾਜਨੀਤਕ ਪਾਰਟੀ ਨਾਲ ਸਾਝਾਂ ਪਾਉਂਦੇ ਰਹੇ ਹਨ। ਇਸ ਦਾਅਪੇਚ ਨਾਲ ਜੇਕਰ ਚੋਣਾਂ ਅੰਦਰ ਕੋਈ ਸੀਮਤ ਪ੍ਰਾਪਤੀ ਹੋ ਵੀ ਜਾਂਦੀ ਰਹੀ, ਤਦ ਉਹ ਬਹੁਤ ਹੀ ਥੋੜ ਚਿਰੀ ਤੇ ਅੰਤਮ ਨਿਸ਼ਾਨੇ ਦੀ ਪ੍ਰਾਪਤੀ ਦੀ ਧਾਰ ਨੂੰ ਖੁੰਡਾ ਕਰਨ ਵਾਲੀ ਸਿੱਧ ਹੁੰਦੀ ਰਹੀ ਹੈ। ਇਨ੍ਹਾਂ ਗੈਰ ਮਾਰਕਸੀ ਪੈਂਤੜਿਆਂ ਨਾਲ ਖੱਬੀਆਂ ਧਿਰਾਂ ਇਕ ਪਾਸੇ ਆਮ ਲੋਕਾਂ ਅੰਦਰ ਆਪਣੀ ਭਰੋਸੇਯੋਗਤਾ ਪੇਤਲੀ ਕਰਦੀਆਂ ਰਹੀਆਂ ਤੇ ਦੂਸਰੇ ਬੰਨੇ ਆਪਣੇ ਮੈਂਬਰਾਂ ਤੇ ਕਾਰਕੁੰਨਾਂ ਅੰਦਰ ਕਮਿਊਨਿਸਟ ਨੈਤਿਕਤਾ ਦੇ ਅਸੂਲਾਂ ਨੂੰ ਖੋਰਾ ਲਾਉਂਦੀਆਂ ਰਹੀਆਂ ਹਨ। ਇਨ੍ਹਾਂ ਨੁਕਸਾਨਾਂ ਦਾ ਘਾਟਾ ਪੂਰਾ ਕਰਨ ਦੀ ਥਾਂ ਹਰ ਚੋਣ ਬਾਅਦ ਖੱਬੀਆਂ ਪਾਰਟੀਆਂ ਇਨ੍ਹਾਂ ਵਿਚ ਵਾਧਾ ਹੀ ਕਰਦੀਆਂ ਰਹੀਆਂ ਹਨ। ਸਾਂਝੇ ਮੋਰਚੇ ਦੇ ਇਨਕਲਾਬੀ ਦਾਅਪੇਚ ਨੂੰ ਖੋਖਲਾ ਕਰਕੇ ਇਸਨੂੰ ਇਕ ਮੌਕਾਪ੍ਰਸਤ ਚੁਣਾਵੀ ਦਾਅਪੇਚ ਬਣਾ ਦਿੱਤਾ ਗਿਆ। ਮਜ਼ਦੂਰ ਜਮਾਤ ਦੇ ਇਨਕਲਾਬੀ ਸਿਧਾਂਤਾਂ ਦੇ ਨਜ਼ਰੀਏ ਤੋਂ ਸਾਂਝੇ ਮੋਰਚੇ ਦਾ ਦਾਅਪੇਚ ਇਨਕਲਾਬ ਲਈ ਮਿਥੀ  ਯੁੱਧਨੀਤੀ ਨੂੰ ਮਜ਼ਬੂਤ ਕਰਨ ਹਿੱਤ ਹੀ ਘੜਨਾ ਹੁੰਦਾ ਹੈ। ਪ੍ਰੰਤੂ ਆਮ ਤੌਰ 'ਤੇ ਖੱਬੇ ਪੱਖੀ ਦਲ ਇਸਦੇ ਉਲਟ ਹੀ ਕੰਮ ਕਰਦੇ ਰਹੇ। ਸਿੱਟਾ ਖੱਬੇ ਪੱਖੀਆਂ ਦਾ ਜਨ ਅਧਾਰ ਸੁੰਗੜਨ ਵਿਚ ਨਿਕਲਿਆ। ਇਸ ਮੌਕਾਪ੍ਰਸਤ ਰਾਜਨੀਤੀ ਦੇ ਸਿੱਟੇ ਵਜੋਂ ਖੱਬੇ ਪੱਖੀ ਕਾਡਰ ਦਾ ਇਕ ਚੋਖਾ ਹਿੱਸਾ ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਪਾਰਟੀਆਂ ਨਾਲ ਮਿਲ ਕੇ ਆਪਣੀਆਂ ਅਸਲੀ ਜਮਾਤਾਂ ਨੂੰ ਇਕੱਠਾ ਕਰਨ ਦੀ ਥਾਂ ਦੁਸ਼ਮਣਾਂ ਦੇ ਮੋਢਿਆਂ ਉਪਰ ਚੜ੍ਹਕੇ ਮੌਜ ਮਸਤੀ ਕਰਨ ਦਾ ਹੀ  ਆਦੀ ਬਣ ਗਿਆ। ਇਹੀ ਕਾਰਨ ਹੈ ਕਿ ਅਜਿਹਾ ਕਾਡਰ ਚੋਣਾਂ ਦੌਰਾਨ ਬਿਨਾਂ ਪਾਰਟੀ ਦੀ ਇਜ਼ਾਜ਼ਤ ਦੇ ਵੀ ਆਪਣੀ ਪਾਰਟੀ ਜਾਂ ਇਤਿਹਾਦੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿਚ ਕੰਮ ਕਰਨ ਤੇ ਵੋਟ ਪਾਉਣ ਦੀ ਥਾਂ ਕਿਸੇ ਨਾ ਕਿਸੇ ਲਾਲਚ ਅਧੀਨ ਲੁਟੇਰੀਆਂ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਗੱਡੀਆਂ ਉਪਰ ਚੜ੍ਹਕੇ ਹੀ ਖੁਸ਼ੀ ਮਹਿਸੂਸ ਕਰਦਾ ਹੈ। ਇਹ ਅੱਤ ਦੀ ਗਿਰਾਵਟ ਹੈ। ਕਈ ਖੱਬੇ ਪੱਖੀ ਪਾਰਟੀ ਮੈਂਬਰ ਜਾਂ ਨੇੜਲੇ ਹਮਦਰਦ ਆਮ ਤੌਰ 'ਤੇ ਮੂੰਹ ਜ਼ੁਬਾਨੀ ਖੱਬੇ ਪੱਖੀਆਂ ਦੀ ਏਕਤਾ ਦੀ ਚਰਚਾ ਕਰਕੇ ਵਾਹਵਾ ਖੱਟਣ ਦਾ ਪਾਖੰਡ ਕਰਦੇ ਰਹਿੰਦੇ ਹਨ, ਪ੍ਰੰਤੂ ਖੱਬੇ ਪੱਖੀਆਂ ਦੀ ਏਕਤਾ ਹੋਣ ਸਮੇਂ ਉਹ ਢੀਠਤਾਈ ਨਾਲ ਦੁਸ਼ਮਣ ਜਮਾਤਾਂ ਦੀਆਂ ਪਾਰਟੀਆਂ ਦੀ ਝੋਲੀ ਪੈ ਜਾਂਦੇ ਹਨ।
ਇਸ ਸਿਧਾਂਤਕ ਕਮਜ਼ੋਰੀ ਨੂੰ ਦੂਰ ਕੀਤੇ ਬਿਨਾਂ ਨਾ ਤਾਂ ਖੱਬੇ ਪੱਖੀઠਦਲਾਂ ਦੀ ਲੋਕਾਂ ਵਿੱਚ ਖੁੱਸੀ ਹੋਈ ਭੋਰਸੇਯੋਗਤਾ ਮੁੜ ਹਾਸਲ ਕੀਤੀ ਜਾ ਸਕਦੀ ਹੈ ਤੇ ਨਾ ਹੀ ਜਨਤਕ ਲਹਿਰ ਦਾ ਪਸਾਰਾ ਹੋ ਸਕੇਗਾ।
ਚੋਣਾਂ ਅੰਦਰ ਜਨ ਆਧਾਰ ਵਿਚ ਪ੍ਰਗਟ ਹੋਈ ਕਮਜ਼ੋਰੀ ਹਕੀਕੀ ਰੂਪ ਵਿੱਚ ਗੈਰ-ਪਾਰਲੀਮਾਨੀ ਸੰਘਰਸ਼ਾਂ ਨੂੰ ਤੇਜ਼ ਕਰਨ ਤੋਂ ਬਿਨਾਂ ਦੂਰ ਕਰਨ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਨਤਕ ਸ਼ੰਘਰਸ਼ਾਂ ਵਿੱਚ ਸਬੰਧਤ ਜਮਾਤ ਦੇ ਵੱਡੇ ਹਿੱਸੇ ਦੀ ਸ਼ਮੂਲੀਅਤ ਕਰਾਉਣ ਲਈ ਯੋਜਨਾਬੰਦੀ ਕਰਨ ਦੀ ਥਾਂ ਕੁੱਝ ਆਗੂਆਂ ਵਲੋਂ ਸਿਰਫ ਗਿਣਤੀ ਮਿਣਤੀ ਦੇ ਕੁੱਝ ਲੋਕਾਂ ਨਾਲ ਅਖਬਾਰਾਂ ਅੰਦਰ ਫੋਟੋ ਤੇ ਖ਼ਬਰ ਛਪਵਾ ਕੇ ਹੀ ਸਵੈ-ਪ੍ਰਸਿੱਧੀ ਦਾ ਮਾਰੂ ਰਾਹ  ਅਖਤਿਆਰ ਕਰ ਲਿਆ ਗਿਆ ਹੈ। ਇਹ ਆਪਣੇ ਆਪ ਨੂੰ ਧੋਖਾ ਦੇਣ ਦੇ ਤੁਲ ਹੈ। ਇਸ ਢੰਗ ਨਾਲ ਕਦੀ ਵੀ ਜਨਤਕ ਲਹਿਰ ਨਹੀਂ ਉਸਾਰੀ ਜਾ ਸਕਦੀ ਤੇ ਨਾ ਹੀ ਜਨਤਕ ਜਥੇਬੰਦੀਆਂ ਦੀ ਜਮਹੂਰੀ ਲੀਹਾਂ ਉਪਰ ਕਾਰਜਵਿਧੀ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਮੁੱਠੀ ਭਰ ਲੋਕਾਂ ਦੇ ਡੰਗ ਟਪਾਊ ਸੰਘਰਸ਼ ਜਥੇਬੰਦ ਕਰਨ ਨਾਲ ਵੱਡੀਆਂ ਜਨਤਕ ਲਹਿਰਾਂ ਨਹੀਂ ਉਸਾਰੀਆਂ ਜਾ ਸਕਦੀਆਂ ਅਤੇ ਨਾ ਹੀ ਕਿਰਤੀ ਲੋਕਾਂ ਦੀ ਹਕੀਕੀ ਸੇਵਾ ਤੇ ਉਨ੍ਹਾਂ ਦੀ ਲੁੱਟ ਖਸੁੱਟ ਵਾਲੇ ਸਮਾਜ ਤੋਂ ਬੰਦ ਖਲਾਸੀ ਕਰਾਉਣ ਦਾ ਦਾਅਵਾ ਕੀਤਾ ਜਾ ਸਕਦਾ ਹੈ। ਸਮੁੱਚੀਆਂ ਕਮਿਊਨਿਸਟ ਧਿਰਾਂ ਨੂੰ ਆਪਣੇ ਕੰਮ ਕਰਨ ਦੇ ਢੰਗਾਂ ਨੂੰ ਸੁਧਾਰਨ ਦੇ ਨਾਲ ਨਾਲ ਕਮਿਊਨਿਸਟ ਤੇ ਗੈਰ ਕਮਿਊਨਿਸਟ ਅਮਲਾਂ ਵਿਚਕਾਰ ਨਿਖੇੜਾ ਕਰਕੇ ਹਕੀਕੀ ਰੂਪ ਵਿਚ ਲੁੱਟੇ ਪੁੱਟੇ ਜਾਂਦੇ ਕਿਰਤੀ ਲੋਕਾਂ ਦੇ ਜਮਾਤੀ ਸੰਘਰਸ਼ਾਂ ਦੀ ਸੇਧ ਵਿਚ ਹੀ ਆਪਣੀਆਂ ਕਾਰਵਾਈਆਂ ਨੂੰ ਜਥੇਬੰਦ ਕਰਨਾ ਹੋਵੇਗਾ।
ਆਰਥਿਕ ਘੋਲਾਂ ਦੇ ਨਾਲ ਨਾਲ ਰਾਜਨੀਤਕ ਤੇ ਵਿਚਾਰਧਾਰਕ ਸੰਘਰਸ਼ਾਂ ਰਾਹੀਂ ਕਮਿਊਨਿਸਟ ਚੇਤਨਤਾ ਨੂੰ ਵਧਾਉਣ ਦੀ ਲੋੜ ਪ੍ਰਤੀ ਘੋਰ ਲਾਪਰਵਾਹੀ ਦੀ ਕਮਜ਼ੋਰੀ ਨੂੰ ਵੀ ਗੰਭੀਰਤਾ ਨਾਲ ਵਿਚਾਰ ਕੇ ਦੂਰ ਕਰਨ ਦੀ ਜ਼ਰੂਰਤ ਹੈ। ਅਸੀਂ ਲੋਕਾਂ ਦੇ ਮਨਾਂ ਅੰਦਰ ਟਰੇਡ ਯੂਨੀਅਨ ਤੇ ਜਨਤਕ ਜਥੇਬੰਦੀਆਂ ਦੇ ਪੱਧਰ ਦੀ ਚੇਤਨਤਾ ਪੈਦਾ ਕਰਕੇ ਹੀ ਤਸੱਲੀ ਕਰਕੇ ਬੈਠ ਜਾਂਦੇ ਹਾਂ। ਜਦਕਿ ਲੋੜ ਜਮਾਤੀ ਚੇਤਨਾ ਨੂੰ ਉਚਿਆਉਣ ਦੀ ਹੈ। ਇਹ ਕੰਮ ਵੀ ਜਨਤਕ ਜਥੇਬੰਦੀਆਂ ਉਪਰ ਕੰਮ ਕਰਨ ਵਾਲੇ ਆਗੂਆਂ ਤੇ ਕਾਰਕੁੰਨਾਂ 'ਤੇ ਹੀ ਨਹੀਂ ਛੱਡਿਆ ਜਾਣਾ ਚਾਹੀਦਾ, ਸਗੋਂ ਪਾਰਟੀ ਕਮੇਟੀਆਂ ਨੂੰ ਆਪਣੇ ਜ਼ਿੰਮੇ ਲੈਣਾ ਚਾਹੀਦਾ ਹੈ। ਜਮਾਤੀ ਸੂਝ ਦੀ ਘਾਟ ਕਾਰਨ ਕਈ ਕਮਿਊਨਿਸਟ ਆਗੂ ਤੇ ਕਾਰਕੁੰਨ ਨਿਰਾਸ਼ ਹੋ ਕੇ ਘਰੀਂ ਬੈਠ ਜਾਂਦੇ ਹਨ। ਹੋਰ ਅਨੇਕਾਂ ਦੂਸਰੀਆਂ ਰਾਜਨੀਤਕ ਪਾਰਟੀਆਂ ਦੀ ਬੁੱਕਲ ਵਿਚ ਬੈਠ ਕੇ ਭਰਿਸ਼ਟ ਕਾਰਵਾਈਆਂ ਵਿਚ ਫਸ ਜਾਂਦੇ ਹਨ। ਸਮਾਜਵਾਦ ਦੀ ਪ੍ਰਾਪਤੀ ਲਈ ਕੁਰਬਾਨੀ ਭਰੇ ਲੰਬੇ, ਕਠਿਨ ਤੇ ਦਲੇਰਾਨਾ ਘੋਲ ਤੋਂ ਘਬਰਾ ਕੇ ਵਿਚਾਰਧਾਰਕ ਤੇ ਰਾਜਨੀਤਕ ਚੇਤਨਤਾ ਪੱਖੋਂ ਸੱਖਣੇ ਲੋਕ ਕਈ ਵਾਰ ਇਨਕਲਾਬੀ ਮਾਰਗ ਤੋਂ ਭਟਕ ਜਾਂਦੇ ਹਨ। ਸੰਭਵ ਹੈ ਕਿ ਜਨਤਕ ਲਹਿਰ ਦੇ ਚੜ੍ਹਾਅ ਤੋਂ ਪ੍ਰਭਾਵਤ ਹੋ ਕੇ ਉਹ ਮੁੜ ਇਸ ਪਾਸੇ ਪਰਤ ਆਉਣ। ਭਾਜਪਾ ਤੇ ਕਾਂਗਰਸ ਦੇ ਵਿਰੋਧ ਵਿਚ ਇਕ ਸਾਮਰਾਜ ਵਿਰੋਧੀ ਧਰਮ ਨਿਰਪੱਖ ਕੌਮਵਾਦ ਦਾ ਥੜਾ ਅਤੇ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਵਿਰੋਧ ਵਿਚ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੇ ਏਕੇ ਤੇ ਸੰਘਰਸ਼ ਰਾਹੀਂ ਉਸਾਰਿਆ ਹਕੀਕੀ ਲੋਕ ਪੱਖੀ ਮੁਤਬਾਦਲ ਹੀ ਜਨ ਸਮੂਹਾਂ ਦੀ ਹੋਣੀ ਤੈਅ ਕਰ ਸਕਦਾ ਹੈ। ਜਾਤਾਂ ਪਾਤਾਂ, ਫਿਰਕਿਆਂ ਤੇ ਪਿਛਾਖੜੀ ਵਿਚਾਰਾਂ ਦੇ ਸੰਕੀਰਨ ਚੌਖਟੇ ਵਿਚੋਂ ਬਾਹਰ ਆ ਕੇ ਅਤੇ ਗੈਰ ਪਾਰਲੀਮਾਨੀ ਸੰਘਰਸ਼ਾਂ ਦੇ ਰਾਹੇ ਪੈ ਕੇ ਹੀ ਦੇਸ਼ ਅੰਦਰ ਭਾਜਪਾ-ਆਰ.ਐਸ.ਐਸ. ਦੇ ਖਤਰਨਾਕ ਫਿਰਕੂ ਗਠਜੋੜ ਤੇ ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਦੀਆਂ ਮੁੱਦਈ ਧਿਰਾਂ ਨੂੰ ਹਾਰ ਦਿੱਤੀ ਜਾ ਸਕਦੀ ਹੈ।
ਉਪਰੋਕਤ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਬਣਨ ਵਾਸਤੇ ਇਨ੍ਹਾਂ ਅਸੈਂਬਲੀ ਚੋਣਾਂ ਵਿਚ ਖੱਬੇ ਪੱਖੀ ਦਲਾਂ ਦੀ ਕਾਰਗੁਜ਼ਾਰੀ ਦੇ ਮੱਦੇ ਨਜ਼ਰ, ਖੱਬੇ ਪੱਖੀਆਂ ਦੀ ਜੋ ਏਕਤਾ ਉਸਰੀ ਹੈ, ਉਸਨੂੰ ਹੋਰ ਪੀਡਾ ਤੇ ਮਜ਼ਬੂਤ ਕਰਨਾ ਹੋਵੇਗਾ ਅਤੇ ਜਿਹੜੀਆਂ ਕਮਜ਼ੋਰੀਆਂ ਨਜ਼ਰ ਆਈਆਂ ਹਨ, ਉਨ੍ਹਾਂ ਉਪਰ ਆਬੂਰ ਹਾਸਲ ਕਰਨਾ ਹੋਵੇਗਾ। ਪੜਚੋਲ ਤੇ ਆਪਾ ਪੜਚੋਲ, ਜੋ ਕਮਿਊਨਿਸਸਟ ਸਿਧਾਂਤ ਦਾ ਅਨਿੱਖੜਵਾਂ ਅੰਗ ਹੈ, ਦੀ ਵਰਤੋਂ ਰਾਹੀਂ ਪ੍ਰਾਂਤ ਅੰਦਰ ਕਮਿਊਨਿਸਟ ਲਹਿਰ ਨਵੀਆਂ ਬੁਲੰਦੀਆਂ ਛੂਹ ਸਕਦੀ ਹੈ।
ਧੰਨਵਾਦ ਸਹਿਤ : ਰੋਜ਼ਾਨਾਂ ਨਵਾਂ ਜ਼ਮਾਨਾ, ਜਲੰਧਰ

Friday, 24 February 2017

ਦਿੱਲੀ 'ਚ ਏ ਬੀ ਵੀ ਪੀ ਦੀ ਗੁੰਡਾਗਰਦੀ : ਵਿਚਾਰਾਂ ਦੀ ਆਜ਼ਾਦੀ 'ਤੇ ਘਿਨੌਣਾ ਹਮਲਾ

ਜਲੰਧਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਘ ਪਰਵਾਰ ਦੇ ਵਿਦਿਆਰਥੀ ਜਥੇਬੰਦੀ ਏ ਬੀ ਵੀ ਪੀ ਦੇ ਗੁੰਡਿਆਂ ਵੱਲੋਂ ਪਿਛਲੇ ਦਿਨੀਂ ਰਾਮਜਸ ਕਾਲਜ ਦਿੱਲੀ ਵਿੱਚ ਕੀਤੀ ਗਈ ਬੁਰਛਾਗਰਦੀ ਉਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਲਜ ਵੱਲੋਂ ਕਰਵਾਏ ਜਾ ਰਹੇ ਇੱਕ ਸੈਮੀਨਾਰ ਵਿੱਚ ਜੇ ਐਨ ਯੂ ਦੇ ਉੱਘੇ ਵਿਦਿਆਰਥੀ ਆਗੂ ਉਮਰ ਖਾਲਦ ਦੇ ਭਾਸ਼ਣ ਨੂੰ ਰੋਕਣ ਲਈ ਕੀਤੀ ਗਈ ਇਸ ਗੁੰਡਾਗਰਦੀ ਦੀ ਵਿਆਪਕ ਰੂਪ ਵਿੱਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਇਹ ਭਾਰਤੀ ਸੰਵਿਧਾਨ 'ਚ ਦਰਜ ਵਿਚਾਰਾਂ ਦੀ ਆਜ਼ਾਦੀ ਉਪਰ ਇੱਕ ਘਿਨੌਣਾ ਹਮਲਾ ਹੈ। ਸਾਥੀ ਪਾਸਲਾ ਨੇ ਕਿਹਾ ਕਿ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਇਹ ਹੈ ਕਿ ਮੌਕੇ 'ਤੇ ਹਾਜ਼ਰ ਵੱਡੀ ਗਿਣਤੀ ਵਿੱਚ ਪੁਲਸ ਨੇ ਏ ਬੀ ਵੀ ਪੀ ਵੱਲੋਂ ਕੀਤੀ ਜਾ ਰਹੀ ਧੱਕੜਸ਼ਾਹੀ ਨੂੰ ਰੋਕਣ ਦੀ ਬਜਾਏ ਕਾਲਜ ਦੇ ਪ੍ਰਿੰਸੀਪਲ ਤੇ ਸਟਾਫ਼ ਨੂੰ ਹੀ ਬੁਰਾ ਭਲਾ ਕਿਹਾ ਅਤੇ ਸੈਮੀਨਾਰ ਨੂੰ ਅੱਧ ਵਿਚਾਲੇ ਹੀ ਬੰਦ ਕਰਵਾ ਦਿੱਤਾ। ਇਥੋਂ ਤੱਕ ਕਿ ਪੁਲਸ ਅਧਿਕਾਰੀਆਂ ਨੇ ਏ ਬੀ ਵੀ ਪੀ ਦੀ ਹੁਲੜਬਾਜ਼ੀ ਬਾਰੇ ਰਿਪੋਰਟ ਦਰਜ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਸਾਥੀ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਹੱਥਠੋਕਿਆਂ ਦੀ ਅਜਿਹੀ ਅਸਹਿਣਸ਼ੀਲਤਾ ਦੇਸ਼ ਦੇ ਜਮਹੂਰੀ ਤੇ ਧਰਮ ਨਿਰਪੱਖ ਤਾਣੇ-ਬਾਣੇ ਲਈ ਇੱਕ ਗੰਭੀਰ ਚੁਣੌਤੀ ਹੈ, ਜਿਸ ਦਾ ਟਾਕਰਾ ਸਮੁੱਚੀਆਂ ਦੇਸ਼ ਭਗਤ ਤੇ ਜਮਹੂਰੀ ਸ਼ਕਤੀਆਂ ਨੂੰ ਮਿਲ ਕੇ  ਕਰਨਾ ਹੋਵੇਗਾ। ਸਾਥੀ ਪਾਸਲਾ ਨੇ ਐਲਾਨ ਕੀਤਾ ਕਿ ਆਰ ਐਮ ਪੀ ਆਈ  ਅਜਿਹੇ ਸੰਘਰਸ਼ ਵਿੱਚ ਆਪਣੀ ਸਮਰੱਥਾ ਨਾਲੋਂ ਵੀ ਵੱਧ ਯੋਗਦਾਨ ਪਾਉਣ ਦਾ ਯਤਨ ਕਰੇਗੀ।

Friday, 17 February 2017

23 ਮਾਰਚ ਨੂੰ ''ਸਾਮਰਾਜ ਵਿਰੋਧੀ-ਨਸਲ ਵਿਰੋਧੀ-ਫਿਰਕਾਪ੍ਰਸਤੀ ਵਿਰੋਧੀ'' ਦਿਵਸ ਦੇਸ਼ ਭਰ 'ਚ ਮਨਾਉਣ ਦਾ ਸੱਦਾ

21 ਫਰਵਰੀ ਸੰਸਾਰ ਮਾਤਾ ਭਾਸ਼ਾ ਦਿਵਸ ਅਤੇ 8 ਮਾਰਚ ਕੌਮਾਂਤਰੀ ਇਸਤਰੀ ਦਿਵਸ ਨੂੰ ''ਨਾਰੀ ਅਧਿਕਾਰ ਦਿਵਸ'' ਵਜੋਂ ਮਨਾਉਣ ਦਾ ਐਲਾਨ 
ਜਲੰਧਰ,  17 ਫਰਵਰੀ 2017 - ''ਲੁੱਟ ਅਧਾਰਤ ਪੂੰਜੀਵਾਦੀ ਰਾਜ ਪ੍ਰਬੰਧ ਵਲੋਂ ਸੰਸਾਰ ਭਰ ਦੇ ਕਿਰਤੀਆਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਘੋਰ ਅਸਫਲਤਾ ਤੋਂ ਧਿਆਨ ਲਾਂਭੇ ਕਰਨ ਦੇ ਕੋਝੇ ਮਕਸਦ ਅਧੀਨ ਡੋਨਾਲਡ ਟਰੰਪ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਹੁਕਮਰਾਨ ਲੋਟੂ ਜਮਾਤਾਂ ਦੇ ਸਾਰੇ ਪ੍ਰਤੀਨਿਧੀ ਨਸਲੀ, ਫਿਰਕੂ, ਇਲਾਕਾਈ ਤੇ ਹੋਰ ਫੁੱਟਪਾਊ ਮੁੱਦੇ ਉਭਾਰ ਰਹੇ ਹਨ।'' ਇਹ ਸ਼ਬਦ ਅੱਜ ਇੱਥੇ ਸਾਥੀ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਦੋ ਦਿਨਾਂ ਸੂਬਾ ਸਕੱਤਰੇਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੇ। ਉਨ੍ਹਾਂ ਕਿਹਾ ਕਿ ਪੂੰਜੀਵਾਦੀ  ਰਾਜ ਪ੍ਰਬੰਧ ਦੀ ਅੰਨ੍ਹੀ ਲੁੱਟ 'ਚੋਂ ਨਿਕਲੇ ਆਰਥਿਕ ਮੰਦਵਾੜੇ ਨਾਲ ਨਜਿੱਠਣ ਲਈ ਸੰਸਾਰ ਭਰ ਦੇ ਕਿਰਤੀ ਕਿਸਾਨਾਂ ਤੇ ਹੋਰ ਮਿਹਨਤੀ ਵਰਗਾਂ ਦੀ ਹੋਰ ਵੀ ਬੇਰਹਿਮ ਲੁੱਟ ਦੇ ਉਦੇਸ਼ ਲਈ ਬਣਾਈਆਂ ਗਈਆਂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਦੇ ਬੇਰੋਕ ਟੋਕ ਲਾਗੂ ਕੀਤੇ ਜਾਣ ਲਈ ਲੋਕਾਂ ਦਾ ਬੇਲੋੜੇ ਫੁੱਟਪਾਊ ਏਜੰਡੇ 'ਤੇ ਵੰਡੇ ਜਾਣਾ ਸੰਸਾਰ ਦੇ ਸਾਰੇ ਦੇਸ਼ਾਂ ਦੀਆਂ ਹਾਕਮ ਜਮਾਤਾਂ ਦੀ ਲੋੜ ਹੈ, ਇਸ ਲਈ ਟਰੰਪ-ਮੋਦੀ 'ਤੇ ਅਜਿਹੇ ਹੋਰਨਾਂ ਸੱਜ ਪਿਛਾਖੜੀਆਂ ਦੀ ਫਿਰਕੂ, ਨਸਲੀ ਖੂਨੀ ਖੇਡ ਕੋਈ ਅਚਾਨਕ ਵਾਪਰਿਆ ਵਰਤਾਰਾ ਨਹੀਂ ਬਲਕਿ ਵਿਊਂਤਬੱਧ ਸਾਜਿਸ਼ ਹੈ। ਸਾਥੀ ਪਾਸਲਾ ਨੇ ਕਿਹਾ ਕਿ ਨਾ ਕੇਵਲ ਯੂ.ਪੀ., ਪੰਜਾਬ ਅਤੇ ਹੋਰ ਰਾਜਾਂ ਦੀਆਂ ਚੋਣਾਂ ਸਮੇਂ ਬਲਕਿ ਹਰ ਹੀਲੇ ਸੰਘੀ ਸੰਗਠਨਾਂ, ਭਾਜਪਾ ਅਤੇ ਇਸ ਦੇ ਜੋਟੀਦਾਰਾਂ ਵਲੋਂ ਵਾਰ ਵਾਰ ਉਭਾਰੇ ਜਾਂਦੇ ਫਿਰਕੂ ਫੁੱਟਪਾਊ ਮੁੱਦਿਆਂ ਨੂੰ ਇਸ ਨਜ਼ਰੀਏ ਤੋਂ ਘੋਖੇ ਜਾਣ ਦੀ ਜ਼ਰੂਰਤ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਉਦਾਰੀਕਰਨ, ਸੰਸਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਮਚਾਈ ਜਾ ਰਹੀ ਅਤੇ ਦਿਨੋਂ ਦਿਨ ਤਿੱਖੀ ਹੁੰਦੀ ਜਾ ਰਹੀ ਜਿਸ ਲੁੱਟ ਤੋਂ ਧਿਆਨ ਲਾਂਭੇ ਕਰਨ ਲਈ ਫਿਰਕੂ ਫੁਟਪਾਊ ਖੂਨੀ ਖੇਡ ਖੇਡੀ ਜਾ ਰਹੀ ਹੈ, ਉਸ ਅਮਾਨਵੀ ਲੁੱਟ ਵਿਰੁੱਧ ਵਿਸ਼ਾਲ ਸਾਂਝੇ ਸੰਗਰਾਮ ਤਿੱਖੇ ਤੋਂ ਤਿਖੇਰੇ ਕਰਨੇ ਅੱਜ ਕਿਰਤੀ ਜਮਾਤਾਂ ਸਾਹਮਣੇ ਮੁੱਢਲਾ ਕਾਰਜ ਹੈ। ਸਾਥੀ ਪਾਸਲਾ ਨੇ ਕਿਹਾ ਕਿ ਉਕਤ ਉਦੇਸ਼ ਦੀ ਪੂਰਤੀ ਲਈ ਆਰ.ਐਮ.ਪੀ.ਆਈ. ਵਲੋਂ ਸੰਸਾਰ ਪ੍ਰਸਿੱਧ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ''ਸਾਮਰਾਜ ਵਿਰੋਧੀ-ਨਸਲ ਵਿਰੋਧੀ-ਫਿਰਕਾਪ੍ਰਸਤੀ ਵਿਰੋਧੀ'' ਦਿਵਸ ਵਜੋਂ ਦੇਸ਼ ਭਰ ਵਿਚ ਮਨਾਇਆ ਜਾਵੇਗਾ। ''ਸੂਬਾ ਸਕੱਤਰੇਤ ਨੇ ਇਸ ਦਿਸ਼ਾ ਵਿਚ ਸਮੂਹ ਪਾਰਟੀ ਇਕਾਈਆਂ, ਜਨਸੰਗਠਨਾਂ ਤੇ ਹਮਦਰਦਾਂ ਨੂੰ ਇਹ ਦਿਹਾੜਾ ਹਰ ਪੱਧਰ 'ਤੇ ਵਿਸ਼ਾਲ ਲੋਕ ਭਾਗੀਦਾਰੀ ਯਕੀਨੀ ਬਨਾਉਂਦਿਆਂ ਇਨਕਲਾਬੀ ਜੋਸ਼ ਨਾਲ ਮਨਾਉਣ ਹਿੱਤ ਹੁਣ ਤੋਂ ਹੀ ਤਿਆਰੀਆਂ 'ਚ ਜੁਟ ਜਾਣ ਦਾ ਸੱਦਾ ਦਿੱਤਾ।''
ਸੂਬਾ ਸਕੱਤਰੇਤ ਵਲੋਂ ਲੰਘੀਆਂ ਵਿਧਾਨ ਸਭਾ ਚੋਣਾਂ 'ਚ ਸੀਮਤ ਵਸੀਲਿਆਂ ਦੇ ਬਾਵਜੂਦ ਖੱਬੇ ਮੋਰਚੇ ਦੇ ਉਮੀਦਵਾਰਾਂ ਨੂੰ ਪੰਜਾਬ ਦੀ ਹਕੀਕੀ ਬਿਹਤਰੀ ਚਾਹੁੰਦੇ ਲੋਕਾਂ ਵਲੋਂ ਦਿੱਤੇ ਗਏ ਭਰਪੂਰ ਸਰਵਪੱਖੀ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਪਾਰਟੀ ਅਤੇ ਖੱਬੀਆਂ ਪਾਰਟੀਆਂ ਵਲੋਂ ਲੋਕ ਆਸਾਂ ਦੀ ਪੂਰਤੀ ਲਈ ਖੱਬੀ ਏਕਤਾ ਅਤੇ ਜਨ ਸੰਗਰਾਮਾਂ ਨੂੰ ਹੋਰ ਮਜ਼ਬੂਤ 'ਤੇ ਤੇਜ਼ ਕਰਨ ਲਈ ਪੂਰਾ ਤਾਣ ਲਾਇਆ ਜਾਵੇਗਾ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 8 ਮਾਰਚ ਕੌਮਾਂਤਰੀ ਇਸਤਰੀ ਦਿਵਸ ਨੂੰ ''ਨਾਰੀ ਅਧਿਕਾਰ ਦਿਵਸ'' ਵਜੋਂ ਮਨਾਇਆ ਜਾਵੇਗਾ ਅਤੇ ਇਸ ਦਿਨ ਜਨਵਾਦੀ ਇਸਤਰੀ ਸਭਾ ਤੇ ਹੋਰ ਨਾਰੀ ਸੰਗਠਨਾਂ ਵਲੋਂ ਕੀਤੇ ਜਾਣ ਵਾਲੇ ਲੋਕ ਹਿਤੂ ਸਮਾਗਮਾਂ ਨੂੰ ਪੂਰੀ ਪੂਰੀ ਹਿਮਾਇਤ ਦਿੱਤੀ ਜਾਵੇਗੀ। ਮੀਟਿੰਗ ਵਲੋਂ ''21 ਫਰਵਰੀ ਸੰਸਾਰ ਮਾਤਾ ਭਾਸ਼ਾ ਦਿਵਸ'' ਸਮੇਂ ਕੇਂਦਰੀ ਪੰਜਾਬ ਲੇਖਕ ਸਭਾ ਅਤੇ ਹੋਰ ਪੰਜਾਬੀ ਭਾਸ਼ਾ ਪ੍ਰੇਮੀਆਂ ਵਲੋਂ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਐਕਸ਼ਨ ਨੂੰ ਵੀ ਹਰ ਪੱਖੋਂ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਸੂਝ ਤੋਂ ਕੋਰੇ ਨੋਟਬੰਦੀ ਦੇ ਫੈਸਲੇ ਅਤੇ ਸਾਮਰਾਜ ਪੱਖੀ ਨੀਤੀਆਂ ਕਰਕੇ ਮੁੱਖ ਫਸਲਾਂ ਖਾਸ ਕਰ ਆਲੂ, ਟਮਾਟਰ, ਪਿਆਜ਼ ਆਦਿ ਦੀ ਹੋ ਰਹੀ ਬੇਕਦਰੀ ਨਾਲ ਕਿਸਾਨਾਂ ਦੇ ਹੋਏ ਅਰਬਾਂ ਖਰਬਾਂ ਦੇ ਨੁਕਸਾਨ ਵਿਰੁੱਧ ਐਕਸ਼ਨ ਲਾਮਬੰਦ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਵਿਧਾਨ ਸਭਾ ਚੋਣ ਮੁਹਿੰਮ ਦਰਮਿਆਨ ਮੌੜ ਮੰਡੀ (ਬਠਿੰਡਾ) ਵਿਖੇ ਬੰਬ ਧਮਾਕੇ ਨਾਲ ਮਾਰੇ ਗਏ ਅੱਧੀ ਦਰਜਨ ਤੋਂ ਵਧੇਰੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਮੀਟਿੰਗ ਵਲੋਂ ਕਿਹਾ ਗਿਆ ਕਿ ਪੰਜਾਬ 'ਚ ਅੱਤਵਾਦ ਦੇ ਕਾਲੇ ਦਿਨ ਫਿਰ ਤੋਂ ਪਰਤਾਉਣ ਦੀ ਮਾਨਵਦੋਖੀ ਮੰਸ਼ਾ ਅਧੀਨ ਕੀਤੇ ਗਏ ਉਕਤ ਬੰਬ ਧਮਾਕੇ ਪਿੱਛੇ ਲੁਕੀ ਸਾਜਿਸ਼ ਨੂੰ ਪੰਜਾਬ ਦੇ ਲੋਕ ਹਰ ਹਾਲਤ ਫੇਲ੍ਹ ਕਰਨਗੇ।
ਮੀਟਿੰਗ ਦੇ ਸ਼ੁਰੂ ਵਿਚ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਉਘੇ ਕਿਸਾਨ ਘੁਲਾਟੀਏ ਸਾਥੀ ਗੁਰਨਾਮ ਸਿੰਘ ਸੰਘੇੜਾ ਨੂੰ ਦੋ ਮਿੰਟ ਮੌਨ ਖੜੋ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
(ਮੰਗਤ ਰਾਮ ਪਾਸਲਾ)

Tuesday, 24 January 2017

ਸਾਥੀ ਗੁਰਨਾਮ ਸਿੰਘ ਸੰਘੇੜਾ ਦਾ ਦੇਹਾਂਤ, ਅੰਤਿਮ ਸਸਕਾਰ 26 ਜਨਵਰੀ ਨੂੰ

Com Gurnam Singh Sanghera, District Secretary RMPI, Jalandhar




ਜਲੰਧਰ,  24 ਜਨਵਰੀ - ਉਘੇ ਕਮਿਊਨਿਸਟ ਆਗੂ ਸਾਥੀ ਗੁਰਨਾਮ ਸਿੰਘ ਸੰਘੇੜਾ ਨਹੀਂ ਰਹੇ। ਉਹ ਪਿਛਲੇ 6 ਮਹੀਨਿਆਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ ਤੇ ਅੱਜ ਮੰਗਲਵਾਰ ਤੜਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸਾਥੀ ਗੁਰਨਾਮ ਸਿੰਘ ਸੰਘੇੜਾ ਭਾਰਤੀ ਇਨਕਲਾਬੀ ਮਾਰਕਸਿਸਟ ਪਾਰਟੀ (ਆਰ.ਐਮ.ਪੀ.ਆਈ.) ਦੇ ਸੂਬਾ ਸਕੱਤਰੇਤ ਮੈਂਬਰ, ਪਾਰਟੀ ਦੀ ਜ਼ਿਲ੍ਹਾ ਜਲੰਧਰ ਕਮੇਟੀ ਦੇ ਸਕੱਤਰ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਮੰਡ-ਬੇਟ ਏਰੀਆ ਆਬਾਦਕਾਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਨ।
ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪੰਜਾਬ ਨਿਰਮਾਣ ਮਜ਼ਦੂਰ ਸਭਾ ਦੇ ਪ੍ਰਧਾਨ ਗੰਗਾ ਪ੍ਰਸ਼ਾਦ ਤੇ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਪ੍ਰਧਾਨ ਦਰਸ਼ਨ ਕੌਰ ਤੇ ਜਨਰਲ ਸਕੱਤਰ ਨੀਲਮ ਘੁਮਾਣ, ਸ਼ਹੀਦ ਭਗਤ ਸਿੰਘ ਸਿੰਘ ਨੌਜਵਾਨ ਸਭਾ ਪੰਜਾਬ ਤੇ ਹਰਿਆਣਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਤੇ ਜਨਰਲ ਸਕੱਤਰ ਮਨਦੀਪ ਸਿੰਘ ਰੱਤੀਆ, ਮੰਡ-ਬੇਟ ਏਰੀਆ ਆਬਾਦਕਾਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਸਾਥੀ ਸੰਘੇੜਾ ਨੂੰ ਇਕ ਮਿਸਾਲੀ ਕਮਿਊਨਿਸਟ ਕਰਾਰ ਦਿੰਦਿਆਂ ਉਨ੍ਹਾਂ ਦੇ ਸਦੀਵੀਂ ਵਿਛੋੜੇ ਨੂੰ ਸਮੁੱਚੀ ਕਮਿਊਨਿਸਟ ਲਹਿਰ ਲਈ ਇਕ ਵੱਡਾ ਘਾਟਾ ਕਰਾਰ ਦਿੱਤਾ ਹੈ ਅਤੇ ਉਪਰੋਕਤ ਆਗੂਆਂ ਨੇ ਪਰਵਾਰ ਨਾਲ ਦਿੱਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਥੀ ਸੰਘੇੜਾ ਦਾ ਸਮੁੱਚਾ ਜੀਵਨ ਦੱਬੇ ਕੁਚਲੇ, ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਲੋਕਾਂ ਦੇ ਹੱਕਾਂ-ਹਿੱਤਾਂ ਲਈ ਸੰਘਰਸ਼ ਦੀ ਇਕ ਗਾਥਾ ਹੈ। ਉਹਨਾਂ ਦੇ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਹੋਰ ਮਿਹਨਤੀ ਲੋਕਾਂ ਲਈ ਕੀਤੇ ਗਏ ਗੌਰਵਮਈ ਸੰਘਰਸ਼ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਆਖਰੀ ਦਮ ਤੱਕ ਉਹਨਾਂ ਦੇ ਵਿਚਾਰਾਂ ’ਤੇ ਚੱਲਣ ਲਈ ਪਹਿਰਾ ਦਿੱਤਾ ਜਾਵੇਗਾ।
ਸਾਥੀ ਕੁਲਵੰਤ ਸਿੰਘ ਸੰਧੂ ਅਨੁਸਾਰ ਸਾਥੀ ਗੁਰਨਾਮ ਸਿੰਘ ਸੰਘੇੜਾ ਦਾ ਅੰਤਮ ਸੰਸਕਾਰ 26 ਜਨਵਰੀ ਨੂੰ 12 ਵਜੇ ਨਕੋਦਰ ਵਿਖੇ ਕੀਤਾ ਜਾਵੇਗਾ।

Monday, 9 January 2017

ਆਰ ਐਮ ਪੀ ਆਈ ਨੂੰ ਘੜਾ ਚੋਣ ਨਿਸ਼ਾਨ ਅਲਾਟ

ਜਲੰਧਰ, 9 ਦਸੰਬਰ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੂੰ ਦੇਸ਼ ਦੇ ਚੋਣ ਕਮਿਸ਼ਨ ਵਲੋਂ ਘੜਾ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਪਾਰਟੀ ਨੂੰ ਮਿਲੇ ਇੱਕ ਪੱਤਰ ਰਾਹੀਂ ਹੋਇਆ ਹੈ। ਪਾਰਟੀ ਵਲੋਂ ਜਾਰੀ ਇੱਕ ਬਿਆਨ ’ਚ ਕਿਹਾ ਕਿ ਪਾਰਟੀ ਦੇ ਕਾਰਕੁੰਨ ਸਰਮਾਏਦਾਰ ਹਾਕਮਾਂ ਨੂੰ ਹਰਾਉਣ ਲਈ ਦਿਨ ਰਾਤ ਇੱਕ ਕਰ ਦੇਣ ਅਤੇ ਨਵਾਂ ਚੋਣ ਨਿਸ਼ਾਨ ਘਰ-ਘਰ ਪੁੱਜਦਾ ਕਰਨ ਲਈ ਵੱਡੇ ਉਦਮ ਕਰਨ।

 

Wednesday, 4 January 2017

ਖੱਬੀਆਂ ਪਾਰਟੀਆਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਖੱਬਾ-ਜਮਹੂਰੀ ਬਦਲ ਪੇਸ਼ : 52 ਸੀਟਾਂ ਦੀ ਪਹਿਲੀ ਸੂਚੀ ਜਾਰੀ

ਪੰਜਾਬ ਦੀਆਂ ਖੱਬੀਆਂ ਪਾਰਟੀਆਂ ਦਾ ਸਾਂਝਾ ਮੋਰਚਾ

ਖੱਬੀਆਂ ਪਾਰਟੀਆਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਖੱਬਾ-ਜਮਹੂਰੀ ਬਦਲ ਪੇਸ਼
52 ਸੀਟਾਂ ਦੀ ਪਹਿਲੀ ਸੂਚੀ ਜਾਰੀ
 
ਜਲੰਧਰ, 4 ਜਨਵਰੀ  - ਪੰਜਾਬ ਦੀਆਂ ਖੱਬੀਆਂ ਪਾਰਟੀਆਂ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਲਈ ਖੱਬੇ-ਜਮਹੂਰੀ ਬਦਲ ਦਾ ਐਲਾਨ ਅੱਜ ਏਥੇ ਸੀ.ਪੀ.ਆਈ. ਦੇ ਸੂਬਾਈ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ, ਸੀ.ਪੀ.ਆਈ.(ਐਮ) ਦੇ ਸੂਬਾਈ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਅਤੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵੱਲੋਂ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਕੀਤਾ ਗਿਆ।
ਇਸ ਦਿਸ਼ਾ ਵਿਚ 52 ਸੀਟਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ, ਜਿਸ ਅਨੁਸਾਰ 25 ਸੀਟਾਂ 'ਤੇ ਸੀ.ਪੀ.ਆਈ. ਵਲੋਂ, 14 ਸੀਟਾਂ 'ਤੇ ਸੀ.ਪੀ.ਆਈ.(ਐਮ) ਵਲੋਂ ਅਤੇ 13 ਸੀਟਾਂ 'ਤੇ ਆਰ.ਐਮ.ਪੀ.ਆਈ. ਵਲੋਂ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾਣਗੇ। ਇਸ ਤੋਂ ਬਿਨਾਂ ਇਸ ਮੋਰਚੇ ਵੱਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਉੱਪ-ਚੋਣ ਵੀ ਲੜੀ ਜਾਵੇਗੀ।
ਕਮਿਊਨਿਸਟ ਆਗੂਆਂ ਨੇ ਐਲਾਨ ਕੀਤਾ ਕਿ ਇਸ ਵਾਰ ਪੰਜਾਬ ਅੰਦਰ, ਰਾਜ ਸੱਤਾ 'ਤੇ ਵਾਰੋ ਵਾਰੀ ਕਾਬਜ਼ ਹੁੰਦੀਆਂ ਰਹੀਆਂ ਸਰਮਾਏਦਾਰ-ਜਾਗੀਰਦਾਰ ਜਮਾਤਾਂ ਦੀਆਂ ਪਾਰਟੀਆਂ ਦੀ ਅਜਾਰੇਦਾਰੀ ਖਤਮ ਕਰਨ ਲਈ ਜ਼ੋਰਦਾਰ ਹੰਭਲਾ ਮਾਰਿਆ ਜਾਵੇਗਾ ਅਤੇ ਇਕ ਲੋਕ ਪੱਖੀ ਖੱਬਾ-ਜਮਹੂਰੀ ਰਾਜਸੀ ਬਦਲ ਉਭਾਰਕੇ ਪੰਜਾਬ ਵਾਸੀਆਂ ਦੇ ਸਰਵਪੱਖੀ ਵਿਕਾਸ ਦਾ ਰਾਹ ਰੁਸ਼ਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜ ਕਾਲ ਦੌਰਾਨ ਮਾਫੀਆ-ਤੰਤਰ ਦੀ ਵਧੀ ਲੁੱਟ-ਖਸੁੱਟ ਨੇ ਅਤੇ ਗੁੰਡਾ-ਗਰੋਹਾਂ ਨੇ ਲੋਕਾਂ ਉੱਪਰ ਮੁਸੀਬਤਾਂ ਦੇ ਪਹਾੜ ਲੱਦ ਦਿੱਤੇ ਹਨ। ਜਦੋਂਕਿ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਕਾਰਨ ਪ੍ਰਾਂਤ ਅੰਦਰ ਬੇਰੁਜ਼ਗਾਰਾਂ ਦੀਆਂ ਕਤਾਰਾਂ ਨਿਰੰਤਰ ਲੰਬੀਆਂ ਹੁੰਦੀਆਂ ਗਈਆਂ ਹਨ, ਮਹਿੰਗਾਈ ਵਧਦੀ ਗਈ ਹੈ, ਸਿੱਖਿਆ ਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਚਲੀਆਂ ਗਈਆਂ ਹਨ, ਨਸ਼ਾਖੋਰੀ ਵਿਚ ਤਿੱਖਾ ਵਾਧਾ ਹੋਇਆ ਹੈ, ਭਰਿਸ਼ਟਾਚਾਰ ਨੇ ਏਥੇ ਸੰਸਥਾਗਤ ਰੂਪ ਧਾਰਨ ਕਰ ਲਿਆ ਹੈ, ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀ ਮੰਦਹਾਲੀ ਉਹਨਾਂ ਨੂੰ ਨਿਰਾਸ਼ਾਵਸ ਖੁਦਕੁਸ਼ੀਆਂ ਕਰਨ ਤੱਕ ਲੈ ਗਈ ਹੈ, ਅਮਨ ਕਾਨੂੰਨ ਦੀ ਹਾਲਤ ਦਿਨੋਂ ਦਿਨ ਬਿਗੜਦੀ ਗਈ ਹੈ ਅਤੇ ਲੁੱਟਾਂ ਖੋਹਾਂ ਤੇ ਔਰਤਾਂ ਉਪਰ ਵਧੇ ਜਿਣਸੀ ਹਮਲਿਆਂ ਦੀਆਂ ਚਿੰਤਾਜਨਕ ਘਟਨਾਵਾਂ ਵਿਚ ਤਿੱਖਾ ਵਾਧਾ ਹੋਇਆ ਹੈ।
ਉਹਨਾਂ ਕਿਹਾ ਕਿ ਭਾਵੇਂ ਇਸ ਵਾਰ ਵੀ ਕਾਰਪੋਰੇਟ ਪੱਖੀ ਪਾਰਟੀਆਂ, ਵਿਸ਼ੇਸ਼ ਤੌਰ ਤੇ ਅਕਾਲੀ-ਭਾਜਪਾ ਫਿਰਕੂ ਗਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ, ਵਲੋਂ ਬੇਹਿਸਾਬੇ ਮਾਇਕ ਵਸੀਲੇ ਜੁਟਾਕੇ ਅਤੇ ਲੋਕਾਂ ਨੂੰ ਭਰਮਾਉਣ ਲਈ ਹਰ ਤਰ੍ਹਾਂ ਦੇ ਅਨੈਤਿਕ ਢੰਗ ਤਰੀਕੇ ਵਰਤਕੇ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਪ੍ਰੰਤੂ ਇਹਨਾਂ ਦੇ ਇਹ ਸਾਰੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਤੇ ਬੇਬੁਨਿਆਦ ਹਨ। ਕਿਉਂਕਿ ਇਹਨਾਂ ਪਾਰਟੀਆਂ ਦੇ ਆਗੂਆਂ ਵਲੋਂ ਇਕ ਦੂਜੀ ਪਾਰਟੀ ਦੇ ਆਗੂਆਂ ਉਪਰ ਕੀਤੀ ਜਾਂਦੀ ਸੱਚੀ-ਝੂਠੀ ਤੁਹਮਤਬਾਜ਼ੀ ਅਖਬਾਰਾਂ ਦੀਆਂ ਸੁਰਖੀਆਂ ਤਾਂ ਬਟੋਰ ਸਕਦੀ ਹੈ ਪਰ ਇਹਨਾਂ ਗੱਲਾਂ ਦਾ ਆਮ ਲੋਕਾਂ ਦੀਆਂ ਉਪਰੋਕਤ ਬੁਨਿਆਦੀ ਸਮੱਸਿਆਵਾਂ ਨਾਲ ਕੋਈ ਸਬੰਧ ਨਹੀਂ ਹੈ। ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਲਈ ਜਿੰਮੇਵਾਰ ਸਾਮਰਾਜ ਨਿਰਦੇਸ਼ਤ ਨੀਤੀਆਂ ਦੀਆਂ ਤਾਂ ਇਹ ਸਾਰੀਆਂ ਪਾਰਟੀਆਂ ਹੀ ਸਮਰੱਥਕ ਹਨ ਅਤੇ ਇਕ ਦੂਜੀ ਨਾਲ ਪੂਰੀ ਤਰ੍ਹਾਂ ਸੁਰਤਾਲ ਮਿਲਾਕੇ ਚਲਦੀਆਂ ਹਨ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਇਸ ਹਾਲਤ ਵਿਚ ਖੱਬਾ ਮੋਰਚਾ ਪੰਜਾਬ ਵਾਸੀਆਂ ਦੇ ਸਨਮੁੱਖ ਇਕ ਬਦਲਵਾਂ ਲੋਕ ਪੱਖੀ ਖੱਬਾ-ਜਮਹੂਰੀ ਨੀਤੀਗਤ ਚੌਖਟਾ ਪੇਸ਼ ਕਰੇਗਾ, ਜਿਸ ਵਾਸਤੇ ਖੱਬੀਆਂ ਪਾਰਟੀਆਂ ਲੰਮੇ ਸਮੇਂ ਤੋਂ ਜੂਝਦੀਆਂ ਆ ਰਹੀਆਂ ਹਨ ਅਤੇ ਪ੍ਰਾਂਤ ਦੇ ਸੰਘਰਸ਼ਸ਼ੀਲ ਲੋਕਾਂ ਨਾਲ ਡੱਟਕੇ ਖੜੀਆਂ ਰਹੀਆਂ ਹਨ।
ਖੱਬੀਆਂ ਪਾਰਟੀਆਂ ਦੇ ਇਹਨਾਂ ਆਗੂਆਂ ਨੇ ਪ੍ਰਾਂਤ ਦੀਆਂ ਹੋਰ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਤੇ ਦੇਸ਼ ਭਗਤ ਸ਼ਕਤੀਆਂ ਨੂੰ ਵੀઠਇਹਨਾਂ ਚੋਣਾਂ ਵਿਚ ਖੱਬੇ ਮੋਰਚੇ ਵਿਚ ਸ਼ਾਮਲ ਹੋਣ ਅਤੇ ਇਸਦਾ ਡਟਵਾਂ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਖੱਬੇ ਮੋਰਚੇ ਦਾ ਚੋਣ ਮਨੋਰਥ ਪੱਤਰ 9 ਜਨਵਰੀ ਨੂੰ ਰਲੀਜ਼ ਕੀਤਾ ਜਾਵੇਗਾ। ਉਸ ਦਿਨ ਉਮੀਦਵਾਰਾਂ ਦੀ ਮੁਕੰਮਲ ਸੂਚੀ ਵੀ ਜਾਰੀ ਕੀਤੀ ਜਾਵੇਗੀ।


(ਹਰਦੇਵ ਸਿੰਘ ਅਰਸ਼ੀ)       (ਚਰਨ ਸਿੰਘ ਵਿਰਦੀ)      (ਮੰਗਤ ਰਾਮ ਪਾਸਲਾ)
ਸਕੱਤਰ                                        ਸਕੱਤਰ                ਜਨਰਲ ਸਕੱਤਰ
ਸੀ.ਪੀ.ਆਈ.                     ਸੀ.ਪੀ.ਆਈ.(ਐਮ)            ਆਰ.ਐਮ.ਪੀ.ਆਈ.
ਪੰਜਾਬ ਰਾਜ ਕੌਂਸਲ            ਪੰਜਾਬ ਰਾਜ ਕਮੇਟੀ   

 
ਖੱਬੇ ਮੋਰਚੇ ਵਲੋਂ ਲੜੀਆਂ ਜਾ ਰਹੀਆਂ ਸੀਟਾਂ ਦੀ ਸੂਚੀ 
1. ਦੀਨਾ ਨਗਰ     ਸੀ.ਪੀ.ਆਈ.
2. ਅੰਮ੍ਰਿਤਸਰ ਪੱਛਮੀ    ਸੀ.ਪੀ.ਆਈ.
3. ਅੰਮ੍ਰਿਤਸਰ ਪੂਰਬੀ    ਸੀ.ਪੀ.ਆਈ.
4. ਅੰਮ੍ਰਿਤਸਰ ਦੱਖਣੀ     ਸੀ.ਪੀ.ਆਈ.
5. ਅਟਾਰੀ    ਸੀ.ਪੀ.ਆਈ.
6. ਖਡੂਰ ਸਾਹਿਬ    ਸੀ.ਪੀ.ਆਈ.
7. ਦਸੂਹਾ    ਸੀ.ਪੀ.ਆਈ.
8. ਬੰਗਾ    ਸੀ.ਪੀ.ਆਈ.
9. ਨਿਹਾਲ ਸਿੰਘ ਵਾਲਾ    ਸੀ.ਪੀ.ਆਈ.
10. ਧਰਮਕੋਟ    ਸੀ.ਪੀ.ਆਈ.
11. ਫਾਜ਼ਿਲਕਾ    ਸੀ.ਪੀ.ਆਈ.
12. ਮਲੋਟ    ਸੀ.ਪੀ.ਆਈ.
13. ਜੈਤੋਂ     ਸੀ.ਪੀ.ਆਈ.
14. ਬਠਿੰਡਾ ਦਿਹਾਤੀ    ਸੀ.ਪੀ.ਆਈ.
15. ਅਮਰਗੜ੍ਹ    ਸੀ.ਪੀ.ਆਈ.
16. ਧੂਰੀ    ਸੀ.ਪੀ.ਆਈ.
17. ਨਾਭਾ     ਸੀ.ਪੀ.ਆਈ.
18. ਪਟਿਆਲਾ ਦਿਹਾਤੀ    ਸੀ.ਪੀ.ਆਈ.
19. ਸ਼ਤੁਰਾਣਾ    ਸੀ.ਪੀ.ਆਈ.
20. ਰੂਪ ਨਗਰ    ਸੀ.ਪੀ.ਆਈ.
21. ਲਹਿਰਾਗਾਗਾ    ਸੀ.ਪੀ.ਆਈ.
22. ਮਹਿਲਕਲਾਂ    ਸੀ.ਪੀ.ਆਈ.
23. ਮਾਨਸਾ    ਸੀ.ਪੀ.ਆਈ.
24. ਬੁਢਲਾਡਾ    ਸੀ.ਪੀ.ਆਈ.
25. ਜਲਾਲਾਬਾਦ    ਸੀ.ਪੀ.ਆਈ.
 

26. ਬਟਾਲਾ    ਸੀ.ਪੀ.ਆਈ.(ਐਮ)
27. ਆਦਮਪੁਰ    ਸੀ.ਪੀ.ਆਈ.(ਐਮ)
28. ਸ਼ਾਹਕੋਟ    ਸੀ.ਪੀ.ਆਈ.(ਐਮ)
29. ਗੜ੍ਹਸ਼ੰਕਰ    ਸੀ.ਪੀ.ਆਈ.(ਐਮ)
30. ਬਲਾਚੌਰ    ਸੀ.ਪੀ.ਆਈ.(ਐਮ)
31. ਆਨੰਦਪੁਰ ਸਾਹਿਬ    ਸੀ.ਪੀ.ਆਈ.(ਐਮ)
32. ਜਗਰਾਓਂ    ਸੀ.ਪੀ.ਆਈ.(ਐਮ)
33. ਰਾਏਕੋਟ    ਸੀ.ਪੀ.ਆਈ.(ਐਮ)   
34. ਸੁਨਾਮ    ਸੀ.ਪੀ.ਆਈ.(ਐਮ)
35. ਘਨੌਰ    ਸੀ.ਪੀ.ਆਈ.(ਐਮ)
36. ਤਰਨ ਤਾਰਨ    ਸੀ.ਪੀ.ਆਈ.(ਐਮ)
37. ਡੇਰਾਬੱਸੀ    ਸੀ.ਪੀ.ਆਈ.(ਐਮ)
38. ਫਰੀਦਕੋਟ    ਸੀ.ਪੀ.ਆਈ.(ਐਮ)
39. ਨਵਾਂ ਸ਼ਹਿਰ    ਸੀ.ਪੀ.ਆਈ.(ਐਮ)
 

40. ਸੁਜਾਨਪੁਰ    ਆਰ.ਐਮ.ਪੀ.ਆਈ.
41. ਭੋਆ    ਆਰ.ਐਮ.ਪੀ.ਆਈ.
42. ਅਜਨਾਲਾ    ਆਰ.ਐਮ.ਪੀ.ਆਈ.
43. ਰਾਜਾਸਾਂਸੀ    ਆਰ.ਐਮ.ਪੀ.ਆਈ.
44. ਖੇਮਕਰਨ    ਆਰ.ਐਮ.ਪੀ.ਆਈ.
45. ਬਾਬਾ ਬਕਾਲਾ    ਆਰ.ਐਮ.ਪੀ.ਆਈ.
46. ਸੁਲਤਾਨਪੁਰ ਲੋਧੀ    ਆਰ.ਐਮ.ਪੀ.ਆਈ.
47. ਫਿਲੌਰ    ਆਰ.ਐਮ.ਪੀ.ਆਈ.
48. ਨਕੋਦਰ    ਆਰ.ਐਮ.ਪੀ.ਆਈ.
49. ਮੁਕੇਰੀਆਂ    ਆਰ.ਐਮ.ਪੀ.ਆਈ.
50. ਅਬੋਹਰ    ਆਰ.ਐਮ.ਪੀ.ਆਈ.
51. ਮੁਕਤਸਰ ਸਾਹਿਬ    ਆਰ.ਐਮ.ਪੀ.ਆਈ.
52. ਸਰਦੂਲਗੜ੍ਹ         ਆਰ.ਐਮ.ਪੀ.ਆਈ.