Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday, 30 October 2019

ਯੂਰਪੀਅਨ ਯੂਨੀਅਨ ਦੇ ਪਾਰਲੀਮੈਂਟ ਮੈਂਬਰਾਂ ਨੂੰ ਜੰਮੂ-ਕਸ਼ਮੀਰ ਦੀ ''ਸ਼ਾਂਤ ਤੇ ਕਾਬੂ ਹੇਠ ਸਥਿਤੀ'' ਦਿਖਾਉਣ ਦੀ ਨਿਖੇਧੀ

ਜਲੰਧਰ; 30 ਅਕਤੂਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵਲੋਂ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਮੋਦੀ-ਸ਼ਾਹ ਹੁਕੂਮਤ ਵਲੋਂ ਪੈਦਾ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਆਪਣੀਆਂ ਅਸੰਵਿਧਾਨਕ ਕਾਰਵਾਈਆਂ ਨੂੰ ਜਾਇਜ਼ ਸਿੱਧ ਕਰਨ ਲਈ ਕੀਤੀ ਜਾ ਰਹੀ ਅਨੈਤਿਕ ਕਵਾਇਦ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਅੱਜ ਇਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ''ਸਭ ਅੱਛਾ ਹੈ'' ਸਿੱਧ ਕਰਨ ਦੀ ਕੋਝੀ ਸਾਜਿਸ਼ ਅਧੀਨ ਮੋਦੀ-ਸ਼ਾਹ ਜੋੜੀ ਨੇ ਯੂਰਪੀਅਨ ਯੂਨੀਅਨ ਦੇ ਵੱਖ-ਵੱਖ ਦੇਸ਼ਾਂ 'ਚੋਂ 27 ਪਾਰਲੀਮੈਂਟ ਮੈਂਬਰਾਂ ਨੂੰ ਇਕ ਨਾਮ ਨਿਹਾਦ ਗੈਰ ਸਰਕਾਰੀ ਸੰਸਥਾ ਰਾਹੀਂ ਜੰਮੂ-ਕਸ਼ਮੀਰ ਦਾ 29-30 ਅਕਤੂਬਰ ਨੂੰ ਦੌਰਾ ਕਰਨ ਦੀ ਇਜਾਜ਼ਤ ਦਿੱਤੀ ਹੈ। ਇਨ੍ਹਾਂ ਸਾਂਸਦਾਂ 'ਚ ਜ਼ਿਆਦਾਤਰ ਸੱਜੇ ਪੱਖੀ ਰਾਜਸੀ ਪਾਰਟੀਆਂ ਨਾਲ ਸੰਬੰਧਤ ਹਨ, ਜੋ ਨਾਜ਼ੀਵਾਦ ਦੇ ਅਨੁਆਈ ਹਨ। ਇਹ ਹੈਰਾਨੀਜਨਕ ਹੈ ਕਿ ਮੋਦੀ ਸਰਕਾਰ ਨੇ ਦੇਸ਼ ਦੇ ਚੁਣੇ ਹੋਏ ਪਰਲੀਮੈਂਟ ਮੈਂਬਰਾਂ ਤੇ ਰਾਜਸੀ ਆਗੂਆਂ ਦੇ ਤਾਂ ਜੰਮੂ ਕਸ਼ਮੀਰ 'ਚ ਜਾਣ 'ਤੇ ਪਾਬੰਦੀਆਂ ਲਗਾ ਰੱਖੀਆਂ ਹਨ, ਪ੍ਰੰਤੂ ਵਿਦੇਸ਼ੀ ਸਾਂਸਦਾਂ ਨੂੰ ਫੌਜ ਦੇ ਸਾਏ ਹੇਠਾਂ ਜੰਮੂ-ਕਸ਼ਮੀਰ ਦੀ ਤਥਾਕਥਿਤ ''ਸ਼ਾਂਤ ਤੇ ਕੰਟਰੋਲ ਹੇਠ ਸਥਿਤੀ'' ਦਿਖਾਈ ਜਾ ਰਹੀ ਹੈ, ਜਿਥੇ 90 ਦਿਨਾਂ ਤੋਂ ਲੋਕਾਂ ਨੂੰ ਜੇਲ੍ਹ ਵਾਂਗ ਘਰਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਇਸ ਤੋਂ ਵੱਡਾ ਗੁਨਾਹ ਤੇ ਸੰਵਿਧਾਨ ਦੀ ਉਲੰਘਣਾ ਹੋਰ ਕੀ ਹੋ ਸਕਦੀ ਹੈ? ਇਸ ਸਾਜ਼ਿਸ਼ੀ ਕੂੜ ਪ੍ਰਚਾਰ ਲਈ ਹੁਕੂਮਤ ਵਲੋਂ ਆਪਣੇ ਜ਼ਰਖਰੀਦ ਮੀਡੀਆ ਦੀਆਂ ਵੀ ਰੱਜ ਕੇ 'ਸੇਵਾਵਾਂ' ਲਈਆਂ ਗਈਆਂ ਹਨ ਪਰ ਕਸ਼ਮੀਰੀ ਲੋਕਾਂ ਦੀ ਬੇਚੈਨੀ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਦੁਸ਼ਵਾਰੀਆਂ ਨਿੱਤ ਨਵੇਂ ਚੜ੍ਹਦੇ ਦਿਨ, ਦੇਸ਼-ਦੁਨੀਆ ਵਿੱਚ ਵਧੇਰੇ ਤੋਂ ਵਧੇਰੇ ਉਜਾਗਰ ਹੋ ਰਹੀਆਂ ਹਨ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਕੇਂਦਰੀ ਸਰਕਾਰ ਦਾ ਉਕਤ ਬਦਨੀਅਤੀ ਵਾਲਾ ਦਾਅ, ਨਾ ਕੇਵਲ ਕਸ਼ਮੀਰੀ ਅਤੇ ਭਾਰਤੀ ਆਵਾਮ, ਬਲਕਿ ਕਸ਼ਮੀਰ ਸੰਬੰਧੀ ਫਿਕਰਮੰਦ ਸੰਸਾਰ ਦੇ ਸਾਰੇ ਜਮਹੂਰੀਅਤ ਪਸੰਦ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਝੋਂਕਣ ਦੇ ਤੁੱਲ ਹੈ।
ਆਰ.ਐਮ.ਪੀ.ਆਈ. ਮੰਗ ਕਰਦੀ ਹੈ ਕਿ ਅਮਨ ਬਹਾਲੀ ਦੇ ਹਕੀਕੀ ਯਤਨਾਂ ਤਹਿਤ ਉਥੋਂ ਦੀਆਂ ਵਿਸ਼ੇਸ਼ ਹਾਲਤਾਂ ਅਨੁਸਾਰ ਜੰਮੂ-ਕਸ਼ਮੀਰ ਦਾ 5 ਅਗਸਤ 2019 ਤੋਂ ਪਹਿਲਾਂ ਵਾਲਾ ਰੁਤਬਾ ਬਹਾਲ ਕੀਤਾ ਜਾਵੇ, ਸੂਬੇ 'ਚੋਂ ਫੌਜ ਅਤੇ ਅਰਧ ਸੈਨਿਕ ਬਲਾਂ ਨੂੰ ਵਾਪਸ ਬੁਲਾਇਆ ਜਾਵੇ, ਇੰਟਰਨੈੱਟ ਸਮੇਤ ਸਾਰੀਆਂ ਜਨਤਕ ਸੇਵਾਵਾਂ ਬਹਾਲ ਕੀਤੀਆਂ ਜਾਣ, ਗ੍ਰਿਫਤਾਰ ਕੀਤੇ ਸਾਰੇ ਆਗੂ ਅਤੇ ਆਮ ਲੋਕੀਂ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤੇ ਜਾਣ ਅਤੇ ਕਸ਼ਮੀਰੀ ਆਵਾਮ ਨਾਲ ਗੱਲਬਾਤ ਰਾਹੀਂ ਅਮਨ ਬਹਾਲੀ ਦੇ ਸੁਹਿਰਦ ਯਤਨ ਕੀਤੇ ਜਾਣ।
ਆਰ.ਐਮ.ਪੀ.ਆਈ. ਅੱਤਵਾਦੀਆਂ ਵਲੋਂ ਬੇਗੁਨਾਹ ਲੋਕਾਂ, 5 ਪੱਛਮੀ ਬੰਗਾਲ ਦੇ ਮਜ਼ਦੂਰਾਂ ਤੇ ਟਰੱਕ ਡਰਾਇਵਰਾਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਦੀ ਵੀ ਘੋਰ ਨਿੰਦਿਆ ਕਰਦੀ ਹੈ।

Wednesday, 9 October 2019

12 ਤੋਂ 16 ਅਕਤੂਬਰ ਨੂੰ ਕਸ਼ਮੀਰ ਨਾਲ ਕੀਤੀਆਂ ਗਈਆਂ ਧੱਕੇਸ਼ਾਹੀਆਂ ਖਿਲਾਫ਼ ਸਾਂਝੇ ਐਕਸ਼ਨਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ

ਜਲੰਧਰ : ''ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰੇਤ ਨੇ, ਮੁੱਖ ਮੰਤਰੀ ਪੰਜਾਬ ਵਲੋਂ ਬਿਜਲੀ ਰੇਟਾਂ ਨੂੰ ਘੱਟ ਕਰਨ ਤੇ ਪੰਜਾਬ ਦੇ ਪਾਣੀ ਦੀ ਰਾਖੀ ਕਰਦਿਆਂ ਲੋਕਾਂ ਨੂੰ ਪੀਣਯੋਗ ਪਾਣੀ ਮੁਫ਼ਤ ਮੁਹੱਈਆ ਕਰਾਉਣ ਦੇ ਮੁੱਦਿਆਂ ਬਾਰੇ ਗੱਲਬਾਤ ਲਈ ਦਿੱਤੇ ਲਿਖਤੀ ਸੱਦੇ ਦੇ ਬਾਵਜੂਦ, ਨੀਅਤ ਮਿਤੀ 30 ਸਤੰਬਰ ਨੂੰ ਗੱਲਬਾਤ ਲਈ ਚੰਡੀਗੜ੍ਹ ਪੁੱਜੇ ਆਰਐਮਪੀਆਈ ਵਫਦ ਨੂੰ ਸਮਾਂ ਨਾ ਦੇਣ ਵਿਰੁੱਧ ਡਾਢੇ ਰੋਸ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਦੇ ਇਸ ਹੈਂਕੜਬਾਜ ਰਵੱਈਏ ਨੂੰ ਪੰਜਾਬ ਦੇ ਮਿਹਨਤੀ ਲੋਕਾਂ ਦੀ ਤੌਹੀਣ ਕਰਾਰ ਦਿੱਤਾ ਹੈ।
ਮੁੱਖ ਮੰਤਰੀ ਪੰਜਾਬ ਇਸ ਤੋਂ ਪਹਿਲਾਂ ਵੀ ਸੰਘਰਸ਼ਸ਼ੀਲ ਲੋਕਾਂ ਦੇ ਕਈ ਬਾਵੱਕਾਰ ਵਫਦਾਂ ਨਾਲ ਅਜਿਹਾ ਹੀ ਅਪਮਾਨਜਨਕ ਵਿਵਹਾਰ ਕਰ ਚੁੱਕੇ ਹਨ ਅਤੇ ਪਾਰਟੀ ਇਸ ਤਾਨਾਸ਼ਾਹੀ ਪੂਰਨ ਰੁਝਾਨ ਵਿਰੁੱਧ ਵਿਸ਼ਾਲ ਮੁਜਹਮਤ ਉਸਾਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਪੰਜਾਬ ਵਾਸੀਆਂ ਨੂੰ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਦਿੱਤੇ ਜਾਣ, ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਬਰਬਾਦੀ ਰੋਕਣ ਅਤੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਸਰਕਾਰ ਵਲੋਂ ਮੁਫਤ ਦਿੱਤੇ ਜਾਣ ਦੀਆਂ ਮੰਗਾਂ ਲਈ ਸੰਘਰਸ਼ ਤਿੱਖੇ ਤੋਂ ਤਿਖੇਰਾ ਕਰਕੇ ਕਿਰਤੀ-ਕਿਸਾਨਾਂ ਅਤੇ ਹੋਰ ਮਿਹਨਤਕਸ਼ ਆਵਾਮ ਦੀ ਵਿਸ਼ਾਲ ਭਾਗੀਦਾਰੀ ਵਾਲੇ ਐਕਸ਼ਨਾਂ ਰਾਹੀਂ ਪੰਜਾਬ ਸਰਕਾਰ ਨੂੰ ਉਕਤ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇਗਾ।'' ਇਹ ਜਾਣਕਾਰੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ 'ਚ ਦਿੱਤੀ। ਇਸ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਨੇ ਕੀਤੀ ਅਤੇ ਇਸ 'ਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਤੌਰ 'ਤੇ ਸ਼ਾਮਲ ਹੋਏ।
ਮੀਟਿੰਗ ਵਲੋਂ ਇਹ ਤੱਥ ਗੰਭੀਰਤਾ ਨਾਲ ਨੋਟ ਕੀਤਾ ਗਿਆ ਕਿ ਪੰਜਾਬ ਦੀ ਕਾਂਗਰਸ ਹੁਕੂਮਤ ਤੋਂ ਲੋਕਾਂ ਦਾ ਤੇਜ਼ੀ ਨਾਲ ਮੋਹ ਭੰਗ ਹੋ ਰਿਹਾ ਹੈ, ਕਿਉਂਕਿ ਇਸ ਸਰਕਾਰ ਦੀਆਂ ਨਾ ਕੇਵਲ ਸਮੁੱਚੀਆਂ ਨੀਤੀਆਂ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਾਲੀਆਂ ਹਨ, ਬਲਕਿ ਪ੍ਰਸ਼ਾਸ਼ਨਿਕ ਪਹੁੰਚ ਵਿੱਚ ਵੀ ਪਿਛਲੀ ਸਰਕਾਰ ਨਾਲੋਂ ਉੱਕਾ ਹੀ ਕੋਈ ਫਰਕ ਨਹੀਂ ਹੈ। ਹਰ ਕਿਸਮ ਦੇ ਮਾਫੀਆ ਗਰੋਹਾਂ ਅਤੇ ਨਸ਼ਾ ਤਸਕਰਾਂ ਦੀ ਚੜ੍ਹ ਮਚੀ ਹੋਈ ਹੈ। ਸਰਕਾਰੇ ਦਰਬਾਰੇ ਲੋਕਾਂ ਦੀ ਖੱਜਲ ਖੁਆਰੀ ਅਤੇ ਸਿਆਸੀ ਦਖਲਅੰਦਾਜ਼ੀ ਰਾਹੀਂ ਪੁਲਸ ਜ਼ਿਆਦਤੀਆਂ ਵੀ ਬਾਦਸਤੂਰ ਜਾਰੀ ਹਨ। ਆਰ.ਐਮ.ਪੀ.ਆਈ. ਵਲੋਂ ਇਸ ਮਾਹੌਲ ਸਦਕਾ ਪੈਦਾ ਹੋਏ ਰਾਜਸੀ ਖਲਾਅ ਨੂੰ ਭਰਨ ਲਈ ਖੱਬੀਆਂ ਤੇ ਜਮਹੂਰੀ ਧਿਰਾਂ ਦਾ ਬਦਲਵੀਆਂ ਲੋਕ ਪੱਖੀ ਨੀਤੀਆਂ 'ਤੇ ਆਧਾਰਿਤ ਬਦਲ ਉਸਾਰਨ ਲਈ ਯਤਨ ਤੇਜ਼ ਕੀਤੇ ਜਾਣਗੇ।
ਸਕੱਤਰੇਤ ਵਲੋਂ ਸਭਨਾਂ ਪਾਰਟੀ ਇਕਾਈਆਂ, ਹਮਦਰਦਾਂ ਅਤੇ ਜਨਸੰਗਠਨਾਂ ਦੇ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ 12, 14, 15 ਅਤੇ 16 ਅਕਤੂਬਰ ਨੂੰ ਮੋਗਾ, ਪਟਿਆਲਾ, ਅਮ੍ਰਿਤਸਰ ਅਤੇ ਜਲੰਧਰ ਵਿਖੇ ਕਸ਼ਮੀਰ ਨਾਲ ਮੋਦੀ-ਸ਼ਾਹ ਹੁਕੂਮਤ ਵਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਖਿਲਾਫ਼ ਕੀਤੇ ਜਾ ਰਹੇ ਸਾਂਝੇ ਜਨਤਕ ਐਕਸ਼ਨਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ।
ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਰਾਇ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਬਘਿਆੜਾਂ ਦੇ ਹਿਤ ਪੂਰਨ ਲਈ ਅੰਨ੍ਹੇਵਾਹ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਸਦਕਾ ਦੇਸ਼ ਵਿੱਚ ਅਰਥਚਾਰੇ ਦੀ ਅਫਰਾ-ਤਫਰੀ (ਫਾਈਨਾਂਸ਼ੀਅਲ ਅਨਾਰਕੀ) ਦਾ ਵਾਤਾਵਰਣ ਪੈਦਾ ਹੋ ਗਿਆ ਹੈ। ਹਰ ਖੇਤਰ ਮੰਦੀ ਦੀ ਮਾਰ ਹੇਠ ਹੋਣ ਸਦਕਾ ਪਹਿਲਾਂ ਹੀ ਖਤਰਨਾਕ ਹੱਦਾਂ ਪਾਰ ਕਰ ਚੁੱਕੀ ਬੇਰੁਜ਼ਗਾਰੀ ਤੇ ਅਰਧ ਬੇਰੁਜ਼ਗਾਰੀ ਹੋਰ ਭਿਆਨਕ ਸ਼ਕਲ ਅਖਤਿਆਰ ਕਰ ਰਹੀ ਹੈ। ਸਕੱਤਰੇਤ ਵਲੋਂ ਬੇਰੁਜ਼ਗਾਰੀ ਅਤੇ ਬੇਲਗਾਮ ਨਿੱਜੀਕਰਨ ਵਿਰੁੱਧ ਹਰ ਮੋਰਚੇ ਤੇ ਆਜ਼ਾਦਾਨਾ ਅਤੇ ਸਾਂਝੇ ਸੰਗਰਾਮ ਤੇਜ਼ ਕਰਨ ਦਾ ਨਿਰਣਾ ਲਿਆ ਗਿਆ ਹੈ। ਮੋਦੀ ਸਰਕਾਰ ਵਲੋਂ ਸੰਘ ਪਰਿਵਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਾਗੂ ਕੀਤੇ ਜਾ ਰਹੇ ਫਿਰਕੂ-ਫਾਸ਼ੀ ਏਜੰਡੇ ਵਿਰੁੱਧ ਹਰ ਪੱਧਰ ਤੇ ਵਿਚਾਰਧਾਰਕ ਅਤੇ ਅਮਲੀ ਸੰਗਰਾਮ ਹੋਰ ਤਿੱਖਾ ਕਰਨ ਸਬੰਧੀ ਵੀ ਠੋਸ ਯੋਜਨਾਬੰਦੀ ਕੀਤੀ ਗਈ ਹੈ। ਕੌਮਾਂਤਰੀ ਪੱਧਰ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਾਰਜਸ਼ੀਲ ਸੰਗਠਨਾਂ ਨੇ ਵੀ ਹੁਣ ਇਹ ਤੱਥ ਉਜਾਗਰ ਕੀਤੇ ਹਨ ਕਿ ਸੰਘੀ ਸੰਗਠਨਾਂ ਦੇ ਕਾਰਕੁੰਨਾਂ ਵਲੋਂ ਬੇਗੁਨਾਹਾਂ ਦੇ ਜੋ ਕਤਲ ਕੀਤੇ ਜਾ ਰਹੇ ਹਨ, ਉਨ੍ਹਾਂ ਵਿਚ ਦਲਿਤਾਂ ਦੀ ਗਿਣਤੀ ਸਭ ਤੋਂ ਵੱਡੀ ਹੈ ਅਤੇ ਉਸ ਪਿਛੋਂ ਮੁਸਲਮਾਨਾਂ ਅਤੇ ਔਰਤਾਂ ਨੂੰ ਇਹ ਜ਼ਿਆਦਤੀਆਂ ਭੋਗਣੀਆਂ ਪੈ ਰਹੀਆਂ ਹਨ। ਦੁਸਹਿਰੇ ਮੌਕੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵਲੋਂ ਭਾਰਤ ਨੂੰ 'ਹਿੰਦੂ ਰਾਸ਼ਟਰ' ਐਲਾਨਣਾ ਦਰਸਾਉਂਦਾ ਹੈ ਕਿ ਸੰਘੀ ਟੋਲਾ ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਨੂੰ ਤਬਾਹ ਕਰਕੇ ਇਥੇ ਇਕ 'ਫਿਰਕੂ ਫਾਸ਼ੀ' ਕਿਸਮ ਦੀ ਹਕੂਮਤ ਕਾਇਮ ਕਰਨਾ ਚਾਹੁੰਦਾ ਹੈ ਤੇ ਦੂਸਰੇ ਬੰਨ੍ਹੇ ਮੋਦੀ ਸਰਕਾਰ ਨੂੰ ਦੇਸ਼ ਤਬਾਹ ਕਰਨ ਵਾਲੀਆਂ ਤੇ ਆਮ ਲੋਕਾਂ ਦੀ ਰੋਟੀ ਰੋਜ਼ੀ ਖੋਹਣ ਵਾਲੀਆਂ ਪੂੰਜੀਵਾਦੀ ਆਰਥਿਕ ਨੀਤੀਆਂ ਜਾਰੀ ਰੱਖਣ ਬਾਰੇ 'ਨੇਕ ਸਲਾਹਾਂ' ਦੇ ਰਿਹਾ ਹੈ।
ਸਕੱਤਰੇਤ ਵਲੋਂ 18 ਅਕਤੂਬਰ ਨੂੰ ਜਲੰਧਰ ਵਿਖੇ ਇਸਤਰੀਆਂ ਨੂੰ ਹਰ ਖੇਤਰ ਵਿੱਚ ਸਮਾਨ ਅਧਿਕਾਰਾਂ ਦੀ ਗਰੰਟੀ ਦੇ ਵਿਸ਼ੇ 'ਤੇ ਸੈਮੀਨਾਰ ਤੇ 7 ਨਵੰਬਰ ਨੂੰ ਅਕਤੂਬਰ ਇਨਕਲਾਬ ਦੀ ਵਰ੍ਹੇਗੰਢ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਸਮਰਪਿਤ ਸੂਬਾ ਪੱਧਰੀ ''ਵਿਸ਼ੇਸ਼ ਸੈਮੀਨਾਰ'' ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਲੋਂ ਹਰ ਕਿਸਮ ਦੇ ਆਵਾਰਾ ਪਸ਼ੂਆਂ ਤੋਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਠੋਸ ਕਦਮ ਚੁੱਕਣ ਦੀ ਸਰਕਾਰਾਂ ਤੋਂ ਮੰਗ ਕੀਤੀ ਗਈ। ਪਾਰਟੀ ਵਲੋਂ ਕਿਸਾਨ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਰੱਦ ਕਰਨ ਤੇ ਸ਼ਹੀਦ ਭਗਤ ਸਿੰਘ ਨਗਰ ਦੀ ਅਧਿਆਪਕਾ ਕਿਰਨ ਬੰਗੜ ਨਾਲ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਦੀ ਨਿਰਪੱਖ ਜਾਂਚ ਕਰਕੇ ਦੋਸ਼ੀ ਨੂੰ ਤੁਰੰਤ ਮੁਅੱਤਲ ਕਰਨ ਦੀ ਵੀ ਮੰਗ ਕੀਤੀ ਗਈ।

Thursday, 26 September 2019

ਦਲਿਤ ਪਰਿਵਾਰ ਦੇ ਦੋ ਬੱਚਿਆਂ ਦੀ ਉੱਚ ਜਾਤੀ ਹੰਕਾਰ ਦੀ ਮੰਦੀ ਸੋਚ ਅਧੀਨ ਕੀਤੀ ਹੱਤਿਆ ਦੀ ਨਿਖੇਧੀ

ਜਲੰਧਰ; 26 ਸਤੰਬਰ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ)  ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਮੱਧ ਪ੍ਰਦੇਸ਼ ਵਿੱਚ ਦਲਿਤ ਪਰਿਵਾਰ ਦੇ ਦੋ ਬੱਚਿਆਂ ਦੀ ਉੱਚ ਜਾਤੀ ਹੰਕਾਰ ਦੀ ਮੰਦੀ ਸੋਚ ਅਧੀਨ ਕੀਤੀ ਗਈ ਵਹਿਸ਼ੀਆਨਾ ਹੱਤਿਆ ਦੀ ਜਬਰਦਸਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਨੂਵਾਦੀ ਵਰਣ ਵਿਵਸਥਾ ਦੀ ਪੁਨਰ ਸਥਾਪਤੀ ਦੇ ਕੋਝੇ ਯਤਨਾਂ ਵਿੱਚ ਗਲਤਾਨ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐਸ ਐਸ) ਦੀਆਂ ਹਿਦਾਇਤਾਂ ਅਨੁਸਾਰ ਸ਼ਾਸ਼ਨ ਚਲਾ ਰਹੀ ਮੋਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਦਲਿਤਾਂ, ਮੁਸਲਮਾਨਾਂ, ਔਰਤਾਂ ਅਤੇ ਕਬਾਇਲੀਆਂ ਖ਼ਿਲਾਫ਼ ਅਮਾਨਵੀ ਅੱਤਿਆਚਾਰਾਂ ਦੀਆਂ ਘਟਨਾਵਾਂ ਵਿੱਚ ਬੇਬਹਾ ਵਾਧਾ ਹੋਇਆ ਹੈ ਅਤੇ ਮੌਜੂਦਾ ਕਤਲ ਵੀ ਉਸੇ ਗੰਦੀ ਸਾਜਿਸ਼ ਦਾ ਨਤੀਜਾ ਹਨ। ਸਾਥੀ ਪਾਸਲਾ ਨੇ ਸਮੂੰਹ ਇਨਸਾਫ ਪਸੰਦ ਧਿਰਾਂ ਅਤੇ ਲੋਕਾਂ ਨੂੰ ਹਰ ਕਿਸਮ ਦੇ ਰੱਖ-ਰਖਾਅ, ਵਿਸ਼ੇਸ਼ ਕਰਕੇ ਜਾਤੀਵਾਦੀ ਅਤੇ ਧਾਰਮਿਕ ਸਰੋਕਾਰਾਂ ਨੂੰ ਦਰਕਿਨਾਰ ਕਰਦਿਆਂ ਅਜਿਹੀਆਂ ਦਰਦਨਾਕ ਵਾਰਦਾਤਾਂ ਵਿਰੁੱਧ ਹਰ ਪੱਧਰ 'ਤੇ ਇੱਕਮੁਠ ਹੋ ਕੇ ਪ੍ਰਤੀਰੋਧ ਉਸਾਰਨ ਦੀ ਅਪੀਲ ਕੀਤੀ।

15 ਦਸੰਬਰ ਨੂੰ ਚੇਨਈ (ਤਾਮਿਲਨਾਡੂ) ਵਿਖੇ ਸਾਂਝੀ ਕੌਮੀ ਕਨਵੈਨਸ਼ਨ ਕਰਨ ਦਾ ਐਲਾਨ



ਜਲੰਧਰ; 26 ਸਤੰਬਰ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ ਯੂਨਾਇਟਿਡ (ਐਮ.ਸੀ.ਪੀ.ਆਈ-ਯੂ.) ਦੀਆਂ ਕੇਂਦਰੀ ਕਮੇਟੀਆਂ ਦੀ ਸਾਂਝੀ ਮੀਟਿੰਗ, ਐਮ ਸੀ ਪੀ ਆਈ-ਯੂ ਦੇ ਇੱਥੇ ਸਥਿਤ ਕੌਮੀ ਹੈੱਡ ਕੁਆਰਟਰ, ਸਾਥੀ ਓਂਕਾਰ ਭਵਨ ਹੈਦਰਾਬਾਦ (ਤਿਲੰਗਾਨਾ) ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਆਰ ਐਮ ਪੀ ਆਈ ਦੇ ਚੇਅਰਮੈਨ ਸਾਥੀ ਕੇ. ਗੰਗਾਧਰਨ ਅਤੇ ਐਮ ਸੀ ਪੀ ਆਈ -ਯੂ ਦੇ ਪੋਲਿਟ ਬਿਊਰੋ ਮੈਂਬਰ ਸਾਥੀ ਮਹਿੰਦਰ ਸਿੰਘ ਨੇਹ ਵਲੋਂ ਕੀਤੀ ਗਈ। ਮੀਟਿੰਗ ਨੂੰ ਦੋਹਾਂ ਪਾਰਟੀਆਂ ਦੇ ਜਨਰਲ ਸਕੱਤਰਾਂ ਸਾਥੀ ਮੰਗਤ ਰਾਮ ਪਾਸਲਾ ਅਤੇ ਮੁਹੰਮਦ ਗੌਂਸ ਵਲੋਂ ਸੰਬੋਧਨ ਕੀਤਾ ਗਿਆ।
ਅੱਜ ਇਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਰ ਐਮ ਪੀ ਆਈ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਅਤੇ ਐਮ ਸੀ ਪੀ ਆਈ ਯੂ ਦੇ ਪੋਲਿਟ ਬਿਊਰੋ ਮੈਂਬਰ ਸਾਥੀ ਕਿਰਨਜੀਤ ਸੇਖੋਂ ਨੇ ਦਸਿਆ ਕਿ ਭਵਿੱਖ ਵਿੱਚ ਦੋਹਾਂ ਪਾਰਟੀਆਂ ਦੀ ਸਟੈਂਡਿੰਗ ਕਮੇਟੀ ਅਤੇ ਪੋਲਿਟ ਬਿਊਰੋ ਤੇ ਕੇਂਦਰੀ ਕਮੇਟੀਆਂ ਦੀਆਂ ਸਾਂਝੀਆਂ ਮੀਟਿੰਗਾਂ ਹੋਇਆ ਕਰਨਗੀਆਂ ਤਾਂ ਕਿ ਦੇਸ਼ ਦੀ ਮੌਜੂਦਾ ਰਾਜਸੀ ਅਵਸਥਾ ਵਿੱਚ ਦੋਹੇਂ ਪਾਰਟੀਆਂ ਸਾਂਝੀ ਰਾਜਨੀਤਕ ਸਮਝਦਾਰੀ ਦੇ ਆਧਾਰ 'ਤੇ ਇਕਜੁੱਟ ਦਖਲ ਅੰਦਾਜ਼ੀ ਕਰ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਦੋਹਾਂ ਪਾਰਟੀਆਂ ਵਲੋਂ ਨੇੜ ਭਵਿੱਖ ਵਿੱਚ ਟਰੇਡ ਯੂਨੀਅਨ, ਕਿਸਾਨ, ਇਸਤਰੀ ਅਤੇ ਨੌਜਵਾਨ ਫਰੰਟਾਂ ਦੀਆਂ ਸਾਂਝੀਆਂ ਕੁਲ ਹਿੰਦ ਜਨਤਕ ਜਥੇਬੰਦੀਆਂ ਕਾਇਮ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 15 ਦਸੰਬਰ ਨੂੰ ਚੇਨਈ (ਤਾਮਿਲਨਾਡੂ) ਵਿਖੇ ਸਾਂਝੀ ਕੌਮੀ ਕਨਵੈਨਸ਼ਨ ਕੀਤੀ ਜਾਵੇਗੀ, ਜਿਸ ਵਿੱਚ ਭਵਿੱਖ ਦੇ ਸੰਗਰਾਮਾਂ ਦੀ ਉਸਾਰੀ ਦਾ ਖਾਕਾ ਪਾਸ ਕੀਤਾ ਜਾਵੇਗਾ ।
ਦੋਹਾਂ ਪਾਰਟੀਆਂ ਦੀ ਸਾਂਝੀ ਮੀਟਿੰਗ ਵਲੋਂ ਦੇਸ਼ ਵਿੱਚ ਦਿਨੋ-ਦਿਨ ਤਿੱਖੇ ਹੋ ਰਹੇ ਚੌਤਰਫਾ ਫਿਰਕੂ-ਫਾਸ਼ੀ ਹੱਲਿਆਂ ਅਤੇ ਸਾਮਰਾਜੀ ਤੇ ਕਾਰਪੋਰੇਟ ਲੁੱਟ ਦੀ ਗਰੰਟੀ ਕਰਦੀਆਂ ਨਵਉਦਾਰਵਾਦੀ ਨੀਤੀਆਂ ਖਿਲਾਫ਼ ਹਰ ਮੋਰਚੇ 'ਤੇ ਸੰਘਰਸ਼ ਤਿੱਖੇ ਕਰਨ ਦਾ ਨਿਰਣਾ ਲਿਆ ਗਿਆ। ਸੰਘ ਪਰਿਵਾਰ ਦੀਆਂ ਭਾਰਤ ਨੂੰ ਕੱਟੜਤਾ ਆਧਾਰਿਤ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਨੂੰ ਅਮਲੀ ਰੂਪ ਦੇਣ ਲਈ ਪੱਬਾਂ ਭਾਰ ਹੋਈ ਮੋਦੀ ਸਰਕਾਰ ਦੀਆਂ ਕੁਚਾਲਾਂ ਵਿਰੁੱਧ ਦੇਸ਼ ਵਾਸੀਆਂ ਨੂੰ ਚੌਕਸ ਕਰਨ ਲਈ ਮੀਟਿਗ ਵਲੋਂ ਦੇਸ਼ ਵਿਆਪੀ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ। ਇਸ ਮੁਹਿੰਮ ਦੌਰਾਨ ਦਿਨੋਂ-ਦਿਨ ਤੇਜ ਹੋ ਰਹੇ ਆਰਥਿਕ ਮੰਦਵਾੜੇ ਅਤੇ ਇਸ ਦੇ ਸਿੱਟੇ ਵੱਜੋਂ ਭਾਰੀ ਬਹੁਗਿਣਤੀ ਵਸੋਂ ਦੇ ਵਧ ਰਹੇ ਕੰਗਾਲੀਕਰਨ ਖਿਲਾਫ਼, ਗਰੀਬਾਂ ਦੇ ਬੱਚਿਆਂ ਨੂੰ ਵਿੱਦਿਆ ਤੋਂ ਵਿਰਵੇ ਕਰਨ ਵਾਲੀ ਨਵੀਂ ਸਿੱਖਿਆ ਨੀਤੀ ਵਿਰੁੱਧ, ਮੰਨੂਵਾਦੀ ਵਰਣ ਵਿਵਸਥਾ ਦੀ ਪੁਨਰ ਸਥਾਪਤੀ ਦੇ ਉਦੇਸ਼ ਅਧੀਨ ਦਲਿਤਾਂ ਅਤੇ ਔਰਤਾਂ ਖਿਲਾਫ਼ ਕੀਤੇ ਜਾ ਰਹੇ ਅਕਹਿ ਜ਼ੁਲਮਾਂ ਖਿਲਾਫ਼, ਦੇਸ਼ ਵਿੱਚ ਫਿਰਕੂ ਵੰਡ ਤਿੱਖੀ ਕਰਨ ਦੀ ਸਾਜਿਸ਼ ਅਧੀਨ ਮੁਸਲਮਾਨਾਂ ਅਤੇ ਹੋਰਨਾਂ ਘੱਟ ਗਿਣਤੀਆਂ ਖ਼ਿਲਾਫ਼ ਕੀਤੇ ਜਾ ਰਹੇ ਕਾਤਲਾਨਾ ਹਮਲਿਆਂ ਅਤੇ ਅਮਾਨਵੀ ਅੱਤਿਆਚਾਰਾਂ ਵਿਰੁੱਧ ਦੇਸ਼ ਦੇ ਮਿਹਨਤਕਸ਼ ਆਵਾਮ ਨੂੰ ਜਥੇਬੰਦ ਹੁੰਦਿਆਂ ਸੰਘਰਸ਼ਾਂ ਦੇ ਮੈਦਾਨਾਂ ਵਿਚ ਨਿੱਤਰਨ ਦਾ ਸੱਦਾ ਦਿੱਤਾ ਗਿਆ। ਇਸ ਤੋਂ ਇਲਾਵਾ ਤਾਨਾਸ਼ਾਹੀ 'ਤੇ ਇੱਕ ਪਾਸੜ ਤਰੀਕੇ ਨਾਲ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਅਤੇ 35 ਏ ਦੇ ਖਾਤਮੇ ਅਤੇ ਉਥੋਂ ਦੀ ਵਿਧਾਨ ਸਭਾ ਦਾ ਦਰਜਾ ਘਟਾ ਕੇ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦੇਣ ਪਿਛੇ ਲੁਕੀ ਫਿਰਕੂ ਮਨਸ਼ਾ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ। ਮੀਟਿੰਗ ਵਲੋਂ ਆਮ ਲੋਕਾਂ ਨੂੰ ਦੇਸ਼ ਦੇ ਧਰਮਨਿਰਪੱਖ, ਫੈਡਰਲ ਅਤੇ ਜਮਹੂਰੀ ਢਾਂਚੇ ਨੂੰ ਤਹਿਤ ਨਹਿਸ ਕਰਨ ਦੀਆਂ ਸਰਕਾਰੀ ਕੁਚਾਲਾਂ ਦਾ ਹਰ ਪੱਧਰ 'ਤੇ  ਡੱਟਵਾਂ ਵਿਰੋਧ ਕਰਨ ਦਾ ਵੀ ਸੱਦਾ ਦਿੱਤਾ ਗਿਆ। ਸਾਂਝੀ ਮੀਟਿੰਗ ਵਲੋਂ ਮੌਜੂਦਾ ਗੰਭੀਰ ਅਵਸਥਾ ਵਿੱਚ ਸਾਰੀਆਂ ਖੱਬੀਆਂ ਧਿਰਾਂ ਨੂੰ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਅਧਾਰ 'ਤੇ ਇੱਕਜੁਟ ਹੋਕੇ ਸੰਗਰਾਮਾਂ ਵਿੱਚ ਨਿੱਤਰਨ  ਦੀ ਅਪੀਲ ਕੀਤੀ ਗਈ।

Sunday, 15 September 2019

ਖੱਬੀਆਂ ਪਾਰਟੀਆਂ, ਸੰਘਰਸ਼ਸ਼ੀਲ ਜਥੇਬੰਦੀਆਂ, ਉੱਘੀਆਂ ਸ਼ਖਸੀਅਤਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜਸੇਵੀ ਸੰਗਠਨਾਂ ਨੂੰ ਸੰਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ

ਜਲੰਧਰ; 15 ਸਤੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਸਕੱਤਰ ਸਾਥੀ ਹਰਕੰਵਲ ਸਿੰਘ, ਖ਼ਜ਼ਾਨਚੀ ਸਾਥੀ ਲਾਲ ਚੰਦ ਕਟਾਰੂ ਚੱਕ ਨੇ ਰਾਜ ਕਮੇਟੀ ਵਲੋਂ ਪਟਿਆਲਾ ਵਿਖੇ ਲਾਏ ਗਏ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਅਤੇ ਹਰ ਕਿਸਮ ਦਾ ਸਹਿਯੋਗ ਦੇਣ ਵਾਲੇ ਸਭਨਾਂ ਪਾਰਟੀ ਕਾਰਕੁੰਨਾਂ, ਹਮਦਰਦਾਂ ਅਤੇ ਸੁਹਿਰਦ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਸਾਥੀ ਪਾਸਲਾ ਅਤੇ ਰਾਜ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ 9 ਤੋਂ 13 ਸਤੰਬਰ ਤੱਕ ਚੱਲਿਆ ਉਕਤ ਮੋਰਚਾ ਬੇਹਦ ਕਾਮਯਾਬ ਰਿਹਾ। 13 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਦਾ ਲਿਖਤੀ ਸੱਦਾ ਮਿਲਣ ਉਪਰੰਤ ਇਹ ਮੋਰਚਾ ਆਉਂਦੀ 30 ਸਤੰਬਰ (ਗੱਲਬਾਤ ਲਈ ਨੀਯਤ ਮਿਤੀ) ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਆਗੂਆਂ ਨੇ ਪੰਜੇ ਦਿਨ, ਦਿਨ-ਰਾਤ ਦੇ ਧਰਨੇ, ਵੱਖੋ-ਵੱਖ ਵਿਭਾਗਾਂ ਵੱਲ ਨੂੰ ਕੀਤੇ ਗਏ ਲੋਕ ਮਾਰਚ, ਵਿਖਾਵੇ (ਸਟਰੀਟ ਡੈਮਨਸਟਰੇਸ਼ਨ), ਮਸ਼ਾਲ ਮਾਰਚ ਅਤੇ 13 ਸਤੰਬਰ ਨੂੰ ਮੋਤੀ ਮਹਿਲ ਵੱਲ ਕੀਤੇ ਗਏ ਹਜਾਰਾਂ ਲੋਕਾਂ ਦੇ ਸ਼ਾਨਦਾਰ ਮੁਜ਼ਾਹਰੇ ਦੀ ਪ੍ਰਭਾਵਸ਼ਾਲੀ ਮੀਡੀਆ ਕਵਰੇਜ ਕਰਨ ਵਾਲੇ ਸਭਨਾਂ ਮਿੱਤਰਾਂ ਦੇ ਸਹਿਯੋਗ ਨੂੰ ਸਲਾਮ ਕਰਦਿਆਂ ਉਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ।
ਆਗੂਆਂ ਨੇ ਪਾਰਟੀ ਕਮੇਟੀਆਂ ਨੂੰ ਸੱਦਾ ਦਿੱਤਾ ਕਿ ਉਹ ਵੱਖੋ-ਵੱਖ ਰੂਪਾਂ ਵਿੱਚ ਮੋਰਚੇ ਦੀਆਂ ਮੰਗਾਂ ਲਈ ਲੋਕ ਲਾਮਬੰਦੀ ਅਤੇ ਹੋਰ ਸੰਗਰਾਮੀ ਸਰਗਰਮੀ ਜਾਰੀ ਰੱਖਣ।
ਕਮਿਊਨਿਸਟ ਆਗੂਆਂ ਨੇ ਸਮੂੰਹ ਪੰਜਾਬੀਆਂ, ਖਾਸ ਕਰਕੇ ਕਿਰਤੀ ਜਨ ਸਮੂਹਾਂ ਨੂੰ ਉਕਤ ਸੰਗਰਾਮ ਵਿੱਚ ਸ਼ਮੂਲੀਅਤ ਕਰਨ ਅਤੇ ਹਰ ਕਿਸਮ ਦੇ ਵਸੀਲੇ ਜੁਟਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਪੰਜਾਬ ਦੀਆਂ ਖੱਬੀਆਂ ਪਾਰਟੀਆਂ, ਸੰਘਰਸ਼ਸ਼ੀਲ ਜਥੇਬੰਦੀਆਂ, ਜਮਹੂਰੀ-ਸੈਕੂਲਰ-ਦੇਸ਼ ਭਗਤ ਅਤੇ ਵਿਗਿਆਨਕ ਵਿਚਾਰਧਾਰਾ ਨੂੰ ਪ੍ਰਣਾਏ ਸੰਗਠਨਾਂ ਤੇ ਉੱਘੀਆਂ ਸ਼ਖਸੀਅਤਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜਸੇਵੀ ਸੰਗਠਨਾਂ ਨੂੰ ਉਕਤ ਸੰਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਵੀ ਸੱਦਾ ਦਿੱਤਾ।
ਜਿਕਰ ਯੋਗ ਹੈ ਕਿ ਪਾਰਟੀ ਵਲੋਂ 4 ਜੁਲਾਈ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਵਿਸ਼ਾਲ ਨੁਮਾਇੰਦਾ ਕਨਵੈਨਸ਼ਨ ਕਰਕੇ ਸੂਬਾ ਵਾਸੀਆਂ ਨੂੰ ਬਿਜਲੀ ਦੋ ਰੁਪੈ ਪ੍ਰਤੀ ਯੂਨਿਟ ਦਿੱਤੇ ਜਾਣ, ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਬਰਬਾਦੀ ਰੋਕਣ ਅਤੇ ਪੀਣ ਲਈ ਮੁਫਤ ਸਾਫ ਪਾਣੀ ਦੀਆਂ ਮੰਗਾਂ ਲਈ ਤਿੰਨ ਪੜਾਵੀ ਸੰਘਰਸ਼ ਦਾ ਐਲਾਨ ਕੀਤਾ ਸੀ। ਪਹਿਲੇ ਪੜਾਅ ਵਿੱਚ 15 ਤੋਂ 31 ਜੁਲਾਈ ਤੱਕ ਹਜ਼ਾਰਾਂ ਜਨ ਇਕੱਤਰਤਾਵਾਂ ਕੀਤੀਆਂ ਗਈਆਂ, ਦੂਜੇ ਪੜਾਅ ਵਿੱਚ 5 ਤੋਂ 9 ਅਗਸਤ ਤੱਕ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਪ੍ਰਦਰਸ਼ਨ ਕੀਤੇ ਗਏ ਅਤੇ ਤੀਜੇ ਪੜਾਅ ਵਿੱਚ 9 ਸਤੰਬਰ ਤੋਂ ਪਟਿਆਲਾ ਵਿਖੇ ਉਪਰੋਕਤ ਮੋਰਚਾ ਲਾਇਆ ਗਿਆ ਸੀ।

Friday, 13 September 2019

ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਦਾ ਸੱਦਾ ਮਿਲਣ 'ਤੇ ਬਿਜਲੀ ਪਾਣੀ ਲਈ ਲਗਾਏ ਮੋਰਚੇ ਨੂੰ ਕੀਤਾ ਵਕਤੀ ਤੌਰ 'ਤੇ ਮੁਲਤਵੀ


ਸੀਪੀਆਈ ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਅਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਸੰਘਰਸ਼ ਦੀ ਹਮਾਇਤ

ਮੋਤੀ ਮਹਿਲ ਵੱਲ ਕੀਤੇ ਮਾਰਚ ਦੌਰਾਨ ਸਾਬਕਾ ਔਮਪੀ ਧਰਮਵੀਰ ਗਾਂਧੀ ਨੇ ਲਵਾਈ ਹਾਜ਼ਰੀ

ਪਟਿਆਲਾ; 13 ਸਤੰਬਰ-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਚਲਾਏ ਜਾ ਰਹੇ ਪੱਕੇ ਮੋਰਚੇ ਦੇ ਪੰਜਵੇਂ ਦਿਨ ਪੰਜਾਬ ਦੇ ਮੁੱਖ ਮੰਤਰੀ ਦੇ ਮਹਿਲਾ ਨੂੰ ਕੂਚ ਕਰਨ ਦੌਰਾਨ ਪ੍ਰਸ਼ਾਸਨ ਨੇ ਲਿਖਤੀ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਦਾ ਸੱਦਾ ਦਿੱਤਾ। ਇਸ ਸੱਦੇ ਉਪਰੰਤ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਐਲਾਨ ਕੀਤਾ ਕਿ ਇਹ ਮੋਰਚਾ ਵਕਤੀ ਤੌਰ 'ਤੇ ਮੁਲਤਵੀ ਕੀਤਾ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਅਧਿਕਾਰੀਆਂ ਵੱਲੋਂ ਇੱਕ 30 ਸਤੰਬਰ ਨੂੰ ਗੱਲਬਾਤ ਦਾ ਇੱਕ ਪੱਤਰ ਸੌਂਪਿਆ ਗਿਆ। ਜਿਸ 'ਤੇ ਆਗੂਆਂ ਨੇ ਕਿਹਾ ਕਿ ਗੱਲਬਾਤ ਤੋਂ ਬਾਅਦ ਦੀ ਸਥਿਤੀ 'ਤੇ ਵਿਚਾਰ ਵਟਾਦਰਾ ਕਰਨ ਉਪਰੰਤ ਸੰਘਰਸ਼ ਦੇ ਅਗਲੇ ਪੜ੍ਹਾਅ ਦਾ ਐਲਾਨ ਕੀਤਾ ਜਾਵੇਗਾ।
  
ਇਸ ਤੋਂ ਪਹਿਲਾ ਅੱਜ ਪੰਜਵੇਂ ਦਿਨ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇਕੱਤਰ ਲੋਕਾਂ ਨੇ ਮੋਤੀ ਮਹਿਲ ਵੱਲ ਕੂਚ ਕੀਤਾ। ਜਿਸ 'ਚ ਔਰਤਾਂ ਸਮੇਤ ਹਜ਼ਾਰਾਂ ਲੋਕ ਸ਼ਾਮਲ ਸਨ। ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਖਿਲਾਫ਼ ਰੋਸ ਪ੍ਰਗਟਾਉਂਦੇ, ਜੋਸ਼ ਭਰਪੂਰ ਨਾਹਰੇ ਲਾਉਂਦੇ ਹੋਏ ਸ਼ਾਮਲ ਹੋਏ ਲੋਕਾਂ ਨੇ ਸੂਬੇ ਦੇ ਲੋਕਾਂ ਨੂੰ ਬਿਜਲੀ ਦੋ ਰੁਪੈ ਪ੍ਰਤੀ ਯੂਨਿਟ ਦਿੱਤੀ ਜਾਵੇ, ਨਿੱਜੀ ਬਿਜਲੀ ਕਾਰੋਬਾਰੀਆਂ ਨਾਲ ਕੀਤੇ ਬਿਜਲੀ ਖਰੀਦ ਦੇ ਬਦਨੀਅਤੀ ਵਾਲੇ ਸਮਝੌਤੇ ਰੱਦ ਕਰਕੇ ਸਰਕਾਰੀ ਮਾਲਕੀ ਵਾਲੇ ਤਿੰਨੇ ਥਰਮਲ ਪੂਰੀ ਸਮਰੱਥਾ ਨਾਲ ਚਲਾਏ ਜਾਣ, ਰੱਜੇ-ਪੁੱਜੇ ਲੋਕਾਂ ਨੂੰ ਮੁਫਤ ਬਿਜਲੀ ਜਾਂ ਬਿਜਲੀ ਤੇ ਸਬਸਿਡੀ ਦੇਣੀ ਫੌਰੀ ਬੰਦ ਕਰਕੇ ਇਹ ਲਾਭ ਹਕੀਕੀ ਲੋੜਵੰਦਾਂ ਨੂੰ ਦਿੱਤਾ ਜਾਵੇ, ਬਾਰਸੂਖ ਵਿਅਕਤੀਆਂ ਵਲੋਂ ਕੀਤੀ ਜਾਂਦੀ ਬਿਜਲੀ ਚੋਰੀ ਸਖਤੀ ਨਾਲ ਰੋਕੀ ਜਾਵੇ ਅਤੇ ਬਿਜਲੀ ਪੈਦਾ ਕਰਨ ਦੇ ਸਸਤੇ ਤੇ ਸੁਲਭ ਤਰੀਕੇ ਅਪਣਾਏ ਜਾਣ।
ਲੋਕਾਂ ਦੇ ਹੱਥਾਂ ਵਿੱਚ ਫੜੀਆਂ ਤਖਤੀਆਂ ਅਤੇ ਫਲੈਕਸਾਂ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਸੂਬੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਸਰਕਾਰ ਵਲੋਂ ਮੁਫਤ ਮੁਹੱਈਆ ਕਰਵਾਇਆ ਜਾਵੇ, ਪਾਣੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਫੰਡ ਕਾਇਮ ਕਰਦਿਆਂ ਹੰਗਾਮੀ ਨੀਤੀ ਬਣਾਈ ਜਾਵੇ, ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਵਿੱਚ ਸਨਅਤੀ ਤੇ ਮੈਡੀਕਲ ਰਹਿੰਦ-ਖੂਹੰਦ, ਮਲ-ਮੂਤਰ, ਕਾਰਖਾਨਿਆਂ ਵਲੋਂ ਵਰਤਣ ਉਪਰੰਤ ਦੂਸ਼ਿਤ ਕੀਤਾ ਬਿਨਾਂ ਸੋਧਿਆ ਪਾਣੀ ਅਤੇ ਹੋਰ ਘਾਤਕ ਜਹਿਰਾਂ ਦੀ ਮਿਲਾਵਟ ਬੰਦ ਕੀਤੀ ਜਾਵੇ, ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਨੀਤੀ ਬਣਾ ਕੇ ਉਸ ਉੱਪਰ ਫੌਰੀ ਅਮਲ ਕੀਤਾ ਜਾਵੇ, ਬਾਰਿਸ਼ਾਂ ਦਾ ਪਾਣੀ ਸੰਭਾਲ ਕੇ ਮੁੜ ਵਰਤਣ ਯੋਗ ਬਣਾਉਣ ਲਈ ਜੰਗੀ ਪੱਧਰ 'ਤੇ ਉਪਰਾਲੇ ਕੀਤੇ ਜਾਣ, ਧਰਤੀ ਹੇਠਲੇ ਪਾਣੀਆਂ 'ਤੇ ਨਿਰਭਰਤਾ ਘਟਾ ਕੇ ਦਰਿਆਈ ਪਾਣੀਆਂ ਰਾਹੀਂ ਖੇਤੀ ਲੋੜਾਂ ਪੂਰੀਆਂ ਕਰਨ ਦਾ ਐਕਸ਼ਨ ਪਲਾਨ ਉਲੀਕਿਆ ਜਾਵੇ, ਖਾਤਮੇ ਕਿਨਾਰੇ ਜਾ ਲੱਗੇ ਨਹਿਰੀ ਢਾਂਚੇ ਦੀ ਪੁਨਰ ਉਸਾਰੀ ਅਤੇ ਵਿਸਥਾਰ ਕੀਤਾ ਜਾਵੇ।

ਮੋਤੀ ਮਹਿਲ ਵੱਲ ਜਾਣ ਵੇਲੇ ਪੁਲੀਸ ਵੱਲੋਂ ਰੋਕਣ 'ਤੇ ਇਹ ਮਾਰਚ ਧਰਨੇ 'ਚ ਤਬਦੀਲ ਹੋ ਗਿਆ। ਜਿਥੇ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਉਚੇਚੇ ਤੌਰ 'ਤੇ ਹਾਜ਼ਰੀ ਲਵਾਈ।
ਅੱਜ ਮੋਰਚੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਨੇ ਮੋਰਚੇ ਦੀ ਹਮਾਇਤ ਕਰਦਿਆਂ ਉਚੇਚੇ ਤੌਰ 'ਤੇ ਆਪਣਾ ਭਰਾਤਰੀ ਸੰਦੇਸ਼ ਵੀ ਦਿੱਤਾ।
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਵੀ ਸੰਘਰਸ਼ ਦੀ ਹਮਾਇਤ ਕੀਤੀ।

ਬਿਜਲੀ ਪਾਣੀ ਦਾ ਮੋਰਚਾ ਪੰਜਵੇਂ ਦਿਨ ਵਿੱਚ ਦਾਖ਼ਲ : ਮੋਤੀ ਮਹਿਲ ਵੱਲ ਕੀਤਾ ਮਾਰਚ



ਪੰਜਾਬ ਭਰ 'ਚੋਂ ਪੁੱਜੇ ਹਜ਼ਾਰਾਂ ਲੋਕਾਂ ਸਾਹਵੇਂ ਆਗੂਆਂ ਵਲੋਂ ਆਰ-ਪਾਰ ਦੇ ਸੰਘਰਸ਼ ਦਾ ਐਲਾਨ

ਸੀਪੀਆਈ ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਅਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਸੰਘਰਸ਼ ਦੀ ਹਮਾਇਤ

ਪਟਿਆਲਾ; 13 ਸਤੰਬਰ-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਇੱਥੇ ਚਲਾਇਆ ਜਾ ਰਿਹਾ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ। ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਲੋਕਾਂ ਨੇ ਅੱਜ ਮੋਤੀ ਮਹਿਲ ਵੱਲ ਕੂਚ ਕੀਤਾ। ਅੱਜ ਦੇ ਇਕੱਠ ਵਿੱਚ ਹਜ਼ਾਰਾਂ ਲੋਕ, ਜਿਨ੍ਹਾਂ ਵਿੱਚ ਚੋਖੀ ਗਿਣਤੀ ਔਰਤਾਂ ਵੀ ਸ਼ਾਮਲ ਸਨ, ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਖਿਲਾਫ਼ ਰੋਸ ਪ੍ਰਗਟਾਉਂਦੇ, ਜੋਸ਼ ਭਰਪੂਰ ਨਾਹਰੇ ਲਾਉਂਦੇ ਹੋਏ ਸ਼ਾਮਲ ਹੋਏ। ਲੋਕੀਂ ਮੰਗ ਕਰ ਰਹੇ ਸਨ ਕਿ ਸੂਬੇ ਦੇ ਲੋਕਾਂ ਨੂੰ ਬਿਜਲੀ ਦੋ ਰੁਪੈ ਪ੍ਰਤੀ ਯੂਨਿਟ ਦਿੱਤੀ ਜਾਵੇ, ਨਿੱਜੀ ਬਿਜਲੀ ਕਾਰੋਬਾਰੀਆਂ ਨਾਲ ਕੀਤੇ ਬਿਜਲੀ ਖਰੀਦ ਦੇ ਬਦਨੀਅਤੀ ਵਾਲੇ ਸਮਝੌਤੇ ਰੱਦ ਕਰਕੇ ਸਰਕਾਰੀ ਮਾਲਕੀ ਵਾਲੇ ਤਿੰਨੇ ਥਰਮਲ ਪੂਰੀ ਸਮਰੱਥਾ ਨਾਲ ਚਲਾਏ ਜਾਣ, ਰੱਜੇ-ਪੁੱਜੇ ਲੋਕਾਂ ਨੂੰ ਮੁਫਤ ਬਿਜਲੀ ਜਾਂ ਬਿਜਲੀ ਤੇ ਸਬਸਿਡੀ ਦੇਣੀ ਫੌਰੀ ਬੰਦ ਕਰਕੇ ਇਹ ਲਾਭ ਹਕੀਕੀ ਲੋੜਵੰਦਾਂ ਨੂੰ ਦਿੱਤਾ ਜਾਵੇ, ਬਾਰਸੂਖ ਵਿਅਕਤੀਆਂ ਵਲੋਂ ਕੀਤੀ ਜਾਂਦੀ ਬਿਜਲੀ ਚੋਰੀ ਸਖਤੀ ਨਾਲ ਰੋਕੀ ਜਾਵੇ ਅਤੇ ਬਿਜਲੀ ਪੈਦਾ ਕਰਨ ਦੇ ਸਸਤੇ ਤੇ ਸੁਲਭ ਤਰੀਕੇ ਅਪਣਾਏ ਜਾਣ।
ਲੋਕਾਂ ਦੇ ਹੱਥਾਂ ਵਿੱਚ ਫੜੀਆਂ ਤਖਤੀਆਂ ਅਤੇ ਫਲੈਕਸਾਂ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਸੂਬੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਸਰਕਾਰ ਵਲੋਂ ਮੁਫਤ ਮੁਹੱਈਆ ਕਰਵਾਇਆ ਜਾਵੇ, ਪਾਣੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਫੰਡ ਕਾਇਮ ਕਰਦਿਆਂ ਹੰਗਾਮੀ ਨੀਤੀ ਬਣਾਈ ਜਾਵੇ, ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਵਿੱਚ ਸਨਅਤੀ ਤੇ ਮੈਡੀਕਲ ਰਹਿੰਦ-ਖੂਹੰਦ, ਮਲ-ਮੂਤਰ, ਕਾਰਖਾਨਿਆਂ ਵਲੋਂ ਵਰਤਣ ਉਪਰੰਤ ਦੂਸ਼ਿਤ ਕੀਤਾ ਬਿਨਾਂ ਸੋਧਿਆ ਪਾਣੀ ਅਤੇ ਹੋਰ ਘਾਤਕ ਜਹਿਰਾਂ ਦੀ ਮਿਲਾਵਟ ਬੰਦ ਕੀਤੀ ਜਾਵੇ, ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਨੀਤੀ ਬਣਾ ਕੇ ਉਸ ਉੱਪਰ ਫੌਰੀ ਅਮਲ ਕੀਤਾ ਜਾਵੇ, ਬਾਰਿਸ਼ਾਂ ਦਾ ਪਾਣੀ ਸੰਭਾਲ ਕੇ ਮੁੜ ਵਰਤਣ ਯੋਗ ਬਣਾਉਣ ਲਈ ਜੰਗੀ ਪੱਧਰ 'ਤੇ ਉਪਰਾਲੇ ਕੀਤੇ ਜਾਣ, ਧਰਤੀ ਹੇਠਲੇ ਪਾਣੀਆਂ 'ਤੇ ਨਿਰਭਰਤਾ ਘਟਾ ਕੇ ਦਰਿਆਈ ਪਾਣੀਆਂ ਰਾਹੀਂ ਖੇਤੀ ਲੋੜਾਂ ਪੂਰੀਆਂ ਕਰਨ ਦਾ ਐਕਸ਼ਨ ਪਲਾਨ ਉਲੀਕਿਆ ਜਾਵੇ, ਖਾਤਮੇ ਕਿਨਾਰੇ ਜਾ ਲੱਗੇ ਨਹਿਰੀ ਢਾਂਚੇ ਦੀ ਪੁਨਰ ਉਸਾਰੀ ਅਤੇ ਵਿਸਥਾਰ ਕੀਤਾ ਜਾਵੇ।
ਮੋਤੀ ਮਹਿਲ ਵੱਲ ਮਾਰਚ ਕਰਨ ਤੋਂ ਪਹਿਲਾ ਹੋਏ ਇਕੱਠ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ, ਵਿਜੇ ਮਿਸ਼ਰਾ, ਨੱਥਾ ਸਿੰਘ ਡਡਵਾਲ,  ਦਰਸ਼ਨ ਨਾਹਰ, ਸਤਨਾਮ ਸਿੰਘ ਅਜਨਾਲਾ, ਨੀਲਮ ਘੁਮਾਣ, ਸ਼ਮਸ਼ੇਰ ਸਿੰਘ ਬਟਾਲਾ, ਮਨਜਿੰਦਰ ਢੇਸੀ, ਪੂਰਨ ਚੰਦ ਨਨਹੇੜਾ 'ਤੇ ਆਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਸਾਥੀ ਪਰਗਟ ਸਿੰਘ ਜਾਮਾਰਾਇ ਵਲੋਂ ਨਿਭਾਈ ਗਈ।
ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸਾਥੀ ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ (ਮੈਂਬਰਾਨ ਕੇਂਦਰੀ ਕਮੇਟੀ), ਲਾਲ ਚੰਦ ਕਟਾਰੂ ਚੱਕ, ਪ੍ਰੋ ਜੈਪਾਲ, ਵਿਜੇ ਮਿਸ਼ਰਾ, ਵੇਦ ਪ੍ਰਕਾਸ਼, ਰਵੀ ਕੰਵਰ, ਭੀਮ ਸਿੰਘ ਆਲਮਪੁਰ (ਮੈਂਬਰਾਨ ਸੂਬਾ ਸਕੱਤਰੇਤ) ਅਤੇ ਹੋਰਨਾਂ ਸੂਬਾਈ ਆਗੂਆਂ ਨੇ ਐਲਾਨ ਕੀਤਾ ਕਿ ਉਕਤ ਦੋਹਾਂ ਮੁਦਿਆਂ ਨਾਲ ਸਬੰਧਤ ਉੱਪਰ ਬਿਆਨ ਕੀਤੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਪਾਰਟੀ ਆਰ-ਪਾਰ ਦਾ ਸੰਗਰਾਮ ਲੜੇਗੀ।
ਇਸ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਨੇ ਮੋਰਚੇ ਦੀ ਹਮਾਇਤ ਕਰਦਿਆਂ ਉਚੇਚੇ ਤੌਰ 'ਤੇ ਆਪਣਾ ਭਰਾਤਰੀ ਸੰਦੇਸ਼ ਵੀ ਦਿੱਤਾ।
ਇਸ ਮੌਕੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਵੀ ਸੰਘਰਸ਼ ਦੀ ਹਮਾਇਤ ਕੀਤੀ।
ਇਸ ਮੌਕੇ ਹੋਰਨਾ ਬੁਲਾਰਿਆਂ ਨੇ ਕਿਹਾ ਕਿ ਪਟਿਆਲਾ ਮੋਰਚਾ ਵੱਖੋ-ਵੱਖ ਰੂਪਾਂ ਵਿੱਚ ਵਿਸ਼ਾਲ ਪੈਮਾਨੇ ਉੱਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਮੰਗਾਂ ਲਾਗੂ ਨਹੀਂ ਕਰ ਦਿੰਦੀ। ਪਾਰਟੀ ਆਗੂਆਂ ਨੇ ਦਸਿਆ ਕਿ ਪਾਰਟੀ ਵਲੋਂ ਉਕਤ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਹਰ ਘਰ ਦੀ ਦਹਿਲੀਜ਼ ਤੱਕ ਪੁੱਜਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਸ ਲਾਮਬੰਦੀ ਮੁਹਿੰਮ ਦਾ ਤਿੰਨ ਪੜਾਅ ਹੁਣ ਤੱਕ ਪੂਰੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਲੋਕਾਂ ਦੀ ਵਿਸ਼ਾਲ ਲਾਮਬੰਦੀ ਹੀ ਸਰਕਾਰਾਂ  ਨੂੰ ਝੁਕਾਉਣ ਦਾ ਇੱਕੋ ਇੱਕ ਰਾਹ ਹੈ ਅਤੇ ਪਾਰਟੀ ਇਸ ਰਾਹ ਤੇ ਅਡੋਲ ਤੁਰਦੀ ਰਹੇਗੀ।
ਆਗੂਆਂ ਨੇ ਸਮੂੰਹ ਪੰਜਾਬੀਆਂ ਨੂੰ ਇਸ ਜੀਵਨ ਦੀ ਰਾਖੀ ਦੇ ਸੰਗਰਾਮ ਵਿੱਚ ਸ਼ਾਮਲ ਹੋਣ ਅਤੇ ਇਸ ਦੀ ਹਰ ਪੱਖੋਂ ਇਮਦਾਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਖੱਬੇ, ਇਨਸਾਫ ਪਸੰਦ, ਜਮਹੂਰੀ ਸੰਗਠਨਾਂ, ਸੰਗਰਾਮੀ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।