Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Tuesday, 14 April 2020

ਕਰੋਨਾਵਾਇਰਸ : ਚੁਣੌਤੀਆਂ ਭਰਪੂਰ ਭਵਿੱਖ

ਮੰਗਤ ਰਾਮ ਪਾਸਲਾ

 

ਕੁਦਰਤ ਵੱਲੋਂ ਸਵਰਗ ਦੇ ਰੂਪ ਵਿਚ ਸਿਰਜੀ ਗਈ ਧਰਤੀ ਅੱਜ ਜਾਨਲੇਵਾ ਬਿਮਾਰੀਆਂ, ਜੰਗਾਂ ਤੇ ਭੁੱਖਮਰੀ ਸਦਕਾ ਨਰਕ ਬਣੀ ਨਜ਼ਰ ਆ ਰਹੀ ਹੈ। ਇਸ ਵਰਤਾਰੇ ਲਈ ਅੰਸ਼ਿਕ ਤੌਰ ’ਤੇ ਮਨੁੱਖ ਆਪ ਵੀ ਜ਼ਿੰਮੇਵਾਰ ਹੈ। ਕਰੋਨਾਵਾਇਰਸ ਜਿਸਨੇ ਸੰਸਾਰ ਭਰ ਦੇ ਦੇਸ਼ਾਂ ਨੂੰ ਆਪਣੀ ਜਕੜ ਵਿਚ ਲਿਆ ਹੋਇਆ ਹੈ, ਨਾਲ ਹੁਣ ਤਕ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ ਹੋਰ ਲੱਖਾਂ ਲੋਕ ਇਸ ਰੋਗ ਨਾਲ ਪੀੜਤ ਹਨ। ਸਾਰੇ ਯਤਨਾਂ ਦੇ ਬਾਵਜੂਦ ਇਹ ਗਿਣਤੀ ਹੋਰ ਵਧਣ ਦੇ ਅਸਾਰ ਹਨ ਤੇ ਇਸ ਰੋਗ ਦੇ ਅਸਰਦਾਇਕ ਇਲਾਜ ਵਾਸਤੇ ਅਜੇ ਕੋਈ ਸਮਾਂ ਸੀਮਾ ਤੈਅ ਨਹੀਂ ਹੋ ਸਕੀ। ਆਮ ਲੋਕਾਂ ਦੇ ਨਾਲ ਨਾਲ ਦੁਨੀਆਂ ਦੇ ਅਮੀਰ ਤੇ ਪ੍ਰਭਾਵਸ਼ਾਲੀ ਲੋਕ ਵੀ ਇਸ ਦੀ ਲਪੇਟ ਵਿਚ ਹਨ। ਹਰ ਦੇਸ਼ ਦੀ ਸਰਕਾਰ ਆਪੋ ਆਪਣੇ ਵਿਤ ਅਨੁਸਾਰ ਇਸ ’ਤੇ ਕਾਬੂ ਪਾਉਣ ਦੇ ਯਤਨ ਜੁਟਾ ਰਹੀ ਹੈ। ਸਭ ਦੀ ਇੱਛਾ ਹੈ ਕਿ ਇਸ ਉਦੇਸ਼ ’ਚ ਜਲਦੀ ਕਾਮਯਾਬੀ ਮਿਲੇ ਤਾਂ ਕਿ ਮਨੁੱਖਤਾ ਨੂੰ ਇਸ ਤੀਸਰੇ ਮਹਾਂਯੁੱਧ ਵਰਗੇ ਪ੍ਰਕੋਪ ਤੋਂ ਬਚਾਇਆ ਜਾ ਸਕੇ।
ਮਹਾਂਮਾਰੀ ਦੇ ਸਿੱਟੇ ਵਜੋਂ ਆਉਣ ਵਾਲੇ ਦਿਨਾਂ ਅੰਦਰ ਸੰਸਾਰ ’ਚ ਵੱਡੀ ਆਰਥਿਕ ਮੰਦੀ ਦੀਆਂ ਭੱਵਿਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਭਾਵਿਤ ਵਿੱਤੀ ਸੰਕਟ ਦੀ ਮਾਤਰਾ ਘੱਟ ਵੱਧ ਹੋ ਸਕਦੀ ਹੈ, ਪਰ ਦੁਨੀਆਂ ਦਾ ਕੋਈ ਵੀ ਦੇਸ਼ ਇਸਦੀ ਮਾਰ ਤੋਂ ਅਛੂਤ ਨਹੀਂ ਰਹਿ ਸਕੇਗਾ। ਸਿੱਟੇ ਵਜੋਂ ਸੰਸਾਰ ਅੰਦਰ ਆਰਥਿਕ ਵਿਕਾਸ ਵਿਚ ਖੜੋਤ, ਬੇਰੁਜ਼ਗਾਰੀ ਤੇ ਭੁੱਖਮਰੀ ’ਚ ਵਾਧਾ ਅਤੇ ਆਮਦਨੀ ’ਚ ਸਭ ਤੋਂ ਹੇਠਲੀ ਕਤਾਰ ਦੇ ਲੋਕਾਂ ਲਈ ਵੱਡੀਆਂ ਦੁਸ਼ਵਾਰੀਆਂ ਸਪੱਸ਼ਟ ਨਜ਼ਰ ਆ ਰਹੀਆਂ ਹਨ। ਜਿਹੜੇ ਲੋਕ ਪਹਿਲਾਂ ਹੀ ਦਿਨੇ ਕਮਾਈ ਕਰਕੇ ਰਾਤ ਲਈ ਰੁੱਖੇ ਮਿੱਸੇ ਖਾਣੇ ਦਾ ਜੁਗਾੜ ਕਰਦੇ ਹਨ, ਇਸ ਸਥਿਤੀ ’ਚ ਉਨ੍ਹਾਂ ਦਾ ਮੁਸ਼ਕਲਾਂ ਭਰਿਆ ਜੀਵਨ ਕਿਹੋ ਜਿਹਾ ਹੋਵੇਗਾ, ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ? ਵਿਕਾਸਸ਼ੀਲ ਤੇ ਘੱਟ ਵਿਕਸਤ ਗ਼ਰੀਬ ਦੇਸ਼ਾਂ ਦੇ ਲੋਕਾਂ ’ਚ ਬੇਰੁਜ਼ਗਾਰੀ ਦੇ ਵਾਧੇ ਸਦਕਾ ਖ਼ਰੀਦ ਸ਼ਕਤੀ ’ਚ ਵੱਡੀ ਕਮੀ ਨਵੀਂ ਕਿਸਮ ਦੇ ਸਮਾਜਿਕ ਤਣਾਅ ਨੂੰ ਜਨਮ ਦੇ ਸਕਦੀ ਹੈ। ਅਜਿਹੀਆਂ ਪ੍ਰਸਥਿਤੀਆਂ ਅੰਦਰ ਸਮਾਜ ਅੰਦਰ ਵੱਡੀਆਂ ਤਬਦੀਲੀਆਂ ਦੀ ਦਸਤਕ ਸੁਣਾਈ ਦੇ ਰਹੀ ਹੈ। ਇਸ ਬੇਚੈਨੀ ਨੂੰ ਅਗਾਂਹ ਵਧੂ ਸ਼ਕਤੀਆਂ ਆਪਣੇ ਦਖਲ ਰਾਹੀਂ ਇਕ ਚੰਗੇਰੇ ਸਮਾਜ ਦੀ ਸਿਰਜਣਾ ਵਿਚ ਤਬਦੀਲ ਵੀ ਕਰ ਸਕਦੀਆਂ ਹਨ ਤੇ ਇਸ ਕੰਮ ਵਿਚ ਅਸਫਲ ਰਹਿਣ ਦੇ ਨਤੀਜੇ ਵਜੋਂ ਸੱਜੇ ਪੱਖੀ ਪਿਛਾਖੜੀ ਤਾਕਤਾਂ ਬਦਅਮਨੀ ਦੇ ਦੌਰ ’ਚ ‘ਫਾਸ਼ੀਵਾਦੀ ਨਿਜ਼ਾਮ’ ਨੂੰ ਜਨਮ ਵੀ ਦੇ ਸਕਦੀਆਂ ਹਨ। ਆਉਣ ਵਾਲਾ ਸਮਾਂ ਸੰਸਾਰ ਭਰ ਦੇ ਲੋਕਾਂ ਲਈ ਹਰ ਪੱਖ ਤੋਂ ਵੱਡੀਆਂ ਚੁਣੌਤੀਆਂ ਭਰਿਆ ਸਿੱਧ ਹੋਣ ਵਾਲਾ ਹੈ। ਸਾਡੇ ਲਈ ਇਸ ਤੋਂ ਵੀ ਵਧੇਰੇ ਫ਼ਿਕਰਮੰਦੀ ਦੀ ਗੱਲ ਇਹ ਹੈ ਕਿ ਅਜਿਹੇ ਮੁਸ਼ਕਿਲਾਂ ਭਰੇ ਦੌਰ ਦਾ ਮੁਕਾਬਲਾ ਕਰਨ ਲਈ ਕੇਂਦਰ ਸਰਕਾਰ ਨਾ ਤਾਂ ਪੂਰੀ ਤਰ੍ਹਾਂ ਸਮਰੱਥ ਜਾਪਦੀ ਹੈ ਤੇ ਨਾ ਉਸਨੂੰ ਆਪਣੀ ਇਸ ਕਮਜ਼ੋਰੀ ਦਾ ਅਹਿਸਾਸ ਨਜ਼ਰ ਆ ਰਿਹਾ ਹੈ। ਇਸ ਬਿਮਾਰੀ ਦਾ ਇਲਾਜ ਲੱਭਣ ਲਈ ਵਿਗਿਆਨਕ ਕਾਢਾਂ ਲਈ ਲੋੜੀਂਦੇ ਵਿੱਤੀ ਸਾਧਨ ਜੁਟਾਉਣ ਦੀ ਜ਼ਰੂਰਤ ਹੈ, ਜਿਸ ਬਾਰੇ ਅਜੇ ਤਕ ਮੋਦੀ ਸਰਕਾਰ ਨੇ ਕੋਈ ਸਪੱਸ਼ਟ ਵੇਰਵਾ ਨਹੀਂ ਦਿੱਤਾ।
ਸਾਡੇ ਸਰਕਾਰੀ ਹਸਪਤਾਲਾਂ ਦੀ ਹਾਲਤ ਸਭ ਦੇ ਸਾਹਮਣੇ ਹੈ, ਜਿੱਥੇ ਲੋੜੀਂਦੀਆਂ ਸਿਹਤ ਸੇਵਾਵਾਂ ਤੇ ਇਸ ਨਾਲ ਜੁੜੀਆਂ ਦੂਸਰੀਆਂ ਸਹੂਲਤਾਂ ਉਪਲੱਬਧ ਹੀ ਨਹੀਂ ਹਨ। ਲੌਕਡਾਊਨ ਕਾਰਨ ਵਿਹਲੇ ਹੋਏ ਕਰੋੜਾਂ ਕਿਰਤੀ ਜੋ ਗ਼ੈਰ ਜਥੇਬੰਦਕ ਖੇਤਰ ਵਿਚ ਕੰਮ ਕਰਦੇ ਹਨ, ਦੋ ਡੰਗ ਦੀ ਪੇਟ ਭਰਵੀਂ ਰੋਟੀ ਮਿਲਣ ਤੋਂ ਵੀ ਵਿਰਵੇ ਹੋ ਗਏ ਹਨ। ਵਿਹਲੇ ਬੈਠ ਕੇ ਉਹ ਆਪਣੇ ਪਰਿਵਾਰ ਦਾ ਪੇਟ ਕਿਵੇਂ ਭਰ ਸਕਣਗੇ, ਇਹ ਸਵਾਲ ਮੂੰਹ ਅੱਡੀ ਖੜ੍ਹਾ ਹੈ। ਛੋਟੀਆਂ ਸਨਅਤਾਂ, ਹੇਠਲੇ ਦਰਜੇ ਦੇ ਕਾਰੋਬਾਰੀ ਤੇ ਵਪਾਰੀ ਵੀ ਜਿਹੜੇ ਭਿਆਨਕ ਮੰਦੀ ਦੀ ਮਾਰ ਹੇਠ ਹਨ, ਕੇਂਦਰ ਸਰਕਾਰ ਵੱਲੋਂ ਵੱਡੀ ਵਿੱਤੀ ਸਹਾਇਤਾ ਦੀ ਆਸ ਲਾਈ ਬੈਠੇ ਹਨ। ਜਿਸਨੂੰ ਛੇਤੀ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ।
ਸਮਾਜ ਅੰਦਰ ਧਰਮ ਦੇ ਨਾਂ ’ਤੇ ਅੰਧ ਵਿਸ਼ਵਾਸ, ਵਹਿਮ ਤੇ ਪਿਛਾਖੜੀ ਵਿਚਾਰਧਾਰਾ ਫੈਲਾਉਣ ਦੀ ਤਾਕ ਵਿਚ ਬੈਠੇ ਗ਼ੈਰ ਸਮਾਜਿਕ ਤੇ ਗ਼ੈਰ-ਜ਼ਿੰਮੇਵਾਰ ਤੱਤਾਂ ਵੱਲੋਂ ਇਸ ਭਿਆਨਕ ਰੋਗ ਨੂੰ ਰੋਕਣ ਲਈ ‘ਗਊ ਦਾ ਮੂਤਰ ਤੇ ਗੋਹੇ ਦਾ ਸੇਵਨ’, ਕਥਿਤ ਧਰਮ ਗੁਰੂਆਂ ਵੱਲੋਂ ‘ਅਰਦਾਸਾਂ, ਧਾਰਮਿਕ ਇਕੱਠਾਂ ’ਚ ਨਮਾਜ਼ਾਂ ਤੇ ਅਰਜੋਈਆਂ ਰਾਹੀਂ ਟੱਲੀਆਂ ਖੜਕਾ ਕੇ’ ਇਸ ਬਿਮਾਰੀ ਉੱਪਰ ਕਾਬੂ ਪਾਉਣ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਬਿਮਾਰ ਮਾਨਸਿਕਤਾ ਜਿੱਥੇ ਭਾਰਤੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਅਜਿਹੇ ਗ਼ੈਰ ਜ਼ਿੰਮੇਵਾਰ ਤੇ ਅਸਮਾਜਿਕ ਤੱਤਾਂ ਦਾ ਪੂਰੀ ਤਾਕਤ ਨਾਲ ਵਿਰੋਧ ਕਰਨ ਦੀ ਜ਼ਰੂਰਤ ਹੈ।
ਇਹ ਸਮਾਂ ਇਹ ਬਹਿਸ ਕਰਨ ਦਾ ਨਹੀਂ ਹੈ ਕਿ ਇਸ ਮਾਰੂ ਰੋਗ ਦਾ ਸੋਮਾ ਕੀ ਹੈ ਜਾਂ ਇਸ ਲਈ ਕਿਹੜਾ ਦੇਸ਼ ਜ਼ਿੰਮੇਵਾਰ ਹੈ? ਇਸ ਮੁੱਦੇ ਬਾਰੇ ਹੋਰ ਵਧੇਰੇ ਖੋਜ ਦੀ ਲੋੜ ਹੈ ਤੇ ਸਮਾਂ ਪਾ ਕੇ ਇਸਦਾ ਸੱਚ ਵੀ ਸਾਹਮਣੇ ਆ ਜਾਵੇਗਾ, ਪਰ ਇਹ ਤੱਥ ਸਪੱਸ਼ਟ ਹੈ ਕਿ ਜਿਸ ਢੰਗ ਨਾਲ ਸੰਸਾਰ ਅੰਦਰ ਧਨਵਾਨ ਲੋਕ ਤੇ ਉਨ੍ਹਾਂ ਦੇ ਸਿਰਜੇ ਹੋਏ ਕਾਰਪੋਰੇਟ ਘਰਾਣੇ ਆਪਣੇ ਅੰਨ੍ਹੇ ਮੁਨਾਫ਼ਿਆਂ ਦੀ ਦੌੜ ਵਿਚ ਕੁਦਰਤ ਦੇ ਸਾਰੇ ਨਿਯਮਾਂ, ਵਾਤਾਵਰਨ ਤੇ ਧਰਤੀ ਉੱਪਰਲੇ ਜੀਵਾਂ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਹਨ, ਉਸ ਨਾਲ ਸਮੁੱਚੇ ਬ੍ਰਹਿਮੰਡ ਦੇ ਤਾਪਮਾਨ ਤੇ ਵਾਤਾਵਰਨ ਅੰਦਰ ਭਾਰੀ ਤਬਦੀਲੀਆਂ ਦੇਖੀਆਂ ਜਾ ਸਕਦੀਆਂ ਹਨ, ਜੋ ਮਨੁੱਖਤਾ ਲਈ ਤਬਾਹੀ ਦਾ ਕਾਰਨ ਬਣ ਰਹੀਆਂ ਹਨ। ਬਹੁਤ ਸਾਰੇ ਅਜਿਹੇ ਰੋਗ ਜਿਹੜੇ ਕੁਝ ਸਮਾਂ ਪਹਿਲਾਂ ਲਾਇਲਾਜ ਸਨ, ਹੁਣ ਉਹ ਇਲਾਜ ਨਾਲ ਠੀਕ ਕੀਤੇ ਜਾ ਸਕਦੇ ਹਨ। ਜੇਕਰ ਇਨ੍ਹਾਂ ਵਿਗਿਆਨਕ ਕਾਢਾਂ ਦੀ ਵਰਤੋਂ ਸਾਰੀ ਮਨੁੱਖਤਾ ਦੇ ਕਲਿਆਣ ਲਈ ਕੀਤੀ ਜਾਵੇ ਤਾਂ ਧਰਤੀ ਕਿਸੇ ਸੁਪਨਮਈ ਸਵਰਗ ਹੋਣ ਤੋਂ ਘੱਟ ਨਜ਼ਰ ਨਹੀਂ ਆਵੇਗੀ। ਵਿਗਿਆਨਕ ਕਾਢਾਂ ਨਾਲ ਮਨੁੱਖੀ ਸਮਾਜ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਪੁੱਜਾ ਹੈ। ਜੇਕਰ ਮਨੁੱਖਤਾ ਦੇ ਭਲੇ ਲਈ ਇਸ ਦਿਸ਼ਾ ’ਚ ਹੋਰ ਅੱਗੇ ਵਧਿਆ ਜਾਵੇ, ਤਦ ਸੰਸਾਰ ਭਰ ’ਚ ਗ਼ਰੀਬੀ, ਭੁੱਖਮਰੀ, ਬਿਮਾਰੀਆਂ, ਅਨਪੜ੍ਹਤਾ ਤੇ ਬੇਕਾਰੀ ਦਾ ਪੂਰੀ ਤਰ੍ਹਾਂ ਖਾਤਮਾ ਕੀਤਾ ਜਾ ਸਕਦਾ ਹੈ ਤੇ ਬਰਾਬਰਤਾ, ਭਾਈਚਾਰਕ ਸਾਂਝ, ਅਮਨ ਤੇ ਆਪਸੀ ਸਹਿਹੋਂਦ ਦੇ ਸਿਧਾਤਾਂ ’ਤੇ ਖ਼ੂਬਸੂਰਤ ਸਮਾਜ ਦੀ ਉਸਾਰੀ ਕੀਤੀ ਜਾ ਸਕਦੀ ਹੈ। ਜਿਹੜੀਆਂ ਬਿਮਾਰੀਆਂ ਦਾ ਅਜੇ ਇਲਾਜ ਨਹੀਂ ਲੱਭਿਆ ਜਾ ਸਕਿਆ, ਜਿਨ੍ਹਾਂ ਵਿਚ ਕਰੋਨਾਵਾਇਰਸ ਤੇ ਏਡਜ਼ ਵਰਗੇ ਰੋਗ ਸ਼ਾਮਲ ਹਨ, ਉਨ੍ਹਾਂ ਦੇ ਇਲਾਜ ਲਈ ਨਵੇਂ ਵਿਗਿਆਨਕ ਤਜ਼ਰਬਿਆਂ ਦੇ ਯਤਨਾਂ ’ਤੇ ਕੀਤੇ ਜਾਣ ਵਾਲੇ ਖ਼ਰਚਿਆਂ ਦੀ ਭਰਪਾਈ ਜੰਗੀ ਸਾਮਾਨ ’ਤੇ ਫਜ਼ੂਲ ਖ਼ਰਚ ਹੋਣ ਵਾਲੇ ਧਨ ਦੀ ਬੱਚਤ ਨਾਲ ਕੀਤੀ ਜਾ ਸਕਦੀ ਹੈ। ਪਿਛਲੇ ਦਿਨੀਂ ਕਰੋਨਾਵਾਇਰਸ ਦੇ ਇਲਾਜ ਲੱਭਣ ਵਿਚ ਰੁੱਝੀ ਇਕ ਜਰਮਨੀ ਦੀ ਸੰਸਥਾ ਕੋਲੋਂ ਭਾਰੀ ਰਕਮ ਦਾ ਲਾਲਚ ਦੇ ਕੇ ਅਮਰੀਕਾ ਨੇ ਸਾਰੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਭਵਿੱਖ ’ਚ ਇਸ ਬਿਮਾਰੀ ਦਾ ਇਲਾਜ ਕਰਨ ਵਾਲੀ ਦਵਾਈ ਦੇ ਫਾਰਮੂਲੇ ਬਾਰੇ ਇਜਾਰੇਦਾਰੀ ਹਾਸਲ ਕਰਕੇ ਉਸਨੂੰ ਮਨਮਰਜ਼ੀ ਦੀ ਕੀਮਤ ’ਤੇ ਵੇਚ ਸਕੇ। ਇਸ ਕਾਰਨਾਮੇ ਨਾਲ ਸਿੱਧ ਹੋ ਗਿਆ ਹੈ ਕਿ ਧਨਵਾਨ ਦੇਸ਼ ਪਹਿਲਾਂ ਜਨਤਾ ਦੀਆਂ ਬਿਮਾਰੀਆਂ ਪੈਦਾ ਕਰਨ ਤੇ ਬਾਅਦ ’ਚ ਉਸਦੇ ਇਲਾਜ ਕਰਨ ਦੇ ਬਹਾਨੇ ਵੀ ਵੱਡੇ ਮੁਨਾਫ਼ੇ ਕਮਾਉਣ ਦੀ ਲਾਲਸਾ ਨਹੀਂ ਤਿਆਗਦੇ ਤੇ ਇਸ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ।
ਵਿਗਿਆਨ ਦੀ ਹੈਰਾਨੀਜਨਕ ਉੱਨਤੀ ਦੇ ਹਾਂ ਪੱਖੀ ਪਹਿਲੂ ਦੇ ਨਾਲ ਨਾਲ ਦੂਸਰੇ ਪਾਸੇ ਨਾਂਹ ਪੱਖੀ ਵਰਤਾਰਾ ਇਸ ਤੋਂ ਕਿਤੇ ਜ਼ਿਆਦਾ ਚਿੰਤਾਜਨਕ ਹੈ। ਵੱਡੀਆਂ ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣੇ ਵਧੇਰੇ ਮੁਨਾਫ਼ੇ ਕਮਾਉਣ ਤੇ ਹੋਰ ਪੂੰਜੀ ਇਕੱਤਰ ਕਰਨ ਦੀ ਅਮੁੱਕ ਭੁੱਖ ਨੂੰ ਪੂਰਾ ਕਰਨ ਲਈ ਵਿਗਿਆਨਕ ਕਾਢਾਂ ਦੀ ਦੁਰਵਰਤੋਂ ਰਾਹੀਂ ਤਬਾਹਕੁੰਨ ਜੰਗੀ ਹਥਿਆਰ, ਐਟਮੀ ਬੰਬ, ਖ਼ਤਰਨਾਕ ਗੈਸਾਂ, ਜੰਗੀ ਜਹਾਜ਼ ਤੇ ਜੰਗੀ ਮਿਜ਼ਾਇਲਾਂ ਦਾ ਵੱਡੀ ਮਾਤਰਾ ਵਿਚ ਉਤਪਾਦਨ ਕਰਦੇ ਹਨ। ਇਨ੍ਹਾਂ ਹਥਿਆਰਾਂ ਦੀ ਵਿਕਰੀ ਲਈ ਸੰਸਾਰ ਦੇ ਵੱਖ ਵੱਖ ਦੇਸ਼ਾਂ ਅੰਦਰ ਆਪਸੀ ਤਣਾਅ ਤੇ ਦੁਸ਼ਮਣੀ ਜ਼ਰੂਰੀ ਹੈ ਤਾਂ ਕਿ ਉਹ ਜੰਗੀ ਸਾਮਾਨ ਖ਼ਰੀਦ ਕੇ ਆਪਣੇ ਵਿਰੋਧੀ ਨੂੰ ਪਛਾੜ ਸਕਣ। ਇਸ ਤਬਾਹਕੁੰਨ ਸਾਮਾਨ ਦੀ ਵਰਤੋਂ ਵੀ ਅਤੀ ਜ਼ਰੂਰੀ ਹੈ ਤਾਂ ਕਿ ਹੋਰ ਮੰਗ ਪੂਰੀ ਕਰਨ ਲਈ ਜੰਗੀ ਸਮਾਨ ਦਾ ਉਤਪਾਦਨ ਵਧਾਇਆ ਜਾ ਸਕੇ। ਇਹ ‘ਮੰਗ ਤੇ ਸਪਲਾਈ’ ਦਾ ਖੇਡ ਅਣਗਿਣਤ ਮੁਨਾਫ਼ਿਆਂ ਨੂੰ ਜਨਮ ਦਿੰਦਾ ਹੈ, ਜੋ ਦੁਨੀਆਂ ਦੇ ਸਾਮਰਾਜੀ ਦੇਸ਼ਾਂ ਤੇ ਵੱਡੇ ਧਨਵਾਨਾਂ ਦੀ ਮੁਨਾਫ਼ੇ ਦੀ ਭੁੱਖ ਪੂਰੀ ਕਰਦਾ ਹੈ। ਕਈ ਚਲਾਕ ਰਾਜਨੀਤੀਵਾਨ ਸਾਮਰਾਜੀ ਦੇਸ਼ਾਂ ਕੋਲੋਂ ਵੱਡੇ ਤੋਂ ਵੱਡਾ ਤੇ ਵਧੇਰੇ ਖ਼ਤਰਨਾਕ ਜੰਗੀ ਸਾਜੋ ਸਾਮਾਨ ਖ਼ਰੀਦ ਕੇ ਆਪਣੇ ਲੋਕਾਂ ਕੋਲੋਂ ਝੂਠੀ ਸ਼ੋਹਰਤ ਹਾਸਲ ਕਰਨ ਦਾ ਯਤਨ ਕਰਦੇ ਹਨ। ਅੰਧ ਕੌਮਵਾਦ ਦਾ ਸ਼ਿਕਾਰ ਲੋਕ ਕਈ ਵਾਰ ਇਸ ਵਰਤਾਰੇ ਉੱਪਰ ਤਾੜੀਆਂ ਵੀ ਵਜਾਉਣ ਲੱਗਦੇ ਹਨ, ਪਰ ਉਹ ਸੱਜਣ ਭੁੱਲ ਜਾਂਦੇ ਹਨ ਕਿ ਦੁਸ਼ਮਣ ਨੂੰ ਤਬਾਹ ਕਰਨ ਵਾਲਾ ਸਾਮਾਨ ਉਸੇ ਦੁਕਾਨ ਤੋਂ ਪ੍ਰਾਪਤ ਕਰਕੇ ਦੁਸ਼ਮਣ ਦੇਸ਼ ਵੀ ਤੁਹਾਡੀ ਤਬਾਹੀ ਕਰ ਸਕਦਾ ਹੈ। ਉਂਜ ਮਨੁੱਖਤਾ ਦੀ ਤਬਾਹੀ ਉੱਪਰ ਮਾਣ ਕਰਨਾ ਅਤੀ ਸ਼ਰਮਸਾਰ ਤੇ ਨਿੰਦਣਯੋਗ ਮਾਨਸਿਕਤਾ ਹੈ।
ਕੁਦਰਤ ਨੇ ਧਰਤੀ ਉੱਪਰ ਵੱਸਣ ਵਾਲੀ ਲੋਕਾਈ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੰਨ ਸੁਵੰਨਤਾ ਤੇ ਵੱਡੀ ਮਾਤਰਾ ਵਿਚ ਹਰ ਸੰਭਵ ਚੀਜ਼ ਤੇ ਸਹੂਲਤ ਪੈਦਾ ਕੀਤੀ ਹੋਈ ਹੈ। ਜੇਕਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਉੱਪਰ ਖੜ੍ਹੇ ਪੂੰਜੀਵਾਦੀ ਸਮਾਜ ਦੀ ਥਾਂ ਸਾਂਝੀਵਾਲਤਾ ਵਾਲਾ ਲੁੱਟ ਰਹਿਤ ਸਮਾਜ ਸਿਰਜ ਲਿਆ ਜਾਵੇ, ਤਦ ਨਾ ਤਾਂ ਧਰਤੀ ’ਤੇ ਕੋਈ ਲਾਇਲਾਜ ਬਿਮਾਰੀ ਹੀ ਦਿਸੇਗੀ ਤੇ ਇਸਦੇ ਨਾਲ ਨਾਲ ਬੇਕਾਰੀ, ਭੁੱਖਮਰੀ, ਜੰਗਾਂ, ਗ਼ਰੀਬੀ ਤੇ ਅਨਪੜ੍ਹਤਾ ਦਾ ਖਾਤਮਾ ਵੀ ਹੋਵੇਗਾ।
ਅੱਜ ਜਦੋਂ ਸਾਰਾ ਸੰਸਾਰ ਮਹਾਂਮਾਰੀ ਨਾਲ ਨਿਪਟਣ ਲਈ ਪੂਰੀ ਵਾਹ ਲਾ ਰਿਹਾ ਹੈ ਤਾਂ ਸਾਨੂੰ ਜਨ ਸਮੂਹਾਂ ਨੂੰ ਵੀ ਇਸ ਰੋਗ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਲੌਕਡਾਊਨ ਸਮੇਂ ਸਮਾਜ ਵੱਲੋਂ ਨਿੱਖੜ ਕੇ ਆਪਣੇ ਘਰ ਅੰਦਰ ਇਕੱਲਿਆਂ ਰਹਿਣ ਤੇ ਹੱਥਾਂ, ਕੱਪੜਿਆਂ ਦੀ ਸਫ਼ਾਈ ਰੱਖਣ ਦੀ ਸਖ਼ਤ ਲੋੜ ਹੈ। ਜੋ ਇਸ ਰੋਗ ਦਾ ਸ਼ਿਕਾਰ ਹਨ, ਉਨ੍ਹਾਂ ਨੂੰ ਨਫ਼ਰਤ ਕਰਨੀ ਜਾਂ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਤੋਂ ਪਾਸਾ ਵੱਟਣਾ ਗ਼ੈਰ ਮਾਨਵੀ ਵਤੀਰਾ ਹੈ, ਜਿਸ ਤੋਂ ਬਚਣ ਦੀ ਲੋੜ ਹੈ। ਸਰਕਾਰੀ ਯਤਨ ਆਪਣੀ ਜਗ੍ਹਾ ’ਤੇ ਲੋੜੀਂਦੇ ਹਨ, ਪਰ ਸਮਾਜਿਕ ਤੌਰ ’ਤੇ ਸਾਨੂੰ ਸਭ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ।

ਸੰਪਰਕ: 98141-8299

 

Thanks to Punjabi Tribune (14.4.2020)

Friday, 27 March 2020

ਰਾਮਾਇਣ ਲੜੀਵਾਰ ਦਾ ਪ੍ਰਸਾਰਣ ਮੁੜ ਸ਼ੁਰੂ ਕਰਨ ਨਾਲ ਬਚਾਅ ਦੇ ਯਤਨ ਜਾਣਗੇ ਵਿਅਰਥ

ਜਲੰਧਰ ; 27 ਮਾਰਚ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਜੁੜੀ ਮਹਾਮਾਰੀ ਦੇ ਟਾਕਰੇ ਹਿੱਤ ਲਾਗੂ ਕੀਤੀ ਗਈ ਦੇਸ਼ ਪੱਧਰੀ ਲਾਕਡਾਊਨ ਦੇ ਸਿੱਟੇ ਵੱਜੋਂ ਕੰਮ-ਕਾਰ ਤੋਂ ਵਾਂਝੇ ਹੋਣ ਸਦਕਾ ਭੁੱਖਮਰੀ ਤੋਂ ਬਚਣ ਲਈ ਆਵਾਜਾਈ ਦੇ ਸਾਧਨਾਂ ਦੀ ਅਣਹੋਂਦ ਕਾਰਨ ਪੈਦਲ ਹੀ ਮਾਸੂਮ ਬੱਚਿਆਂ ਤੇ ਇਸਤਰੀਆਂ ਸਮੇਤ ਆਪੋ ਆਪਣੇ ਘਰਾਂ ਨੂੰ ਤੁਰੇ ਜਾ ਰਹੇ ਲੱਖਾਂ ਮਜਦੂਰਾਂ ਦੀ ਫੌਰੀ ਸਾਰ ਲੈਂਦਿਆਂ ਉਨ੍ਹਾਂ ਨੂੰ ਤਣ ਪੱਤਣ ਲਾਉਣ ਦਾ ਪੁਖਤਾ ਇੰਤਜ਼ਾਮ ਕਰੇ।
ਉਨ੍ਹਾਂ ਇਸ ਗੱਲ ’ਤੇ ਸਖਤ ਰੋਸ ਦਾ ਇਜਹਾਰ ਕੀਤਾ ਕਿ ਇਨ੍ਹਾਂ ਭੁੱਖਣ-ਭਾਣੇ ਮਜਦੂਰਾਂ ਦੀ ਯੋਗ ਇਮਦਾਦ ਕਰਨ ਦੀ ਬਜਾਇ ਪੁਲਸ ਵਲੋਂ ਇਨ੍ਹਾਂ ਨਾਲ ਬਦਸਲੂਕੀ ਅਤੇ ਅਣਮਨੁੱਖੀ ਕੁੱਟਮਾਰ ਕੀਤੀ ਜਾ ਰਹੀ ਹੈ। ਸਾਥੀ ਪਾਸਲਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਜਾਲਿਮਾਨਾ ਪਹੁੰਚ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ ਅਤੇ ਮਹਾਮਾਰੀ ਦੇ ਟਾਕਰੇ ਲਈ ਚੱਲ ਰਹੀ ਮੁਹਿੰਮ ਵੀ ਲੀਹੋਂ ਲਹਿ ਸਕਦੀ ਹੈ।
ਸਾਥੀ ਪਾਸਲਾ ਨੇ ਕੇਂਦਰ ਸਰਕਾਰ ਵੱਲੋਂ ਦੂਰਦਰਸ਼ਨ ’ਤੇ ਰਾਮਾਇਣ ਲੜੀਵਾਰ ਦਾ ਪ੍ਰਸਾਰਣ ਮੁੜ ਸ਼ੁਰੂ ਕਰਨ ਦੇ ਫੈਸਲੇ ਬਾਰੇ ਕਿੰਤੂ ਕਰਦਿਆਂ ਕਿਹਾ ਕਿ ਇਸ ਕਦਮ ਨਾਲ ਮਹਾਮਾਰੀ ਤੋਂ ਬਚਾਅ ਲਈ ਕੀਤੇ ਗਏ ਸਾਰੇ ਯਤਨ ਵਿਅਰਥ ਚਲੇ ਜਾਣ ਦਾ ਪੂਰਾ ਖਦਸ਼ਾ ਹੈ ਕਿਉਂਕਿ ਫਿਜੀਕਲ ਡਿਸਟੈਂਸ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵੀ ਥਾਲੀਆਂ, ਟੱਲੀਆਂ, ਸ਼ੰਖ ਵਜਾਉਣ ਦਾ ਅਵਿਗਿਆਨਕ ਸੱਦਾ ਦੇ ਕੇ ਇਸ ਗੰਭੀਰ ਮੁਹਿੰਮ ਨਾਲ ਖਿਲਵਾੜ ਕਰ ਚੁੱਕੇ ਹਨ ਜਿਸ ਦਾ ਗੰਭੀਰ ਹਲਕਿਆਂ ਨੇ ਸਖਤ ਨੋਟਿਸ ਲਿਆ ਸੀ। ਪਾਸਲਾ ਨੇ ਇਹ ਪ੍ਰਸਾਰਣ ਰੋਕਣ ਦੀ ਮੰਗ ਕਰਦਿਆਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਕੋਈ ਐਸਾ ਅਗੰਭੀਰ ਕਦਮ ਨਾ ਚੁੱਕੇ ਜੋ ਕੋਰੋਨਾ ਵਾਇਰਸ ਨਾਲ ਚੱਲ ਰਹੀ ਲੜਾਈ ਨੂੰ ਭਟਕਾਉਣ ’ਚ ਸਹਾਈ ਹੁੰਦਾ ਹੋਵੇ ਅਤੇ ਸਾਰੇ ਕੀਤੇ ਕਰਾਏ ’ਤੇ ਪਾਣੀ ਫੇਰਨ ਸਮਾਨ ਹੋਵੇ।

Monday, 23 March 2020

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਿੱਚ ਸ਼ਾਮਲ ਪਾਰਟੀਆਂ ਵੱਲੋਂ ਰੋਜਾਨਾ ਵਰਤੋਂ ਦੀਆਂ ਉਪਭੋਗਤਾ ਵਸਤਾਂ ਦਾ ਫੌਰੀ ਇੰਤਜ਼ਾਮ ਕਰਨ ਦੀ ਮੰਗ

ਜਲੰਧਰ ; 23 ਮਾਰਚ- ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵਿੱਚ ਸ਼ਾਮਲ ਪਾਰਟੀਆਂ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ), ਸੀਪੀਆਈ (ਮਲ) ਨਿਊ ਡੈਮੋਕਰੇਸੀ, ਸੀਪੀਆਈ (ਮਲ) ਲਿਬਰੇਸ਼ਨ, ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ ਯੂਨਾਈਟਿਡ (ਐਮਸੀਪੀਆਈ- ਯੂ), ਇਨਕਲਾਬੀ ਕੇਂਦਰ ਪੰਜਾਬ, ਲੋਕ ਸੰਗਰਾਮ ਮੰਚ, ਇਨਕਲਾਬੀ ਲੋਕ ਮੋਰਚਾ ਅਤੇ ਇਨਕਲਾਬੀ ਜਮਹੂਰੀ ਮੋਰਚਾ ਵਲੋਂ ਸੰਸਾਰ ਵਿਆਪੀ ਮਹਾਮਾਰੀ ਕੋਵਿਡ-19 (ਕੋਰੋਨਾ ਵਾਇਰਸ) ਦੇ ਹਰ ਨਵੇਂ ਦਿਨ ਵਧੇਰੇ ਵਿਕਰਾਲ ਰੂਪ ਧਾਰਨ ਕਰਦੇ ਜਾਣ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਉਕਤ  ਪਾਰਟੀਆਂ ਦੇ ਆਗੂਆਂ ਬੰਤ ਬਰਾੜ, ਮੰਗਤ ਰਾਮ ਪਾਸਲਾ, ਅਜਮੇਰ ਸਿੰਘ ਸਮਰਾ, ਗੁਰਮੀਤ ਸਿੰਘ ਬਖਤਪੁਰ, ਕਿਰਨਜੀਤ ਸੇਖੋਂ, ਕੰਵਲਜੀਤ ਖੰਨਾ, ਤਾਰਾ ਸਿੰਘ ਮੋਗਾ, ਲਾਲ ਸਿੰਘ ਗੋਲੇਵਾਲਾ ਅਤੇ ਨਰਿੰਦਰ ਨਿੰਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਜਾਗਰੂਕ ਹੁੰਦੇ ਹੋਏ ਸੰਜਮ ਤੋਂ ਕੰਮ ਲੈਣ ਅਤੇ ਆਪੋ ਆਪਣੇ ਘਰਾਂ ਵਿੱਚ ਰਹਿੰਦੇ ਹੋਏ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ।
ਆਗੂਆਂ ਨੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਾਜੀ ਕਮਾ ਕੇ ਖਾਣ ਵਾਲੇ ਸਭਨਾਂ ਗਰੀਬਾਂ ਲਈ, ਘਰੀਂ ਬੈਠਣ ਕਰ ਕੇ ਉਪਜੀਵਕਾ ਤੋਂ ਵਾਂਝੇ ਹੋਣ ਦੀ ਸੂਰਤ ਵਿੱਚ, ਰੋਜਾਨਾ ਵਰਤੋਂ ਦੀਆਂ ਉਪਭੋਗਤਾ ਵਸਤਾਂ ਅਤੇ ਦੂਸਰੇ ਲੋੜੀਂਦੇ ਸਮਾਨ ਦਾ ਫੌਰੀ ਇੰਤਜ਼ਾਮ ਸਰਕਾਰ ਵੱਲੋਂ ਕੀਤਾ ਜਾਵੇ ਤਾਂ ਕਿ ਇਸ ਮਾਹਮਾਰੀ ਨੂੰ ਅਗਲੇਰੇ ਖਤਰਨਾਕ ਅਵਸਥਾ (ਸਟੇਜ-3) ਵੱਲ ਵਧਣ ਤੋਂ ਰੋਕਿਆ ਜਾ ਸਕੇ।
ਆਗੂਆਂ ਨੇ ਸਮੂੰਹ ਕਿਰਤੀਆਂ ਨੂੰ ਯਕਮੁਸ਼ਤ ਮੁਆਵਜਾ ਰਾਸ਼ੀ ਦਿੱਤੇ ਜਾਣ ਦੀ ਵੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਇਸ ਗੰਭੀਰ ਸੰਕਟ ਦੇ ਸਮੇਂ ਸਰਕਾਰ ਦਾ ਇਹ ਪਹਿਲਾ ਫਰਜ ਬਣਦਾ ਹੈ ਕਿ ਉਹ ਬੀਮਾਰੀ ਦੇ ਫੈਲਾਈ ਨੂੰ ਰੋਕਣ ਲਈ ਜਰੂਰੀ ਸਮਾਨ ਜਿਵੇਂ ਕਿ ਸੈਨੇਟਾਈਜਰ, ਮਾਸਕ, ਸਾਬਣ ਆਦਿ ਆਪ ਮੁਹੱਈਆ ਕਰਵਾਏ ਕਿਉਂਕਿ ਅਜਿਹੇ ਅਤਿ ਮਹੱਤਵ ਵਾਲੇ ਜਰੂਰੀ ਕਾਰਜ ਕੇਵਲ ਸਮਾਜ ਸੇਵੀ ਜਥੇਬੰਦੀਆਂ ਦੇ ਆਸਰੇ ਹੀ ਨਹੀਂ ਛੱਡੇ ਜਾਣੇ ਚਾਹੀਦੇ। ਫਰੰਟ ਦੇ ਆਗੂਆਂ ਵਲੋਂ ਇਹ ਵੀ ਮੰਗ ਕੀਤੀ ਗਈ ਕਿ ਕਿਉਂਕਿ ਇਸ ਖਤਰਨਾਕ ਬੀਮਾਰੀ ਦਾ ਇਲਾਜ ਅਤੇ ਟੈਸਟ ਆਦਿ ਕਰਵਾਉਣੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਇਸ ਲਈ ਧੁਰ ਹੇਠਾਂ ਤੱਕ ਟੈਸਟ ਆਦਿ ਅਤੇ ਇਲਾਜ ਦਾ ਮੁਕੰਮਲ ਪ੍ਰਬੰਧ ਸਰਕਾਰ ਵਲੋਂ ਕੀਤਾ ਜਾਵੇ ।
ਆਗੂਆਂ ਨੇ ਅੱਗੇ ਕਿਹਾ ਕਿ ਇਹ ਅਤਿ ਦੁੱਖ ਦਾ ਵਿਸ਼ਾ ਹੈ ਕਿ ਇਸ ਗੰਭੀਰ ਸੰਕਟ ਦੇ ਟਾਕਰੇ ਲਈ ਡਾਕਟਰਾਂ, ਨਰਸਾਂ, ਟਰੇਂਡ ਸਟਾਫ, ਜਰੂਰੀ ਦਵਾਈਆਂ ਅਤੇ ਹੋਰ ਲਾਜ਼ਮੀ ਸਮਾਨ ਦੀ ਘਾਟ ਨਾਲ ਬੁਰੀ ਤਰ੍ਹਾਂ ਜੂਝ ਰਹੇ ਸਰਕਾਰੀ ਸਿਹਤ ਸਿਸਟਮ ਨੂੰ ਮਜਬੂਤ ਕਰਨ ਦੇ ਠੋਸ ਇੰਤਜ਼ਾਮ ਕਰਨ ਦੀ ਬਜਾਇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਘੀ ਸੰਗਠਨਾਂ ਦੇ ਕਾਰਕੁੰਨ ਲੋਕਾਂ ਨੂੰ ਥਾਲੀਆਂ-ਟੱਲੀਆਂ ਖੜਕਾਉਣ ਤੇ ਸੰਗੀਤਕ ਸਾਜ ਆਦਿ ਵਜਾਉਣ ਦੀਆਂ ਬੇਤੁਕੀਆ ਮੱਤਾ ਦੇ ਕੇ ਅੰਧ ਵਿਸ਼ਵਾਸ ਤੇ ਹਨੇਰਬਿਰਤੀ ਨੂੰ ਹਵਾ ਦੇ ਰਹੇ ਹਨ। ਆਗੂਆਂ ਨੇ ਡਾਕਟਰਾਂ ਅਤੇ ਹੋਰ ਅਮਲੇ ਫੈਲੇ ਦੀ ਹੰਗਾਮੀ ਭਰਤੀ ਦੀ ਮੰਗ ਵੀ ਕੀਤੀ। 

Sunday, 22 March 2020

ਫੋਕੀਆਂ ਨਸੀਹਤਾਂ ਦੇਣ ਤੋਂ ਇਲਾਵਾ ਪੀੜਤ ਲੋਕਾਂ ਨੂੰ ਕੋਈ ਲੋੜੀਂਦੀ ਵਿੱਤੀ ਸਹਾਇਤਾ ਦੇਣ ਦੀ ਮੰਗ

ਜਲੰਧਰ ; 22  ਮਾਰਚ -‘‘ਆਰ.ਐਮ.ਪੀ.ਆਈ. ਦੁਨੀਆਂ ਭਰ ਵਿਚ ਫੈਲੀ ਨੋਵਲ ਕਰੋਨਾਵਾਈਰਸ-19 ਦੀ ਭਿਆਨਕ ਮਹਾਂਮਾਰੀ ਉਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ।’’ ਇਸ ਨਾਲ ਗਿਆਰਾਂ ਹਜ਼ਾਰ ਤੋਂ ਜ਼ਿਆਦਾ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਤੇ ਢਾਈ ਲੱਖ ਤੋਂ ਜ਼ਿਆਦਾ ਲੋਕ ਪੀੜਤ ਹਨ। ਇਸ ਜਾਨ ਲੇਵਾ ਰੋਗ ਨੇ ਹੁਣ ਭਾਰਤ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੇਂਦਰੀ ਸਰਕਾਰ ਤੇ ਸੂਬਾਈ ਸਰਕਾਰਾਂ ਵਲੋਂ ਹਰ ਪੱਖ ਤੋਂ ਅਤਿ ਜ਼ਰੂਰੀ ਕਦਮ ਚੁੱਕਣ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਜਾਗਰੂਕ ਹੋ ਕੇ ਇਸ ਖਤਰੇ ਦਾ ਟਾਕਰਾ ਕਰਨ ਲਈ ਇਤਿਹਾਦੀ ਕਦਮਾਂ ਵਜੋਂ ਆਪਣਾ ਪੂਰਾ ਯੋਗਦਾਨ ਪਾਉਣਾ ਹੋਵੇਗਾ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਤੇ ਐਕਟਿੰਗ ਸੂਬਾਈ ਸਕੱਤਰ ਸਰਵ ਸਾਥੀ ਮੰਗਤ ਰਾਮ ਪਾਸਲਾ ਤੇ ਪਰਗਟ ਸਿੰਘ ਜਾਮਾਰਾਏ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰੀ ਤੇ ਪੰਜਾਬ ਸਰਕਾਰ ਵਲੋਂ ਮਹਾਂਮਾਰੀ ਤੋਂ ਬਚਾਅ ਵਾਸਤੇ ਲੋੜੀਂਦੇ ਹਸਪਤਾਲਾਂ, ਦਵਾਈਆਂ, ਬਿਸਤਰਿਆਂ, ਟੈਸਟ ਮਸ਼ੀਨਾਂ ਤੇ ਸ਼ੱਕੀ ਮਰੀਜ਼ਾਂ ਨੂੰ ਵੱਖ ਰੱਖਣ ਲਈ ਵੱਖਰੇ ਹਸਪਤਾਲ ਖੋਲ੍ਹਣ ਵਰਗੇ ਜ਼ਰੂਰੀ ਇੰਤਜ਼ਾਮ ਕੀਤੇ ਜਾਣ ਦੀ ਲੋੜ ਹੈ। ਸਰਕਾਰਾਂ ਵਲੋਂ ਇਸ ਪਾਸੇ ਜਿੰਨ੍ਹੇ ਤੁਰਤ ਪ੍ਰਭਾਵੀ ਕਦਮ ਪੁੱਟੇ ਗਏ ਹਨ ਉਹ ਬਿਮਾਰੀ ਦੀ ਭਿਆਨਕਤਾ ਨੂੰ ਦੇਖਦੇ ਹੋਏ ਨਾਕਾਫੀ ਜਾਪਦੇ ਹਨ। ਜਦੋਂ ਸਾਰੀਆਂ ਕਾਰੋਬਾਰੀ ਗਤੀਵਿਧੀਆਂ, ਆਵਾਜਾਈ, ਵਿਉਪਾਰ, ਕਾਰਖਾਨੇ, ਬੰਦ ਕਰਕੇ ‘ਲਾਕ-ਡਾਉਨ’ ਕੀਤਾ ਜਾ ਰਿਹਾ ਹੈ, ਤਾਂ ਸਰਕਾਰਾਂ ਵਲੋਂ ਇਨ੍ਹਾਂ ਅਦਾਰਿਆਂ ਵਿਚ ਕੰਮ ਕਰਨ ਵਾਲੇ ਲੱਖਾਂ ਕਿਰਤੀਆਂ ਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਭੁਖਮਰੀ ਤੋਂ ਬਚਾਉਣ ਲਈ ਬਿਨਾਂ ਦੇਰੀ ਦੇ ਢੁਕਵੀਂ ਆਰਥਿਕ ਸਹਾਇਤਾ, ਰਾਸ਼ਨ, ਅਨਾਜ ਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਾਉਣ ਦੀ ਲੋੜ ਹੈ। ਕਰਜ਼ਿਆਂ ਬਿਜਲੀ ਬਿੱਲਾਂ ’ਤੇ ਹੋਰ ਦੇਣਦਾਰੀਆਂ ਦੀ ਵਸੂਲੀ ਬੰਦ ਕਰਕੇ ਤੇ ਹੋਰ ਲੋੜੀਂਦੇ ਕਰਜ਼ੇ ਦੇ ਕੇ ਕਿਰਤੀਆਂ-ਕਿਸਾਨਾਂ ਨੂੰ ਇਸ ਮਹਾਂਮਾਰੀ ਤੋਂ ਪੈਦਾ ਹੋਈ ਮੰਦੀ ਤੋਂ ਹਰ ਕੀਮਤ ’ਤੇ ਬਚਾਇਆ ਜਾਣਾ ਚਾਹੀਦਾ ਹੈ। ਸਾਥੀ ਪਾਸਲਾ ਤੇ ਜਾਮਾਰਾਏ ਨੇ ਇਸ ਗੱਲ ’ਤੇ ਡੂੰਘਾ ਅਫਸੋਸ ਪ੍ਰਗਟਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੌਮ ਦੇ ਨਾਂਅ ਭਾਸ਼ਣ ’ਚ ਲੋਕਾਂ ਨੂੰ ਕਰੋਨਾਵਾਈਰਸ ਤੋਂ ਬਚਣ ਦੀਆਂ ਸਿਰਫ ਫੋਕੀਆਂ ਨਸੀਹਤਾਂ ਦੇਣ ਤੋਂ ਇਲਾਵਾ ਪੀੜਤ ਲੋਕਾਂ ਨੂੰ ਕੋਈ ਲੋੜੀਂਦੀ ਵਿੱਤੀ ਸਹਾਇਤਾ ਦੇਣ ਜਾਂ ਹੋਰ ਜ਼ਰੂਰੀ ਠੋਸ ਕਦਮ ਚੁੱਕਣ ਬਾਰੇ ਕੋਈ ਐਲਾਨ ਨਹੀਂ ਕੀਤਾ। ਭਾਵੇਂ ਪੰਜਾਬ ਸਰਕਾਰ ਨੇ ਰਜਿਸਟਰਡ  ਉਸਾਰੀ ਮਜ਼ਦੂਰਾਂ ਨੂੰ 3000 ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ, ਇਹ ਬਹੁਤ ਹੀ ਘੱਟ ਹੈ ਤੇ ਇਸਦਾ ਘੇਰਾ ਵੀ ਹੋਰ ਕਿਰਤੀਆਂ, ਕਿਸਾਨਾਂ, ਛੋਟੇ ਦੁਕਾਨਦਾਰਾਂ ਤੇ ਦਰਮਿਆਨੇ ਕਾਰੋਬਾਰੀਆਂ ਤੱਕ ਵਧਾਇਆ ਜਾਣਾ ਚਾਹੀਦਾ ਹੈ। 
ਪਾਰਟੀ ਇਸ ਸੰਕਟ ਦੀ ਘੜੀ ’ਚ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜ੍ਹੀ ਹੈ ਤੇ ਸਰਕਾਰਾਂ ਤੋਂ ਮੰਗ ਕਰਦੀ ਹੈ ਕਿ ਨੋਵਲ ਕਰੋਨਾਵਾਈਰਸ-19 ਤੋਂ ਆਮ ਲੋਕਾਂ ਨੂੰੂ ਬਚਾਉਣ ਲਈ ਤੁਰੰਤ ਲੋੜੀਂਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਏ, ਲੋਕਾਂ ਦੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਜਿਵੇਂ ਆਟਾ, ਦਾਲਾਂ, ਖੰਡ, ਚਾਹਪੱਤੀ, ਸ਼ਬਜੀਆਂ, ਦਵਾਈਆਂ ਇਤਿਆਦਿ ਦੀ ਸਪਲਾਈ ਲੋੜਵੰਦ ਲੋਕਾਂ ਨੂੰ ਤੁਰੰਤ ਮੁਹੱਈਆ ਕਰਨਾ ਯਕੀਨੀ ਬਣਾਵੇ। ਦਵਾਈਆਂ ਤੇ ਹੋਰ ਲੋੜੀਂਦੀਆਂ ਚੀਜ਼ਾਂ ਦੀ ਕਾਲਾਬਜ਼ਾਰੀ (ਬਲੈਕ ਮਾਰਕਟਿੰਗ) ਨੂੰ ਰੋਕਣ ਲਈ ਸਖਤ ਕਦਮ ਪੁੱਟੇ ਜਾਣ ਦੀ ਮੰਗ ਵੀ ਕੀਤੀ ਗਈ ਹੈ।
ਆਰ.ਐਮ.ਪੀ.ਆਈ. ਸਾਰੀਆਂ ਪਾਰਟੀ ਇਕਾਈਆਂ ਤੇ ਹਮਦਰਦਾਂ ਨੂੰ ਦੂਸਰੀਆਂ ਖੱਬੇ ਪੱਖੀ ਤੇ ਲੋਕ ਹਿਤੈਸ਼ੀ ਧਿਰਾਂ ਨਾਲ ਮਿਲਕੇ, ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਦਿਆਂ ਹੋਇਆਂ ਸਰਕਾਰ ਤੋਂ ਉਪਰੋਕਤ ਕਦਮ ਚੁੱਕਣ ਲਈ ਜਨਤਕ ਦਬਾਅ ਵਧਾਉਣ ਵਾਸਤੇ ਅੱਗੇ ਆਉਣ ਦਾ ਸੱਦਾ ਦਿੰਦੀ ਹੈ। 

Tuesday, 25 February 2020

ਆਰਐਮਪੀਆਈ ਵਲੋਂ ਦਿੱਲੀ ਹਿੰਸਾ ਦੀ ਨਿਖੇਧੀ, ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ

ਅਮਨ-ਚੈਨ ਦੇ ਦੋਖੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ  
ਜਲੰਧਰ ; 25 ਫਰਵਰੀ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਦਿੱਲੀ ਵਿਖੇ ਹੋਈ ਫਿਰਕੇਦਾਰਾਨਾ ਹਿੰਸਾ ਦੀ ਨਿਖੇਧੀ ਕਰਦਿਆਂ ਇਨ੍ਹਾਂ ਦੁਖਦਾਈ ਘਟਨਾਵਾਂ ਦੌਰਾਨ ਮਾਰੇ ਗਏ ਕਈ ਬੇਗੁਨਾਹਾਂ ਦੀ ਮੌਤ ’ਤੇ ਡੂੰਘੀਆਂ ਸੰਵੇਦਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਵਲੋਂ ਦਿੱਲੀ ਦੇ ਵਸਨੀਕਾਂ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਸਾਥੀ ਪਾਸਲਾ ਅਤੇ ਹਰਕੰਵਲ ਸਿੰਘ ਨੇ ਮੰਗ ਕੀਤੀ ਕਿ ਹਿੰਸਾ ਭੜਕਾਉਣ ਦੇ ਦੋਸ਼ੀਆਂ ਅਤੇ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਗੈਰ ਸਮਾਜੀ ਅਨਸਰਾਂ ਵਿਰੁੱਧ ਬਿਨਾਂ ਕਿਸੇ ਪੱਖਪਾਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਰਐਮਪੀਆਈ ਦੀ ਇਹ ਪੱਕੀ ਰਾਇ ਹੈ ਕਿ ਦੇਸ਼ ਭਰ ਵਿੱਚ ਨਾਗਰਿਕਤਾ ਸੋਧ ਕਾਨੂੰਨ-2019 (ਸੀਏਏ) , ਕੌਮੀ ਨਾਗਰਿਕਤਾ ਸੂਚੀ (ਐਨਆਰਸੀ) ਅਤੇ ਕੌਮੀ ਜਨਸੰਖਿਆ ਰਜਿਸਟਰ (ਐਨਪੀਆਰ) ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ਾਂਤੀ ਪੂਰਬਕ ਚੱਲ ਰਹੇ ਦੇਸ਼ ਵਿਆਪੀ ਆਵਾਮੀ ਸੰਘਰਸ਼ ਨੂੰ ਫੇਲ੍ਹ ਕਰਨ ਦੀ ਸਾਜਿਸ਼ ਤਹਿਤ ਹਰ ਰੰਗ ਦੇ ਫਿਰਕੂ ਤੱਤਾ ਵਲੋਂ ਉਕਤ ਹਿੰਸਾ ਗਿਣ-ਮਿਥ ਕੇ ਭੜਕਾਈ ਗਈ ਹੈ।
ਕਮਿਊਨਿਸਟ ਆਗੂਆਂ ਨੇ ਉਕਤ ਅਫਸੋਸਨਾਕ ਘਟਨਾਵਾਂ ਦੌਰਾਨ ਦਿੱਲੀ ਪੁਲਸ ਵਲੋਂ ਅਪਣਾਈ ਜਾ ਰਹੀ ਪੱਖਪਾਤੀ ਪਹੁੰਚ ਦੀਆਂ ਖ਼ਬਰਾਂ ਪ੍ਰਤੀ ਵੀ ਡੂੰਘੇ ਦੁੱਖ ਅਤੇ ਸਖ਼ਤ ਰੋਸ ਦਾ ਇਜ਼ਹਾਰ ਕਰਦਿਆਂ ਮੰਗ ਕੀਤੀ  ਕਿ ਪ੍ਰਸ਼ਾਸਨਿਕ ਮਸ਼ੀਨਰੀ ਇਸ ਚਿੰਤਾਜਨਕ ਮਾਹੌਲ ਵਿੱਚ ਸੰਵਿਧਾਨਕ ਦਾਇਰੇ ਵਿਚ ਆਪਣੀ ਬਣਦੀ ਭੂਮਿਕਾ ਨਿਭਾਏ।
ਹਿੰਸਕ ਭੀੜ ਦੀ ਸੰਘ-ਭਾਜਪਾ ਵੱਲੋਂ ਅਗਵਾਈ ਕਰਨ ਦੀਆਂ ਸੂਚਨਾਵਾਂ ’ਤੇ ਪ੍ਰਤੀਕਰਮ ਦਿੰਦਿਆਂ ਸਾਥੀ ਪਾਸਲਾ ਅਤੇ ਹਰਕੰਵਲ ਸਿੰਘ ਨੇ ਕਿਹਾ ਕਿ ਇਹ ਗੱਲ ਵਾਰ-ਵਾਰ ਸਿੱਧ ਹੋ ਰਹੀ ਹੈ ਕਿ ਸੰਘ ਦੀਆਂ ਹਿਦਾਇਤਾਂ ਅਨੁਸਾਰ ਸ਼ਾਸਨ ਚਲਾ ਰਹੀ ਮੋਦੀ ਸਰਕਾਰ ਕੋਲ ਆਵਾਮ ਨੂੰ ਦੇਣ ਲਈ ਨਾਕਾਰਾਤਮਿਕਤਾ ਅਤੇ ਫਿਰਕੂ ਜ਼ਹਿਰ ਵੰਡਣ ਤੋਂ ਇਲਾਵਾ ਕੁੱਝ ਨਹੀਂ ਹੈ। ਲੋਕਾਂ ਦੇ ਮਸਲੇ ਹੱਲ ਕਰਨ ਦੀ ਆਪਣੀ ਘੋਰ ਅਸਫਲਤਾ ਦੀ ਇਹ ਸਰਕਾਰ ਅਜਿਹੇ ਨਖਿੱਧ ਤਰੀਕਿਆਂ ਨਾਲ ਹੀ ਪਰਦਾ ਪੋਸ਼ੀ ਕਰਦੀ ਹੈ ਅਤੇ ਸਮਾਜ ਦਾ ਫਿਰਕੂ ਧਰੁਵੀਕਰਨ ਕਰਨ ਲਈ ਬਜ਼ਿਦ ਹੈ। ਉਨ੍ਹਾਂ ਸਮੂੰਹ ਲੋਕ ਪੱਖੀ ਸ਼ਕਤੀਆਂ ਨੂੰ ਇਸ ਸੰਜੀਦਾ ਅਵਸਥਾ ਵਿੱਚ ਅਮਨ ਦੀ ਕਾਇਮੀ ਦੇ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ। 

Wednesday, 12 February 2020

ਆਰਐਮਪੀਆਈ ਨੇ ਜ਼ਹਿਰੀਲੇ ਪ੍ਰਚਾਰ ’ਤੇ ਆਧਾਰਿਤ ਸੰਘ-ਭਾਜਪਾ ਦੀ ਫਿਰਕੂ-ਫਾਸ਼ੀ ਰਾਜਨੀਤੀ ਨਕਾਰਨ ਲਈ ਦਿੱਲੀ ਦੇ ਵੋਟਰਾਂ ਨੂੰ ਦਿੱਤੀਆਂ ਮੁਬਾਰਕਾਂ

ਜਲੰਧਰ; 12 ਫਰਵਰੀ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵਲੋਂ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਦੇਸ਼ ਦੇ ਚੰਗੇਰੇ ਭਵਿੱਖ ਲਈ ਇੱਕ ਸ਼ੁਭ ਸੰਕੇਤ ਕਰਾਰ ਦਿੰਦਿਆਂ ਦਿੱਲੀ ਦੇ ਵੋਟਰਾਂ ਨੂੰ ਫੁੱਟ ਪਾਊ ਅਤੇ ਨਾਂਹ ਪੱਖੀ ਰਾਜਨੀਤੀ ਰੱਦ ਕਰਨ ਲਈ ਮੁਬਾਰਕਬਾਦ ਦਿੱਤੀ ਗਈ।
ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਭਾਜਪਾ ਆਗੂਆਂ ਅਤੇ ਸੰਘ ਪਰਿਵਾਰ ਨਾਲ ਸਬੰਧਤ ਅਰਾਜਕਤਾਵਾਦੀ ਸੰਗਠਨਾਂ ਦੇ ਖਰੂਦੀ ਕਾਰਕੁੰਨਾਂ ਵਲੋਂ ਦਿੱਲੀ ਚੋਣਾਂ ਨੂੰ ਫਿਰਕੂ ਵੰਡ ਤਿੱਖੀ ਕਰਨ ਦੇ ਹਥਿਆਰ ਵਜੋਂ ਵਰਤਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਸੀ।
ਘੱਟ ਗਿਣਤੀ ਫਿਰਕੇ ਨਾਲ ਸਬੰਧਤ ਵਸੋਂ ਵਿਰੁੱਧ ਰੱਜ ਕੇ ਜ਼ਹਿਰ ਉਗਲਿਆ ਗਿਆ ਅਤੇ ਆਪਣੇ ਸਮਰਥਕਾਂ ਨੂੰ ਸ਼ਰੇਆਮ ਹਿੰਸਕ ਕਾਰਵਾਈਆਂ ਕਰਨ ਦੇ ਆਦੇਸ਼ ਕੀਤੇ ਗਏ।
ਦੇਸ਼ ਦੇ ਸੰਵਿਧਾਨ ਵਿੱਚ ਦਰਜ ਸੈਕੂਲਰ, ਜਮਹੂਰੀ ਅਤੇ ਫੈਡਰਲ ਧਾਰਾਵਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਲੋਕਾਂ, ਖਾਸ ਕਰਕੇ ਸ਼ਾਹੀਨ ਬਾਗ ਦੀਆਂ ਸੰਘਰਸ਼ੀ ਭੈਣਾਂ ਨੂੰ ਦੇਸ਼ ਦੇ ਦੁਸ਼ਮਨ ਕਰਾਰ ਦਿੱਤਾ ਗਿਆ। ਇਨ੍ਹਾਂ ਖਿਲਾਫ਼ ਇਖਲਾਕ ਤੋਂ ਗਿਰੀ ਹੋਈ ਭਾਸ਼ਾ ਵਿੱਚ ਟਿੱਪਣੀਆਂ ਕੀਤੀਆਂ ਗਈਆਂ ਅਤੇ ਸੰਘਰਸ਼ ਨੂੰ ਮਲਿਆਮੇਟ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਰੱਜ ਕੇ ਕੂੜ ਪ੍ਰਚਾਰ ਕੀਤਾ ਗਿਆ ਅਤੇ ਗਿਰਾਵਟ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ। ਸੰਘ ਭਾਜਪਾ ਨੇ ‘ਹੈਵੀਵੇਟ’ ਨੇਤਾਵਾਂ, ਕਾਰਕੁੰਨਾਂ ਦੀ ਵਿਸ਼ਾਲ ਫੌਜ ਅਤੇ ਬੇਬਹਾ ਪੈਸੇ ਦੇ ਸਿਰ ’ਤੇ ਫਿਰਕੂ ਕਤਾਰਬੰਦੀ ਆਧਾਰਿਤ ਜਹਿਰੀਲੀ ਮੁਹਿੰਮ ਰਾਹੀਂ ਘਰ-ਘਰ ਪਹੁੰਚ ਕਰਨ ਦਾ ਵੀ ਪੈਂਤੜਾ ਲਿਆ ਗਿਆ।
ਭਾਜਪਾ ਦੀ ਇਸ ਨਾਕਾਰਾਤਮਿਕ ਮੁਹਿੰਮ ਦਾ ਪੱਖਪਾਤੀ ਅਤੇ ਗੈਰ ਜਿੰਮੇਵਾਰ ਮੀਡੀਆ ਨੇ ਵੀ ਭਰਪੂਰ ਸਾਥ ਦਿੱਤਾ। ਹਰ ਸੰਭਵ ਯਤਨ ਕੀਤਾ ਗਿਆ ਕਿ ਚੋਣ ਮੁਹਿੰਮ ਲੋਕਾਈ ਦੇ ਬੁਨਿਆਦੀ ਮਸਲਿਆਂ ਦੇ ਯੋਗ ਹੱਲ ਵੱਲ ਸੇਧਿਤ ਹੋਣ ਦੀ ਬਜਾਇ ਬੇਲੋੜੇ ਫਿਰਕੂ ਮੁਦਿਆਂ ’ਤੇ ਕੇਂਦਰਿਤ ਰਹੇ।
ਐਪਰ ਇਹ ਤਸੱਲੀ ਦੀ ਗੱਲ ਹੈ ਕਿ ਦਿੱਲੀ ਦੇ ਵੋਟਰਾਂ ਦੇ ਵਿਸ਼ਾਲ ਭਾਗ ਨੇ ਭਾਜਪਾ ਦੀ ਫਿਰਕੂ-ਫਾਸ਼ੀ ਰਾਜਨੀਤੀ, ਕੂੜ ਪ੍ਰਚਾਰ, ਧਮਕੀਆਂ ਅਤੇ ਪਰਲੋਭਨਾਂ ਨੂੰ ਰੱਦ ਕਰਦਿਆਂ ਆਪਣੀ ਕਾਰਗੁਜ਼ਾਰੀ ਦੇ ਆਧਾਰ ’ਤੇ ਦੋਬਾਰਾ ਮੌਕਾ ਮੰਗ ਰਹੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿਰਣਾਇਕ ਫਤਵਾ ਦਿੱਤਾ ਹੈ। ਦਿੱਲੀ ਦੇ ਵੋਟਰਾਂ ਦੇ ਵੱਡੇ ਹਿੱਸੇ, ਖਾਸ ਕਰਕੇ ਗਰੀਬ ਬਸਤੀਆਂ ਦੇ ਬਸ਼ਿੰਦਿਆਂ ਨੇ ਪੈਸੇ ਦੇ ਸਿਰ ’ਤੇ ਲੋਕ ਫਤਵਾ ਉਧਾਲ ਲੈਣ ਦੇ ਵੱਡੀਆਂ ਰਾਜਸੀ ਪਾਰਟੀਆਂ ਦੇ ਹੰਕਾਰੀ ਰਵੱਈਏ ਨੂੰ ਵੀ ਘੱਟੇ ਰੋਲਿਆ ਹੈ।
ਕਮਿਊਨਿਸਟ ਆਗੂਆਂ ਨੇ ਦਿੱਲੀ ਦੇ ਲੋਕ ਫਤਵੇ ’ਤੇ ਤਸੱਲੀ ਪ੍ਰਗਟ ਕਰਦਿਆਂ ਸੁਚੇਤ ਕੀਤਾ ਹੈ ਕਿ ਬੇਸ਼ਕ ਭਾਜਪਾ ਦਿੱਲੀ ਵਿਧਾਨ ਸਭਾ ਚੋਣਾਂ ਹਾਰ ਗਈ ਹੈ ਪਰੰਤੂ ਇਸ ਨਾਲ ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ਦੇ ਖਾਤਮੇ ਜਾਂ ਕਮਜੋਰ ਹੋ ਜਾਣ ਦਾ ਭਰਮ ਨਹੀਂ ਪਾਲ ਲੈਣਾ ਚਾਹੀਦਾ। ਦੇਸ਼ ਨੂੰ ਦਰਪੇਸ਼, ਫਾਸ਼ੀਵਾਦੀ ਖਤਰੇ ਤੋਂ ਮੁਕਤ ਕਰਨ ਦਾ ਇੱਕੋ ਇੱਕ ਰਾਹ, ਖੱਬੀਆਂ ਜਮਹੂਰੀ ਧਿਰਾਂ ਦੀ ਸਾਂਝੀ ਅਗਵਾਈ ਵਿੱਚ ਫੈਸਲਾਕੁੰਨ ਲੋਕ ਸੰਗਰਾਮ ਹੀ ਹੈ। ਸਾਥੀ ਪਾਸਲਾ ਅਤੇ ਹਰਕੰਵਲ ਸਿੰਘ ਨੇ ਕਿਹਾ ਕਿ ਦਿੱਲੀ ਚੋਣਾਂ ਦੇ ਨਤੀਜਿਆਂ ਨੇ ਉਪਰੋਕਤ ਦੇਸ਼ ਭਗਤਕ ਸੰਗਰਾਮ ਦੇ ਹੱਕ ਵਿੱਚ ਨਿੱਗਰ ਸੰਭਾਵਨਾਵਾਂ ਪੈਦਾ ਕੀਤੀਆਂ ਹਨ।

Monday, 3 February 2020

ਬਜਟ ਤਜਵੀਜ਼ਾਂ ਸਿਰੇ ਦੀਆਂ ਧੋਖੇ ਭਰਪੂਰ ਅਤੇ ਗਰੀਬ ਵਿਰੋਧੀ : ਮੰਗਤ ਰਾਮ ਪਾਸਲਾ

ਦੇਸ਼ ਦਾ ਅਰਥਚਾਰਾ ਹੋਰ ਨਿਘਾਰ ਵੱਲ ਜਾਵੇਗਾ : ਹਰਕੰਵਲ ਸਿੰਘ
ਜਲੰਧਰ; 3  ਫਰਵਰੀ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ, ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤੇ ਗਏ ਸਾਲ 2020-21 ਦੇ ਕੇਂਦਰੀ ਬਜਟ ਦੀ ਜੋਰਦਾਰ ਨਿਖੇਧੀ ਕਰਦਿਆਂ ਇਸ ਬਜਟ ਨੂੰ ਸਿਰੇ ਦਾ ਗਰੀਬ ਵਿਰੋਧੀ ਅਤੇ ਝੂਠਾਂ ਦਾ ਪੁਲੰਦਾ ਕਰਾਰ ਦਿੱਤਾ ਹੈ।
ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ 2020-21 ਦਾ ਬਜਟ ਦੇਸ਼ ਦੇ ਨਿੱਘਰ ਚੁੱਕੇ ਅਰਥਚਾਰੇ ’ਚ ਸੁਧਾਰ, ਕੀਮਤ ਵਾਧੇ ਨੂੰ ਠੱਲ੍ਹ ਪਾਉਣ ਅਤੇ ਭਿਆਨਕਤਾ ਦੀਆਂ ਹੱਦਾਂ ਪਾਰ ਕਰ ਚੁੱਕੀ ਬੇਰੁਜ਼ਗਾਰੀ ਤੇ ਅਰਧ ਬੇਰੁਜ਼ਗਾਰੀ ਦੇ ਠੋਸ ਹੱਲ, ਖੇਤੀ ਸੰਕਟ ਹੱਲ ਕਰਦਿਆਂ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਦੇ ਕੁਲਹਿਣੇ ਵਰਤਾਰੇ ’ਤੇ ਰੋਕ ਲਾਉਣ, ਤਰਕਹੀਣ ਜੀ.ਐਸ.ਟੀ. ਅਤੇ ਅਹਿਮਕਾਨਾ ਨੋਟਬੰਦੀ ਸਦਕਾ ਸਾਹ ਬਰੋਲ ਰਹੇ ਛੋਟੇ ਤੇ ਦਰਮਿਆਨੇ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਰਾਹਤ ਦੇਣ ਪੱਖੋਂ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਮੋਦੀ ਸਰਕਾਰ ਦੇ ਸਾਮਰਾਜ ਅਤੇ ਕਾਰਪੋਰੇਟ ਪੱਖੀ ਜਮਾਤੀ ਖਾਸੇ ਦੇ ਅਨੁਰੂਪ ਵਿੱਤ ਮੰਤਰੀ ਵਲੋਂ ਅਜਾਰੇਦਾਰ ਬਘਿਆੜਾਂ ਨੂੰ ਮੌਜੂਦਾ ਬਜਟ ਵਿੱਚ ਭਰਪੂਰ ਗੱਫੇ ਦਿੱਤੇ ਗਏ ਹਨ।
ਕਮਿਊਨਿਸਟ ਆਗੂਆਂ ਨੇ ਵਿੱਤ ਮੰਤਰੀ ਦੇ ਕਵਿਤਾਵਾਂ ਨਾਲ ਸ਼ਿੰਗਾਰੇ ਲੰਮੇ ਭਾਸ਼ਣ ਨੂੰ ‘ਗੱਲਾਂ ਦਾ ਕੜਾਹ’ ਕਰਾਰ ਦਿੰਦਿਆਂ ਕਿਹਾ ਕਿ ਵਿੱਤ ਮੰਤਰੀ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਮੋਦੀ ਸਰਕਾਰ ਵੱਲੋਂ ਕੀਤੇ ਗਏ ਸਾਰੇ ਫੋਕੇ ਐਲਾਨ ਅਤੇ ਜੁਮਲੇ ਬਦਲਵੀਂ ਨਵੀਂ-ਨਕੋਰ ਭਾਸ਼ਾ ਵਿੱਚ ਪਰੋਸ ਕੇ ਲੋਕਾਈ ਨੂੰ ਭਰਮਾਉਣ ਦਾ ਇੱਕ ਹੋਰ ਯਤਨ ਹੀ ਕੀਤਾ ਹੈ।  
ਉਨ੍ਹਾਂ ਕਿਹਾ ਕਿ ਆਰਥਕ ਮੁਹਾਜ਼ ’ਤੇ ਮੋਦੀ ਸਰਕਾਰ ਦੀ ਲਗਾਤਾਰ ਛੇ ਸਾਲਾਂ ਦੀ ਰੱਦੀ ਕਾਰਗੁਜ਼ਾਰੀ ਸਦਕਾ ਦੇਸ਼ ਦਾ ਅਰਥਚਾਰਾ ਬੁਰੀ ਤਰਾਂ ਚਰਮਰਾ ਗਿਆ ਹੈ ਜਿਸ ਦੇ ਸਿੱਟੇ ਵੱਜੋਂ ਵਧੀ ਬੇਰੁਜ਼ਗਾਰੀ ਅਤੇ ਘਟੀ ਮੰਗ ਨੇ ਸਥਿਤੀ ਹੋਰ ਤਰਸਯੋਗ ਬਣਾ ਦਿੱਤੀ ਹੈ। ਸਥਿਤੀ ’ਤੇ ਕਾਬੂ ਪਾਉਣ ਲਈ ਬੇਰੁਜ਼ਗਾਰੀ ਦੇ ਫੌਰੀ ਅਤੇ ਲੰਮੀ ਮਿਆਦ ਦੇ ਹੱਲ ਕਰਦਿਆਂ ਬਾਜ਼ਾਰ ਵਿੱਚ ਮੰਗ ਪੈਦਾ ਕਰਨ ਭਾਵ ਲੋਕਾਂ ਦੀ ਖਰੀਦ ਸ਼ਕਤੀ ਵਿੱਚ ਵਾਧਾ ਕਰਨ ਦੇ ਠੋਸ ਉਪਾਅ ਕਰਨ ਦੀ ਬਜਾਇ ਬਜਟ ਵਿੱਚ ਮਨਰੇਗਾ ਫੰਡਾਂ ਵਿੱਚ 10 ਹਜਾਰ ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ ਜਿਸ ਨਾਲ ਪੇਂਡੂ ਮਜ਼ਦੂਰ ਪਰਿਵਾਰਾਂ ਦਾ ਹੋਰ ਕੰਗਾਲੀਕਰਨ ਹੋਣਾ ਲਾਜ਼ਮੀ ਹੈ। ਅਤੇ, ਰਹੀ ਸਹੀ ਕਸਰ ਗਰੀਬਾਂ ਨੂੰ ਮਿਲਦੀਆਂ ਆ ਰਹੀਆਂ ਮਾਮੂਲੀ  ਸਬਸਿਡੀਆਂ, ਖਾਸ ਕਰਕੇ ਫੂਡ ਸੁਰੱਖਿਆ ਲਈ ਰਾਖਵੀਂ ਰਕਮ ਵਿੱਚ ਕੀਤੀ ਜਾਣ ਵਾਲੀ ਕਟੌਤੀ ਨੇ ਕੱਢ ਦੇਣੀ ਹੈ।

ਸਾਥੀ ਪਾਸਲਾ ਅਤੇ ਹਰਕੰਵਲ ਸਿੰਘ ਨੇ ਕਿਹਾ ਕਿ ਮੌਜੂਦਾ ਬਜਟ ਨੇ ਇੱਕ ਵਾਰੀ ਫਿਰ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਕਰ ਦਿੱਤੀ ਹੈ ਕਿ ਮੋਦੀ ਸਰਕਾਰ ਕੋਲ ਆਵਾਮ ਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਨਾ ਹੀ ਕੋਈ ਸਮਝਦਾਰੀ (ਵਿਜ਼ਨ) ਹੈ ਨਾ ਹੀ ਲੋੜੀਂਦੀ ਇੱਛਾ ਸ਼ਕਤੀ। ਉਨ੍ਹਾਂ ਕਿਹਾ ਕਿ ਮੌਜੂਦਾ ਬਜਟ ਰਾਹੀਂ ਕਾਰਪੋਰੇਟ ਘਰਾਣਿਆਂ ਦੀ ਲੁੱਟ ਅਤੇ ਅਸਾਸਿਆਂ ਦਾ ਹੋਰ ਤੇਜ਼ੀ ਨਾਲ ਵਧਣਾ ਅਤੇ ਲੋਕਾਂ ਦਾ ਜਿਉਣਾ ਹੋਰ ਵਧੇਰੇ ਦੂਭਰ ਹੋਣਾ ਤੈਅ ਹੈ।   
ਉਨ੍ਹਾਂ ਕਿਹਾ ਕਿ ਇਹ ਦੇਸ਼ ਦਾ ਦੁਰਭਾਗ ਹੀ ਹੈ ਕਿ ਕੇਂਦਰੀ ਬਜਟ ਪੇਸ਼ ਕੀਤੇ ਜਾਣ ਦੇ ਇੱਕ ਦਿਨ ਪਹਿਲਾਂ ਜਨਤਕ ਖੇਤਰ ਦੇ ਵੱਡੇ ਜਨਤਕ ਖੇਤਰ ਬੀ.ਐਸ.ਐਨ.ਐਲ. ਦੇ ਹਜਾਰਾਂ ਕਰਮਚਾਰੀਆਂ ਨੂੰ ਸਵੈ ਇੱਛੁਕ ਸੇਵਾ ਮੁਕਤੀ ਦੇ ਪੱਜ ਜਬਰੀ ਘਰਾਂ ਨੂੰ ਤੋਰ ਦਿੱਤਾ ਗਿਆ ਹੈ ਅਤੇ ਬਜਟ ਪੇਸ਼ ਕਰਦਿਆਂ ਜਨਤਕ ਖੇਤਰ ਦੇ ਦੂਜੇ ਵੱਡੇ ਅਦਾਰੇ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਦਾ ਭੋਗ ਪਾਉਣ ਦੇ ਤਬਾਹਕੁੰਨ  ਇਰਾਦੇ ਜਾਹਿਰ ਕਰ ਦਿੱਤੇ ਗਏ ਹਨ।
ਦੋਹਾਂ ਆਗੂਆਂ ਨੇ ਪਾਰਟੀ ਸਫ਼ਾਂ ਨੂੰ ਸੱਦਾ ਦਿੱਤਾ ਕਿ ਉਹ ਬਜਟ ਤਜ਼ਵੀਜਾਂ ਵਿਰੁੱਧ ਜੋਰਦਾਰ ਮੁਜਹਮਤ ਉਸਾਰਨ ਲਈ ਭਰਪੂਰ ਲੋਕ ਲਾਮਬੰਦੀ ਦੇ ਚੌਤਰਫਾ ਯਤਨਾਂ ਵਿੱਚ ਜੁਟ ਜਾਣ। ਸਾਥੀ ਪਾਸਲਾ ਅਤੇ ਹਰਕੰਵਲ ਸਿੰਘ ਨੇ ਮਿਹਨਤੀ ਲੋਕਾਂ ਨੂੰ ਬਜਟ ਤਜ਼ਵੀਜਾਂ ਵਿਰੁੱਧ ਜੋਰਦਾਰ ਸੰਘਰਸ਼ ਵਿੱਢਣ ਦੀ ਅਪੀਲ ਕੀਤੀ।