Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday, 5 January 2022

‘ਸੰਯੁਕਤ ਸਮਾਜ ਮੋਰਚੇ’ ਨੂੰ ਆਰਐਮਪੀਆਈ ਵਲੋਂ ਆਸ਼ੀਰਵਾਦ ਦੇਣ ਦਾ ਫ਼ੈਸਲਾ


ਜਲੰਧਰ
, 5 ਜਨਵਰੀ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੀ ਮੀਟਿੰਗ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ।

ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਮੌਜੂਦਾ ਰਾਜਨੀਤਕ ਅਵਸਥਾ ’ਚ ਪਾਰਟੀ ਦੀ ਸਮਝਦਾਰੀ ਅਨੁਸਾਰ ਮੇਚਵੇਂ ਜਥੇਬੰਦਕ ਕਾਰਜਾਂ ਬਾਰੇ ਚਾਨਣਾ ਪਾਇਆ। ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਵੀ ਵਿਚਾਰ ਰੱਖੇ।

ਸੂਬਾਈ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਜਾਰੀ ਬਿਆਨ ਰਾਹੀਂ ਦੱਸਿਆ ਕਿ ਰਾਜ ਕਮੇਟੀ, ਨੇੜ ਭਵਿੱਖ ’ਚ ਹੋਣ ਜਾ ਰਹੀਆਂ ਸੂਬਾਈ ਅਸੰਬਲੀ ਚੋਣਾਂ ਵਿੱਚ, ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀਆਂ ਝੰਡਾਬਰਦਾਰ ਹਰ ਰੰਗ ਦੀਆਂ ਸਿਆਸੀ ਪਾਰਟੀਆਂ ਅਤੇ ਫਿਰਕੂ ਤੇ ਵੱਖਵਾਦੀ ਤਾਕਤਾਂ ਦੀ ਹਾਰ ਯਕੀਨੀ ਬਣਾਉਣ ਲਈ ਸਿਰਤੋੜ ਯਤਨ ਕਰੇਗੀ। ਇਸ ਦਿਸ਼ਾ ਵਿੱਚ ਜੇਤੂ ਕਿਸਾਨ ਘੋਲ ਦੀ ਸੁਚੱਜੀ ਅਗਵਾਈ ਕਰਨ ਵਾਲੀਆ ਕਿਸਾਨ ਜਥੇਬੰਦੀਆਂ ਵੱਲੋਂ ਬਦਲਵੀਆਂ ਲੋਕ ਪੱਖੀ ਨੀਤੀਆਂ ’ਤੇ ਆਧਾਰਿਤ ਮੁਤਬਾਦਲ ਉਸਾਰਨ ਲਈ ਕਾਇਮ ਕੀਤੇ ਗਏ ਲੜਾਕੂ, ਇਨਸਾਫ ਪਸੰਦ ਤੇ ਪ੍ਰਗਤੀ ਹਾਮੀ ਧਿਰਾਂ ਦੇ ਸਾਂਝੇ ਮੰਚ ਦੀ ਸਫਲਤਾ ਲਈ ਜੀਅ ਜਾਨ ਨਾਲ ਕੰਮ ਕਰੇਗੀ।

ਇਸ ਸੇਧ ਵਿੱਚ ਰਾਜ ਕਮੇਟੀ ਇਹ ਸੁਨਿਸ਼ਚਤ ਕਰਨ ਦਾ ਹਰ ਸੰਭਵ ਯਤਨ ਕਰੇਗੀ ਕਿ ਜੇਤੂ ਕਿਸਾਨ ਘੋਲ ਸਦਕਾ ਪ੍ਰਵਾਨ ਚੜ੍ਹੀ ਲੋਕਾਈ ਦੀ ਕਾਰਪੋਰੇਟ ਲੁੱਟ ਖਿਲਾਫ਼ ਸੰਗਰਾਮੀ ਸੂਝ ਚੋਣ ਮੁਹਾਜ ’ਤੇ ਹਰ ਹਾਲਤ ਸਿਆਸੀ ਤੇ ਜਮਾਤੀ ਸੂਝ ਵਿੱਚ ਤਬਦੀਲ ਹੋਵੇ।

ਰਾਜ ਕਮੇਟੀ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਦਲ ਬਦਲੀ ਦੇ ਘਿਰਣਾ ਯੋਗ ਵਰਤਾਰੇ ਨੂੰ ੳਤਸ਼ਾਹਿਤ ਕਰਕੇ ਭਰਮਾਊ ਲਾਰਿਆਂ ਰਾਹੀਂ ਸੱਤਾ ਹਾਸਲ ਕਰਨ ਲਈ ਤਰਲੋਮੱਛੀ ਹੋ ਰਹੀਆਂ ਪਾਰਟੀ ਨੂੰ ਭਾਂਜ ਦਿੱਤੀ ਜਾਵੇ ਅਤੇ ਪੰਜਾਬੀਆਂ ਦੇ ਬੁਨਿਆਦੀ ਮੁੱਦਿਆਂ ਦੇ ਹੱਲ ਲਈ ਚੋਣ ਮੈਦਾਨ ਵਿੱਚ ਨਿੱਤਰੇ ‘ਸੰਯੁਕਤ ਸਮਾਜ ਮੋਰਚੇ’ ਨੂੰ ਆਸ਼ੀਰਵਾਦ ਦਿੱਤਾ ਜਾਵੇ।

ਰਾਜ ਕਮੇਟੀ ਨੇ ਸਭਨਾਂ ਪਾਰਟੀ ਇਕਾਈਆਂ ਅਤੇ ਜਨ ਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਆਉਣ ਵਾਲੀ 23-24 ਫਰਵਰੀ ਨੂੰ ਮਜ਼ਦੂਰ-ਮੁਲਾਜ਼ਮ ਸੰਗਠਨਾਂ ਵੱਲੋਂ ਕੀਤੀ ਜਾਣ ਵਾਲੀ ਦੋ ਦਿਨਾਂ ਕੌਮੀ ਹੜਤਾਲ ਦੀ ਸਫਲਤਾ ਲਈ ਫੌਰੀ ਤਿਆਰੀਆਂ ਵਿੱਚ ਜੁੱਟ ਜਾਣ।

 

Wednesday, 8 December 2021

12 ਦਸੰਬਰ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਭਰਵੀਂ ਹਮਾਇਤ ਦਾ ਐਲਾਨ



ਜਲੰਧਰ, 8 ਦਸੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ), ਖੇਤ ਮਜ਼ਦੂਰ ਜਥੇਬੰਦੀਆਂ ਵਲੋਂ 12 ਦਸੰਬਰ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ 12 ਵਜੇ ਦੁਪਹਿਰ ਤੋਂ 3 ਵਜੇ ਤੱਕ ਕੀਤੇ ਜਾ ਰਹੇ ਰੇਲਵੇ ਜਾਮ’ ਦੇ ਸੱਦੇ ਦੀ ਪੂਰਨ ਹਮਾਇਤ ਕਰਦੀ ਹੈ। ਸਮਾਜ ਦੀ ਇਸ ਪੀੜਤ ਕਿਰਤੀ ਜਮਾਤ ਦੀਆਂ ਕਰਜ਼ੇ ਮੁਆਫ ਕਰਨ, ਘਰਾਂ ਲਈ ਪਲਾਟਾਂ ਤੇ ਵਿੱਤੀ ਸਹਾਇਤਾ, ਬੁਢਾਪਾ ਤੇ ਅੰਗਹੀਣਾਂ ਲਈ ਗੁਜ਼ਾਰੇਯੋਗ ਪੈਨਸ਼ਨਾਂ ਆਦਿ ਮੰਗਾਂ ਬਾਰੇ ਕਾਂਗਰਸ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਵਿਰੁੱਧ ਭਾਰੀ ਰੋਹ ਹੈ, ਜਿਸਦਾ ਪ੍ਰਗਟਾਵਾ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਇਸ ਸਾਂਝੇ ਸੱਦੇ ਦੁਰਾਨ ਅਨੁਭਵ ਕੀਤਾ ਜਾ ਸਕੇਗਾ। ਆਰਐਮਪੀਆਈ ਦੇ ਕੁਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਤੇ ਪੰਜਾਬ ਰਾਜ ਦੇ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਇਕ ਸਾਂਝੇ ਬਿਆਨ ਚ ਕਿਹਾ ਹੈ ਕਿ ਪਹਿਲਾ ਅਕਾਲੀ ਦਲ-ਭਾਜਪਾ ਸਰਕਾਰਾਂ ਤੇ ਹੁਣ ਕਾਂਗਰਸ ਸਰਕਾਰ ਇਨ੍ਹਾਂ ਕਿਰਤੀਆਂ ਦੀਆਂ ਤਕਲੀਫਾਂ ਦਾ ਠੋਸ ਹੱਲ ਕਰਨ ਦੀ ਬਜਾਏ ਸਿਰਫ ਫੋਕੇ ਨਾਅਰਿਆਂ ਤੇ ਲਾਰਿਆਂ ਨਾਲ ਹੀ ਕੰਮ ਚਾਲਾਉਣਾ ਚਾਹੁੰਦੀ ਹੈ, ਜਦਕਿ ਕੇਂਦਰੀ ਮੋਦੀ ਸਰਕਾਰ ਤੇ ਸੂਬਾਈ ਸਰਕਾਰ ਦੀਆਂ ਨਵ ਉਦਾਰਵਾਦੀ ਆਰਥਿਕ ਨੀਤੀਆਂ ਕਾਰਨ ਨਿੱਤ ਵੱਧ ਰਹੀ ਮਹਿੰਗਾਈ, ਬੇਕਾਰੀ ਤੇ ਭੁਖਮਰੀ ਨੇ ਸਮਾਜ ਦੇ ਸਭ ਤੋਂ ਹੇਠਲੇ ਇਸ ਵਰਗ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ।
ਕਾਮਰੇਡ ਪਾਸਲਾ ਤੇ ਜਾਮਾਰਾਏ ਨੇ ਸਾਰੀਆਂ ਪਾਰਟੀ ਇਕਾਈਆਂ, ਮੈਂਬਰਾਂ, ਹਮਦਰਦਾਂ ਤੇ ਦੂਸਰੇ ਮਿਹਨਤਕਸ਼ ਲੋਕਾਂ ਨੂੰ ਖੇਤ ਮਜ਼ਦੂਰ ਜਥੇਬੰਦੀਆਂ ਦੇ 12 ਦਸੰਬਰ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਭਰਵੀਂ ਹਮਾਇਤ ਦੇ ਕੇ ਪੂਰਨ ਸਫਲ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਚੰਨੀ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਸਿਰਫ ਫੋਕੇ ਲਾਰਿਆਂ ਤੇ ਐਲਾਨਾਂ ਨਾਲ ਡੰਗ ਟਪਾਉਣ ਦੀ ਥਾਂ ਮਿਹਨਤਕਸ਼ਾਂ ਦੇ ਇਸ ਸਭ ਤੋਂ ਜ਼ਿਆਦਾ ਪੀੜਤ ਹਿੱਸੇ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਤੁਰੰਤ ਲਾਗੂ ਕਰੇ।

 

Thursday, 30 September 2021

ਆਰਐਮਪੀਆਈ ਵਲੋਂ 1 ਤੋਂ 7 ਨਵੰਬਰ ਤੱਕ ਦੇਸ਼ ਭਰ ’ਚ ਕੀਤੇ ਜਾਣਗੇ ਰੋਸ ਪ੍ਰਦਰਸ਼ਨ


ਜਲੰਧਰ, 30 ਸਤੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਕੇਂਦਰੀ ਕਮੇਟੀ ਦੀ ਮੀਟਿੰਗ 29-30 ਸਤੰਬਰ ਨੂੰ ਪਾਰਟੀ ਦੇ ਚੇਅਰਮੈਨ ਸਾਥੀ ਕੇ. ਗੰਗਾਧਰਨ ਦੀ ਪ੍ਰਧਾਨਗੀ ਹੇਠ ਸਿੰਘੂ ਬਾਰਡਰ ’ਤੇ ਹੋਈ।

ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੱਲੋਂ ਪੇਸ਼ ਕੀਤੀ ਗਈ ਰੀਵਿਊ ਅਤੇ ਭਵਿੱਖੀ ਕਾਰਜਾਂ ਸਬੰਧੀ ਰਾਜਸੀ ਰੀਪੋਰਟ ਭਖਵੀਂ ਬਹਿਸ ਉਪਰੰਤ ਸਰਵ ਸੰਮਤੀ ਨਾਲ ਪਾਸ ਕੀਤੀ ਗਈ।

ਕੇਂਦਰੀ ਕਮੇਟੀ ਨੇ 27 ਸਤੰਬਰ ਨੂੰ ਕੀਤੇ ਗਏ ਲਾਮਿਸਾਲ ਕਾਮਯਾਬ ਭਾਰਤ ਬੰਦ ਲਈ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਕਤ ਬੰਦ ਨੂੰ ਮੋਦੀ ਸਰਕਾਰ ਦੀਆਂ ਤਬਾਹਕੁੰਨ ਆਰਥਿਕ ਨੀਤੀਆਂ ਅਤੇ ਵੱਖਵਾਦੀ ਏਜੰਡੇ ਖਿਲਾਫ਼ ਲੋਕ ਫਤਵਾ ਕਰਾਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਚਲ ਰਹੇ ਦੇਸ਼ ਵਿਆਪੀ ਕਿਸਾਨ ਘੋਲ ਨੂੰ ਹੋਰ ਤੇਜ਼ ਕਰਦਿਆਂ ਮੋਦੀ ਸਰਕਾਰ ਦੀਆਂ ਨਵਉਦਾਰਵਾਦੀ ਨੀਤੀਆਂ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਦੇ ਫਿਰਕੂ-ਫਾਸ਼ੀ ਏਜੰਡੇ ਖਿਲਾਫ਼ ਆਵਾਮੀ ਸੰਘਰਸ਼ ਵਿੱਚ ਤਬਦੀਲ ਕਰਨ ਲਈ ਹਰ ਸੰਭਵ ਵਸੀਲੇ ਜੁਟਾਉਣ ਦਾ ਨਿਰਣਾ ਲਿਆ ਗਿਆ ਹੈ।

ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ, ਇਸਤਰੀਆਂ, ਕਬਾਇਲੀਆਂ ਤੇ ਹਾਸ਼ੀਆਗਤ ਆਬਾਦੀ ਸਮੂਹਾਂ ਖਿਲਾਫ਼ ਘਾਤਕ ਹਮਲਿਆਂ ’ਚ ਸੰਘੀ ਕਾਰਕੁੰਨ ਵੱਲੋਂ ਲਿਆਂਦੀ ਗਈ ਯੋਜਨਾਬੱਧ ਤੇਜ਼ੀ ਖਿਲਾਫ਼ ਹਰ ਪੱਧਰ ’ਤੇ ਵਿਚਾਰਧਾਰਕ ਮੁਹਿੰਮ ਚਲਾਉਂਦਿਆਂ ਅਸਰਦਾਰ ਜਨ ਪ੍ਰਤੀਰੋਧ ਉਸਾਰਨ ਦੀ ਵਿਉਂਤਬੰਦੀ ਕੀਤੀ ਗਈ।

ਮਹਿੰਗਾਈ, ਬੇਰੁਜ਼ਗਾਰੀ, ਗੁਰਬਤ, ਭੁਖਮਰੀ, ਕੁਪੋਸ਼ਣ ਆਦਿ ’ਚ ਅੰਤਾਂ ਦਾ ਵਾਧਾ ਕਰਨ ਵਾਲੀਆਂ, ਦੇਸ਼ ਦੀਆਂ ਜਨਤਕ ਜਾਇਦਾਦਾਂ ਕਾਰਪੋਰੇਟ ਘਰਾਣਿਆਂ ਤੇ ਉਨ੍ਹਾਂ ਦੇ ਸਾਮਰਾਜੀ ਜੋਟੀਦਾਰਾਂ ਦੇ ਹਵਾਲੇ ਕਰਨ ਵਾਲੀਆਂ ਮੋਦੀ-ਮਨਮੋਹਨ ਮਾਰਕਾ ਨਿਜੀਕਰਨ ਦੀਆਂ ਨੀਤੀਆਂ ਵਿਰੁੱਧ ਲੜ ਰਹੇ ਸਾਰੇ ਮਿਹਨਤਕਸ਼ ਤਬਕਿਆਂ ਦਾ ਸਾਂਝਾ ਮੰਚ ਉਸਾਰਨ ਲਈ ਬੱਝਵੇਂ ਯਤਨ ਕਰਨ ਦਾ ਫੈਸਲਾ ਕੀਤਾ ਗਿਆ। ਭਾਰਤ ਦਾ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਢਾਂਚਾ ਤਬਾਹ ਕਰਕੇ ਇਸ ਨੂੰ ਕੱਟੜ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਲਈ ਤਰਲੋਮੱਛੀ ਹੋ ਰਹੀਆਂ ਮੰਨੂਵਾਦੀ ਤਾਕਤਾਂ ਖਿਲਾਫ਼ ਖੱਬੀਆਂ ਧਿਰਾਂ ਦਾ ਸਾਂਝਾ ਸੰਗਰਾਮੀ ਮੰਚ ਉਸਾਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਮੀਟਿੰਗ ’ਚ ਹੋਰਨਾ ਤੋਂ ਇਲਾਵਾ ਸਾਥੀ ਰਜਿੰਦਰ ਪਰਾਂਜਪੇ, ਹਰਕੰਵਲ ਸਿੰਘ ਅਤੇ ਕੇ ਐਸ ਹਰੀਹਰਨ ਨੇ ਵੀ ਵਿਚਾਰ ਰੱਖੇ।

ਉਕਤ ਰਾਜਨੀਤਕ ਸੇਧ ਅਨੁਸਾਰ 1 ਤੋਂ 7 ਨਵੰਬਰ ਤੱਕ ਧੁਰ ਹੇਠਾਂ ਤੱਕ ਪ੍ਰਭਾਵਸ਼ਾਲੀ ਲੋਕ ਲਾਮਬੰਦੀ ’ਤੇ ਆਧਾਰਿਤ ਐਕਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਤਾਮਿਲਨਾਡੂ ਦੇ ਸਾਥੀ ਭਾਸਕਰਨ ਨੂੰ ਕੇਂਦਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।

ਆਰੰਭ ਵਿੱਚ ਵਿਛੋੜਾ ਦੇ ਗਏ ਕਮਿਊਨਿਸਟ ਘੁਲਾਟੀਆਂ ਅਤੇ ਕਿਸਾਨ ਘੋਲ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।