Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday, 31 May 2017

ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 19 ਜੂਨ ਤੋਂ 24 ਜੂਨ ਤਕ ਲੋਕ-ਲਾਮਬੰਦੀ ਸਪਤਾਹ ਮਨਾਉਣ ਦਾ ਸੱਦਾ

ਜਲੰਧਰ , 31 ਮਈ - ਕਾਂਗਰਸੀ ਹਾਕਮਾਂ ਵਲੋਂ ਅਸੈਂਬਲੀ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਾਉਣ ਲਈ ਅਤੇ ਦੇਸ਼ ਭਰ ਵਿਚ ਦਲਿਤਾਂ ਉਪਰ ਹੋ ਰਹੇ ਜ਼ੁਲਮਾਂ ਵਿਰੁੱਧ ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) 19 ਜੂਨ ਤੋਂ 24 ਜੂਨ ਤਕ ਇਕ ਲੋਕ-ਲਾਮਬੰਦੀ ਸਪਤਾਹ ਮਨਾਏਗੀ। ਇਸ ਹਫਤੇ ਦੌਰਾਨ ਪੰਜਾਬ ਭਰ ਵਿਚ ਤਹਿਸੀਲ ਪੱਧਰ ਦੇ ਜਨਤਕ ਮੁਜ਼ਾਹਰੇ ਅਤੇ ਧਰਨੇ ਜਥੇਬੰਦ ਕੀਤੇ ਜਾਣਗੇ, ਜਿੱਥੇ ਕਾਂਗਰਸ ਪਾਰਟੀ ਵਲੋਂ ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਬੁਢਾਪਾ ਪੈਨਸ਼ਨਾਂ ਦੀ ਰਾਸ਼ੀ 3000 ਰੁਪਏ ਪ੍ਰਤੀ ਮਹੀਨਾ ਕਰਨ, ਬੇਘਰੇ ਲੋਕਾਂ ਨੂੰ ਰਿਹਾਇਸ਼ੀ ਪਲਾਟ ਦੇਣ ਅਤੇ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੇ ਕੀਤੇ ਵਾਅਦੇ ਪੂਰੇ ਕਰਾਉਣ ਲਈ ਜਨਤਕ ਦਬਾਅ ਪਾਇਆ ਜਾਵੇਗਾ। ਇਸਦੇ ਨਾਲ ਹੀ ਮੋਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਸੰਘ ਪਰਿਵਾਰ ਦੇ ਮੈਂਬਰਾਂ ਦੀ ਸ਼ਹਿ 'ਤੇ ਅਤੇ ਉਚ ਜਾਤੀਆਂ ਦੇ ਧਨਾਢਾਂ ਵਲੋਂ ਦਲਿਤਾਂ ਉਪਰ ਵੱਧ ਰਹੇ ਹਮਲਿਆਂ ਦੇ ਖਿਲਾਫ਼ ਸਮੁੱਚੇ ਮਿਹਨਤਕਸ਼ ਤੇ ਜਮਹੂਰੀ ਲੋਕਾਂ ਨੂੰ ਜੋਰਦਾਰ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਜਾਵੇਗਾ।
ਇਹ ਜਾਣਕਾਰੀ ਅੱਜ ਏਥੇ ਕਾਮਰੇਡ ਮੰਗਤ ਰਾਮ ਪਾਸਲਾ, ਜਨਰਲ ਸਕੱਤਰ, ਆਰ.ਐਮ.ਪੀ.ਆਈ. ਨੇ ਸੂਬਾ ਸਕੱਤਰੇਤ ਦੀ ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਦਿੱਤੀ। ਮੀਟਿੰਗ ਦੀ ਪ੍ਰਧਾਨਗੀ ਸਾਥੀ ਭੀਮ ਸਿੰਘ ਆਲਮਪੁਰ ਨੇ ਕੀਤੀ। ਸਾਥੀ ਪਾਸਲਾ ਨੇ ਕਿਹਾ ਕਿ ਇਸ ਲੋਕ-ਲਾਮਬੰਦੀ ਸਪਤਾਹ ਦੀ ਤਿਆਰੀ ਲਈ ਸਾਰੇ ਜਿਲਿਆਂ ਅੰਦਰ ਪਿੰਡ-ਪੱਧਰੀ ਮੀਟਿੰਗਾਂ ਤੇ ਜਥਾ ਮਾਰਚ ਤਰੰਤ ਸ਼ੁਰੂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਯੋਜਨਾਬੱਧ ਢੰਗ ਨਾਲ ਦੇਸ਼ ਦੀਆਂ ਧਰਮ ਨਿਰਪੱਖ ਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਮਧੋਲ ਕੇ ਆਰ.ਐਸ.ਐਸ. ਦੇ 'ਹਿੰਦੂ ਰਾਸ਼ਟਰ' ਕਾਇਮ ਕਰਨ ਦੇ ਏਜੰਡੇ ਉਪਰ ਕੰਮ ਕਰ ਰਹੀ ਹੈ। ਦਲਿਤਾਂ, ਘੱਟ ਗਿਣਤੀਆਂ, ਆਦਿਵਾਸੀਆਂ ਤੇ ਜਮਹੂਰੀ ਸ਼ਕਤੀਆਂ ਉਪਰ ਵੱਧ ਰਹੇ ਹਮਲੇ ਇਸਦਾ ਸਪੱਸ਼ਟ ਸੰਕੇਤ ਹਨ। ਯੂਪੀ ਦੇ ਸਹਾਰਨਪੁਰ ਨੇੜੇ ਸ਼ਬੀਰਪੁਰ ਪਿੰਡ ਵਿਖੇ ਦਲਿਤਾਂ ਉਪਰ ਢਾਇਆ ਗਿਆ ਬਰਬਰਤਾ ਭਰਪੂਰ ਜਬਰ ਇਸਦੀ ਮੁੰਹ ਬੋਲਦੀ ਤਸਵੀਰ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਵਿਕਾਸ ਬਾਰੇ ਵਾਰ ਵਾਰ ਝੂਠ ਬੋਲਕੇ ਜਨ ਸਮੂਹਾਂ ਨੂੰ ਗੁਮਰਾਹ ਕਰ ਰਿਹਾ ਹੈ ਜਦਕਿ ਉਸਦੀ ਸਰਕਾਰ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਨਾਲ ਮਿਹਨਤਕਸ਼ ਲੋਕਾਂ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ  ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਕਰਜ਼ੇ ਦੇ ਭਾਰ ਹੇਠਾਂ ਦੱਬੇ ਹੋਏ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੁਆਰਾ ਰੋਜ਼ ਹੀ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇਸ਼ ਦੀ ਨਿਘਰਦੀ ਜਾ ਰਹੀ ਆਰਥਿਕ ਸਥਿਤੀ ਤੇ ਖੇਤੀ ਸੰਕਟ ਦੀ ਮੂੰਹ ਬੋਲਦੀ ਤਸਵੀਰ ਹਨ।
ਆਰ.ਐਮ.ਪੀ.ਆਈ. ਨੇ ਫੈਸਲਾ ਕੀਤਾ ਹੈ ਕਿ ਝੂਠੇ ਲਾਅਰੇ ਲਾ ਕੇ ਪੰਜਾਬ ਦੀ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੀਤੀਆਂ ਦੇ ਪੱਖ ਤੋਂ ਅਕਾਲੀ ਦਲ-ਭਾਜਪਾ ਸਰਕਾਰ ਤੋਂ ਬਿਲਕੁਲ ਭਿੰਨ ਨਹੀਂ ਹੈ। ਆਪਣੇ ਚਹੇਤਿਆਂ ਲਈ ਰੇਤੇ-ਬਜਰੀ ਦੀ ਕੀਤੀ ਨਿਲਾਮੀ ਨਾਲ ਰੇਤ ਦੀਆਂ ਕੀਮਤਾਂ ਅਸਮਾਨੇ ਚੜ੍ਹ ਗਈਆਂ ਹਨ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਇਸ ਵਿਸ਼ੇ 'ਤੇ ਸਕੈਂਡਲ ਪੂਰੀ ਤਰ੍ਹਾਂ ਬੇਪਰਦ ਹੋਇਆ ਹੈ ਇਸ ਲਈ ਉਸ ਨੂੰ ਤੁਰੰਤ ਮੰਤਰੀ ਮੰਡਲ 'ਚੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।  ਚੋਣ ਵਾਅਦੇ ਪੂਰੇ ਕਰਨ ਦੀ ਥਾਂ ਅਮਰਿੰਦਰ ਸਿੰਘ ਸਰਕਾਰ ਬਹਾਨੇਬਾਜ਼ੀਆਂ 'ਤੇ ਉਤਰ ਆਈ ਹੈ। ਕਾਂਗਰਸੀ ਆਗੂਆਂ ਵਲੋਂ ਦਲਿਤਾਂ ਨੂੰ ਅਲਾਟ ਹੋਏ ਪਲਾਟਾਂ ਨੂੰ ਜਬਰੀ ਖੋਹਿਆ ਜਾ ਰਿਹਾ ਹੈ ਤੇ ਪੁਲਸ ਤੰਤਰ ਨੂੰ ਆਪਣੇ ਹਿਤਾਂ ਅਨੁਸਾਰ ਵਰਤਣ ਦੀ ਕਵਾਇਦ ਸ਼ੁਰੂ ਹੋ ਗਈ ਹੈ।
ਸਕੱਤਰੇਤ ਨੇ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਦੌਲੋਵਾਲ ਵਿਖੇ ਸੈਂਚੁਰੀ ਪਲਾਈਬੋਰਡ ਫੈਕਟਰੀ ਵਿਰੁਧ ਚਲ ਰਹੇ ਜਨਤਕ ਸੰਘਰਸ਼ ਦਾ ਜੋਰਦਾਰ ਸਮਰਥਨ ਕੀਤਾ ਅਤੇ ਮੰਗ ਕੀਤੀ ਕਿ ਪ੍ਰਦੂਸ਼ਣ ਦੇ ਸਰੋਤ ਵਜੋਂ ਉਸਾਰੀ ਜਾ ਰਹੀ ਇਸ ਫੈਰਟਰੀ ਦੀ ਉਸਾਰੀ ਤੁਰੰਤ ਰੋਕੀ ਜਾਵੇ।
ਸਾਥੀ ਪਾਸਲਾ ਨੇ ਅੱਗੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਤੇ ਫਿਰਕਾਪ੍ਰਸਤੀ ਨੂੰ ਹਵਾ ਦੇਣ ਵਾਲੀ ਸੰਕੀਰਨ ਸੋਚ ਵਿਰੁੱਧ ਅਤੇ ਦਲਿਤਾਂ ਵਿਰੁੱਧ ਵੱਧ ਰਹੇ ਅਤਿਆਚਾਰਾਂ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ ਤੇ ਜਨਤਕ ਰੋਹ ਨੂੰ ਪ੍ਰਚੰਡ ਕੀਤਾ ਜਾਵੇਗਾ। ਸਾਥੀ ਪਾਸਲਾ ਨੇ ਪੰਜਾਬ ਦੇ ਸਮੂਹ ਮਿਹਨਤਕਸ਼ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪ੍ਰਤੀਰੋਧ ਦੀ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਪੰਜਾਬ ਸਰਕਾਰ ਨੂੰ ਚੋਣ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ।
ਜਾਰੀ ਕਰਤਾ

                                                                                                                              (ਰਵੀ ਕੰਵਰ)                  
                                                                                                                          ਦਫਤਰ ਸਕੱਤਰ

Monday, 8 May 2017

'ਕਮਿਊਨਿਸਟ ਪੱਤਰਕਾਰੀ ਅਤੇ ਅਜੋਕੀਆਂ ਚਣੌਤੀਆਂ' ਬਾਰੇ ਸੈਮੀਨਾਰ

ਜਲੰਧਰ, 8 ਮਈ - ਅਦਾਰਾ 'ਸੰਗਰਾਮੀ ਲਹਿਰ' ਨੇ ਆਪਣੇ ਮਹੀਨਾਵਾਰ ਤ੍ਰੈਭਾਸ਼ੀ ਪਰਚੇ 'ਸੰਗਰਾਮੀ ਲਹਿਰ' ਦਾ 15ਵਾਂ ਸਥਾਪਨਾ ਦਿਵਸ ਮਨਾਉਣ ਲਈ ਵਿਸ਼ਣੂ ਗਣੇਸ਼ ਪਿੰਗਲੇ ਹਾਲ, ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਅਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਉੱਘੇ ਲੋਕ ਪੱਖੀ ਸਾਹਿਤਕਾਰ ਅਤੇ ਆਲਮੀ ਪ੍ਰਸਿੱਧੀ ਵਾਲੇ ਕਵੀ ਸਾਥੀ ਹਰਭਜਨ ਸਿੰਘ ਹੁੰਦਲ ਨੇ ਕੀਤੀ।





 
'ਸੰਗਰਾਮੀ ਲਹਿਰ' ਦੇ ਸੰਸਥਾਪਕ ਸੰਪਾਦਕ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਹਰਕੰਵਲ ਸਿੰਘ ਨੇ 'ਇਨਕਲਾਬੀ ਪੱਤਰਕਾਰੀ ਅਤੇ ਅਜੋਕੀਆਂ ਚਣੌਤੀਆਂ' ਬਾਰੇ ਕੂੰਜੀਵਤ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਰਿਵਾਇਤੀ ਪੱਤਰਕਾਰੀ ਕੇਵਲ ਘਟਨਾਵਾਂ ਅਤੇ ਵਰਤਾਰਿਆਂ ਬਾਰੇ ਸੂਚਨਾਵਾਂ ਪ੍ਰਦਾਨ ਕਰਨ ਤੱਕ ਹੀ ਸੀਮਤ ਰਹਿੰਦੀ ਹੈ ਪਰ ਇਨਕਲਾਬੀ ਪੱਤਰਕਾਰੀ ਇਸ ਤੋਂ ਅਗਾਂਹ ਜਾਕੇ ਸਮਾਜ ਲਈ ਘਾਤਕ ਨਾਂਹਪੱਖੀ ਵਰਤਾਰਿਆਂ ਖਿਲਾਫ ਲੋਕਾਂ ਨੂੰ ਜਥੇਬੰਦ ਕਰਦਿਆਂ ਸੰਗਰਾਮਾਂ ਦੀ ਉਸਾਰੀ ਕਰਨ 'ਚ ਯੋਗਦਾਨ ਪਾਉਂਦੀ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸਾਮਰਾਜੀ ਦੇਸ਼, ਉਨ੍ਹਾਂ ਦੇ ਹਿਤ ਪਾਲਕ ਵਿੱਤੀ ਅਦਾਰੇ ਅਤੇ ਸਾਮਰਾਜੀਆਂ ਦੇ ਦੇਸੀ-ਵਿਦੇਸ਼ੀ ਭਾਈਵਾਲਾਂ 'ਤੇ ਅਧਾਰਤ ਗੱਠਜੋੜ ਨਵਉਦਾਰਵਾਦੀ ਨੀਤੀਆਂ ਦੇ ਨਾਪਾਕ ਹਥਿਆਰ ਦੀ ਵਰਤੋਂ ਕਰਦਿਆਂ ਭਾਰਤ ਸਮੇਤ ਸਾਰੇ ਨਵੇਂ ਅਜਾਦ ਹੋਏ ਦੇਸ਼ਾਂ ਦੀ ਕਿਰਤ ਸ਼ਕਤੀ ਅਤੇ ਕੁਦਰਤੀ ਵਸੀਲਿਆਂ ਦੀ ਬੇਕਿਰਕ ਲੁੱਟ ਰਾਹੀਂ ਭਾਰੀ ਮੁਨਾਫੇ ਕਮਾ ਰਿਹਾ ਹੈ। ਲੋਕਾਂ ਨੂੰ ਇਸ ਲੁੱਟ ਖਿਲਾਫ ਸੁਚੇਤ ਹੋਣੋਂ, ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹੇ ਪੈਣੋਂ ਰੋਕਣ ਲਈ ਸਾਰੇ ਸੰਸਾਰ 'ਚ ਫਿਰਕੂ, ਨਸਲੀ, ਭਾਸ਼ਾਈ, ਇਲਾਕਾਈ ਅਤੇ ਹੋਰ ਹਰ ਤਰ੍ਹਾਂ ਦੇ ਫੁੱਟਪਾਊ ਢੰਗ ਤਰੀਕੇ ਅਮਲ 'ਚ ਲਿਆਂਦੇ ਜਾ ਰਹੇ ਹਨ। ਅਜੋਕੇ ਦੌਰ 'ਚ ਇਨਕਲਾਬੀ ਪੱਤਰਕਾਰੀ ਨੂੰ ਦਰਪੇਸ਼ ਚੁਣੌਤੀਆਂ ਅਤੇ ਔਕੜਾਂ ਨੂੰ ਸਾਨੂੰ ਉਪਰੋਕਤ ਪਰਿਪੇਖ 'ਚ ਹੀ ਸਮਝਣ ਅਤੇ ਸਿੱਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਈ ਦੇ ਦੁਸ਼ਮਣ ਉਪਰੋਕਤ ਲੋਟੂ ਤਾਣੇ-ਬਾਣੇ ਵਲੋਂ ਅੱਜ ਮੀਡੀਆ 'ਤੇ ਕਬਜੇ ਰਾਹੀਂ ਲੋਕਾਂ ਨੂੰ ਗਲਤ ਜਾਣਕਾਰੀਆਂ ਪ੍ਰਦਾਨ ਕਰਦਿਆਂ ਲੋਕ ਚੇਤਨਾਂ ਨੂੰ ਗੰਧਲਾ ਕੀਤੇ ਜਾਣ ਦੀ ਇਕ ਹੋਰ ਵੱਡੀ ਚਣੌਤੀ ਹੈ। ਪਿਛਲੇ ਕਿਸੇ ਵੀ ਸਮਿਆਂ ਨਾਲੋਂ ਅੱਜ ਬੁੱਧੀਜੀਵੀਆਂ, ਮਾਨਵਵਾਦੀ ਪੱਤਰਕਾਰਾਂ, ਵਿਗਿਆਨਕ ਅਤੇ ਤਕਰਕਸ਼ੀਲ ਵਿਚਾਰਾਂ ਲਈ ਜੂਝਣ ਵਾਲਿਆਂ, ਵੇਲਾ ਵਿਹਾ ਚੁੱਕੀਆਂ ਰਸਮਾਂ 'ਤੇ ਕਿੰਤੂ ਕਰਨ ਵਾਲਿਆਂ, ਸਰਕਾਰ ਦੇ ਜਾਬਰ 'ਤੇ ਲੋਕ ਦੋਖੀ ਕਦਮਾਂ ਖਿਲਾਫ ਬੋਲਣ ਵਾਲਿਆਂ 'ਤੇ ਹਮਲੇ ਦਿਨੋਂ ਦਿਨ ਤਿੱਖੇ ਹੁੰਦੇ ਜਾ ਰਹੇ ਹਨ। ਇਸ ਲਈ ਅੱਜ ਇਨਕਲਾਬੀ ਪੱਤਰਕਾਰੀ ਦੇ ਖੇਤਰ 'ਚ ਸਰਗਰਮ ਕਾਰਕੁੰਨਾਂ ਨੂੰ ਵਧੇਰੇ ਸਮਰਪਨ ਅਤੇ ਤਿਆਗ ਦੀ ਲੋੜ ਹੈ ਪਰ ਲੋਕਾਂ ਨੂੰ ਵੀ ਇਸ ਮਾਨਵਾਦੀ, ਭਵਿੱਖ ਮੁੱਖੀ ਪੱਤਰਕਾਰੀ ਦਾ ਪੂਰਾ ਸਾਥ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸੀਮਤ ਸਾਧਨਾਂ ਦੇ ਬਾਵਜੂਦ 'ਸੰਗਰਾਮੀ ਲਹਿਰ' ਨੇ ਪਾਠਕਾਂ ਨਾਲ ਪੰਦਰਾਂ ਵਰ੍ਹੇ ਦੀ ਸਾਂਝ ਨਿਭਾਈ ਹੈ ਪਰ ਇਹ ਸਾਂਝ ਸਦੀਵੀ ਬਣਨਾ ਲੋਚਦੀ ਹੈ।
'ਸੰਗਰਮੀ ਲਹਿਰ' ਦੇ ਸੰਪਾਦਕ ਸਾਥੀ ਮੰਗਤ ਰਾਮ ਪਾਸਲਾ ਜਨਰਲ ਸਕੱਤਰ ਆਰਐਮਪੀਆਈ ਨੇ ਕਿਹਾ ਕਿ ਧਰਮ ਨਿਰਪੱਖਤਾ, ਜਮਹੂਰੀਅਤ, ਸਮਾਜਵਾਦ ਦੇ ਉਦੇਸ਼ਾਂ ਦੀ ਪੂਰਤੀ ਲਈ ਸ਼ੁਰੂ ਕੀਤਾ ਗਿਆ ਪਰਚਾ ਆਪਣੇ ਬੁਨਿਆਦੀ ਆਸ਼ਿਆਂ ਨਾਲ ਇਨਸਾਫ ਕਰਨ ਦੀ ਦਿਸ਼ਾ ਵਿੱਚ ਅਡੋਲ ਸਾਬਤ ਕਦਮੀਂ ਤੁਰਿਆ ਹੈ। ਹਰ ਕਿਸਮ ਦੇ ਜਬਰ-ਜ਼ੁਲਮ ਖਿਲਾਫ, ਕਿਰਤੀਆਂ ਦੇ ਸਾਰੇ ਭਾਗਾਂ ਦੇ ਰੋਜਾਨਾ ਦੇ ਮਸਲੇ ਉਭਾਰਨ ਪੱਖੋਂ, ਪਰਿਆਵਰਣ ਸਮੇਤ ਸਾਰੇ ਮਾਨਵਵਾਦੀ ਸਰੋਕਾਰਾਂ ਦੀ ਰਾਖੀ ਲਈ, ਪ੍ਰਗਤੀਵਾਦੀ ਵਿਚਾਰਾਂ ਨੂੰ ਅਗਾਂਹ ਵਧਾਉਣ ਲਈ ਅਤੇ ਅਦੁੱਤੀ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੇ ਵਿਚਾਰਾਂ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਪਰਚੇ ਨੇ ਯਥਾਸ਼ਕਤੀ ਨਿੱਗਰ ਭੂਮਿਕਾ ਨਿਭਾਈ ਹੈ ਅਤੇ ਇਸ ਭੂਮਿਕਾ ਨੂੰ ਭਵਿੱਖ 'ਚ ਹੋਰ ਵਿਸਥਾਰਨ ਦੀ ਡਾਢੀ ਲੋੜ ਹੈ।
ਸੈਮੀਨਾਰ 'ਚ 'ਸੰਗਰਾਮੀ ਲਹਿਰ' ਦੇ ਪਾਠਕਾਂ/ਸਨੇਹੀਆਂ ਤੋਂ ਇਲਾਵਾ ਸਮਾਜ ਦੇ ਵੱਖੋਂ-ਵੱਖ ਵਰਗਾਂ ਦੀਆਂ ਮੋਹਤਬਰ ਹਸਤੀਆਂ ਨੇ ਵੀ ਸ਼ਮੂਲੀਅਤ ਕੀਤੀ। ਅੁਦੱਤੀ ਘਾਲਣਾਵਾਂ ਰਾਹੀਂ ਪਰਚੇ ਨੂੰ ਹਰਮਨ ਪਿਆਰਾ ਬਣਾਉਣ ਦੇ ਯਤਨਾਂ 'ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪਰਚੇ ਦੇ ਮੈਨੇਜਰ ਸਾਥੀ ਰਮੇਸ਼ ਚੰਦਰ ਸ਼ਰਮਾ ਅਤੇ ਉਨ੍ਹਾਂ ਦੀ ਧਰਮ ਪਤਨੀ ਦਾ ਯਾਦ ਚਿੰਨ੍ਹ ਦੇਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਜ 'ਤੇ ਸੰਪਾਦਕੀ ਮੰਡਲ ਦੇ ਸਾਥੀ ਰਘਬੀਰ ਸਿੰਘ, ਮਹੀਪਾਲ ਅਤੇ ਰਵੀ ਕੰਵਰ ਤੋਂ ਇਲਾਵਾ ਦੇਸ਼ ਭਗਤ ਯਾਦਗਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਤੇ ਖ਼ਜ਼ਾਨਚੀ ਡਾ. ਰਘਬੀਰ ਕੌਰ ਉਚੇਚੇ ਤੌਰ 'ਤੇ ਸ਼ੰਸ਼ੋਭਤ ਸਨ।

(ਰਵੀ ਕੰਵਰ)
94643-36019

Monday, 24 April 2017

ਸਾਥੀ ਬਖਤੌਰ ਸਿੰਘ ਦੂਲੋਵਾਲ ਨਹੀਂ ਰਹੇ

ਬਠਿੰਡਾ/ਮਾਨਸਾ , 24 ਅਪ੍ਰੈਲ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਦੇ ਮੈਂਬਰ, ਬਜ਼ੁਰਗ ਕਮਿਊਨਿਸਟ ਆਗੂ ਸਾਥੀ ਬਖਤੌਰ ਸਿੰਘ ਦੂਲੋਵਾਲ ਅੱਜ ਸਦੀਵੀਂ ਵਿਛੋੜਾ ਦੇ ਗਏ।
ਸਾਥੀ ਬਖਤੌਰ ਸਿੰਘ ਦੂਲੋਵਾਲ ਅਣਵੰਡੀ ਕਮਿਊਨਿਸਟ ਪਾਰਟੀ ਦੇ ਮੈਂਬਰ ਸਨ ਅਤੇ ਉਨ੍ਹਾਂ ਆਪਣੇ ਮਿਸਾਲੀ ਜੀਵਨ ਦਾ ਛੇ ਦਹਾਕਿਆਂ ਤੋਂ ਵਧੇਰੇ ਸਮਾਂ ਦੱਬੇ-ਕੁਚਲਿਆਂ ਦੀ ਬੰਦ ਖਲਾਸੀ ਦੀ ਜਾਮਨ ਕਮਿਊਨਿਸਟ ਲਹਿਰ ਦੇ ਲੇਖੇ ਲਾਇਆ। ਆਪ 1964 'ਚ ਕਾਇਮ ਹੋਈ ਸੀ.ਪੀ.ਆਈ.(ਐਮ) ਦੇ ਜ਼ਿਲ੍ਹੇ ਅੰਦਰ ਸਿਰਕੱਢ ਉਸਰੱਈਆ 'ਚੋਂ ਇਕ ਸਨ। ਮਾਰਕਸਵਾਦ-ਲੈਨਿਨਵਾਦ ਦੀਆਂ ਬੁਨਿਆਦੀ ਸਥਾਪਨਾਵਾਂ ਨਾਲ ਅਡੋਲ ਖੜੋਂਦਿਆਂ ਆਪ ਨੇ ਪਹਿਲਾਂ ਸੀ.ਪੀ.ਐਮ.ਪੰਜਾਬ ਅਤੇ ਪਿਛੋਂ ਆਰ.ਐਮ.ਪੀ.ਆਈ. ਦੀ ਕਾਇਮੀ 'ਚ ਮਹੱਤਵਪੂਰਨ ਯੋਗਦਾਨ ਪਾਇਆ। ਆਪ ਲੰਮਾ ਸਮਾਂ ਪੰਜਾਬ ਕਿਸਾਨ ਸਭਾ ਦੀ ਬਠਿੰਡਾ-ਮਾਨਸਾ ਜਿਲ੍ਹਾ ਇਕਾਈ ਦੇ ਪ੍ਰਧਾਨ ਰਹੇ। ਅਨੇਕਾਂ ਲੋਕ ਸੰਗਰਾਮਾਂ 'ਚ ਜੇਲ੍ਹਾਂ ਕੱਟਣ ਅਤੇ ਹੋਰ ਬੇਮਿਸਾਲ ਕੁਰਬਾਨੀਆਂ ਕਰਨ ਵਾਲੇ ਸਾਥੀ ਬਖਤੌਰ ਸਿੰਘ ਨੇ ਪੰਜਵੇਂ ਦਹਾਕੇ 'ਚ ਰਣਬੀਰ ਕਾਲਜ ਸੰਗਰੂਰ ਤੋਂ ਐਫ ਏ. ਦੀ ਤਾਲੀਮ ਹਾਸਲ ਕੀਤੀ।
ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪਾਰਟੀ ਦੇ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਮੈਂਬਰ ਸਾਥੀ ਮਹੀਪਾਲ, ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ, ਜਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ ਨੇ ਉਨ੍ਹਾਂ ਦੇ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਅਹਿਦ ਦ੍ਰਿੜਾਇਆ।
ਅੱਜ ਉਨ੍ਹਾਂ ਦੇ ਜੱਦੀ ਪਿੰਡ ਦੂਲੋਵਾਲ ਵਿਖੇ ਹੋਏ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਸੀ.ਪੀ.ਆਈ., ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ, ਸੀ.ਪੀ.ਆਈ. (ਐਮ) ਦੇ ਸਿਰਮੌਰ ਆਗੂਆਂ ਤੋਂ ਇਲਾਵਾ ਅਨੇਕਾਂ ਜਨਸੰਗਠਨਾਂ ਦੇ ਆਗੂ ਵੀ ਸ਼ਾਮਲ ਹੋਏ।
ਇਕ ਵੱਖਰੇ ਬਿਆਨ ਰਾਹੀਂ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਤੇ ਜਨਰਲ ਸਕੱਤਰ ਸਾਥੀ ਸਤਨਾਮ ਸਿੰਘ ਅਜਨਾਲਾ ਤੇ ਕੁਲਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਤੇ ਸਕੱਤਰ ਸਾਥੀ ਦਰਸ਼ਨ ਨਾਹਰ ਤੇ ਗੁਰਨਾਮ ਸਿੰਘ ਦਾਊਦ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਪ੍ਰਧਾਨ-ਸਕੱਤਰ ਜਸਵਿੰਦਰ ਢੇਸੀ ਤੇ ਮਨਦੀਪ ਰਤੀਆ, ਜਨਵਾਦੀ ਇਸਤਰੀ ਸਭਾ ਦੀ ਪ੍ਰਧਾਨ-ਸਕੱਤਰ ਬੀਬੀ ਦਰਸ਼ਨ ਕੌਰ 'ਤੇ ਨੀਲਮ ਘੁਮਾਣ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਤੇ ਅਜੈ ਫਿਲੌਰ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸਕੱਤਰ ਰਤਨ ਸਿੰਘ ਰੰਧਾਵਾ, ਮੰਡ ਬੇਟ ਆਬਾਦਕਾਰ ਸੰਘਰਸ਼ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਤੇ ਹੋਰਨਾਂ ਨੇ ਉਨ੍ਹਾਂ ਦੇ ਦਿਹਾਂਤ ਨੂੰ ਜਮਹੂਰੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।

(ਮਹੀਪਾਲ)
ਸੂਬਾ ਸਕੱਤਰੇਤ
ਮੈਂਬਰ

Sunday, 23 April 2017

ਆਰ ਐੱਮ ਪੀ ਆਈ ਚੰਡੀਗੜ੍ਹ ਵਲੋਂ 'ਧਰਮ-ਨਿਰਪੱਖਤਾ, ਜਮਹੂਰੀਅਤ ਤੇ ਹਕੀਕੀ ਰਾਸ਼ਟਰਵਾਦ' ਵਿਸ਼ੇ 'ਤੇ ਸੈਮੀਨਾਰ










ਚੰਡੀਗੜ੍ਹ, 23 ਅਪ੍ਰੈਲ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਚੰਡੀਗੜ੍ਹ ਯੂਨਿਟ ਵਲੋਂ ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਹਕੀਕੀ ਰਾਸ਼ਟਰਵਾਦ ਵਿਸ਼ੇ 'ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹ ਸੈਮੀਨਾਰ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ-36, ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ 'ਚ 150 ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਜੁਗਿੰਦਰ ਸਿੰਘ ਨੇ ਕੀਤੀ ਅਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਤੀਸ਼ ਖੋਸਲਾ ਨੇ ਨਿਭਾਈ।
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਪ੍ਰਸਿੱਧ ਪੱਤਰਕਾਰ ਗੋਬਿੰਦ ਠੁਕਰਾਲ ਨੇ ਆਪਣੇ ਕੌਮੀ ਅਤੇ ਅੰਤਰ-ਰਾਸ਼ਟਰੀ ਤਜਰਬਿਆਂ ਦੇ ਆਧਾਰ 'ਤੇ ਭਾਰਤੀ ਜਮਹੂਰੀਅਤ, ਧਰਮ-ਨਿਰਪੱਖ ਅਤੇ ਰਾਸ਼ਟਰਵਾਦ ਦੀ ਵਿਆਖਿਆ ਭਾਰਤੀ ਇਤਿਹਾਸ ਦੀਆਂ ਜੜ੍ਹਾਂ ਦੇ ਆਧਾਰ 'ਤੇ ਕੀਤੀ। ਇਹ ਆਧਾਰ ਅਜੋਕੇ ਸਮੇਂ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ 'ਤੇ ਵੀ ਢੁੱਕਦੇ ਹਨ। ਉਪਰੋਕਤ ਹਕੀਕਤਾਂ ਨੂੰ ਕੇਂਦਰ ਵਿੱਚ ਰਾਜ ਕਰ ਰਹੀ ਪਾਰਟੀ ਹੀ ਖ਼ਤਮ ਕਰਨ 'ਤੇ ਤੁਲੀ ਹੋਈ ਹੈ। ਸਿੱਟੇ ਵਜੋਂ ਸਾਰੇ ਦੇਸ਼ 'ਚ ਅਰਾਜਕਤਾ ਦਾ ਮਾਹੌਲ ਹੈ, ਜੋ ਧਰਮ-ਨਿਰਪੱਖ ਜਮਹੂਰੀਅਤ ਲਈ ਬਹੁਤ ਵੱਡਾ ਖ਼ਤਰਾ ਹੈ। ਇਨ੍ਹਾਂ ਸਾਰੀਆਂ ਤਾਕਤਾਂ ਦੇ ਪਿੱਛੇ ਆਰ ਐੱਸ ਐੱਸ ਦਾ ਸਿੱਧਾ ਤੇ ਸਪੱਸ਼ਟ ਰੋਲ ਹੈ, ਜਿਸ ਦੀਆਂ ਜੜ੍ਹਾਂ ਹਿੰਦੂ ਰਾਸ਼ਟਰਵਾਦ ਵਿੱਚ ਹਨ, ਜਿਵੇਂ ਆਧਿਆਤਮਕ ਜਮਹੂਰੀਅਤ, ਗਊ ਰੱਖਿਆ ਭਾਰਤ ਦੇ ਧਰਮ-ਨਿਰਪੱਖ ਢਾਂਚੇ ਲਈ ਬਹੁਤ ਵੱਡਾ ਖ਼ਤਰਾ ਹੈ, ਜੋ ਕਿ ਹਰ ਰੋਜ਼ ਹੋਣ ਵਾਲੀ ਗੱਲ ਬਣ ਕੇ ਰਹਿ ਗਈ ਹੈ। ਗੋਬਿੰਦ ਠੁਕਰਾਲ ਨੇ ਚੋਣ ਪ੍ਰਬੰਧ ਵਾਲੀ ਜਮਹੂਰੀਅਤ ਵਿੱਚ ਸੁਧਾਰਾਂ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਭਾਰਤੀ ਪ੍ਰਣਾਲੀ ਵਿੱਚ ਅਨੁਪਾਤਕ ਪ੍ਰਤੀਨਿਧਤਾ, ਰਾਜ ਆਧਾਰਤ ਖ਼ਰਚ ਤੇ ਚੋਣਾਂ ਕਰਵਾਉਣ ਅਤੇ ਚੋਣ ਸੁਧਾਰਾਂ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾ ਖੱਬੀਆਂ ਤਾਕਤਾਂ ਦੇ ਕਮਜ਼ੋਰ ਹੋਣ 'ਤੇ ਚਿੰਤਾ ਜ਼ਾਹਰ ਕਰਦਿਆਂ ਸਾਰੀਆਂ ਜਮਹੂਰੀ, ਅਗਾਂਹਵਧੂ ਅਤੇ ਖੱਬੀਆਂ ਸ਼ਕਤੀਆਂ ਦੇ ਏਕੇ ਦੀ ਜ਼ਰੂਰਤ 'ਤੇ ਬਲ ਦਿੱਤਾ ਅਤੇ ਆਰ ਐੱਸ ਐੱਸ ਦੇ ਖ਼ਤਰਨਾਕ ਇਰਾਦਿਆਂ ਨੂੰ ਭਾਂਜ ਦੇਣ ਦੀ ਗੱਲ ਕੀਤੀ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਹਕੀਕੀ ਰਾਸ਼ਟਰਵਾਦ ਬਾਰੇ ਗੱਲ ਕਰਦਿਆ ਜ਼ੋਰ ਦਿੱਤਾ ਕਿ ਇਹ ਤਿੰਨ ਹੀ ਮੁੱਦੇ ਆਪਸ ਵਿੱਚ ਗੂੜ੍ਹਾ ਸੰਬੰਧ ਰੱਖਦੇ ਹਨ। ਉਨ੍ਹਾ ਕਿਹਾ ਅੱਜ ਘੱਟ ਗਿਣਤੀਆਂ 'ਤੇ ਵੱਡੀ ਪੱਧਰ 'ਤੇ ਹਮਲੇ ਹੋ ਰਹੇ ਹਨ ਅਤੇ ਉਹ ਦਹਿਸ਼ਤ ਦੇ ਸਾਏ ਵਿੱਚ ਜੀਅ ਰਹਿ ਰਹੇ ਹਨ। ਉਨ੍ਹਾ ਲੋਕਾਂ, ਵਿਸ਼ੇਸ਼ ਤੌਰ 'ਤੇ ਖੱਬੀਆਂ ਧਿਰਾਂ ਨੂੰ ਸਪੱਸ਼ਟ ਤੌਰ 'ਤੇ ਇਨ੍ਹਾਂ ਲੋਕ ਵਿਰੋਧੀ ਤਾਕਤਾਂ ਨੂੰ ਹਰਾਉਣ ਲਈ ਅੱਗੇ ਆਉਣ ਲਈ ਕਿਹਾ ਅਤੇ ਵਿਸ਼ੇਸ਼ ਤੌਰ ਤੇ ਜਮਹੂਰੀ ਅਤੇ ਧਰਮ-ਨਿਰਪੱਖ ਤਾਕਤਾਂ ਵਲੋਂ ਇਸ ਕਾਜ ਨੂੰ ਨੇਪਰੇ ਚਾੜ੍ਹਨ ਲਈ ਵਧ-ਚੜ੍ਹ ਕੇ ਭਾਗ ਲੈਣ ਲਈ ਕਿਹਾ, ਤਾਂ ਕਿ ਲੋਕਾਂ ਦੀ ਇੱਕ ਵਿਸ਼ਾਲ ਜਮਹੂਰੀ ਲਹਿਰ ਪੈਦਾ ਹੋ ਸਕੇ। ਇਹ ਲਹਿਰ ਪ੍ਰਮੁੱਖ ਮੁੱਦਿਆਂ ਦੇ ਆਧਾਰ 'ਤੇ ਕੰਮ ਕਰੇ, ਜਿਵੇਂ ਦੇਸ਼ ਦੇ ਪ੍ਰਮੁੱਖ ਮੁੱਢਲੇ ਆਰਥਕ ਮੁੱਦਿਆਂ ਅਤੇ ਫਿਰਕਾਪ੍ਰਸਤ ਤਾਕਤਾਂ ਖ਼ਿਲਾਫ਼ ਲਗਾਤਾਰ ਲੜਾਈ। ਸਰੋਤਿਆਂ ਦੇ ਪ੍ਰਸ਼ਨਾਂ ਦਾ ਜਵਾਬ ਦਿੰਦੇ ਹੋਏ ਉਨ੍ਹਾ ਕਿਹਾ ਕਿ ਚੋਣਾਂ ਦਾ ਪ੍ਰਸ਼ਨ ਏਨਾ ਮਹੱਤਵਪੂਰਨ ਨਹੀਂ, ਸਗੋਂ ਇਹ ਅਤਿਅੰਤ ਮਹੱਤਵਪੂਰਨ ਹੈ ਕਿ ਲੋਕ ਵਿਰੋਧੀ ਨੀਤੀਆਂ ਅਤੇ ਫ਼ਿਰਕਾਪ੍ਰਸਤ ਤਾਕਤਾਂ ਖ਼ਿਲਾਫ਼ ਲਗਾਤਾਰ ਅਤੇ ਬੇਕਿਰਕ ਲੜਾਈ ਛੇੜੀ ਜਾਵੇ।
ਬਹਿਸ ਵਿੱਚ ਭਾਗ ਲੈਣ ਵਾਲੀਆਂ ਪ੍ਰਸਿੱਧ ਹਸਤੀਆਂ ਵਿੱਚ ਪ੍ਰੋ. ਚਮਨ ਲਾਲ, ਪ੍ਰੋ. ਮਨਜੀਤ ਸਿੰਘ, ਪ੍ਰੋ. ਰਬਿੰਦਰ ਸ਼ਰਮਾ,  ਐੱਚ ਐੱਸ ਮਹਿਤਾ, ਡਾ. ਕਾਂਤਾ, ਡਾ. ਵਰਿੰਦਰ, ਡੀ ਐੱਸ ਚਾਹਲ, ਪ੍ਰੋ. ਲਾਲ ਸਿੰਘ, ਤਰਲੋਚਨ ਰਾਣਾ, ਸਦੇਸ਼ ਤਲਵਾੜ (ਪ੍ਰਸਿੱਧ ਪੱਤਰਕਾਰ), ਗੁਰਦਰਸ਼ਨ ਬੀਕਾ, ਮਿ. ਬੇਦੀ ਅਤੇ ਡਾ. ਰਾਜੀਵ ਖੋਸਲਾ ਸ਼ਾਮਲ ਸਨ।
ਅੰਤ ਵਿੱਚ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਜੁਗਿੰਦਰ ਸਿੰਘ ਨੇ ਆਏ ਹੋਏ ਪ੍ਰਮੁੱਖ ਬੁਲਾਰਿਆਂ ਅਤੇ ਵਿਦਵਾਨ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਸੈਮੀਨਾਰ ਵਿੱਚ ਉਭਰੇ ਵਿਚਾਰਾਂ ਦੇ ਅਧਾਰ 'ਤੇ ਵਧ-ਚੜ੍ਹ ਕੇ ਲੋਕਾਂ ਵਿੱਚ ਕੰਮ ਕਰਨ ਦੀ ਅਪੀਲ ਕੀਤੀ।

Saturday, 22 April 2017

ਆਰ.ਐਮ.ਪੀ.ਆਈ. ਵੱਲੋਂ ਧਰਮ ਨਿਰਪੱਖਤਾ, ਜਮਹੂਰੀਅਤ ਤੇ ਹਕੀਕੀ ਰਾਸ਼ਟਰਵਾਦ ਦੀ ਰਾਖੀ ਲਈ ਸੈਮੀਨਾਰ ਅਯੋਜਿਤ


ਜਲੰਧਰ, 22 ਅਪ੍ਰੈਲ - ਭਗਵੇਂਕਰਨ ਦੇ ਤਿੱਖੇ ਹਮਲੇ ਦੇ ਨਾਲ-ਨਾਲ ਚੱਲ ਰਹੇ ਅੰਧ ਰਾਸ਼ਟਰਵਾਦ ਦੇ ਦੌਰ ਵਿਚ ਹਾਲਾਤ ਜਿੱਥੇ ਪਹੁੰਚ ਗਏ ਹਨ, ਉੱਥੇ ਘਟ ਗਿਣਤੀਆਂ ਨੂੰ ਆਪਣੀ ਸ਼ਨਾਖਤ ਕਾਇਮ ਰੱਖਣ ਤੇ ਆਪਣੇ ਬੁਨਿਆਦੀ ਹੱਕਾਂ ਦੀ ਰਾਖੀ ਲਈ ਆਪਣੀ ਗੱਲ ਖੁਦ ਕਰਨ ਦੀ ਹਿੰਮਤ ਜੁਟਾਉਣੀ ਪਵੇਗੀ ਅਤੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਵੀ ਇਸ ਇਤਿਹਾਸਕ ਲੋੜਵੰਦੀ ਨੂੰ ਉਜਾਗਰ ਕਰਨ ਵਾਸਤੇ ਇਕਮੁੱਠ ਹੋ ਕੇ ਬੱਝਵੇਂ ਉਪਰਾਲੇ ਕਰਨੇ ਪੈਣਗੇ ਜੇ ਅਜਿਹਾ ਨਾ ਹੋਇਆ ਤਾਂ ਦੇਸ਼ ਦਾ ਧਰਮ ਨਿਰਪੱਖ ਚਿਹਰਾ-ਮੋਹਰਾ ਬੁਰੀ ਤਰ੍ਹਾ ਵਿਗੜ ਜਾਵੇਗਾ। ਇਹ ਗੱਲ ਦੇਸ਼ ਭਗਤ ਯਾਦਗਾਰ ਕੰਪਲੈਕਸ 'ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ ਮਹਾਨ ਕ੍ਰਾਂਤੀਕਾਰੀ ਵੀ.ਆਈ. ਲੈਨਿਨ ਦੇ ਜਨਮ ਦਿਨ ਮੌਕੇ 'ਧਰਮ ਨਿਰਪੱਖਤਾ, ਜਮਹੂਰੀਅਤ ਤੇ ਹਕੀਕੀ ਰਾਸ਼ਟਰਵਾਦ ਦੀ ਰਾਖੀ' ਦੇ ਅਨੁਵਾਨ ਹੇਠ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਪ੍ਰੋ: ਡਾ. ਅਪੂਰਵਾਨੰਦ ਝਾਅ ਨੇ ਕਹੀ।
ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਅਤੇ ਡਾ. ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ 'ਚ ਸਭ ਤੋਂ ਪਹਿਲਾਂ ਕਾਮਰੇਡ ਹਰਕੰਵਲ ਸਿੰਘ ਹੋਰਾਂ ਨੇ ਇਸ ਸੈਮੀਨਾਰ ਦੇ ਮਕਸਦ ਅਤੇ ਡਾ. ਅਪੂਰਵਾਨੰਦ ਝਾਅ ਬਾਰੇ ਜਾਣ-ਪਛਾਣ ਕਰਵਾਈ।
ਡਾ. ਝਾਅ ਨੇ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਘਾੜਿਆਂ ਨੇ ਸੰਵਿਧਾਨ ਵਿਚ ਇਸ ਗੱਲ ਦਾ ਖਾਸ ਇੰਤਜ਼ਾਮ ਕੀਤਾ ਸੀ ਕਿ ਘੱਟ ਗਿਣਤੀ ਭਾਈਚਾਰੇ, ਭਾਵੇਂ ਉਹ ਧਾਰਮਿਕ ਹੋਵੇ ਜਾਂ ਭਾਸ਼ਾਈ, ਦੀ ਗਿਣਤੀ ਚਾਹੇ ਕਿੰਨੀ ਵੀ ਘੱਟ ਕਿਉਂ ਨਾ ਹੋਵੇ, ਉਹ ਖੁਦ ਨੂੰ ਕਿਸੇ ਦਬਾਅ ਹੇਠ ਮਹਿਸੂਸ ਨਾ ਕਰੇ, ਉਸਨੂੰ ਬਰਾਬਰੀ ਦੇ ਹੱਕ ਹੋਣ, ਉਹ ਆਪਣੇ ਰੀਤੀ-ਰਿਵਾਜ਼ਾਂ, ਰਹਿਣ-ਸਹਿਣ ਦੇ ਢੰਗ ਤਰੀਕਿਆਂ ਦੀ ਹਿਫਾਜ਼ਤ ਕਰ ਸਕਣ। ਪਰ ਇਹ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਅੰਦਰ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਹਨ ਕਿ ਸੰਵਿਧਾਨ ਦੀਆਂ ਇਨ੍ਹਾਂ ਕਦਰਾਂ-ਕੀਮਤਾਂ ਦੀ ਹਿਫਾਜ਼ਤ ਦੀ ਗੱਲ ਪੂਰੀ ਸ਼ਿੱਦਤ ਨਾਲ ਮੁੜ ਤੋਂ ਕਰਨ ਦੀ ਸਖ਼ਤ ਜ਼ਰੂਰਤ ਆਣ ਖੜੀ ਹੋਈ ਹੈ।
ਉਨ੍ਹਾ ਕਿਹਾ ਕਿ ਇਨ੍ਹਾਂ ਕਦਰਾਂ-ਕੀਮਤਾਂ ਦੀ ਰਾਖੀ ਲਈ ਸੰਵਿਧਾਨ 'ਚ ਵਿਧਾਨ ਪਾਲਿਕਾ, ਕਾਰਜ ਪਾਲਿਕਾ ਤੇ ਨਿਆ ਪਾਲਿਕਾ ਦੀ ਬਰਾਬਰ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਪਰ ਅਜਿਹਾ ਹੋ ਨਹੀਂ ਰਿਹਾ। ਇਨ੍ਹਾਂ ਕਦਰਾਂ-ਕੀਮਤਾਂ ਨੂੰ ਖੁੱਲ੍ਹੇਆਮ ਚੁਣੌਤੀ ਦਿੱਤੀ ਜਾ ਰਹੀ ਹੈ। ਇਹ ਚੁਣੌਤੀ ਦੋ ਤਰ੍ਹਾਂ ਨਾਲ ਹੈ। ਇਕ ਤਾਂ ਰਾਜਨੀਤਕ ਤੌਰ 'ਤੇ ਘੱਟ ਗਿਣਤੀਆਂ, ਖਾਸਕਰ ਮੁਸਲਿਮ ਭਾਈਚਾਰੇ ਨੂੰ ਇਹ ਮਹਿਸੂਸ ਕਰਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹੁਣ ਇਸ ਦੇਸ਼ ਵਿਚ ਕੋਈ ਭੂਮਿਕਾ ਨਹੀਂ ਹੈ। ਸੰਸਦ ਚੋਣਾਂ 'ਚ ਤੇ ਬਾਅਦ ਵਿਚ ਯੂ.ਪੀ. ਦੀਆਂ ਚੋਣਾਂ ਵਿਚ ਇਹ ਗੱਲ ਸਪੱਸ਼ਟ ਰੂਪ 'ਚ ਸਾਹਮਣੇ ਆ ਗਈ ਹੈ ਕਿ ਘੱਟ ਗਿਣਤੀਆਂ ਦੀ ਆਬਾਦੀ ਕਿੰਨੀ ਵੀ ਕਿਉਂ ਨਾ ਹੋਵੇ, ਉਨ੍ਹਾਂ ਨੂੰ ਆਪਣੇ ਗੱਲ ਆਜ਼ਾਦੀ ਨਾਲ ਕਹਿਣ ਦੀ ਕੋਈ ਆਜ਼ਾਦੀ ਨਹੀਂ ਹੈ। ਉਨ੍ਹਾਂ ਨੂੰ ਇਹ ਸੰਦੇਸ਼ ਦੇ ਦਿੱਤਾ ਗਿਆ ਹੈ ਕਿ ਹੁਣ ਉਨ੍ਹਾਂ ਦਾ ਖਿਆਲ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਨੂੰ ਖੁੱਲ੍ਹੇਆਮ ਬੇਇੱਜ਼ਤ ਕੀਤਾ ਜਾ ਰਿਹਾ ਹੈ, ਤੇ ਇਹ ਗੱਲ ਮਹਿਸੂਸ ਕਰਵਾਈ ਜਾ ਰਹੀ ਹੈ ਕਿ ਤੁਹਾਡੀਆਂ ਔਰਤਾਂ ਨੂੰ ਆਜ਼ਾਦੀ ਨਹੀਂ ਹੈ ਤੇ ਇਹ ਆਜ਼ਾਦੀ ਅਸੀਂ ਦੇਵਾਂਗੇ। ਡਾ. ਝਾਅ ਨੇ ਕਿਹਾ ਕਿ ਇਹ ਵੀ ਬੇਇੱਜ਼ਤ ਕਰਨ ਦਾ ਇਕ ਢੰਗ ਤਰੀਕਾ ਹੀ ਹੈ।
ਦੂਸਰਾ ਤਰੀਕਾ ਹੈ ਗਊ ਰੱਖਿਆ ਦੇ ਨਾਂ 'ਤੇ ਜ਼ੁਲਮ ਦਾ। ਉਨ੍ਹਾ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ 'ਚ ਈਸ਼ਨਿੰਦਾ ਦੇ ਕਾਨੂੰਨ ਹੇਠ ਬਿਨਾਂ ਕਿਸੇ ਸੁਣਵਾਈ ਦੇ ਸਖ਼ਤ ਤੋਂ ਸਖ਼ਤ ਸਜ਼ਾ ਬੜੀ ਤੇਜ਼ੀ ਨਾਲ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਸਾਡੇ ਦੇਸ਼ ਵਿਚ ਵੀ ਗਊ ਰੱਖਿਆ ਦੇ ਨਾਂ 'ਤੇ ਸਿਰਫ਼ ਇਹ ਕਹਿ ਦੇਣਾ ਹੀ ਕਾਫੀ ਹੈ ਕਿ ਸੰਬੰਧਤ ਵਿਅਕਤੀ ਨੇ ਗਊ ਦੀ ਹੱਤਿਆ ਕੀਤੀ ਹੈ ਜਾਂ ਉਸਨੇ ਗਊ ਦਾ ਮਾਸ ਖਾਧਾ ਹੈ। ਕਮਾਲ ਦੀ ਗੱਲ ਇਹ ਹੈ ਕਿ ਪੁਲਿਸ ਵੀ ਮੂਕ ਦਰਸ਼ਕ ਬਣ ਕੇ ਦੇਖਦੀ ਰਹਿੰਦੀ ਹੈ। ਉਹ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਵਾਲਿਆਂ 'ਤੇ ਕਾਰਵਾਈ ਕਰਨ ਦੀ ਥਾਂ ਪੀੜਤ ਧਿਰ ਨੂੰ ਹੀ ਇਹੋ ਆਖਦੀ ਹੈ ਕਿ ਉਹ ਇਸ ਗੱਲ ਨੂੰ ਸਿੱਧ ਕਰੇ ਕਿ ਉਸਨੇ ਗਊ ਹੱਤਿਆ ਨਹੀਂ ਕੀਤੀ।
ਡਾ. ਝਾਅ ਨੇ ਕਿਹਾ ਕਿ ਸੰਘ ਦੀ ਅਗਵਾਈ ਹੇਠ ਚੱਲ ਰਹੀ ਅੰਧ ਰਾਸ਼ਟਰਵਾਦ ਦੀ ਇਸ ਹਨੇਰੀ 'ਚ ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਮੁਸਲਮਾਨ ਭਾਈਚਾਰੇ ਨਾਲ ਖੜੇ ਹੋਣ ਦੀ ਕਿਸੇ ਵੀ ਪਾਰਟੀ 'ਚ ਹਿੰਮਤ ਨਹੀਂ ਹੈ। ਹਰ ਬੁਰਜਵਾ ਪਾਰਟੀ ਨੂੰ ਇਹੋ ਡਰ ਰਹਿੰਦਾ ਹੈ ਕਿ ਜੇ ਮੁਸਲਮਾਨਾਂ ਦੀ ਗੱਲ ਕੀਤੀ ਤਾਂ ਸਾਡੀਆਂ ਵੋਟਾਂ ਨੂੰ ਖੋਰਾ ਨਾ ਲੱਗ ਜਾਵੇ। ਉਨ੍ਹਾ ਇਹ ਗੱਲ ਖਾਸ ਤੌਰ 'ਤੇ ਨੋਟ ਕਰਵਾਈ ਕਿ ਅੰਧ ਰਾਸ਼ਟਰਵਾਦ ਦੇ ਇਸ ਦੌਰ ਵਿਚ ਹੋਰ ਘੱਟ ਗਿਣਤੀਆਂ; ਸਿੱਖ, ਬੁੱਧ, ਜੈਨ ਤੇ ਇਸਾਈ ਵੀ ਮੁਸਲਮਾਨਾਂ ਨਾਲ ਖੜੇ ਹੋਣ ਦੀ ਥਾਂ ਹਿੰਦੂ ਕੱਟੜਪੰਥੀਆਂ ਨਾਲ ਖੜੇ ਹੋਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾ ਕਿਹਾ ਕਿ ਸਿੱਖਾਂ ਦੇ ਮਾਮਲੇ ਵਿਚ ਇਹ ਗੱਲ ਹੋਰ ਵੀ ਤਕਲੀਫ਼ਦੇਹ ਹੈ ਕਿਉਂਕਿ ਉਹ ਖੁਦ 1984 'ਚ ਇਸੇ ਤਰ੍ਹਾਂ ਦੇ ਜਬਰ ਦਾ ਸਾਹਮਣਾ ਕਰ ਚੁੱਕੇ ਹਨ। ਉਨ੍ਹਾ ਇਥੇ ਫਿਰ ਵਿਸ਼ੇਸ਼ ਤੌਰ ਤੇ ਜ਼ੋਰ ਦਿੱਤਾ ਕਿ 1984 'ਚ ਸਿੱਖ ਵਿਰੋਧੀ ਦੰਗਿਆਂ 'ਚ ਕੇਵਲ ਕਾਂਗਰਸ ਦੇ ਵਰਕਰ ਹੀ ਸ਼ਾਮਲ ਨਹੀਂ ਸਨ, ਉਨ੍ਹਾਂ 'ਚ ਆਰ.ਐਸ.ਐਸ. ਦੇ ਵਰਕਰ ਵੀ ਸਨ।  
ਡਾ. ਅਪੂਰਵਾਨੰਦ ਨੇ ਕਿਹਾ ਕਿ ਇਹ ਮੌਕਾ ਹੈ ਕਿ ਆਪਣੇ ਰਾਸ਼ਟਰੀ ਅੰਦੋਲਨ ਦੇ ਆਗੂਆਂ ਵੱਲੋਂ ਮਿੱਥੀਆਂ ਗਈਆਂ ਕਦਰਾਂ-ਕੀਮਤਾਂ ਨੂੰ ਮੁੜ ਤੋਂ ਯਾਦ ਕਰੀਏ ਅਤੇ ਦੇਸ਼ ਦੇ ਧਰਮ ਨਿਰਪੱਖ ਖਾਸੇ ਦੀ ਰਾਖੀ ਲਈ ਇਕਮੁੱਠ ਹੋ ਕੇ ਸਾਹਮਣੇ ਆਈਏ। ਘੱਟ ਗਿਣਤੀਆਂ, ਇਸ ਮੌਕੇ ਖਾਸਕਰ ਮੁਸਲਮ ਭਾਈਚਾਰੇ ਨੂੰ ਆਪਣੀ ਸ਼ਨਾਖਤ ਕਾਇਮ ਰੱਖਣ ਤੇ ਆਪਣੇ ਬੁਨਿਆਦੀ ਹੱਕਾਂ ਦੀ ਰਾਖੀ ਲਈ ਖੁਦ ਗੱਲ ਕਰਨ ਦੀ ਹਿੰਮਤ ਜੁਟਾਉਣੀ ਹੋਵੇਗੀ ਅਤੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਵੀ ਇਸ ਇਤਿਹਾਸਕ ਲੋੜਵੰਦੀ ਨੂੰ ਉਜਾਗਰ ਕਰਨ ਵਾਸਤੇ ਇਕਮੁੱਠ ਹੋ ਕੇ ਬੱਝਵੇਂ ਉਪਰਾਲੇ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਤੂਫਾਨ ਦਾ ਟਾਕਰਾ ਕਰਨ ਦੇ ਦੋ ਹੀ ਤਰੀਕੇ ਹੁੰਦੇ ਹਨ। ਪਹਿਲਾ ਇਹ ਕਿ ਅੱਖਾਂ ਮੀਟ ਕੇ, ਦਰਵਾਜ਼ੇ ਬੰਦ ਕਰਕੇ, ਸਿਰ ਝੁਕਾਅ ਕੇ ਖਤਰੇ ਨੂੰ ਟਾਲਿਆ ਜਾਵੇ ਅਤੇ ਦੂਸਰਾ ਇਹ ਕਿ ਇਸ ਖਤਰੇ ਦਾ ਮੁਕਾਬਲਾ ਕੀਤਾ ਜਾਵੇ ਅਤੇ ਜੇ ਇਹ ਮੁਕਾਬਲਾ ਨਾ ਕੀਤਾ ਗਿਆ ਤਾਂ ਇਹ ਖਤਰਾ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਵੇਗਾ।
ਇਸ ਸੈਮੀਨਾਰ ਨੂੰ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਰ.ਐਮ.ਪੀ.ਆਈ. ਵੱਲੋਂ ਇਹ ਸੈਮੀਨਾਰ ਕਰਵਾਉਣ ਦਾ ਮਕਸਦ ਦੇਸ਼ ਦੇ ਲੋਕਾਂ ਅੱਗੇ ਹਕੀਕੀ ਖਤਰੇ ਦੀ ਨਿਸ਼ਾਨਦੇਹੀ ਕਰਨਾ ਹੈ। ਇਸ ਮਕਸਦ ਲਈ ਆਰ.ਐਮ.ਪੀ.ਆਈ. ਜਿੱਥੇ ਹੋਰਨਾਂ ਖੱਬੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲੇਗੀ, ਉਥੇ ਆਪਣੇ ਤੌਰ ਤੇ ਵੀ ਦੇਸ਼ ਨੂੰ ਦਰਪੇਸ਼ ਆਰਥਿਕ, ਫਿਰਕਾਪ੍ਰਸਤੀ ਤੇ ਅੰਧ ਰਾਸ਼ਟਰਵਾਦ ਦੇ ਖਤਰੇ ਖਿਲਾਫ਼ ਇਕੋ ਵੇਲੇ ਲੜਾਈ ਲੜੇਗੀ। ਉਨ੍ਹਾਂ ਕਿਹਾ ਕਿ ਇਸ ਲੜਾਈ ਵਾਸਤੇ ਉਨ੍ਹਾਂ ਬਹੁਗਿਣਤੀ ਹਿੰਦੂਆਂ ਦੀ ਵੀ ਬਰਾਬਰ ਦੀ ਲੋੜ ਹੈ, ਜਿਹੜੇ ਅੰਧ ਰਾਸ਼ਟਰਵਾਦ ਅਤੇ ਫਿਰਕਾਪ੍ਰਸਤੀ ਦੇ ਖਿਲਾਫ਼ ਹਨ। ਇਸ ਸੰਦਰਭ ਵਿਚ ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਪੰਜਾਬ 'ਚ ਵੱਖਵਾਦੀ ਖਾਲਿਸਤਾਨੀ ਦਹਿਸ਼ਤਗਰਦੀ ਖਿਲਾਫ਼ ਲੜਾਈ ਬਹੁਗਿਣਤੀ ਸਿੱਖ ਭਾਈਚਾਰੇ ਨੂੰ ਨਾਲ ਲਏ ਬਿਨਾਂ ਨਹੀਂ ਸੀ ਲੜੀ ਜਾ ਸਕਦੀ। ਸੈਮੀਨਾਰ ਮੌਕੇ ਸਟੇਜ ਸਕੱਤਰ ਦੇ ਫਰਜ਼ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਨਿਭਾਏ।
ਜਾਰੀ ਕਰਤਾ
ਰਵੀ ਕੰਵਰ
94643-36019

Wednesday, 12 April 2017

ਫਿਰਕੂ ਅਤੇ ਜਮਹੂਰੀਅਤ ਵਿਰੋਧੀ ਤਾਕਤਾਂ ਦਾ ਮੁਕਾਬਲੇ ਕਿਵੇਂ ਹੋਵੇ?

Ajit Jalandhar, 12.04.2017


ਬਿਨਾਂ ਸ਼ੱਕ ਭਾਰਤ ਅੰਦਰ ਫ਼ਿਰਕੂ ਫਾਸ਼ੀਵਾਦੀ ਸ਼ਕਤੀਆਂ ਸੱਤਾ 'ਤੇ ਕਾਬਜ਼ ਹੋ ਗਈਆਂ ਹਨ। ਆਰ.ਐਸ.ਐਸ. ਦੇ ਆਗੂ, ਜੋ ਕਦੀ ਆਮ ਲੋਕਾਂ ਤੋਂ ਆਪਣੇ ਰਾਜਨੀਤਕ ਨਿਸ਼ਾਨੇ ਛੁਪਾਉਣ ਦਾ ਯਤਨ ਕਰਦੇ ਸਨ, ਅੱਜ ਖੁੱਲ੍ਹਮ-ਖੁੱਲ੍ਹੇ ਦੇਸ਼ ਨੂੰ ਇਕ ਧਰਮ ਆਧਾਰਿਤ ਦੇਸ਼ (ਹਿੰਦੂ ਰਾਸ਼ਟਰ) ਬਣਾਉਣ ਦਾ ਐਲਾਨ ਕਰ ਰਹੇ ਹਨ। ਇਸ ਮਕਸਦ ਨੂੰ ਹਾਸਲ ਕਰਨ ਲਈ ਸੰਘ ਦੇ ਆਗੂ ਮੋਦੀ ਦੀ ਕੇਂਦਰੀ ਵਜ਼ਾਰਤ ਨਾਲ ਮਹੱਤਵਪੂਰਨ ਅਤੇ ਗੁਪਤ ਮੁੱਦਿਆਂ ਬਾਰੇ ਮੀਟਿੰਗਾਂ ਕਰਦੇ ਹਨ ਅਤੇ ਆਪਣੀ ਇੱਛਾ ਮੁਤਾਬਿਕ ਰਾਜਨੀਤਕ ਤੇ ਪ੍ਰਸ਼ਾਸਨਿਕ ਫ਼ੈਸਲੇ ਕਰਵਾਉਂਦੇ ਹਨ। ਦੇਸ਼ ਦੇ ਇਤਿਹਾਸ ਤੇ ਵਿੱਦਿਅਕ ਸਿਲੇਬਸਾਂ ਨੂੰ ਆਪਣੀ ਵਿਚਾਰਧਾਰਾ ਦੀ ਸੇਧ ਵਿਚ ਪ੍ਰੋਣ ਲਈ ਸੰਘ ਨਾਲ ਜੁੜੇ ਵਿਅਕਤੀ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਕਮਿਸ਼ਨਾਂ ਤੇ ਕਮੇਟੀਆਂ ਦੇ ਮੁਖੀ ਤੇ ਮੈਂਬਰ ਥਾਪੇ ਜਾ ਰਹੇ ਹਨ। ਘੱਟ-ਗਿਣਤੀ ਧਾਰਮਿਕ ਤੇ ਸੱਭਿਆਚਾਰਕ ਫ਼ਿਰਕਿਆਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਆਮ ਲੋਕਾਂ ਦੇ ਮੁੱਖ ਮੁੱਦਿਆਂ ਸਿਹਤ, ਸਿੱਖਿਆ ਅਤੇ ਰੁਜ਼ਗਾਰ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਅਵਸਥਾ ਤੋਂ ਜਮਹੂਰੀ, ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਲੋਕ ਡਾਢੇ ਚਿੰਤਤ ਹਨ। ਉਹ ਹਰ ਹੀਲੇ ਜਲਦੀ ਤੋਂ ਜਲਦੀ ਇਸ ਪ੍ਰਸਥਿਤੀ ਤੋਂ ਛੁਟਕਾਰਾ ਲੋਚਦੇ ਹਨ।
ਪ੍ਰੰਤੂ ਇਹ ਵੀ ਇਕ ਦੁਖਾਂਤ ਹੀ ਹੈ ਕਿ ਭਾਜਪਾ ਦੇ ਵਿਰੋਧ ਵਿਚ ਖੜ੍ਹੀ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀ ਤਰਜ਼ਮਾਨੀ ਕਰਦੀ ਮੁੱਖ ਰਾਜਨੀਤਕ ਪਾਰਟੀ ਕਾਂਗਰਸ, ਜਿਸ ਦੀਆਂ ਲੋਕ ਮਾਰੂ ਨੀਤੀਆਂ, ਭ੍ਰਿਸ਼ਟਾਚਾਰ ਤੇ ਕੁਸ਼ਾਸਨ ਸਦਕਾ ਫ਼ਿਰਕੂ ਭਾਜਪਾ ਦੇਸ਼ ਦੀ ਸੱਤਾ ਹਥਿਆਉਣ ਵਿਚ ਸਫਲ ਹੋਈ ਹੈ, ਅੱਜ ਵੀ ਉਨ੍ਹਾਂ ਹੀ ਆਰਥਿਕ ਨੀਤੀਆਂ ਦੀ ਅਲੰਬਰਦਾਰ ਹੈ ਤੇ ਹਿੱਕ ਥਾਪੜ ਕੇ ਇਨ੍ਹਾਂ ਦੀ ਹਮਾਇਤੀ ਹੋਣ ਦਾ ਐਲਾਨ ਕਰ ਰਹੀ ਹੈ। ਇਹ ਪਾਰਟੀ, ਭਾਵੇਂ ਭਾਜਪਾ ਵਰਗੀ ਫ਼ਿਰਕੂ ਸੋਚ ਵਾਲੀ ਪੂਰਨ ਰੂਪ ਵਿਚ ਉਸੇ ਤਰ੍ਹਾਂ ਦੀ ਰਾਜਨੀਤਕ ਪਾਰਟੀ ਨਹੀਂ ਹੈ, ਪ੍ਰੰਤੂ ਆਪਣੇ ਤੰਗ ਰਾਜਸੀ ਹਿਤਾਂ ਦੀ ਪੂਰਤੀ ਤੇ ਰਾਜ ਗੱਦੀ ਨਾਲ ਚੰਬੜੇ ਰਹਿਣ ਦੀ ਲਾਲਸਾ ਸਦਕਾ ਇਸ ਪਾਰਟੀ ਵੱਲੋਂ ਅੱਤ ਦੇ ਨਾਜ਼ੁਕ ਸਮਿਆਂ ਉੱਪਰ ਫ਼ਿਰਕਾਪ੍ਰਸਤੀ ਨਾਲ ਕੀਤੇ ਮੌਕਾਪ੍ਰਸਤ ਸਮਝੌਤਿਆਂ ਤੇ ਬੇਅਸੂਲੇ ਰਾਜਸੀ ਪੈਂਤੜਿਆਂ ਨਾਲ ਇਸ ਦੀ ਫ਼ਿਰਕਾਪ੍ਰਸਤੀ ਵਿਰੋਧੀ ਵਿਚਾਰਧਾਰਕ ਪ੍ਰਤੀਬੱਧਤਾ ਬਾਰੇ ਹਮੇਸ਼ਾ ਹੀ ਸ਼ੰਕੇ ਬਣੇ ਰਹਿੰਦੇ ਹਨ। ਸੰਘ ਤੇ ਭਾਜਪਾ ਵਿਰੋਧੀ ਕਈ ਰਾਜਸੀ ਦਲ ਤੇ ਆਗੂ ਮੌਜੂਦਾ ਆਰਥਿਕ ਨੀਤੀਆਂ ਦੇ ਮੁਕਾਬਲੇ ਕੋਈ ਯੋਗ ਲੋਕ ਪੱਖੀ ਨੀਤੀਗਤ ਬਦਲ ਕਾਇਮ ਕੀਤੇ ਬਿਨਾਂ ਭਾਜਪਾ ਨੂੰ ਗੱਦੀ ਤੋਂ ਉਤਾਰਨ ਲਈ ਸਾਰੀਆਂ ਗ਼ੈਰ-ਭਾਜਪਾ ਰਾਜਨੀਤਕ ਪਾਰਟੀਆਂ ਦੀ ਏਕਤਾ ਦਾ ਨਾਅਰਾ ਦਿੰਦੇ ਹਨ। ਜਿਵੇਂ 1977 ਵਿਚ ਕਾਂਗਰਸ ਸਰਕਾਰ ਵੱਲੋਂ ਲਗਾਈ ਐਮਰਜੈਂਸੀ ਦੇ ਵਿਰੋਧ ਵਿਚ ਸਾਰੇ ਰਾਜਸੀ ਦਲ ਜਨਤਾ ਪਾਰਟੀ ਦੇ ਰੂਪ ਵਿਚ ਇਕਜੁੱਟ ਹੋ ਗਏ ਸਨ। ਬਿਨਾਂ ਕਿਸੇ ਠੋਸ ਅਗਾਂਹਵਧੂ ਪ੍ਰੋਗਰਾਮ ਅਤੇ ਅਮਲ ਦੇ ਜਨਤਾ ਪਾਰਟੀ ਦਾ ਕਾਰਜਕਾਲ ਚੰਦ ਮਹੀਨਿਆਂ ਦਾ ਮਹਿਮਾਨ ਬਣ ਕੇ ਰਹਿ ਗਿਆ ਸੀ ਤੇ ਕਾਂਗਰਸ ਪਾਰਟੀ ਮੁੜ ਸੱਤਾ 'ਤੇ ਕਾਬਜ਼ ਹੋ ਗਈ ਸੀ। ਖੱਬੇ ਪੱਖੀਆਂ ਦੇ ਮੁਕਾਬਲੇ ਵਿਚਾਰਧਾਰਕ ਪੱਖ ਤੋਂ ਉਸ ਤਜਰਬੇ ਦਾ ਜ਼ਿਆਦਾ ਲਾਭ ਸੱਜ ਪਿਛਾਖੜ ਨੂੰ ਹੋਇਆ, ਜੋ ਖੱਬੇ ਪੱਖੀ ਇਸ ਸਮੇਂ (ਸੀ.ਪੀ.ਆਈ. ਤੋਂ ਬਿਨਾਂ ਜੋ ਕਾਂਗਰਸ ਦੀ ਭਾਈਵਾਲ ਸੀ) ਜਨਤਾ ਪਾਰਟੀ ਦੇ ਸਹਿਯੋਗੀ ਸਨ।
ਅੱਜ ਫਿਰ ਜਦੋਂ ਫ਼ਿਰਕੂ ਭਾਜਪਾ ਦੇਸ਼ ਦੀ ਸੱਤਾ 'ਤੇ ਕਾਬਜ਼ ਹੈ, ਕਮਿਊਨਿਸਟ ਧਿਰਾਂ ਖ਼ਾਸ ਕਰ ਸੀ.ਪੀ.ਆਈ. ਤੇ ਸੀ.ਪੀ.ਆਈ.(ਐਮ) ਦਾ ਇਕ ਹਿੱਸਾ ਕਾਂਗਰਸ ਸਮੇਤ ਸਮੁੱਚੇ ਗ਼ੈਰ-ਭਾਜਪਾ ਰਾਜਸੀ ਗਠਜੋੜ ਵਿਚ ਸ਼ਾਮਿਲ ਹੋ ਕੇ ਭਾਜਪਾ ਰੂਪੀ ਫ਼ਿਰਕੂ ਰਾਜ ਦਾ ਖਾਤਮਾ ਕਰਨ ਦੀਆਂ ਦਲੀਲਾਂ ਦੇ ਰਿਹਾ ਹੈ। ਇਸ ਮੰਤਵ ਲਈ ਹਿਟਲਰ ਦੇ ਫਾਸ਼ੀਵਾਦ ਦਾ ਮੁਕਾਬਲਾ ਕਰਨ ਲਈ ਦੁਨੀਆ ਦੇ ਮਹਾਨ ਕਮਿਊਨਿਸਟ ਆਗੂ ਸਾਥੀ ਦਮਿਤਰੋਵ ਦੇ ਸਾਂਝੇ ਮੋਰਚੇ ਦੇ ਥੀਸਸ ਨੂੰ ਵਿਗਾੜ ਕੇ ਉਸ ਦਾ ਸਹਾਰਾ ਲਿਆ ਜਾ ਰਿਹਾ ਹੈ। ਕਿਸੇ ਵੀ ਰਾਜਨੀਤਕ ਪੈਂਤੜੇ ਨੂੰ ਸਮੇਂ, ਸਥਾਨ ਤੇ ਠੋਸ ਪ੍ਰਸਥਿਤੀਆਂ ਦਾ ਨਿਰੀਖਣ ਕੀਤੇ ਬਿਨਾਂ ਮਕਾਨਕੀ ਢੰਗ ਨਾਲ ਲਾਗੂ ਕਰਨਾ ਖੱਬੀ ਮਾਅਰਕੇਬਾਜ਼ੀ ਤੇ ਸੱਜੇ ਸੋਧਵਾਦੀ ਕੁਰਾਹੇ ਨੂੰ ਜਨਮ ਦਿੰਦਾ ਹੈ। ਕਮਿਊਨਿਸਟ ਲਹਿਰ ਦੇ ਵਡੇਰੇ ਹਿਤਾਂ ਨੂੰ ਸਾਹਮਣੇ ਰੱਖਦੇ ਹੋਏ ਇਸ ਭਟਕਾਅ ਤੋਂ ਹਰ ਕੀਮਤ 'ਤੇ ਬਚਿਆ ਜਾਣਾ ਚਾਹੀਦਾ ਹੈ।
ਕੀ ਕਮਿਊਨਿਸਟਾਂ ਦੀ ਕਾਂਗਰਸ ਤੇ ਦੂਸਰੇ ਗ਼ੈਰ-ਭਾਜਪਾ ਰਾਜਸੀ ਦਲਾਂ ਨਾਲ, ਜੋ ਆਰਥਿਕ ਨੀਤੀਆਂ ਤੇ ਅਮਲਾਂ ਦੇ ਪੱਖ ਤੋਂ ਭਾਜਪਾ ਵਰਗੇ ਹੀ ਹੋਣ ਤੇ ਸਾਮਰਾਜ ਭਗਤੀ ਨਾਲ ਗਹਿਗੱਚ ਹੋਣ, ਪਾਈ ਰਾਜਸੀ ਸਾਂਝ ਥੋੜ੍ਹੇ ਤੇ ਲੰਮੇ ਸਮੇਂ ਲਈ ਲੋੜੀਂਦੇ ਸਾਰਥਿਕ ਸਿੱਟੇ ਕੱਢ ਸਕਦੀ ਹੈ? ਖ਼ਾਸਕਰ ਉਸ ਸਮੇਂ ਜਦੋਂ ਕਿ ਸਰਮਾਏਦਾਰ ਹਾਕਮ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਨਾਲ ਰਾਜਸੀ ਮੇਲ-ਮਿਲਾਪ ਕਰਨ ਤੇ ਜਮਾਤੀ ਮਿਲਵਰਤੋਂ ਦੇ ਸੋਧਵਾਦੀ ਦਾਅਪੇਚਾਂ ਕਾਰਨ ਖੱਬਾ ਪੱਖ ਪਹਿਲਾਂ ਹੀ ਹਾਸ਼ੀਏ ਉੱਪਰ ਪੁੱਜਿਆ ਹੋਇਆ ਹੋਵੇ। ਖੱਬੇ ਪੱਖੀ ਤੇ ਕਮਿਊਨਿਸਟ ਧਿਰਾਂ ਦਾ ਜਨ ਆਧਾਰ ਜਮਾਤੀ ਘੋਲਾਂ ਨੂੰ ਤਿੱਖਿਆਂ ਕਰਨ ਨਾਲ ਹੀ ਵਧਣਾ ਹੈ। ਜਮਾਤੀ ਘੋਲਾਂ ਦਾ ਆਰਥਿਕ, ਰਾਜਨੀਤਕ ਤੇ ਵਿਚਾਰਧਾਰਕ ਘੋਲ ਅਟੁੱਟ ਤੇ ਨਿਰੰਤਰ ਅੰਗ ਹਨ। ਇਹ ਘੋਲ ਲਾਜ਼ਮੀ ਤੌਰ 'ਤੇ ਭਾਜਪਾ ਦੇ ਨਾਲ-ਨਾਲ ਕਾਂਗਰਸ ਤੇ ਦੂਸਰੇ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਦਲਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਵੀ ਆਰੰਭਣੇ ਹੋਣਗੇ। ਜਦੋਂ ਵਾਰ-ਵਾਰ ਕੋਈ ਕਮਿਊਨਿਸਟ ਧਿਰ ਜਾਂ ਖੱਬੇ ਪੱਖੀ ਆਗੂ ਭਾਜਪਾ ਨੂੰ ਹਰਾਉਣ ਲਈ ਕਮਿਊਨਿਸਟ ਪਾਰਟੀਆਂ ਤੇ ਕਾਂਗਰਸ ਸਮੇਤ ਸਾਰੀਆਂ ਗ਼ੈਰ-ਭਾਜਪਾ ਰਾਜਨੀਤਕ ਪਾਰਟੀਆਂ ਨਾਲ ਮਿਲ ਕੇ ਸਾਂਝਾ ਮੋਰਚਾ ਉਸਾਰਨ ਦਾ ਪੈਂਤੜਾ ਲੈਣਗੇ, ਕੁਦਰਤੀ ਤੌਰ 'ਤੇ ਖੱਬੇ ਪੱਖੀ ਕਾਡਰ ਤੇ ਸਮੁੱਚੇ ਕਿਰਤੀ ਲੋਕ ਕਮਿਊਨਿਸਟਾਂ ਦੇ ਜਨਤਕ ਘੋਲਾਂ ਲਈ ਦਿੱਤੇ ਸੱਦਿਆਂ ਉੱਪਰ ਨਾ ਤਾਂ ਜਿੰਦਜਾਨ ਨਾਲ ਅਮਲ ਕਰਨਗੇ ਤੇ ਨਾ ਹੀ ਖੱਬੇ ਪੱਖੀ ਦਲਾਂ ਦੀ ਜਨਸਮੂਹਾਂ ਵਿਚ ਭਰੋਸੇਯੋਗਤਾ ਕਾਇਮ ਕੀਤੀ ਜਾ ਸਕੇਗੀ। ਕੀ ਪੰਜਾਬ ਅੰਦਰ ਹੁਣੇ ਕਾਇਮ ਹੋਈ ਕਾਂਗਰਸ ਸਰਕਾਰ ਦੀਆਂ ਸੰਭਾਵਿਤ ਅਸਫਲਤਾਵਾਂ ਤੇ ਚੋਣ ਵਾਅਦਿਆਂ ਤੋਂ ਮੁਕਰਨ ਲਈ ਦਿੱਤੀਆਂ ਜਾ ਰਹੀਆਂ ਝੂਠੀਆਂ ਦਲੀਲਾਂ ਵਿਰੁੱਧ ਖੱਬੀਆਂ ਧਿਰਾਂ ਜਨਤਕ ਘੋਲ ਵਿੱਢਣ ਤੋਂ ਬਿਨਾਂ ਅਕਾਲੀ ਦਲ ਤੇ ਭਾਜਪਾ ਨੂੰ ਮੁੜ ਪੰਜਾਬ ਦੀ ਸੱਤਾ ਉੱਪਰ ਕਾਬਜ਼ ਹੋਣ ਤੋਂ ਰੋਕਣ ਵਿਚ ਕਾਮਯਾਬ ਹੋ ਸਕਦੀਆਂ ਹਨ? ਕਦਾਚਿੱਤ ਨਹੀਂ। ਸਰਮਾਏਦਾਰ ਪਾਰਟੀਆਂ ਅਤੇ ਕਮਜ਼ੋਰ ਖੱਬੀਆਂ ਧਿਰਾਂ ਦੀ ਸਾਂਝ ਨਾਲ ਇਸ ਦੇ ਆਗੂ ਤੇ ਕਾਰਕੁੰਨਾਂ ਦਾ ਕਮਿਊਨਿਸਟ ਮਿਆਰਾਂ ਤੋਂ ਹੇਠਾਂ ਡਿੱਗ ਕੇ ਦੂਸਰੀਆਂ ਪਾਰਟੀਆਂ ਵਾਂਗ ਭ੍ਰਿਸ਼ਟ, ਫੋਕੇ ਚੌਧਰਵਾਦੀ ਤੇ ਆਪਹੁਦਰੇ ਬਣ ਜਾਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
ਇਸ ਤਰ੍ਹਾਂ ਦੀ ਸੁਧਾਰਵਾਦੀ ਤੇ ਮੌਕਾਪ੍ਰਸਤ ਪਹੁੰਚ ਨਾਲ ਕਮਿਊਨਿਸਟਾਂ ਦਾ ਨਵੇਂ ਖੇਤਰਾਂ ਵਿਚ ਨਾ ਪਸਾਰਾ ਹੋ ਸਕੇਗਾ ਤੇ ਨਾ ਹੀ ਖੁਸਿਆ ਜਨ ਆਧਾਰ ਮੁੜ ਵਾਪਸ ਆ ਸਕੇਗਾ। ਫ਼ਿਰਕੂ ਫਾਸ਼ੀਵਾਦੀ ਤਾਕਤਾਂ ਦੇ ਵਿਰੋਧ ਵਿਚ ਸਭ ਤੋਂ ਭਰੋਸੇਯੋਗ ਤੇ ਮਜ਼ਬੂਤ ਧਿਰ, ਮਿਹਨਤਕਸ਼ ਲੋਕ ਹੁੰਦੇ ਹਨ। ਜੇਕਰ ਇਹ ਖੱਬੇ ਪੱਖੀਆਂ ਦੀ ਸ਼ਕਤੀ ਦਾ ਮੁੱਖ ਸਰੋਤ ਤੇ ਆਧਾਰ ਨਹੀਂ ਬਣਦੇ ਤਾਂ ਸਰਮਾਏਦਾਰੀ ਜਮਾਤ ਦੇ ਇਕ ਹਿੱਸੇ ਦੀ ਰਾਜਸੀ ਧਿਰ ਨਾਲ ਸਾਂਝ ਪਾ ਕੇ ਫ਼ਿਰਕੂ ਫਾਸ਼ੀਵਾਦ ਵਿਰੁੱਧ ਕਮਿਊਨਿਸਟਾਂ ਦੇ ਵਿਚਾਰਧਾਰਕ ਸੰਘਰਸ਼ਾਂ ਰਾਹੀਂ ਜਿੱਤ ਹਾਸਲ ਕਰਨ ਦਾ ਦਾਅਵਾ ਹਾਸੋਹੀਣਾ ਵੀ ਹੈ ਤੇ ਗ਼ੈਰ-ਯਥਾਰਥਕ ਵੀ। ਦੁਸ਼ਮਣ ਜਮਾਤ ਤੇ ਇਸ ਦੀ ਨੁਮਾਇੰਦਗੀ ਕਰਦੀਆਂ ਵੱਖ-ਵੱਖ ਰਾਜਸੀ ਧਿਰਾਂ ਦੀਆਂ ਨੀਤੀਆਂ ਵਿਰੁੱਧ ਨਫ਼ਰਤ ਤੇ ਗੁੱਸਾ ਪੈਦਾ ਕੀਤੇ ਬਿਨਾਂ ਕਾਡਰ ਵੀ ਕਦੀ ਆਪਾਵਾਰੂ ਨਹੀਂ ਬਣ ਸਕਦਾ ਤੇ ਨਾ ਹੀ ਆਮ ਲੋਕਾਂ ਅੰਦਰ ਲੋਕ ਵਿਰੋਧੀ ਜਮਾਤਾਂ ਵਿਰੁੱਧ ਲੜਨ ਦੀ ਚੇਸ਼ਟਾ ਪੈਦਾ ਕੀਤੀ ਜਾ ਸਕਦੀ ਹੈ। ਜੇਕਰ ਗ਼ੈਰ-ਪਾਰਲੀਮਾਨੀ ਘੋਲਾਂ ਅੰਦਰ ਤੇ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਦਰੁਸਤ ਦਿਸ਼ਾ ਵਿਚ ਸੰਘਰਸ਼ ਕਰਦੇ ਹੋਏ ਕਮਿਊਨਿਸਟਾਂ ਨਾਲ ਕੋਈ ਰਾਜਨੀਤਕ ਧਿਰ (ਸਰਮਾਏਦਾਰੀ ਜਮਾਤ ਦੀ ਹੀ ਸਹੀ) ਘੋਲਾਂ ਦੇ ਮੈਦਾਨ ਵਿਚ ਸਾਥ ਦਿੰਦੀ ਹੈ, ਤਦ ਇਸ ਨੂੰ ਕੋਈ ਵੀ ਬੁਰਾ ਨਹੀਂ ਕਹੇਗਾ।
ਅੱਗੋਂ ਕਿਸੇ ਚੋਣ ਅੰਦਰ ਇਹੀ ਗ਼ੈਰ-ਕਮਿਊਨਿਸਟ ਧਿਰ ਸਾਂਝੇ ਪ੍ਰਵਾਨਤ ਪ੍ਰੋਗਰਾਮ ਦੇ ਆਧਾਰ 'ਤੇ ਕਮਿਊਨਿਸਟਾਂ ਨਾਲ ਕੋਈ ਸੰਪਰਕ ਬਣਾਉਂਦੀ ਹੈ, ਤਦ ਕਮਿਊਨਿਸਟਾਂ ਤੇ ਗ਼ੈਰ-ਕਮਿਊਨਿਸਟਾਂ ਦੀ ਚੋਣਵੇਂ ਮੁੱਦਿਆਂ ਉੱਪਰ ਸੀਮਤ ਸਾਂਝ (ਮੂਲ ਰੂਪ ਵਿਚ ਵਿਰੋਧਤਾ ਕਾਇਮ ਰੱਖਦਿਆਂ ਹੋਇਆਂ) ਦਾ ਜਨ ਸਾਧਾਰਨ, ਜਿਨ੍ਹਾਂ ਨੇ ਦੋਵਾਂ ਧਿਰਾਂ ਨੂੰ ਸੰਘਰਸ਼ ਦੇ ਮੈਦਾਨ ਵਿਚ ਲੜਦਿਆਂ ਤੱਕਿਆ ਹੈ, ਇਸ ਦਾ ਸਵਾਗਤ ਕਰਨਗੇ। ਇਸ ਦਾ ਯੁੱਧਨੀਤਕ ਨਿਸ਼ਾਨੇ ਦੀ ਪ੍ਰਾਪਤੀ ਲਈ ਲਾਭ ਵੀ ਅਵੱਸ਼ ਮਿਲੇਗਾ। ਪ੍ਰੰਤੂ ਕਮਿਊਨਿਸਟ ਲੁਟੇਰੀਆਂ ਜਮਾਤਾਂ ਵਿਰੁੱਧ ਜੇਕਰ ਕੋਈ ਗੰਭੀਰ, ਨਿਰੰਤਰ ਤੇ ਲਕੀਰ ਖਿੱਚ ਕੇ ਹਕੀਕੀ ਘੋਲ ਨਹੀਂ ਵਿੱਢਦੇ ਤੇ ਉਲਟਾ ਸਿਰਫ ਚੋਣਾਂ ਅੰਦਰ ਉਸ ਨਾਲ ਸਾਂਝ ਬਣਾ ਕੇ ਫਾਸ਼ੀਵਾਦ ਦਾ ਟਾਕਰਾ ਕਰਨ ਦੀਆਂ ਦਲੀਲਾਂ ਦਿੰਦੇ ਹਨ, ਤਦ ਸਿੱਟਾ ਕਦੀ ਵੀ ਹਾਂ-ਪੱਖੀ ਨਹੀਂ ਨਿਕਲ ਸਕਦਾ। ਇਸ ਦੇ ਉਲਟ ਲੋਕਾਂ ਅੰਦਰ ਕਮਿਊਨਿਸਟਾਂ ਦੀ ਰਹਿੰਦੀ ਖੂੰਹਦੀ ਸਾਖ ਵੀ ਖ਼ਤਮ ਹੋ ਜਾਵੇਗੀ। ਇਸ ਤਰ੍ਹਾਂ ਕਮਜ਼ੋਰ ਹੋਈ ਖੱਬੀ ਲਹਿਰ ਨੂੰ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਸੌਖਿਆਂ ਹੀ ਦਬਾਉਣ ਵਿਚ ਸਫਲ ਹੋ ਸਕਦੀਆਂ ਹਨ।
ਅੰਤਿਮ ਰੂਪ ਵਿਚ ਇਸ ਸੱਚ ਉੱਪਰ ਪਹਿਰਾ ਦੇਣ ਦੀ ਲੋੜ ਹੈ ਕਿ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਜਿੱਤ ਜਨ ਸੰਘਰਸ਼ਾਂ ਰਾਹੀਂ ਖੱਬੀਆਂ ਧਿਰਾਂ ਦੀ ਵਧੀ ਹੋਈ ਤਾਕਤ ਹੀ ਕਰ ਸਕਦੀ ਹੈ ਤੇ ਇਸ ਵਧੀ ਹੋਈ ਤਾਕਤ ਪਿੱਛੇ ਕਈ ਹੋਰ ਥੋੜ੍ਹ ਚਿਰੇ ਡਾਵਾਂਡੋਲ ਰਾਜਸੀ ਤੱਤ ਵੀ ਜੁੜ ਸਕਦੇ ਹਨ। ਖੱਬੇ ਪੱਖੀਆਂ ਦੀ ਸਰਮਾਏਦਾਰੀ ਦੇ ਇਕ ਹਿੱਸੇ ਨਾਲ ਲੜਾਈ ਲੜਨ ਲਈ ਦੂਸਰੀ ਲੁਟੇਰੀ ਧਿਰ ਦੇ ਪਿੱਛਲੱਗੂ ਬਣਨ ਦੇ ਦਾਅਪੇਚ ਨਾਲ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਸਫਲਤਾ ਦਰਜ ਕਰਨੀ ਤਾਂ ਦੂਰ ਦੀ ਗੱਲ ਹੈ, ਇਸ ਪੈਂਤੜੇ ਨਾਲ ਕਮਿਊਨਿਸਟ ਲਹਿਰ ਦੇ ਖ਼ਾਤਮੇ ਤੇ ਸਰਮਾਏਦਾਰੀ ਪ੍ਰਬੰਧ ਦੀ ਮਜ਼ਬੂਤੀ ਦੇ ਸਿਵਾਏ ਹੋਰ ਕੋਈ ਸਿੱਟਾ ਨਿਕਲ ਹੀ ਨਹੀਂ ਸਕਦਾ।
-ਮੋ: 98141-82998

Thanks to AJIT