Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Monday, 12 August 2019

13 ਅਗਸਤ ਦੇ ਬੰਦ ਦੇ ਸੱਦੇ ਦਾ ਪੂਰਨ ਸਮਰਥਨ ਕਰਨ ਦਾ ਐਲਾਨ

ਜਲੰਧਰ : ''ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦਿੱਲੀ ਵਿਚ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਢਾਹੁਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦੀ ਹੈ, ਕਿਉਂਕਿ ਇਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ''। ਇਹ ਸ਼ਬਦ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਅੱਜ ਇੱਥੋਂ ਜਾਰੀ ਇਕ ਸਾਂਝਾ ਪ੍ਰੈਸ ਬਿਆਨ 'ਚ ਕਹੇ।
ਉਨ੍ਹਾਂ ਇਸ ਦੁਖਦਾਈ ਘਟਨਾ, ਜਿਸ ਨਾਲ ਸਾਰੇ ਲੋਕਾਂ, ਖਾਸਕਰ ਰਵੀਦਾਸ ਭਾਈਚਾਰੇ ਦੇ ਮਨਾਂ ਨੂੰ ਭਾਰੀ ਦੁੱਖ ਪੁੱਜਾ ਹੈ, ਬਾਬਤ ਕੇਂਦਰ ਦੀ ਮੋਦੀ ਸਰਕਾਰ ਵਲੋਂ ਧਾਰੀ ਮੁਜ਼ਰਮਾਨਾ ਚੁੱਪ ਦੀ ਵੀ ਸਖਤ ਨਿੰਦਾ ਕੀਤੀ। ਦੋਹਾਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਉਕਤ ਨੀਤੀਆਂ ਕਾਰਨ ਸਮੂਹ ਸੰਵੇਦਨਸ਼ੀਲ, ਧਰਮ ਨਿਰਪੱਖ ਤੇ ਜਮਹੂਰੀ ਸੋਚ ਦੇ ਧਾਰਨੀ ਲੋਕਾਂ ਅੰਦਰ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਘ-ਭਾਜਪਾ ਵਲੋਂ ਛਿਛਕਾਰੇ ਫਿਰਕੂ ਤੱਤਾਂ ਵਲੋਂ ਧਾਰਮਿਕ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਵਿਰੁੱਧ ਕੀਤੇ ਜਾ ਰਹੇ ਅਪਮਾਨਜਨਕ ਪ੍ਰਚਾਰ ਤੇ ਹਿੰਸਾ ਕਾਰਨ ਦੇਸ਼ ਦੀ ਏਕਤਾ ਤੇ ਅਖੰਡਤਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵੀ ਭਾਰੀ ਖਤਰਾ ਪੁੱਜ ਰਿਹਾ ਹੈ। ਸਾਥੀ ਮੰਗਤ ਰਾਮ ਪਾਸਲਾ ਤੇ ਹਰਕੰਵਲ ਸਿੰਘ ਨੇ ਬਿਆਨ ਜਾਰੀ ਰੱਖਦਿਆਂ ਕਿਹਾ ਕਿ ਪਾਰਟੀ ਵਲੋਂ ਇਸ ਘਟਨਾ ਵਿਰੁੱਧ ਦਿੱਤੇ ਗਏ 13 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਦਾ ਪੂਰਨ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਇਸੇ ਕਰਕੇ ਸੂਬਾ ਸਕੱਤਰੇਤ ਦੀ 13 ਅਗਸਤ ਦੀ ਮੀਟਿੰਗ ਨੂੰ 14 ਅਗਸਤ ਤੱਕ ਲਈ ਅੱਗੇ ਪਾ ਦਿੱਤਾ ਹੈ। ਪਾਰਟੀ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਤੁਰੰਤ ਇਸ ਸੰਵੇਦਨਸ਼ੀਲ ਮਸਲੇ ਵਿਚ ਦਖਲ ਦੇ ਕੇ ਗੁਰੂ ਰਵਿਦਾਸ ਮੰਦਰ ਦੀ ਪੁਨਰ ਸਥਾਪਨਾ ਕਰੇ।

ਸਾਥੀ ਹਰਚਰਨ ਸਿੰਘ ਨੂੰ ਸਦਮਾ

ਬਹੁਤ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਸੀਨੀਅਰ ਆਗੂ ਸਾਥੀ ਹਰਚਰਨ ਸਿੰਘ ਕਪੂਰਥਲਾ ਦੀ ਧਰਮ ਪਤਨੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਕਪੂਰਥਲਾ ਵਿਖੇ ਕੀਤਾ ਜਾਵੇਗਾ।
ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਵੱਲੋਂ ਮਾਤਾ ਜੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।

Tuesday, 6 August 2019

ਜੰਮੂ-ਕਸ਼ਮੀਰ ਦੇ ਜਮਹੂਰੀ ਅਧਿਕਾਰਾਂ ਨੂੰ ਕੁਚਲਣ ਵਿਰੁਧ ਕੇਂਦਰੀ ਸਰਕਾਰ ਦੇ ਤਾਨਾਸ਼ਾਹੀ ਕਦਮਾਂ ਦੇ ਵਿਰੋਧ ਵਿਚ ਖੱਬੇ-ਪੱਖੀਆਂ ਨੇ ਕੀਤੀਆਂ ਰੋਸ ਰੈਲੀਆਂ

ਚੰਡੀਗੜ੍ਹ : ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖਤਮ ਕਰਨ ਅਤੇ ਸੂਬੇ ਨੂੰ ਦੋ ਭਾਗਾਂ ਵਿਚ ਵੰਡ ਕੇ ਯੂਨੀਅਨ ਟਰੈਟਰੀਜ਼ ਦੀ ਸਥਾਪਨਾ ਕਰਨ ਵਿਰੁੱਧ ਪੰਜਾਬ ਦੀਆਂ ਖੱਬੀਆਂ ਪਾਰਟੀਆਂ ਵਲੋਂ ਸਾਰੇ ਪੰਜਾਬ ਵਿਚ ਰੋਸ ਮੁਜ਼ਾਹਰੇ ਅਤੇ ਰੈਲੀਆਂ ਦਾ ਆਯੋਜਨ ਕੀਤਾ ਗਿਆ। ਸੂਬਾ ਕੇਂਦਰਾਂ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ ਸਾਰੇ ਪੰਜਾਬ ਦੇ 15 ਕੇਂਦਰਾਂ ਤੋਂ ਵਧ ਥਾਵਾਂ ਤੇ  ਐਕਸ਼ਨ ਕੀਤੇ  ਗਏ। ਮਾਨਸਾ, ਗੁਰਦਾਸਪੁਰ, ਪਟਿਆਲਾ, ਤਰਨਤਾਰਨ, ਬਠਿੰਡਾ, ਜਲੰਧਰ, ਸੰਗਰੂਰ, ਫਾਜ਼ਿਲਕਾ ਆਦਿ ਕੇਂਦਰਾਂ ਤੇ ਰੈਲੀਆਂ ਆਯੋਜਿਤ ਕਰਕੇ ਕੇਂਦਰੀ ਸਰਕਾਰ ਦੇ ਪੁਤਲੇ ਵੀ ਸਾੜੇ ਗਏ। ਸੀਪੀਆਈ, ਆਰਐਮਪੀਆਈ, ਸੀਪੀਆਈ (ਲਿਬਰੇਸ਼ਨ) ਅਤੇ ਐਮਸੀਪੀਆਈ ਦੇ ਆਗੂਆਂ ਸਰਵਸਾਥੀ ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤੂਪੁਰਾ ਅਤੇ ਸਾਥੀ ਕਿਰਨਜੀਤ ਸੇਖੋਂ ਨੇ ਇਕ ਸਾਂਝੇ ਬਿਆਨ ਵਿਚ ਦਸਿਆ ਕਿ ਇਹ ਐਕਸ਼ਨ 7 ਅਗਸਤ ਨੂੰ ਵੀ ਜਾਰੀ ਰਹਿਣਗੇ। ਰੈਲੀਆਂ ਵਿਚ ਬੋਲਦਿਆਂ ਹੋਇਆਂ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਇਹ ਤਾਨਾਸ਼ਾਹੀ ਵਾਲਾ ਰੂਪ ਅਖਤਿਆਰ ਕਰਦੀ ਜਾ ਰਹੀ ਹੈ ਅਤੇ ਸਰਕਾਰ ਨੇ ਨਾ ਤਾਂ ਵਿਰੋਧੀ ਪਾਰਟੀਆਂ ਨੂੰ ਅਤੇ ਨਾ ਹੀ ਚਲ ਰਹੀ ਪਾਰਲੀਮੈਂਟ ਨੂੰ ਭਰੋਸੇ ਵਿਚ ਲਿਆ, ਨਾ ਹੀ ਜੰਮੂ-ਕਸ਼ਮੀਰ ਦੇ ਜਮਹੂਰੀਅਤ ਪੱਖੀ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ। ਉਹਨਾਂ ਅਗੇ ਕਿਹਾ ਕਿ ਜੰਮੂ-ਕਸ਼ਮੀਰ ਤੇ ਵਿਸ਼ੇਸ਼ ਅਧਿਕਾਰਾਂ ਦੀ ਗੱਲ ਤਾਂ ਵੱਖਰੀ ਹੈ ਸਗੋਂ ਉਸਨੂੰ ਪੂਰਣ ਰਾਜ ਦੇ ਅਧਿਕਾਰ ਵੀ ਨਹੀਂ ਦਿਤੇ ਗਏ ਅਤੇ ਦੋ ਸੰਘੀ ਰਾਜਾਂ ਦਾ ਐਲਾਨ ਕਰਕੇ ਜੰਮੂ-ਕਸ਼ਮੀਰ ਨੂੰ ਸਿੱਧਾ ਕੇਂਦਰ ਦੇ ਅਧੀਨ ਕਰਕੇ ਬਸਤੀਵਾਦ ਵਾਲੀ ਮਿਸਾਲ ਪੇਸ਼ ਕੀਤੀ ਹੈ।
ਉਹਨਾਂ ਅਕਾਲੀ ਪਾਰਟੀ ਤੇ ਹਮਲਾ ਕਰਦਿਆਂ ਆਖਿਆ ਕਿ ਜਿਹੜੀ ਆਪਣੇ ਆਪ ਨੂੰ ਫੈਡਰਲ ਢਾਂਚੇ ਅਤੇ ਪ੍ਰਾਂਤਾਂ ਨੂੰ ਵੱਧ ਅਧਿਕਾਰਾਂ ਦੇ ਚੈਂਪੀਅਨ ਸਾਬਤ ਕਰਨ ਦੀ ਕੋਈ ਕਸਰ ਨਹੀਂ ਛਡਦੀ, ਆਪਣੀ ਇਕ ਮੰਤਰੀ ਨੂੰ ਬਚਾਉਣ ਦੀ ਖਾਤਰ ਕੇਂਦਰੀ ਸਰਕਾਰ ਦੀ ਕਠ-ਪੁਤਲੀ ਬਣ ਕੇ ਉਸਦੀ ਅੰਨ੍ਹੇਵਾਹ ਹਮਾਇਤ ਕਰ ਰਹੀ ਹੈ। ਉਹਨਾਂ ਅਗੇ ਆਖਿਆ ਕਿ ਆਰਥਿਕ ਪਧਰ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਰਹੀ ਕੇਂਦਰੀ ਸਰਕਾਰ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੇ ਕਦਮ ਚੁਕ ਰਹੀ ਹੈ। ਖੱਬੀਆਂ ਪਾਰਟੀਆਂ ਸਾਰੇ ਭਾਰਤ ਵਿਚ ਪੂਰੇ ਜ਼ੋਰ ਨਾਲ ਮਜ਼ਦੂਰਾਂ-ਕਿਸਾਨਾਂ, ਨੌਜਵਾਨਾਂ ਅਤੇ ਬੁਧੀਜੀਵੀਆਂ ਦੇ ਆਰਥਿਕ ਅਤੇ ਜਮਹੂਰੀ ਅਧਿਕਾਰਾਂ ਦੀ ਰੱਖਿਆ ਲਈ ਜ਼ੋਰਦਾਰ ਸੰਘਰਸ਼ਾਂ ਨੂੰ ਜਾਰੀ ਰੱਖਣਗੀਆਂ।

Monday, 5 August 2019

ਦੇਸ਼ ਦੇ ਜਮਹੂਰੀ ਤਾਣੇ-ਬਾਣੇ ਨੂੰ ਗੰਭੀਰ ਖਤਰਾ ਪੁਚਾਉਣ ਵਾਲੇ ਕਦਮ ਦੀ ਜ਼ੋਰਦਾਰ ਨਿਖੇਧੀ

ਚੰਡੀਗੜ੍ਹ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਕੇਂਦਰੀ ਸਟੈਂਡਿੰਗ ਕਮੇਟੀ ਨੇ ਮੋਦੀ-ਸ਼ਾਹ ਹਕੂਮਤ ਵਲੋਂ ਜੰਮੂ ਅਤੇ ਕਸ਼ਮੀਰ ਦੀਆਂ ਵਿਸ਼ੇਸ਼ ਹਾਲਤਾਂ ਅਨੁਸਾਰ ਵਿਸ਼ੇਸ਼ ਦਰਜਾ ਦਿੰਦੀ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਅਤੇ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦੇਣ ਦੇ ਫ਼ੈਸਲੇ ਖ਼ਿਲਾਫ਼ ਡੂੰਘਾ ਦੁੱਖ ਅਤੇ ਗੁੱਸੇ ਦਾ ਇਜ਼ਹਾਰ ਕੀਤਾ ਹੈ। ਕਮੇਟੀ ਇਸ ਰਾਇ ਦੀ ਹੈ ਕਿ ਮੋਦੀ-ਸ਼ਾਹ ਜੋੜੀ ਦਾ ਇਹ ਮੰਦਭਾਗਾ ਫੈਸਲਾ ਕਸ਼ਮੀਰੀ ਆਵਾਮ ਨਾਲ ਭਾਰਤ ਵਿੱਚ ਰਲੇਵੇਂ ਸਮੇਂ ਕੀਤੇ ਗਏ ਕੌਲ ਕਰਾਰਾਂ ਦੀ ਘੋਰ ਉਲੰਘਣਾ ਤੋਂ ਇਲਾਵਾ ਸਿਰੇ ਦਾ ਵਿਵੇਕਹੀਨ ਅਤੇ ਜਮਹੂਰੀਅਤ ਵਿਰੋਧੀ ਕਦਮ ਹੈ। ਇਹ ਫ਼ੈਸਲਾ ਦੇਸ਼ ਦੇ ਸੰਵਿਧਾਨ ਵਲੋਂ ਸੁਝਾਈ ਗਈ ਜਮਹੂਰੀ ਕਾਰਜ ਪ੍ਰਣਾਲੀ ਅਤੇ ਧਰਮਨਿਰਪੱਖ ਕਦਰਾਂ-ਕੀਮਤਾਂ ਉੱਪਰ ਵੀ ਗੰਭੀਰ ਹਮਲਿਆਂ ਨੂੰ ਰੂਪਮਾਨ ਕਰਦਾ ਹੈ।
ਸਟੈਂਡਿੰਗ ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਸਰਕਾਰ ਦਾ ਉਕਤ ਫ਼ੈਸਲਾ ਸੂਬੇ ਵਿੱਚ ਸਰਗਰਮ ਭਾਰਤ ਵਿਰੋਧੀ ਫਿਰਕੂ ਅਤੇ ਵੱਖਵਾਦੀ ਤੱਤਾਂ ਲਈ ਮਦਦਗਾਰ ਸਿੱਧ ਹੋਵੇਗਾ ਜਦਕਿ ਦੇਸ਼ ਵਿਚਲੇ ਅਮਨ ਦੇ ਚਾਹਵਾਨ, ਮੁੱਖ ਧਾਰਾ ਦੇ ਹਿਮਾਇਤੀਆਂ ਦੇ ਗੰਭੀਰ ਨਿਖੇੜੇ ਦਾ ਕਾਰਗਾਰ ਸੰਦ ਸਾਬਤ ਹੋਵੇਗਾ।
ਜਮਹੂਰੀ ਅਮਲ ਮਜਬੂਤ ਕਰਨ ਦੇ ਨਾਂ 'ਤੇ ਸੂਬੇ ਤੋਂ ਸੂਬਾਈ ਸਟੇਟਸ ਖੋਹ ਕੇ ਇਸ ਨੂੰ ਯੂਟੀ ਵਿੱਚ ਤਬਦੀਲ ਕਰਨ ਦੇ ਇਸ ਜਮਹੂਰੀਅਤ ਵਿਰੋਧੀ ਫੈਸਲੇ ਨੂੰ ਸਟੈਂਡਿੰਗ ਕਮੇਟੀ ਨੇ ਸੂਬਾ ਵਾਸੀਆਂ ਨਾਲ ਭੱਦਾ ਮਜ਼ਾਕ ਕਰਾਰ ਦਿੱਤਾ ਹੈ।
ਕਾਮਰੇਡ ਕੇ. ਗੰਗਾਧਰਨ (ਚੇਅਰਮੈਨ), ਮੰਗਤ ਰਾਮ ਪਾਸਲਾ (ਜਨਰਲ ਸਕੱਤਰ), ਰਜਿੰਦਰ ਪਰਾਂਜਪੇ (ਖਜ਼ਾਨਚੀ), ਹਰਕੰਵਲ ਸਿੰਘ ਅਤੇ ਕੇ.ਐਸ. ਹਰੀਹਰਨ (ਦੋਹੇਂ ਸਟੈਂਡਿੰਗ ਕਮੇਟੀ ਮੈਂਬਰਾਨ) ਨੇ ਆਰਐਸਐਸ ਦੇ ਸ਼ਿਸ਼ਕਾਰੇ, ਸਹੀ ਜਾਣਕਾਰੀ ਤੋਂ ਕੋਰੇ ਤੱਤਾਂ ਵਲੋਂ, ਮੋਦੀ-ਸ਼ਾਹ ਹੁਕੂਮਤ ਦੇ ਦੇਸ਼ ਦੇ ਜਮਹੂਰੀ ਤਾਣੇ-ਬਾਣੇ ਨੂੰ ਗੰਭੀਰ ਖਤਰਾ ਪੁਚਾਉਣ ਵਾਲੇ ਇਸ ਕਦਮ 'ਤੇ ਖੁਸ਼ੀਆਂ ਮਨਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ। ਆਗੂਆਂ ਨੇ ਸਭਨਾਂ ਅਮਨ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਫਿਰਕੂ ਜ਼ਿਹਨੀਅਤ ਅਧੀਨ ਕੀਤੇ ਗਏ ਫੈਸਲੇ ਦਾ ਡਟਵਾਂ ਵਿਰੋਧ ਕਰਨ ਕਿਉਂ ਇਹ ਫ਼ੈਸਲਾ ਸਮੁੱਚੇ ਦੇਸ਼ ਸਾਹਵੇਂ ਨਵੀਆਂ ਸਮਾਜਿਕ-ਸਿਆਸੀ ਦਿੱਕਤਾਂ ਖੜੀਆਂ ਕਰਨ ਦਾ ਸਬੱਬ ਬਣ ਸਕਦਾ ਹੈ। ਪਾਰਟੀ ਆਗੂਆਂ ਨੇ ਸਮੁੱਚੇ ਖੱਬੇ ਪੱਖ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਸਦੀਆਂ ਪੁਰਾਣੇ, ਬਹੁ ਭਾਂਤੇ, ਮਾਨਵਤਾਵਾਦੀ ਸਮਾਜਿਕ ਸਭਿਆਚਾਰ ਨੂੰ ਦੀਰਘ ਨੁਕਸਾਨ ਪੁਚਾਉਣ ਵਾਲੇ ਹੁਕੂਮਤੀ ਕਦਮ ਦਾ ਵਿਰੋਧ ਕਰਨ ਲਈ ਹਰ ਹੀਲਾ ਕਰਨ।

Sunday, 4 August 2019

ਆਰਐਮਪੀਆਈ ਵੱਲੋਂ ਜ਼ਿਲ੍ਹਾ ਪੱਧਰੀ ਧਰਨੇ 5 ਤੋਂ

ਜਲੰਧਰ; 4 ਅਗਸਤ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਪੰਜਾਬ ਸਰਕਾਰ ਅਤੇ ਪਾਵਰਕਾਮ ਵਲੋਂ ਬਿਜਲੀ ਰੇਟਾਂ ਵਿੱਚ ਕੀਤੇ ਜਾਂਦੇ ਰੋਜ-ਰੋਜ ਦੇ ਵਾਧਿਆਂ ਖ਼ਿਲਾਫ਼ ਅਤੇ ਪਾਣੀ ਦੇ ਮੁੱਦੇ ਨੂੰ ਲੈ ਕੇ ਆਰੰਭੇ ਘੋਲ ਦੇ ਦੂਜੇ ਪੜਾਅ ਦੌਰਾਨ 5 ਅਗਸਤ ਤੋਂ 9 ਅਗਸਤ ਤੱਕ ਜ਼ਿਲ੍ਹਾ ਕੇਂਦਰਾਂ 'ਤੇ ਧਰਨੇ ਦਿੱਤੇ ਜਾ ਰਹੇ ਹਨ। ਇਸ ਸਬੰਧੀ ਪਾਰਟੀ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰ ਹਰਕੰਵਲ ਸਿੰਘ ਅਤੇ ਸੂਬਾ ਖ਼ਜ਼ਾਨਚੀ ਸਾਥੀ ਲਾਲ ਚੰਦ ਕਟਾਰੂਚੱਕ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ 'ਚ ਕਿਹਾ ਕਿ 5 ਅਗਸਤ ਨੂੰ ਗੁਰਦਾਸਪੁਰ, ਜਲੰਧਰ, ਬਰਨਾਲਾ ਤੇ ਰੋਪੜ, 6 ਅਗਸਤ ਨੂੰ ਤਰਨਤਾਰਨ, ਹੁਸ਼ਿਆਰਪੁਰ ਤੇ ਮੁਕਤਸਰ ਸਾਹਿਬ, 7 ਅਗਸਤ ਨੂੰ ਲੁਧਿਆਣਾ, ਮਾਨਸਾ, ਮੋਹਾਲੀ ਤੇ ਫਾਜ਼ਲਿਕਾ, 8 ਅਗਸਤ ਨੂੰ ਅੰਮ੍ਰਿਤਸਰ, ਫਰੀਦਕੋਟ ਤੇ ਸ਼ਹੀਦ ਭਗਤ ਸਿੰਘ ਨਗਰ ਅਤੇ 9 ਅਗਸਤ ਨੂੰ ਪਟਿਆਲਾ, ਬਠਿੰਡਾ, ਸੰਗਰੂਰ ਅਤੇ ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਸੂਬੇ ਦੇ ਖਪਤਕਾਰਾਂ ਨੂੰ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦਿੱਤੀ ਜਾਵੇ ਅਤੇ ਸਾਰੀ ਵਸੋਂ ਨੂੰ ਪੀਣ ਵਾਲਾ ਸਵੱਛ ਪਾਣੀ ਸਰਕਾਰ ਮੁਫ਼ਤ ਦੇਣ ਦੀ ਗਾਰੰਟੀ ਕਰੇ। ਆਗੂਆਂ ਨੇ ਕਿਹਾ ਕਿ ਉਕਤ ਮੁੱਦਿਆਂ ਤੋਂ ਇਲਾਵਾ ਧਰਤੀ ਹੇਠਲਾ ਪਾਣੀ ਬਚਾਉਣ ਵਰਗੇ ਮੁਦਿਆਂ ਨੂੰ ਲੈ ਕੇ ਪਾਰਟੀ ਵੱਲੋਂ ਜਨ ਅੰਦੋਲਨ ਆਰਭਿਆਂ ਹੋਇਆ ਹੈ, ਜਿਸ ਤਹਿਤ ਪਹਿਲਾ ਪੜਾਅ ਦੌਰਾਨ ਪਿੰਡ ਪੱਧਰ ਦੀਆਂ ਮੀਟਿੰਗਾਂ ਕਰਨ ਉਪਰੰਤ ਜ਼ਿਲ੍ਹੇ ਪੱਧਰੀ ਧਰਨੇ ਦਿੱਤੇ ਜਾ ਰਹੇ ਹਨ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਪਟਿਆਲਾ 'ਚ ਪੱਕਾ ਮੋਰਚਾ ਆਰੰਭ ਕੀਤਾ ਜਾਵੇਗਾ।
ਆਗੂਆਂ ਨੇ ਲੋਕਾਂ ਨੂੰ ਇਸ ਫੈਸਲਾਕੁੰਨ ਸੰਗਰਾਮ 'ਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਉਕਤ ਦਿਸ਼ਾ ਵਿੱਚ ਗੰਭੀਰ ਪਹਿਲ ਕਰਨ ਲਈ ਮਜਬੂਰ ਕਰਨ ਤੋਂ ਬਿਨਾਂਕੋਈ ਹੋਰ ਰਾਹ ਨਹੀਂ ਬਚਿਆ। ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਉਕਤ ਮਾਨਵ ਹਿਤੂ ਸੰਗਰਾਮ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।

Friday, 2 August 2019

ਤਰਕਹੀਣ ਬਿਜਲੀ ਖਰੀਦ ਦੇ ਸਮਝੌਤੇ ਤੁਰੰਤ ਰੱਦ ਕਰਾਉਣ ਅਤੇ ਬਿਜਲੀ ਦੇ ਰੇਟ ਦੋ ਰੁਪਏ ਪ੍ਰਤੀ ਯੂਨਿਟ ਕਰਵਾਉਣ ਲਈ ਤਿੱਖਾ ਸੰਘਰਸ਼ ਕਰਨ ਦਾ ਐਲਾਨ


ਜਲੰਧਰ : 'ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਬਿਜਲੀ ਦੀਆਂ ਬੇਤਰਸੀ ਨਾਲ ਵਧਾਈਆਂ ਗਈਆਂ ਦਰਾਂ ਰੱਦ ਕਰਵਾਉਣ ਅਤੇ ਧਰਤੀ 'ਤੇ ਜੀਵਨ ਦੇ ਮੂਲ ਸ੍ਰੋਤ ਪਾਣੀ ਦੀ ਬਰਬਾਦੀ ਬੰਦ ਕਰਾਉਣ ਅਤੇ ਸਭਨਾ ਲਈ ਸਵੱਛ ਪੀਣ ਯੋਗ ਪਾਣੀ ਦੀ ਪ੍ਰਾਪਤੀ ਦੀਆਂ ਮੰਗਾਂ ਲਈ ਫੈਸਲਾਕੁੰਨ ਸੰਗਰਾਮ ਲੜੇਗੀ।'' ਉਕਤ ਜਾਣਕਾਰੀ ਅੱਜ ਇੱਥੋਂ ਦੇ ਪੰਜਾਬ ਪ੍ਰੈਸ ਕਲੱਬ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਰਐਮਪੀਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਦਿੰਦਿਆਂ ਦੱਸਿਆ ਕਿ ਪਾਰਟੀ ਦੀਆਂ ਜ਼ਿਲ੍ਹਾ ਕਮੇਟੀਆਂ ਵਲੋਂ ਸੁਚੱਜੀ ਯੋਜਨਾਬੰਦੀ ਤਹਿਤ 15 ਤੋਂ 31 ਜੁਲਾਈ ਤੱਕ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਜਨ ਸੰਪਰਕ ਮੁਹਿੰਮ ਚਲਾਉਂਦਿਆਂ ਹਜ਼ਾਰਾਂ ਲੋਕਾਂ ਤੱਕ ਪਹੁੰਚ ਕੀਤੀ ਗਈ ਹੈ। ਇਸ ਮੁਹਿੰਮ ਦੌਰਾਨ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਸੂਬੇ ਦੇ ਗਰੀਬ ਖਪਤਕਾਰਾਂ ਦੀ ਕੀਤੀ ਜਾ ਰਹੀ ਬੇਕਿਰਕ ਲੁੱਟ ਅਤੇ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਬਰਬਾਦੀ ਖਿਲਾਫ਼ ਜਾਗਰੂਕ ਕਰਨ ਲਈ ਮੀਟਿੰਗਾਂ, ਜਲਸਿਆਂ, ਕਾਨਫਰੰਸਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਦੁਵਰਕੀ ਵੰਡੀ ਗਈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਅੰਦਰ ਉਕਤ ਦੋਹਾਂ ਮੁਦਿਆਂ ਪ੍ਰਤੀ ਕੇਂਦਰੀ ਅਤੇ ਸੂਬਾ ਸਰਕਾਰਾਂ ਦੀ ਡੰਗ ਟਪਾਊ ਤੇ ਲੋਕ ਦੋਖੀ ਪਹੁੰਚ ਖਿਲਾਫ਼ ਅੰਤਾਂ ਦਾ ਰੋਹ ਹੈ ਅਤੇ ਲੋਕ ਇਸ ਮਾਨਵ ਹਿਤੂ ਸੰਗਰਾਮ ਪ੍ਰਤੀ ਹਾਂ ਪੱਖੀ ਹੁੰਗਾਰਾ ਭਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਸੂਬਾਈ ਆਗੂ ਸਾਥੀ ਰਤਨ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਪਰਗਟ ਸਿੰਘ ਜਾਮਾਰਾਏ, ਡਾ. ਸਤਨਾਮ ਸਿੰਘ ਅਜਨਾਲਾ, ਦਰਸ਼ਨ ਨਾਹਰ ਅਤੇ ਗੁਰਦਰਸ਼ਨ ਬੀਕਾ ਵੀ ਮੌਜੂਦ ਸਨ।
ਸਾਥੀ ਪਾਸਲਾ ਨੇ ਕਿਹਾ ਕਿ ਪਾਰਟੀ ਵਲੋਂ ਸੰਘਰਸ਼ ਦੇ ਅਗਲੇ ਪੜਾਅ 'ਚ 5 ਤੋਂ 9 ਅਗਸਤ ਤੱਕ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਸਤੰਬਰ ਦੇ ਪਹਿਲੇ ਹਫਤੇ ਪਟਿਆਲਾ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਸ ਤਿੰਨ ਪੜਾਵੀ ਸੰਘਰਸ਼ ਤੋਂ ਬਾਅਦ ਪਾਰਟੀ ਵਲੋਂ ਮੀਟਿੰਗ ਕਰਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਜਿੱਤ ਤੱਕ ਲਿਜਾਣ ਲਈ ਠੋਸ ਵਿਉਂਤਬੰਦੀ ਕੀਤੀ ਜਾਵੇਗੀ ਅਤੇ ਇਸ ਗੱਲ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਕਿ ਇਹ ਸੰਗਰਾਮ ਸੂਬੇ ਦੀਆਂ ਸਭਨਾਂ ਖੱਬੀਆਂ, ਜਮਹੂਰੀ, ਸੰਘਰਸ਼ਸ਼ੀਲ ਧਿਰਾਂ ਦਾ ਸਾਂਝਾ ਸੰਗਰਾਮ ਬਣੇ। ਸਾਥੀ ਪਾਸਲਾ ਨੇ ਦੱਸਿਆ ਕਿ ਬਿਜਲੀ ਖਪਤਕਾਰਾਂ ਉਪਰ ਲਾਏ ਗਏ ਭਾਰੀ ਟੈਕਸਾਂ ਨੂੰ ਵਾਪਸ ਲੈ ਕੇ ਸੂਬੇ ਅੰਦਰ ਬਾਰਸੂਖ ਵਿਅਕਤੀਆਂ ਵਲੋਂ ਕੀਤੀ ਜਾਂਦੀ ਬਿਜਲੀ ਚੋਰੀ ਸਖਤੀ ਨਾਲ ਰੋਕ ਕੇ ਤੇ ਪਾਵਰਕਾਮ ਦੀਆਂ ਬਕਾਇਆ ਰਕਮਾਂ ਦੀ ਪਹਿਲ ਦੇ ਆਧਾਰ 'ਤੇ ਵਸੂਲੀ ਰਾਹੀਂ ਬਿਜਲੀ ਦੇ ਰੇਟ ਦੋ ਰੁਪਏ ਪ੍ਰਤੀ ਯੂਨਿਟ ਕੀਤੇ ਜਾ ਸਕਦੇ ਹਨ।
ਆਰ.ਐਮ.ਪੀ.ਆਈ. ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਨਿੱਜੀ ਬਿਜਲੀ ਕੰਪਨੀਆਂ/ ਥਰਮਲਾਂ ਨਾਲ ਹੋਏ ਅਤੇ ਮੌਜੂਦਾ ਕਾਂਗਰਸ ਸਰਕਾਰ ਵਲੋਂ ਇੰਨ ਬਿੰਨ ਲਾਗੂ ਕੀਤੇ ਜਾ ਰਹੇ ਤਰਕਹੀਣ ਬਿਜਲੀ ਖਰੀਦ ਦੇ ਸਮਝੌਤੇ ਤੁਰੰਤ ਰੱਦ ਕਰਨ ਅਤੇ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਸਮੇਤ ਸਾਰੇ ਸਰਕਾਰੀ ਥਰਮਲ ਪਲਾਂਟ ਚਾਲੂ ਕਰਨ ਦੀ ਮੰਗ ਕਰਦੀ ਹੈ।
ਉਨ੍ਹਾਂ ਕਿਹਾ ਕਿ ਧਨ ਕੁਬੇਰਾਂ ਦੀ ਮੁਨਾਫਿਆਂ  ਲਈ ਹਵਸ ਅਤੇ ਸਰਕਾਰਾਂ ਦੀ ਦੂਰਅੰਦੇਸ਼ੀ ਦੀ ਘਾਟ ਸਦਕਾ ਸੂਬੇ ਦਾ ਦਰਿਆਈ ਅਤੇ ਭੂਮੀਗਤ ਪਾਣੀ ਨਾ ਕੇਵਲ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ, ਬਲਕਿ ਐਨ ਖਤਮ ਹੋਣ ਦੇ ਕੰਢੇ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇੜ ਭਵਿੱਖ ਦੀ ਇਸ ਗੰਭੀਰ ਸਮੱਸਿਆ ਦਾ ਨਿਆਂ ਸੰਗਤ ਹੱਲ ਲੱਭਣ ਲਈ ਠੋਸ ਕਦਮ ਚੁੱਕਣ ਦੀ ਬਜਾਏ ਵੱਖ ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਯਤਨ ਕਰਦੀਆਂ ਆ ਰਹੀਆਂ ਹਨ।
ਇਸ ਪੱਖੋਂ ਜ਼ਿੰਮੇਵਾਰੀ ਤੋਂ ਭੱਜਣ ਲਈ ਅਦਾਲਤਾਂ ਵਿੱਚ ਮਸਲਾ ਲੰਬਤ ਹੋਣ ਦਾ ਰਟਿਆ ਰਟਾਇਆ ਫਜ਼ੂਲ ਤਰਕ ਦਿੱਤਾ ਜਾਂਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਬਰਸਾਤੀ ਪਾਣੀ ਰੀਚਾਰਜ ਕਰਨ, ਪੰਜਾਬ ਅੰਦਰ ਨਹਿਰੀ ਪ੍ਰਬੰਧ ਨੂੰ ਮਜ਼ਬੂਤ ਕਰਨ ਤੇ ਬੇਵਜ੍ਹਾ ਦਰਿਆਈ ਪਾਣੀਆਂ ਨੂੰ ਪਾਕਿਸਤਾਨ ਵੱਲ ਜਾਣ ਤੋਂ ਰੋਕਣ ਵਾਸਤੇ ਲੋੜੀਂਦੇ ਕਦਮ ਚੁੱਕਣ ਲਈ ਕਿਸ ਅਦਾਲਤ ਨੇ ਰੋਕਿਆ ਹੈ? ਦਰਿਆਈ ਪਾਣੀਆਂ ਵਿੱਚ ਮਲ ਮੂਤਰ, ਸਨਅਤੀ ਗੰਦਗੀ ਅਤੇ ਰਹਿੰਦ ਖੂੰਹਦ ਤੇ ਹੋਰ ਜ਼ਹਿਰੀਲੇ ਪਦਾਰਥ ਪੈਣੋਂ ਰੋਕਣ ਲਈ ਕਿਸ ਅਦਾਲਤ ਨੇ ਪਾਬੰਦੀ ਲਾਈ ਹੈ? ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਉਪਲੱਬਧ ਪਾਣੀ ਹੀ ਸੰਭਾਲ ਲਿਆ ਜਾਵੇ ਅਤੇ ਜ਼ਹਿਰੀਲਾ ਹੋਣੋਂ ਰੋਕ ਲਿਆ ਜਾਵੇ ਤਾਂ ਪੀਣ ਅਤੇ ਸਿੰਚਾਈ ਲਈ ਪਾਣੀ ਦੀ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਵਿੱਚ ਵੱਡੀ ਹੱਦ ਤੱਕ ਕਮੀ ਹੋਵੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਗੱਲੀਂ-ਬਾਤੀਂ ਨਹੀਂ ਬਲਕਿ ਠੋਸ ਨੀਤੀ ਬਣਾ ਕੇ ਉਨ੍ਹਾਂ ਫਸਲਾਂ ਬੀਜਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ, ਜੋ ਉਨ੍ਹਾਂ ਦੀ ਹੱਕੀ ਆਮਦਨ ਨੂੰ ਯਕੀਨੀ ਬਣਾਉਣ ਤੇ ਜਿਨ੍ਹਾਂ ਲਈ ਪਾਣੀ ਵੀ ਘੱਟ ਚਾਹੀਦਾ ਹੈ। ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਕੇਂਦਰ ਅਤੇ ਸੂਬਿਆਂ ਵਿੱਚ ਲੰਮਾਂ ਸਮਾਂ ਰਾਜ ਕਰਨ ਵਾਲੀਆਂ ਹਾਕਮ ਜਮਾਤਾਂ ਦੀਆਂ ਪਾਰਟੀਆਂ ਵੱਲੋਂ ਪਾਣੀ ਦੇ ਮਸਲੇ ਨੂੰ ਵੱਖੋ-ਵੱਖ ਸੂਬਿਆਂ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਲੜਾਉਣ ਲਈ ਅਤੇ ਇਥੋਂ ਤੱਕ ਕਿ ਇੱਕੋ ਹੀ ਸੂਬੇ ਦੀ ਸ਼ਹਿਰੀ ਅਤੇ ਪੇਂਡੂ ਵਸੋਂ ਦਰਮਿਆਨ ਫੁੱਟ ਪਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪਾਣੀ ਸਮੇਂ ਸਿਰ ਨਾ ਸਾਂਭਿਆ ਗਿਆ ਤਾਂ ਇਹ ਧਰਤੀ ਤੋਂ ਜੀਵਨ ਅਤੇ ਬਨਸਪਤੀ ਦੇ ਖਾਤਮੇ ਦਾ ਕਾਰਣ ਬਣ ਸਕਦਾ ਹੈ। ਸਾਥੀ ਪਾਸਲਾ ਅਤੇ ਸਹਿਯੋਗੀ ਸਾਥੀਆਂ ਨੇ ਸਮੂਹ ਪੰਜਾਬੀਆਂ ਨੂੰ ਉਕਤ ਲੋਕ ਹਿਤੂ ਸੰਗਰਾਮ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਅਤੇ ਹਰ ਕਿਸਮ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਆਰ.ਐਮ.ਪੀ.ਆਈ. ਆਗੂਆਂ ਨੇ, ਆਰ.ਐਸ.ਐਸ. ਦੀਆਂ ਤਬਾਹਕਰੂ ਫਿਰਕੂ ਹਿਦਾਇਤਾਂ ਅਨੁਸਾਰ ਸ਼ਾਸ਼ਨ ਚਲਾ ਰਹੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਸੰਵਿਧਾਨ-ਕਾਨੂੰਨ, ਧਰਮਨਿਰਪੱਖ ਅਤੇ ਜਮਹੂਰੀ ਸਰੋਕਾਰਾਂ, ਮਾਨਵੀ ਤੇ ਜਮਹੂਰੀ ਅਧਿਕਾਰਾਂ ਤੋਂ ਇਲਾਵਾ ਨੈਤਿਕ ਕਦਰਾਂ ਕੀਮਤਾਂ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਵਿਰੁੱਧ ਹਰ ਪੱਧਰ ਤੇ ਵਿਚਾਰਧਾਰਕ ਅਤੇ ਜਨਤਕ ਸੰਗਰਾਮਾਂ ਦੀ ਉਸਾਰੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਗੰਭੀਰ ਹਾਲਾਤ ਵਿੱਚ ਦੇਸ਼ ਦੀ ਖੱਬੀ ਅਤੇ ਜਮਹੂਰੀ ਲਹਿਰ ਦੀ ਸਾਂਝੀ ਪਹਿਲਕਦਮੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਪਾਰਟੀ ਇਸ ਭਾਵਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਦੇਸ਼ ਭਰ ਵਿੱਚ ਫਿਰਕੂ ਧਰੁਵੀਕਰਨ ਅਤੇ ਮੰਨੂਵਾਦੀ ਵਰਣ ਵਿਵਸਥਾ ਦੀ ਪੁਨਰ ਬਹਾਲੀ ਦੀਆਂ ਸਾਜ਼ਿਸ਼ਾਂ ਤਹਿਤ ਮੁਸਲਮਾਨਾਂ ਤੇ ਦੂਜੀਆਂ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਖਿਲਾਫ਼ ਕੀਤੇ ਜਾ ਰਹੇ ਅਮਾਨਵੀ ਅੱਤਿਆਚਾਰਾਂ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਸਾਥੀ ਪਾਸਲਾ ਨੇ ਕਿਹਾ ਕਿ ਸੰਘ-ਭਾਜਪਾ ਦੇ ਅਸਲ ਕਿਰਦਾਰ ਨੂੰ ਸਮਝਣ ਲਈ ਉਂਨਾਓ (ਯੂ ਪੀ) ਦੀ ਨਾਬਾਲਿਗ ਲੜਕੀ ਦੇ ਬਲਾਤਕਾਰ ਅਤੇ ਉਸਦੇ ਸਾਰੇ ਟੱਬਰ ਨੂੰ ਮਾਰ ਮੁਕਾਉਣ ਵਾਲੀ ਘਟਨਾ ਹੀ ਕਾਫੀ ਹੈ। ਆਰ.ਐਮ.ਪੀ.ਆਈ. ਭਾਰਤ ਦੀ ਸਰਵਉਚ ਅਦਾਲਤ ਦੇ ਉਸ ਫੈਸਲੇ ਦਾ ਸਵਾਗਤ ਕਰਦੀ ਹੈ ਜਿਸ ਵਿਚ ਇਸ ਕੇਸ ਨੂੰ ਦਿੱਲੀ ਵਿਖੇ ਤਬਦੀਲ ਕਰਨ ਅਤੇ 45 ਦਿਨਾਂ ਦੇ ਅੰਦਰ ਅੰਦਰ ਇਸ ਦਾ ਨਬੇੜਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਥੀ ਪਾਸਲਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਫਿਰਕੂ-ਫਾਸ਼ੀ ਵਿਚਾਰਧਾਰਾ ਅਤੇ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਖਾਤਮੇ ਲਈ ਸੰਘਰਸ਼ਾਂ ਦੇ ਪਿੜ ਮੱਲਣ।

Saturday, 27 July 2019

ਬੱਝਵੇਂ ਜਨਤਕ ਸੰਘਰਸ਼ ਦਾ ਸੱਦਾ














ਕਿਰਤੀ ਲੋਕਾਂ ਦਾ ਏਕਾ-ਜ਼ਿੰਦਾਬਾਦ!
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਵਲੋਂ 
* ਬਿਜਲੀ ਦੀਆਂ ਦਰਾਂ ਘਟਾਉਣ ਲਈ
 
** ਧਰਤੀ ਹੇਠਲਾ ਪਾਣੀ ਬਚਾਉਣ ਲਈ
 
ਬੱਝਵੇਂ ਜਨਤਕ ਸੰਘਰਸ਼ ਦਾ ਸੱਦਾ
 
ਪੰਜਾਬਵਾਸੀ ਭੈਣੋਂ ਤੇ ਭਰਾਓ,
ਅੱਜ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਦੇਸ਼ ਦੀ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਕਿਰਤੀ ਲੋਕਾਂ ਨੂੰ ਦੋਹੀਂ ਹੱਥੀਂ ਲੁੱਟ ਰਹੀਆਂ ਹਨ। ਕੇਂਦਰ ਵਿਚਲੀ ਮੋਦੀ ਸਰਕਾਰ ਨੇ, ਦੁਬਾਰਾ ਸੱਤਾ ਸੰਭਾਲਦੇ ਸਾਰ ਹੀ, ਇਕ ਪਾਸੇ ਕਾਰਪੋਰੇਟ ਪੱਖੀ ਆਰਥਕ ਨੀਤੀਆਂ ਨੂੰ ਹੋਰ ਤਿੱਖਾ ਕਰ ਦਿੱਤਾ ਹੈ ਅਤੇ ਦੂਜੇ ਪਾਸੇ ਆਰ.ਐਸ.ਐਸ. ਦੇ ਫਿਰਕੂ ਫਾਸ਼ੀਵਾਦੀ ਮਨਸੂਬਿਆਂ ਨੂੰ ਅਮਲੀ ਰੂਪ ਦੇਣ ਵਾਸਤੇ ਕਈ ਤਰ੍ਹਾਂ ਦੀਆਂ ਨਵੀਆਂ ਗੋਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਦੇ ਫਲਸਰੂਪ ਆਮ ਲੋਕਾਂ ਦੀਆਂ ਮਹਿੰਗਾਈ, ਬੇਰੁਜ਼ਗਾਰੀ, ਕੁਪੋਸ਼ਨ ਤੇ ਭਰਿਸ਼ਟਾਚਾਰ ਵਰਗੀਆਂ ਮੁਸੀਬਤਾਂ ਸਪੱਸ਼ਟ ਰੂਪ ਵਿਚ ਵਧੀਆਂ ਹਨ ਅਤੇ ਖੇਤੀ ਸੰਕਟ ਦੀ ਤਰਾਸਦੀ ਵੀ ਹੋਰ ਵਧੇਰੇ ਗੰਭੀਰ ਰੂਪ ਧਾਰਨ ਕਰਦੀ ਦਿਖਾਈ ਦਿੰਦੀ ਹੈ। ਇਸ ਸਰਕਾਰ ਵਲੋਂ ਸਾਲ 2019-20 ਲਈ ਪੇਸ਼ ਕੀਤੇ ਗਏ ਬਜਟ ਵਿਚ ਆਮ ਲੋਕਾਂ ਨਾਲ ਸਬੰਧਤ ਇਹ ਸਾਰੇ ਹੀ ਮੁੱਦੇ ਅਸਲੋਂ ਹੀ ਅਣਡਿੱਠ ਕਰ ਦਿੱਤੇ ਗਏ ਹਨ। ਇਸ ਨਾਲ ਕਿਰਤੀ ਲੋਕਾਂ ਦੀਆਂ ਸਮਾਜਿਕ-ਆਰਥਕ ਤੰਗੀਆਂ ਤੁਰਸ਼ੀਆਂ ਵਿਚ ਲਾਜ਼ਮੀ ਹੋਰ ਵਾਧਾ ਹੋਵੇਗਾ।
ਦੂਜੇ ਪਾਸੇ ਮੋਦੀ ਸਰਕਾਰ ਦੇ ਦੁਬਾਰਾ ਬਣਨ ਨਾਲ, ਆਰ.ਐਸ.ਐਸ. ਦੇ ਸ਼ਿਸ਼ਕੇਰੇ ਹੋਏ ਫਿਰਕੂ ਫਾਸ਼ੀਵਾਦੀ ਤੱਤਾਂ ਦੀ ਬੁਰਛਾਗਰਦੀ ਨੂੰ ਵੀ ਨਵਾਂ ਹੁਲਾਰਾ ਮਿਲਿਆ ਹੈ। ਅੱਜ ਦੇਸ਼ ਭਰ ਵਿਚ ਘਟਗਿਣਤੀਆਂ ਨਾਲ ਸਬੰਧਤ ਲੋਕਾਂ, ਦਲਿਤਾਂ ਅਤੇ ਗਰੀਬਾਂ ਉਪਰ ਭੀੜਤੰਤਰ ਵਲੋਂ ਅਕਹਿ ਤੇ ਅਸਹਿ ਜ਼ੁਲਮ ਸ਼ਰੇਆਮ ਢਾਏ ਜਾ ਰਹੇ ਹਨ। ਜਿਸ ਨਾਲ ਏਥੇ ਭੈਅ ਅਤੇ ਅਸਹਿਨਸ਼ੀਲਤਾ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਜਿਹੜਾ ਕਿ, ਭਵਿੱਖ ਵਿਚ, ਦੇਸ਼ ਵਾਸੀਆਂ ਲਈ ਨਵੀਆਂ ਮੁਸੀਬਤਾਂ ਨੂੰ ਜਨਮ ਦੇਵੇਗਾ। ਕੇਂਦਰ ਸਰਕਾਰ ਦੇ ਇਹਨਾਂ ਦੋਵਾਂ ਤਰ੍ਹਾਂ ਦੇ ਹਮਲਿਆਂ ਵਿਰੁੱਧ ਜਾਗਰੂਕ ਹੋਣ ਅਤੇ ਜਥੇਬੰਦ ਹੋ ਕੇ ਵਿਸ਼ਾਲ ਜਨਤਕ ਪ੍ਰਤੀਰੋਧ ਦੀ ਲਹਿਰ ਖੜੀ ਕਰਨ ਦੀ ਅੱਜ ਭਾਰੀ ਲੋੜ ਹੈ।
ਪੰਜਾਬ ਸਰਕਾਰ ਵਲੋਂ ਬਿਜਲੀ ਰਾਹੀਂ ਲੋਕਾਂ ਦੀ ਲੁੱਟ
ਇਸ ਦੇ ਨਾਲ ਹੀ, ਰਾਜ ਸਰਕਾਰਾਂ ਦੀਆਂ ਲੋਕਾਂ ਨੂੰ ਲੁੱਟਣ ਵਾਲੀਆਂ ਨੀਤੀਆਂ ਵਿਰੁੱਧ ਵੀ ਅੱਜ ਸ਼ਕਤੀਸ਼ਾਲੀ ਸੰਘਰਸ਼ ਵਿੱਢਣ ਦੀ ਭਾਰੀ ਲੋੜ ਹੈ। ਪੰਜਾਬ ਦੀ ਕੈਪਟਨ ਸਰਕਾਰ ਵਲੋਂ ਚੋਣਾਂ ਸਮੇਂ ਲੋਕਾਂ ਨੂੰ ਰਾਹਤ ਦੇਣ ਲਈ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਥਾਂ, ਉਲਟਾ ਲੋਕਾਂ ਦੀ ਨੰਗੀ ਚਿੱਟੀ ਲੁੱਟ ਆਰੰਭ ਕਰ ਦਿੱਤੀ ਗਈ ਹੈ। ਬਿਜਲੀ ਦੀਆਂ ਵਾਰ ਵਾਰ ਦਰਾਂ ਵਧਾਕੇ ਕੀਤੀ ਜਾਂਦੀ ਲੁੱਟ ਇਸ ਦੀ ਬਹੁਤ ਹੀ ਉਭਰਵੀਂ ਉਦਾਹਰਣ ਹੈ। ਸਰਪਲਸ ਬਿਜਲੀ ਪੈਦਾ ਕਰਨ ਵਾਲੇ ਪੰਜਾਬ ਅੰਦਰ, ਬਿਜਲੀ ਦੀਆਂ ਦਰਾਂ, ਹਰ ਤਰ੍ਹਾਂ ਦੇ ਖਪਤਕਾਰਾਂ ਲਈ, ਗੁਆਂਢੀ ਸੂਬਿਆਂ ਨਾਲੋਂ ਪਹਿਲਾਂ ਹੀ ਵੱਧ ਸਨ। ਇਸਦੇ ਬਾਵਜੂਦ ਲੋਕ ਸਭਾ ਚੋਣਾਂ ਤੋਂ ਬਾਅਦ ਇਹਨਾਂ ਦਰਾਂ ਵਿਚ 8 ਫੀਸਦੀ ਦਾ ਹੋਰ ਵਾਧਾ ਕੀਤਾ ਗਿਆ ਹੈ। ਇਸ ਪੱਖੋਂ ਰਾਜ ਸਰਕਾਰ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ ਅਤੇ ਬਿਜਲੀ ਪੈਦਾ ਕਰਨ ਤੇ ਹੁੰਦੇ ਖਰਚ ਨਾਲੋਂ ਕਈ ਗੁਣਾਂ ਵੱਧ ਕਮਾਈ ਕਰ ਰਹੀ ਹੈ। ਏਥੇ ਬਿਜਲੀ ਯੂਨਿਟ ਦੀ ਕੀਮਤ (ਖਪਤ ਦੇ ਵੱਖ ਵੱਖ ਸਲੈਬਾਂ ਅਨੁਸਾਰ) ਘੱਟੋ ਘੱਟ 4.91 ਰੁਪਏ ਤੋਂ ਲੈ ਕੇ 500 ਯੂਨਿਟ ਤੋਂ ਵੱਧ ਖਪਤ ਲਈ 7.33 ਰੁਪਏ ਪ੍ਰਤੀ ਯੂਨਿਟ ਹੈ ਅਤੇ ਉਸ ਉਪਰ 1.31 ਰੁਪਏ ਪ੍ਰਤੀ ਯੂਨਿਟ ਟੈਕਸ ਲਾ ਕੇ ਬਿਜਲੀ 8.46 ਰੁਪਏ ਪ੍ਰਤੀ ਯੂਨਿਟ ਵੇਚੀ ਜਾਂਦੀ ਹੈ। ਜਦੋਂਕਿ ਹਰਿਆਣਾ ਵਿਚ ਬਿਜਲੀ ਦੀਆਂ ਪ੍ਰਤੀ ਯੂਨਿਟ ਦਰਾਂ 2.00 ਰੁਪਏ ਤੋਂ 4.68 ਰੁਪਏ ਵਿਚਕਾਰ ਹਨ। ਦਿੱਲੀ ਦੀ ਸਰਕਾਰ ਨੇ ਤਾਂ ਬਿਜਲੀ ਦੀਆਂ ਦਰਾਂ 32% ਘਟਾ ਦਿੱਤੀਆਂ ਹਨ। ਅਤੇ, ਉਥੇ ਹੁਣ 200 ਯੂਨਿਟ ਦੀ ਖਪਤ ਤੱਕ 3 ਰੁਪਏ ਪ੍ਰਤੀ ਯੂਨਿਟ, 200 ਤੋਂ 400 ਯੂਨਿਟ ਦੀ ਖਪਤ ਲਈ 4.50 ਰੁਪਏ ਪ੍ਰਤੀ ਯੂਨਿਟ ਅਤੇ 400 ਤੋਂ 800 ਯੂਨਿਟ ਦੀ ਖਪਤ ਕਰਨ 'ਤੇ 6.50 ਰੁਪਏ ਪ੍ਰਤੀ ਯੁਨਿਟ ਚਾਰਜ ਕੀਤੇ ਜਾਂਦੇ ਹਨ। ਜੰਮੂ-ਕਸ਼ਮੀਰ ਵਿਚ ਵੀ ਬਿਜਲੀ ਦੀ ਕੀਮਤ ਘੱਟ ਤੋਂ ਘੱਟ 1.54 ਰੁਪਏ ਪ੍ਰਤੀ ਯੂਨਿਟ ਹੈ ਅਤੇ ਵੱਧ ਤੋਂ ਵੱਧ 3.20 ਰੁਪਏ ਪ੍ਰਤੀ ਯੁਨਿਟ ਹੈ। ਏਸੇ ਤਰ੍ਹਾਂ ਹੀ ਹਿਮਾਚਲ ਪ੍ਰਦੇਸ਼ ਵਿਚ ਵੀ ਪੰਜਾਬ ਦੇ ਟਾਕਰੇ ਵਿਚ ਬਿਜਲੀ ਦੀਆਂ ਦਰਾਂ ਬਹੁਤ ਹੀ ਘੱਟ ਹਨ।
ਇਹਨਾਂ ਉਪਰੋਕਤ ਦਰਾਂ ਤੋਂ ਇਲਾਵਾ ਬਿਜਲੀ ਦੀ ਵਰਤੋਂ ਉਪਰ ਉਤਪਾਦਨ ਟੈਕਸ ਵੀ ਵਸੂਲਿਆ ਜਾਂਦਾ ਹੈ। ਇਹ ਟੈਕਸ ਪੰਜਾਬ ਵਿਚ ਦੇਸ਼ ਭਰ ਵਿਚ ਸਭ ਤੋਂ ਵੱਧ, 20% ਹੈ। ਜਦੋਂਕਿ ਗੁਜਰਾਤ ਵਿਚ ਇਹ ਟੈਕਸ 1% , ਹਿਮਾਚਲ ਵਿਚ 4%, ਹਰਿਆਣਾ ਵਿਚ 2%, ਪੱਛਮੀ ਬੰਗਾਲ ਵਿਚ 1%, ਤਾਮਿਲਨਾਡੂ ਵਿਚ 2% ਅਤੇ ਪੂਡੂਚੇਰੀ, ਲਕਸ਼ਦੀਪ, ਅੰਡੇਮਾਨ-ਨਿਕੋਬਾਰ, ਦਾਦਰਾ-ਨਗਰ ਹਵੇਲੀ ਅਤੇ ਮੀਜ਼ੋਰਾਮ ਵਿਚ ਘਰੇਲੂ ਖਪਤ ਦੀ ਬਿਜਲੀ ਉਪਰ ਕੋਈ ਟੈਕਸ ਨਹੀਂ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਢਾਂਚਾਗਤ ਸੈਸ ਤੇ ਗਊ ਸੈਸ ਵਰਗੇ ਹੋਰ ਟੈਕਸਾਂ ਰਾਹੀਂ ਵੀ ਬਿਜਲੀ ਬਿੱਲਾਂ ਵਿਚ ਚੋਖਾ ਵਾਧਾ ਕੀਤਾ ਗਿਆ ਹੈ। ਸਰਕਾਰ ਵਲੋਂ ਹਰ ਵਰਗ ਦੇ ਖਪਤਕਾਰਾਂ ਦੀਆਂ ਜੇਬਾਂ 'ਤੇ ਮਾਰੇ ਜਾ ਰਹੇ ਇਸ ਦਿਨ-ਦੀਵੀ ਡਾਕੇ ਲਈ, ਰਾਜ ਸਰਕਾਰ ਵਲੋਂ ਬਿਜਲੀ ਪੈਦਾ ਕਰਨ ਵਾਲੀਆਂ ਪ੍ਰਾਈਵੇਟ ਕੰਪਨੀਆਂ ਨਾਲ ਕਮੀਸ਼ਨਾਂ ਲੈ ਕੇ ਕੀਤੇ ਗਏ ਲੋਕ ਮਾਰੂ ਤੇ ਦੇਸ਼ ਧਰੋਹੀ ਸਮਝੌਤੇ ਵੀ ਸਿੱਧੇ ਤੌਰ 'ਤੇ ਜੁੰਮੇਵਾਰ ਹਨ। ਸਰਕਾਰੀ ਖੇਤਰ ਦੇ ਥਰਮਲ ਪਲਾਂਟਾਂ ਨੂੰ ਤਾਂ ਸਰਕਾਰ ਬੰਦ ਕਰ ਰਹੀ ਹੈ, ਜਿਹੜੇ ਕਿ ਸਸਤੀ ਬਿਜਲੀ ਪੈਦਾ ਕਰਦੇ ਹਨ। ਇਸ ਸਰਕਾਰ ਨੇ ਬਠਿੰਡੇ ਦਾ ਥਰਮਲ ਪਲਾਂਟ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ, ਜਦੋਂਕਿ ਇਕ ਸਾਲ ਪਹਿਲਾਂ ਹੀ ਇਸ ਪਲਾਂਟ ਦੀ ਮੁਰੰਮਤ ਆਦਿ (Renovation) ਉਪਰ 500 ਕਰੋੜ ਰੁਪਏ ਖਰਚ ਕੀਤੇ ਗਏ ਸਨ। ਪ੍ਰੰਤੂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਸਮਝੌਤਿਆਂ ਅਧੀਨ ਕੰਪਨੀਆਂ ਨੂੰ ਅਣਵਰਤੀ ਬਿਜਲੀ ਲਈ ਵੀ ਗਾਰੰਟੀਸ਼ੁਦਾ ਰਕਮਾਂ ਅਦਾ ਕੀਤੀਆਂ ਜਾ ਰਹੀਆਂ ਹਨ, ਅਤੇ ਇਹ ਭਾਰ ਖਪਤਕਾਰਾਂ ਤੇ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਬਿਜਲੀ ਬੋਰਡ ਨੂੰ ਭੰਗ ਕਰਕੇ ਬਣਾਈ ਗਈ ਪਾਵਰਕਾਮ ਕੰਪਨੀ ਅੰਦਰ ਫੈਲਿਆ ਹੋਇਆ ਭਰਿਸ਼ਟਾਚਾਰ, ਉਸਦੀ ਕਾਰਜਕੁਸ਼ਲਤਾ ਦਾ ਨਿਘਾਰ ਅਤੇ ਵੱਡੇ ਵੱਡੇ ਅਫਸਰਾਂ ਤੇ ਕਾਰਖਾਨੇਦਾਰਾਂ ਵਲੋਂ ਕੀਤੀ ਜਾ ਰਹੀ ਬਿਜਲੀ ਦੀ ਚੋਰੀ ਵੀ ਲੋਕਾਂ ਦੀ ਇਸ ਜ਼ਾਲਮਾਨਾ ਲੁੱਟ ਵਿਚ ਵਾਧਾ ਕਰ ਰਹੀ ਹੈ। ਸ਼ਰੇਆਮ ਕੀਤੀ ਜਾ ਰਹੀ ਇਸ ਲੁੱਟ ਨੂੰ ਖਤਮ ਕਰਾਉਣ ਲਈ ਵੀ ਲੋਕਾਂ ਦੇ ਸ਼ਕਤੀਸ਼ਾਲੀ, ਬੱਝਵੇਂ ਤੇ ਨਿਰੰਤਰ ਦਬਾਅ ਦੀ ਭਾਰੀ ਲੋੜ ਹੈ।
 
ਧਰਤੀ ਹੇਠਲੇ ਪਾਣੀ ਦੀ ਰਾਖੀ ਲਈ ਲਾਮਬੰਦ ਹੋਣ ਦੀ ਲੋੜਪੰਜ ਦਰਿਆਵਾਂ ਦੀ ਧਰਤੀ ਵਜੋਂ ਸੰਸਾਰ ਪ੍ਰਸਿੱਧ, ਪੰਜਾਬ ਅੰਦਰ ਅੱਜ ਪਾਣੀ ਦੋਹਰੇ ਹਮਲੇ ਦਾ ਸ਼ਿਕਾਰ ਹੋਇਆ ਪਿਆ ਹੈ। ਏਥੇ ਇਕ ਪਾਸੇ  ਧਰਤੀ ਹੇਠਲਾ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਇਸਨੂੰ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਕੀਤਾ ਜਾ ਚੁੱਕਾ ਹੈ। ਮਾਹਰਾਂ ਦੀ ਰਾਏ ਹੈ ਕਿ ਧਰਤੀ ਹੇਠਲਾ ਪਾਣੀ ਪਿਛਲੇ ਲਗਭਗ 4 ਦਹਾਕਿਆਂ ਤੋਂ ਹਰ ਸਾਲ ਘੱਟੋ ਘੱਟ ਇਕ ਮੀਟਰ ਥੱਲੇ ਜਾ ਰਿਹਾ ਹੈ। ਏਸੇ ਲਈ ਸੂਬੇ ਦੇ 138 ਬਲਾਕਾਂ ਵਿਚ 105 ਬਲਾਕਾਂ ਨੂੰ ਡਾਰਕ ਜ਼ੋਨ ਐਲਾਨਿਆ ਜਾ ਚੁੱਕਾ ਹੈ, ਭਾਵ ਇਹਨਾਂ ਵਿਚ ਧਰਤੀ ਹੇਠਲੇ ਪਾਣੀ ਨੂੰ ਕੱਢਣ ਦੀ ਮਨਾਹੀ ਕਰ ਦਿੱਤੀ ਗਈ ਹੈ। ਮਾਹਰਾਂ ਦੀ ਇਹ ਰਾਏ ਵੀ ਹੈ ਕਿ ਜੇਕਰ ਧਰਤੀ ਹੇਠਲੇ ਪਾਣੀ ਦੀ ਅਜੋਕੀ ਦੁਰਵਰਤੋਂ ਜਾਰੀ ਰਹੀ ਤਾਂ 5 ਸਾਲਾਂ ਵਿਚ ਅਜੋਕਾ ਹਰਾ ਭਰਾ ਪੰਜਾਬ ਰੇਗਿਸਤਾਨ ਬਣ ਸਕਦਾ ਹੈ। ਇਕ ਹੋਰ ਸਰਵੇਖਣ ਅਨੁਸਾਰ ਲਗਭਗ ਅਗਲੇ 2-3 ਵਰ੍ਹਿਆਂ ਦੌਰਾਨ ਹੀ ਦੇਸ਼ ਦੇ 21 ਸ਼ਹਿਰਾਂ ਲਈ ਧਰਤੀ ਹੇਠਲੇ ਪਾਣੀ ਦੀ ਕਿੱਲਤ ਉਸੇ ਤਰ੍ਹਾਂ ਪੈਦਾ ਹੋ ਜਾਵੇਗੀ, ਜਿਸ ਤਰ੍ਹਾਂ ਇਸ ਵਾਰ ਚਨਈ ਤੇ ਮਰਾਠਵਾੜਾ ਦੇ ਕਈ ਇਲਾਕਿਆਂ ਵਿਚ ਹੋਇਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ 21 ਸ਼ਹਿਰਾਂ ਵਿਚੋਂ 5-ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਟਿਆਲਾ ਪੰਜਾਬ ਦੇ ਸ਼ਹਿਰ ਹਨ। ਪ੍ਰੰਤੂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਰਾਜ ਸਰਕਾਰ ਵਲੋਂ, ਪੰਜਾਬ ਦੀ ਇਸ ਭਵਿੱਖੀ ਤਰਾਸਦੀ ਨੂੰ ਰੋਕਣ ਵਾਸਤੇ ਲੋੜੀਂਦੇ ਕਦਮ, ਸੁਹਿਰਦਤਾ ਸਹਿਤ ਨਹੀਂ ਪੁੱਟੇ ਜਾ ਰਹੇ। ਬਾਰਸ਼ ਦਾ ਪਾਣੀ ਰੀਚਾਰਜ ਕਰਨ ਲਈ ਏਥੇ ਕੋਈ ਠੋਸ ਪ੍ਰਾਜੈਕਟ ਨਹੀਂ ਬਣਾਏ ਜਾ ਰਹੇ। ਅਤੇ, ਨਾ ਹੀ ਨਹਿਰੀ ਸਿੰਚਾਈ ਨੂੰ ਵਧਾਇਆ ਜਾ ਰਿਹਾ ਹੈ। ਅਪਰ ਬਾਰੀ ਦੁਆਬ ਨਹਿਰ (UBDC) ਜਿਹੜੀ ਕਿ ਸਮੁੱਚੇ ਮਾਝੇ ਦੇ ਜ਼ਿਲ੍ਹਿਆਂ ਲਈ ਵਰਦਾਨ ਸਿੱਧ ਹੋ ਰਹੀ ਸੀ, ਤਕਰੀਬਨ ਸਾਰਾ ਸਾਲ ਸੁੱਕੀ ਪਈ ਰਹਿੰਦੀ ਹੈ। ਅਤੇ, ਇਸ ਨਹਿਰ ਦਾ ਲਗਭਗ ਅੱਧ ਭਾਵ ਰੋਜ਼ਾਨਾ 4000 ਕਿਊਸਿਕ ਪਾਣੀ ਭੀਮਪੁਰ (ਬਾਗਿਆਨ) ਦੇ ਸਥਾਨ 'ਤੇ ਬਿਆਸ ਦਰਿਆ ਵਿਚ ਸੁੱਟਕੇ ਪਾਕਿਸਤਾਨ ਨੂੰ ਅਜਾਈਂ ਭੇਜ ਦਿੱਤਾ ਜਾਂਦਾ ਹੈ।
ਸ਼ਹਿਰੀਕਰਨ ਵੱਧਣ ਕਾਰਨ ਪੀਣ ਲਈ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਦੀ ਮਜ਼ਬੂਰੀ ਤਾਂ ਸਮਝ ਆ ਸਕਦੀ ਹੈ ਪ੍ਰੰਤੂ ਝੋਨੇ ਦੀ ਫਸਲ ਪਾਲਣ ਵਾਸਤੇ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਹੁਣ ਇਕ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਇਸ ਮੰਤਵ ਲਈ ਲਗਾਏ ਗਏ ਟਿਊਬਵੈਲਾਂ ਦੀ ਗਿਣਤੀ ਹੀ 14 ਲੱਖ ਦੇ ਕਰੀਬ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਨੁਮਾਨਾਂ ਅਨੁਸਾਰ, ਇਸ ਤਰ੍ਹਾਂ, ਪੰਜਾਬ ਅੰਦਰ ਹਰ ਸਾਲ 35.78 ਬਿਲੀਅਨ ਕਿਊਸਕ ਫੁੱਟ ਪਾਣੀ ਧਰਤੀ 'ਚੋਂ ਕੱਢਿਆ ਜਾ ਰਿਹਾ, ਜਦੋਂ ਕਿ ਏਥੇ ਸਿਰਫ 21.58 ਬਿਲੀਅਨ ਕਿਊਸਿਕ ਫੁੱਟ ਪਾਣੀ ਹੀ ਧਰਤੀ ਅੰਦਰ ਰੀਚਾਰਜ ਹੁੰਦਾ ਹੈ। ਝੋਨੇ ਦੀ ਥਾਂ ਕਿਸੇ ਹੋਰ ਭਰੋਸੇਯੋਗ ਫਸਲ ਨੂੰ ਅਪਨਾਉਣ ਪੱਖੋਂ ਵੀ ਸਰਕਾਰ ਦੀ ਅਣਗਹਿਲੀ ਮੁਜ਼ਰਮਾਨਾ ਰੂਪ ਧਾਰਨ ਕਰ ਚੁੱਕੀ ਹੈ।
ਦੂਜੇ ਪਾਸੇ ਸਰਕਾਰ ਨੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਫ਼ਤ ਸਪਲਾਈ ਕਰਨ ਦੀ ਜ਼ੁੰਮੇਵਾਰੀ ਤਾਂ ਵੱਡੀ ਹੱਦ ਤੱਕ ਤਿਆਗ ਹੀ ਦਿੱਤੀ ਹੈ। ਇਹ ਪਾਣੀ ਹੁਣ ਕੋਕਾ ਕੋਲਾ/ਪੈਪਸੀ ਵਰਗੀਆਂ ਵੱਡ ਆਕਾਰੀ ਕੰਪਣੀਆਂ ਦੇ ਅਥਾਹ ਮੁਨਾਫੇ ਦਾ ਸਰੋਤ ਬਣ ਗਿਆ ਹੈ। ਅਤੇ, ਉਹ ਇਸ ਨੂੰ ਬੋਤਲਾਂ ਵਿਚ ਜਾਂ ਪਲਾਸਟਿਕ ਦੇ ਕੱਪਾਂ/ਲਿਫਾਫਿਆਂ ਵਿਚ ਬੰਦ ਕਰਕੇ ਮੂੰਹੋਂ ਮੰਗੇ ਭਾਅ 'ਤੇ ਵੇਚਦੇ ਹਨ। ਆਮ ਲੋਕੀਂ ਤਾਂ ਪ੍ਰਦੂਸ਼ਤ ਪਾਣੀ ਪੀਣ ਲਈ ਮਜ਼ਬੂਰ ਹਨ ਅਤੇ ਜਾਂ ਫਿਰ ਮਹਿੰਗੇ ਭਾਅ 'ਤੇ ਆਰ.ਓ. ਖਰੀਦ ਰਹੇ ਹਨ। ਪ੍ਰਦੂਸ਼ਿਤ ਪਾਣੀ ਪੀਣ ਨਾਲ ਲੋਕ ਕੈਂਸਰ ਤੇ ਕਾਲੇ ਪੀਲੀਏ ਵਰਗੀਆਂ ਮਾਰੂ ਬਿਮਾਰੀਆਂ ਅਤੇ ਹੋਰ ਹਨੇਕਾਂ ਮੌਸਮੀ ਬਿਮਾਰੀਆਂ ਦੇ ਸ਼ਿਕਾਰ ਬਣ ਰਹੇ ਹਨ। ਪਾਣੀ ਦੇ ਇਸ ਵੱਧ ਰਹੇ ਪ੍ਰਦੂਸ਼ਨ ਲਈ ਇਕ ਹੱਦ ਤੱਕ ਖੇਤੀ ਵਿਚ ਵਰਤੀਆਂ ਜਾਂਦੀਆਂ ਜ਼ਹਿਰੀਲੀਆਂ ਕੀੜੇਮਾਰ ਤੇ ਨਦੀਨਨਾਸ਼ਕ ਦਵਾਈਆਂ ਵੀ ਜ਼ੁੰਮੇਵਾਰ ਹਨ, ਪ੍ਰੰਤੂ ਇਸ ਦਾ ਮੁੱਖ ਸਰੋਤ ਕਾਰਖਾਨਿਆਂ ਦਾ ਤੇ ਸ਼ਹਿਰਾਂ ਦਾ ਗੰਦਾ ਪਾਣੀ, ਬਿਨਾਂ ਟਰੀਟ ਕੀਤਿਆਂ, ਨਦੀਆਂ ਨਾਲਿਆਂ ਵਿਚ ਬਹਾਉਣਾ ਹੈ। ਇਸ ਪੱਖੋਂ ਵੀ ਸਰਕਾਰ ਪੂਰੀ ਤਰ੍ਹਾਂ ਘੋਗਲ ਕੰਨੀ ਹੋਈ ਬੈਠੀ ਹੈ ਅਤੇ ਪੰਜਾਬ ਨੂੰ ਇਕ ਪਾਸੇ, ਮਾਰੂਥਲ ਬਨਾਉਣ ਵੱਲ ਵੱਧ ਰਹੀ ਹੈ ਅਤੇ ਦੂਜੇ ਪਾਸੇ ਪ੍ਰਾਂਤ ਨੂੰ ਪ੍ਰਦੂਸ਼ਤ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਪ੍ਰਯੋਗਸ਼ਾਲਾ ਬਣਾ ਰਹੀ ਹੈ।
 
ਤਿੰਨ ਪੜਾਵੀ ਸੰਘਰਸ਼ ਦਾ ਐਲਾਨਇਸ ਪਿਛੋਕੜ ਵਿਚ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਨੇ, 4 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਇਕ ਵਿਸ਼ਾਲ ਕਨਵੈਨਸ਼ਨ ਕਰਕੇ, ਪ੍ਰਾਂਤ ਵਾਸੀਆਂ ਨੂੰ ਬਿਜਲੀ ਦੀ ਲੁੱਟ ਤੋਂ ਛੁਟਕਾਰਾ ਦਿਵਾਉਣ ਲਈ ਅਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ, ਨਿਮਨਲਿਖਤ ਅਨੁਸਾਰ ਤਿੰਨ ਪੜਾਵੀ ਸੰਘਰਸ਼ ਲਾਮਬੰਦ ਕਰਨ ਦਾ ਫੈਸਲਾ ਕੀਤਾ ਹੈ :-
 
ਪਹਿਲੇ ਪੜਾਅ 'ਤੇ : 15 ਤੋਂ 31 ਜੁਲਾਈ ਤੱਕ ਹਰ ਜ਼ਿਲ੍ਹੇ ਅੰਦਰ ਸੈਂਕੜੇ ਪਿੰਡਾਂ ਵਿਚ ਜਨਤਕ ਮੀਟਿੰਗਾਂ ਤੇ ਜਲਸੇ ਕਰਕੇ ਲੋਕਾਂ ਨੂੰ ਇਹਨਾਂ ਦੋਵਾਂ ਮੁੱਦਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਸ਼ਕਤੀਸ਼ਾਲੀ ਲੜਾਕੂ ਸੰਘਰਸ਼ ਲਈ ਤਿਆਰ ਕੀਤਾ ਜਾਵੇਗਾ।
 
ਦੂਜੇ ਪੜਾਅ 'ਤੇ : ਆਉਂਦੇ 5 ਅਗਸਤ ਤੋਂ 9 ਅਗਸਤ ਤੱਕ, ਨਿਮਨਲਿਖਤ ਵੇਰਵੇਂ ਅਨੁਸਾਰ, ਜ਼ਿਲ੍ਹਾ ਕੇਂਦਰਾਂ 'ਤੇ ਜਨਤਕ ਧਰਨੇ ਮਾਰੇ ਜਾਣਗੇ ਅਤੇ ਵਿਸ਼ਾਲ ਮੁਜ਼ਾਹਰੇ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ :
5 ਅਗਸਤ     :    ਗੁਰਦਾਸਪੁਰ, ਜਲੰਧਰ, ਬਰਨਾਲਾ, ਰੋਪੜ
6 ਅਗਸਤ     :    ਤਰਨ ਤਾਰਨ, ਹੁਸ਼ਿਆਰਪੁਰ, ਮੁਕਤਸਰ ਸਾਹਿਬ
7 ਅਗਸਤ     :     ਲੁਧਿਆਣਾ, ਮਾਨਸਾ, ਮੋਹਾਲੀ, ਫਾਜ਼ਿਲਕਾ
8 ਅਗਸਤ     :    ਅੰਮ੍ਰਿਤਸਰ, ਫਰੀਦਕੋਟ, ਸ਼ਹੀਦ ਭਗਤ ਸਿੰਘ ਨਗਰ
9. ਅਗਸਤ     :    ਪਟਿਆਲਾ, ਬਠਿੰਡਾ, ਸੰਗਰੂਰ, ਪਠਾਨਕੋਟ
 
ਪੱਕਾ ਮੋਰਚਾਇਸ ਤੋਂ ਉਪਰੰਤ ਇਸ ਸੰਘਰਸ਼ ਦੇ ਤੀਜੇ ਪੜਾਅ ਵਜੋਂ : ਸਤੰਬਰ ਮਹੀਨੇ ਦੇ ਪਹਿਲੇ ਹਫਤੇ ਵਿਚ ਮੁੱਖ ਮੰਤਰੀ ਦੇ ਸ਼ਹਿਰ ਤੇ ਬਿਜਲੀ ਕਾਰਪੋਰੇਸ਼ਨ ਦੇ ਮੁੱਖ ਦਫਤਰ, ਪਟਿਆਲਾ ਵਿਖੇ ਦਿਨ ਰਾਤ ਦਾ ਧਰਨਾ ਮਾਰਕੇ ਪੱਕਾ ਮੋਰਚਾ ਲਾਇਆ ਜਾਵੇਗਾ ਅਤੇ ਜਨਤਕ ਦਬਾਅ ਰਾਹੀਂ ਨਿਮਨ ਲਿਖਤ ਮੰਗਾਂ ਪ੍ਰਵਾਨ ਕਰਨ ਲਈ ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇਗਾ।
ਸਾਡੀਆਂ ਮੰਗਾਂ
- ਬਿਜਲੀ ਦੀ ਲੁੱਟ ਖਤਮ ਕਰਨ ਲਈ -
(i)     ਬਿਜਲੀ ਦੀਆਂ ਦਰਾਂ ਫੌਰੀ ਤੌਰ 'ਤੇ ਅੱਧੀਆਂ ਕੀਤੀਆਂ ਜਾਣ ਅਤੇ ਇਹਨਾਂ ਨੂੰ ਤਰਕਸੰਗਤ ਬਣਾਕੇ ਲਾਗਤ ਕੀਮਤ ਤੱਕ ਘਟਾਇਆ ਜਾਵੇ।
(ii)     ਬਿਜਲੀ ਬਿੱਲਾਂ ਤੇ ਲਾਏ ਜਾਂਦੇ ਹਰ ਪ੍ਰਕਾਰ ਦੇ ਟੈਕਸ ਤੇ ਸੈਸ ਖਤਮ ਕੀਤੇ ਜਾਣ।
(iii)     ਬਿਜਲੀ ਪੈਦਾ ਕਰਨ ਵਾਲੀਆਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਏ ਸਾਰੇ ਲੋਕ ਵਿਰੋਧੀ ਸਮਝੌਤੇ ਰੱਦ ਕੀਤੇ ਜਾਣ ਅਤੇ ਜਨਤਕ ਖੇਤਰ ਦੇ ਬੰਦ ਕੀਤੇ ਗਏ ਥਰਮਲ ਪਲਾਂਟ ਚਲਾਏ ਜਾਣ।
(iv)     ਬਿਜਲੀ ਬਿੱਲ ਖਪਤਕਾਰਾਂ ਨੂੰ ਹਰ ਮਹੀਨੇ ਜਾਰੀ ਕੀਤੇ ਜਾਣ ਅਤੇ ਦੋ ਮਹੀਨੇ ਦੀ ਮੌਜੂਦਾ ਸਾਈਕਲ ਪ੍ਰਣਾਲੀ ਖਤਮ ਕੀਤੀ ਜਾਵੇ।
(v)     ਪਣ-ਬਿਜਲੀ ਤੇ ਸੋਲਰ ਊਰਜਾ ਦੇ ਉਤਪਾਦਨ ਵਿਚ ਵਾਧਾ ਕੀਤਾ ਜਾਵੇ।
 
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ
(i)     ਨਹਿਰੀ ਸਿੰਚਾਈ ਵਿਚ ਵਾਧਾ ਕੀਤਾ ਜਾਵੇ, ਬੰਦ ਨਹਿਰਾਂ/ਸੂਇਆਂ ਦੀ ਪਹਿਲ ਦੇ ਆਧਾਰ 'ਤੇ ਸਫਾਈ ਕਰਕੇ ਉਹਨਾਂ ਨੂੰ ਚਾਲੂ ਕੀਤਾ ਜਾਵੇ।
(ii)     ਸਾਰੇ ਪ੍ਰਾਂਤ ਵਾਸੀਆਂ ਲਈ ਪੀਣ ਵਾਲੇ ਸਾਫ ਪਾਣੀ ਦੀ ਮੁਫ਼ਤ ਸਪਲਾਈ ਯਕੀਨੀ ਬਣਾਈ ਜਾਵੇ।
(iii)     ਸਮੁੱਚੇ ਦੇਸ਼ ਅੰਦਰਲੀ ਔਸਤ ਲਾਗਤ ਦੇ ਟਾਕਰੇ ਵਿਚ ਪੰਜਾਬ ਅੰਦਰ ਵਧੇਰੇ ਪਾਣੀ ਦੀ ਲਾਗਤ ਨਾਲ ਪੈਦਾ ਕੀਤੇ ਜਾਂਦੇ ਝੋਨੇ ਦੀ ਥਾਂ ਕਿਸਾਨਾ ਨੂੰ ਕਿਸੇ ਹੋਰ ਲਾਹੇਵੰਦੀ ਫਸਲ ਪੈਦਾ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਕੋਈ ਠੋਸ ਪਹੁੰਚ ਅਪਣਾਈ ਜਾਵੇ ਅਤੇ ਉਸ ਉਪਰ ਸੁਹਿਰਦਤਾ ਸਹਿਤ ਅਮਲ ਕੀਤਾ ਜਾਵੇ।
(iv)    ਬਾਰਸ਼ ਦੇ ਪਾਣੀ ਦੀ ਵੱਧ ਤੋਂ ਵੱਧ ਰੀਚਾਰਜਿੰਗ ਲਈ ਠੋਸ ਪ੍ਰਾਜੈਕਟ ਆਰੰਭੇ ਜਾਣ।
(v)     ਕਾਰਖਾਨੇਦਾਰਾਂ ਵਲੋਂ ਗੰਦੇ ਕੀਤੇ ਜਾਂਦੇ ਪਾਣੀ ਨੂੰ ਅਤੇ ਸ਼ਹਿਰਾਂ ਦੇ ਗੰਦੇ ਪਾਣੀ ਨੂੰ ਟਰੀਟ ਕਰਨਾ ਲਾਜ਼ਮੀ ਬਣਾਇਆ ਜਾਵੇ।
(vi)     ਸੇਮ ਨਾਲਿਆਂ ਦੀ ਸਫਾਈ ਕੀਤੀ ਜਾਵੇ।


ਨਿਵੇਦਕ :
ਮੰਗਤ ਰਾਮ ਪਾਸਲਾ                  ਰਤਨ ਸਿੰਘ ਰੰਧਾਵਾ                    ਹਰਕੰਵਲ ਸਿੰਘ            ਲਾਲ ਚੰਦ ਕਟਾਰੂਚੱਕ
ਜਨਰਲ ਸਕੱਤਰ                              ਪ੍ਰਧਾਨ                             ਸਕੱਤਰ                       ਵਿੱਤ ਸਕੱਤਰ
 

ਪੰਜਾਬ ਰਾਜ ਕਮੇਟੀ, ਆਰ.ਐਮ.ਪੀ.ਆਈ.