Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Monday, 4 January 2021

ਦਿੱਲੀ ਕੂਚ ਨੂੰ ਕਾਮਯਾਬ ਕਰਨ ਦਾ ਦਿੱਤਾ ਸੱਦਾ


ਜਲੰਧਰ, 4 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੀ ਮੀਟਿੰਗ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ।  ਵਰਤਮਾਨ ਰਾਜਸੀ ਹਾਲਾਤ ਵਿੱਚ ਪਾਰਟੀ ਦੇ ਕਰਨ ਗੋਚਰੇ ਫੌਰੀ ਕਾਰਜਾਂ ਦੀ ਵਿਆਖਿਆ ਕਰਨ ਲਈ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਮੀਟਿੰਗ ਵਿੱਚ ਉਚੇਚੇ ਸ਼ਾਮਲ ਹੋਏ।
ਰਾਜ ਕਮੇਟੀ ਨੇ ਦੇਸ਼ ਵਿਆਪੀ ਜਨ ਸੰਗਰਾਮ ਦਾ ਰੂਪ ਧਾਰਨ ਕਰ ਚੁੱਕੇ ਹੱਕੀ ਕਿਸਾਨ ਸੰਘਰਸ਼ ਦੀ ਮੋਦੀ-ਸ਼ਾਹ ਸਰਕਾਰ ਵਲੋਂ ਕੀਤੀ ਜਾ ਰਹੀ ਘੋਰ ਅਣਦੇਖੀ, ਸੰਘਰਸ਼ ਨੂੰ ਬਦਨਾਮ ਕਰਨ ਦੇ ਵੱਖਵਾਦੀ ਹਥਕੰਡਿਆਂ ਅਤੇ ਸੰਵਿਧਾਨ- ਕਾਨੂੰਨ ਨੂੰ ਟਿੱਚ ਜਾਣਦਿਆਂ ਲੋਕ ਮਾਰੂ ਕਾਲੇ ਕਾਨੂੰਨ ਲਾਗੂ ਕਰਨ ਦੀ ਜ਼ਿੱਦੀ ਪਹੁੰਚ ਦੀ ਜੋਰਦਾਰ ਨਿਖੇਧੀ ਕੀਤੀ ਹੈ। ਇਹ ਨੋਟ ਕੀਤਾ ਗਿਆ ਕਿ ਕਿਸਾਨ ਘੋਲ ਦੀ ਸੁਚੱਜੀ ਅਗਵਾਈ ਕਰ ਰਹੀ ਸਾਂਝੀ ਲੀਡਰਸ਼ਿਪ, ਦੇਸ਼ ਦੇ ਪ੍ਰਗਤੀਸ਼ੀਲ ਅੰਦੋਲਨ ਅਤੇ ਸੰਘਰਸ਼ ਦੀ ਕੁਠਾਲੀ ਵਿੱਚ ਤਪ ਕੇ ਨਿੱਖਰੀ ਲੋਕਾਈ ਨੇ ਮੋਦੀ ਸਰਕਾਰ ਦੇ ਹੱਕੀ ਕਿਸਾਨ ਸੰਘਰਸ਼ ਖਿਲਾਫ ਸਾਰੇ ਕੂੜ ਪ੍ਰਚਾਰ ਅਤੇ ਫੁੱਟ ਪਾਊ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ ਹੈ।
ਰਾਜ ਕਮੇਟੀ ਨੇ ਕਿਹਾ ਕਿ ਮੋਦੀ ਸਰਕਾਰ, ਉਕਤ ਕੋਝੇ ਮਕਸਦ ਦੀ ਪੂਰਤੀ ਲਈ ਤਿੱਖੀ ਫਿਰਕੂ ਕਤਾਰਬੰਦੀ ਰਾਹੀਂ ਫਿਰਕੂ ਦੰਗੇ ਕਰਵਾਉਣ ਦੀਆਂ ਸਾਜ਼ਿਸ਼ ਵਿੱਚ ਗਲਤਾਨ ਹੈ ਅਤੇ ਹਾਲ ਹੀ ਵਿੱਚ ਮੱਧ ਪ੍ਰਦੇਸ਼ ਵਿਖੇ ਹਿੰਦੂਤਵੀ ਕਾਰਕੁੰਨਾਂ ਵਲੋਂ ਪੈਦਾ ਕੀਤਾ ਗਿਆ ਵਿਉਂਤਬੱਧ ਫਿਰਕੂ ਤਣਾਅ ਅਤੇ ਝੜਪਾਂ ਉਕਤ ਬਦਨੀਅਤੀ ਦੀ ਉੱਘੜਵੀਂ ਮਿਸਾਲ ਹਨ।  ਮੀਟਿੰਗ ਵੱਲੋਂ ਚੌਕਸ ਕੀਤਾ ਗਿਆ ਕਿ ਆਰਐਸਐਸ ਤੇ ਮੋਦੀ ਸਰਕਾਰ, ਮੰਨੂਵਾਦੀ ਜਾਤੀ ਵਿਵਸਥਾ ਤੇ ਆਧਾਰਿਤ ਕੱਟੜ ਹਿੰਦੂ ਰਾਸ਼ਟਰ ਦੀ ਕਾਇਮੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਅਤੇ ਦੇਸ਼ ਭਰ ਵਿੱਚ ਦਲਿਤਾਂ, ਇਸਤਰੀਆਂ, ਘੱਟ ਗਿਣਤੀਆਂ ਖਿਲਾਫ਼ ਕੀਤੇ ਜਾ ਰਹੇ ਯੋਜਨਾਬੱਧ ਅਮਾਨਵੀ ਅੱਤਿਆਚਾਰ ਉਕਤ ਰਣਨੀਤੀ ਦਾ ਮੂੰਹ ਬੋਲਦਾ ਸਬੂਤ ਹਨ।
ਮੀਟਿੰਗ ਨੇ ਕਿਸਾਨ ਸੰਗਰਾਮ ਖਿਲਾਫ਼, ਮੋਦੀ ਸਰਕਾਰ ਦੀ ਮੁਜਰਮਾਨਾ ਪਹੁੰਚ ਨੂੰ ਬੇਪਰਦ ਕਰਨ ਅਤੇ ਘੋਲ ਦੇ ਹੱਕ ਵਿੱਚ ਵਿਆਪਕ ਲਾਮਬੰਦੀ ਕਰਨ ਹਿਤ ਜੋਰਦਾਰ ਮੁਹਿੰਮ ਚਲਾਉਣ ਦਾ ਨਿਰਣਾ ਲਿਆ। ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਦੱਸਿਆ ਕਿ ਆਉਂਦੀ 10 ਜਨਵਰੀ ਨੂੰ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੇ ਤਿੰਨ ਸੌ ਟਰੈਕਟਰ- ਟਰਾਲੀਆਂ ਵਾਲੇ ਕਾਫਲੇ ਵੱਲੋਂ ਕੀਤੇ ਜਾ ਰਹੇ 'ਦਿੱਲੀ ਕੂਚ' ਦੀ ਲਾਮਿਸਾਲ ਕਾਮਯਾਬੀ ਲਈ ਅਤੇ 'ਸੰਯੁਕਤ ਕਿਸਾਨ ਮੋਰਚੇ' ਦੇ ਸਮੁੱਚੇ ਸੰਘਰਸ਼ ਪਰੋਗਰਾਮ ਨੂੰ ਤਨਦੇਹੀ ਨਾਲ ਸਹਾਇਤਾ ਕਰਨ ਦਾ ਵੀ ਨਿਰਣਾ ਕੀਤਾ ਗਿਆ।
ਮੀਟਿੰਗ ਵੱਲੋਂ ਨੋਟ ਕੀਤਾ ਗਿਆ ਹੈ ਕਿ ਮੋਦੀ ਸਰਕਾਰ ਆਪਣੇ ਸਾਮਰਾਜੀ ਅਤੇ ਕਾਰਪੋਰੇਟ ਆਕਾਵਾਂ ਦੇ ਭਾਰਤ ਦੀ ਚੌਤਰਫਾ ਲੁੱਟ ਦੇ ਮਨਸੂਬੇ ਪੂਰੇ ਕਰਨ ਲਈ ਦੇਸ਼ ਦੇ ਲੋਕਾਂ ਦੀਆਂ ਦੁਸ਼ਵਾਰੀਆਂ ਵਿੱਚ ਪਹਾੜਾਂ ਜਿੱਡੇ ਵਾਧੇ ਕਰਨ ਵਾਲੀਆਂ ਨਵਉਦਾਰਵਾਦੀ ਨੀਤੀਆਂ ਲਾਗੂ ਕਰਨ ਲਈ ਪੱਬਾਂ ਭਾਰ ਹੈ। ਲੋਕਾਂ ਵੱਲੋਂ ਅਦਾ ਕੀਤੇ ਟੈਕਸਾਂ ਰਾਹੀਂ ਉਸਾਰੇ ਗਏ ਜਨਤਕ ਖੇਤਰ ਨੂੰ ਮੁਫਤੋ-ਮੁਫਤੀ ਲੁਟਾਇਆ ਜਾ ਰਿਹਾ ਹੈ, ਖੇਤੀ -ਛੋਟੇ ਤੇ ਦਰਮਿਆਨੇ ਉਦਯੋਗਾਂ ਤੇ ਕਾਰੋਬਾਰਾਂ ਅਤੇ ਪਰਚੂਨ ਵਿਉਪਾਰ ਨੂੰ ਤਬਾਹ ਕਰਨ ਵਾਲੇ ਕਾਨੂੰਨ ਘੜੇ ਜਾ ਰਹੇ ਹਨ ਅਤੇ ਦੇਸ਼ ਦੇ ਕੁਦਰਤੀ ਖਜਾਣੇ, ਜਲ-ਜਮੀਨ-ਜੰਗਲ-ਖਣਿਜ,  ਕਾਰਪੋਰੇਟ ਲੋਟੂਆਂ ਦੇ ਹਵਾਲੇ ਕਰਨ ਲਈ ਆਦਿਵਾਸੀਆਂ, ਕਿਸਾਨਾਂ, ਖੇਤ ਮਜ਼ਦੂਰਾਂ ਨੂੰ ਉਜਾੜਿਆ ਜਾ ਰਿਹਾ ਹੈ। ਉਕਤ ਮਾਰੂ ਹੱਲਿਆਂ ਖਿਲਾਫ਼ ਆਜਾਦਾਨਾ ਅਤੇ ਖੱਬੀਆਂ ਧਿਰਾਂ ਦੇ ਸਾਂਝੇ ਸੰਗਰਾਮੀ ਦੀ ਉਸਾਰੀ ਲਈ ਰਾਜ ਕਮੇਟੀ ਵੱਲੋਂ ਪੜਾਅਵਾਰ ਐਕਸ਼ਨਾਂ ਦੀ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵੱਲੋਂ ਕਿਸਾਨ ਸੰਘਰਸ਼ ਦੇ ਸ਼ਹੀਦਾਂ ਅਤੇ ਸੀਪੀਆਈ (ਐਮ) ਆਗੂ ਸਾਥੀ ਰਘੁਨਾਥ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

Saturday, 15 August 2020

ਰੁਜ਼ਗਾਰ ਦੇ ਮੌਕਿਆਂ ਨੂੰ ਖਤਰਨਾਕ ਹੱਕ ਤੱਕ ਸੁੰਗੋੜਨ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ

ਜਲੰਧਰ, 15 ਅਗਸਤ - ‘‘ਕਰੋਨਾ ਮਹਾਂਮਾਰੀ ਦੇ ਦੌਰ ’ਚ ਜਦੋਂ ਬੇਰੁਜ਼ਗਾਰ ਲੋਕਾਂ ਲਈ ਕੰਮ, ਭੁੱਖਿਆਂ ਨੂੰ ਰੋਟੀ ਤੇ ਬਿਮਾਰਾਂ ਨੂੰ ਮੁਫ਼ਤ ਇਲਾਜ਼ ਚਾਹੀਦਾ ਹੈ, ਪੰਜਾਬ ਸਰਕਾਰ ਦੀ ਬੇਤਰਸ ਤੇ ਗੈਰਸੰਵੇਦਨਸ਼ੀਲ ਪਹੁੰਚ ਦੀ ਆਰ.ਐਮ.ਪੀ.ਆਈ. ਸਖਤ ਨਿਖੇਧੀ ਕਰਦੀ ਹੈ, ਜਿਸ ਨੇ ਬਿਜਲੀ ਮਹਿਕਮੇਂ ਨਾਲ ਸੰਬੰਧਤ ਪਾਵਰਕੌਮ ਅਤੇ ਪੰਜਾਬ  ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਵਿਚ ਖਾਲੀ ਪਈਆਂ 40 ਹਜ਼ਾਰ ਅਸਾਮੀਆਂ ਨੂੰ ਖਤਮ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲੋਕਾਂ ਤੇ ਮੁਲਾਜ਼ਮਾਂ ਦੇ ਰੋਹ ਤੋਂ ਬਚਣ ਵਾਸਤੇ ਇਸ ਕੀਤੇ ਫੈਸਲੇ ਨੂੰ ਗੁਪਤ ਰੱਖਿਆ ਗਿਆ ਹੈ, ਇਸ ਲਈ ਅਜਿਹੀ ਛਾਤਰ ਚਾਲ ਦੀ ਹੋਰ ਵੀ ਘੋਰ ਨਿੰਦਿਆਂ ਕੀਤੀ ਜਾਣੀ ਚਾਹੀਦੀ ਹੈ।
ਇਹ ਸ਼ਬਦ ਇਕ ਬਿਆਨ ’ਚ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਸੂਬਾਈ ਕਾਰਜਕਾਰੀ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਹੇ ਹਨ। ‘ਦੇਸ਼ ਤੇ ਪੰਜਾਬ’ ਦੇ ਲੋਕ ਪਹਿਲਾਂ ਹੀ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਾਰੇ ਹੀ ਸਰਕਾਰੀ ਮਹਿਕਮਿਆਂ ਨੂੰ ਨਿੱਜੀ ਹੱਥਾਂ ਵਿਚ ਸੌਂਪ ਕੇ ਰੁਜ਼ਗਾਰ ਦੇ ਮੌਕਿਆਂ ਨੂੰ ਖਤਰਨਾਕ ਹੱਕ ਤੱਕ ਸੁੰਗੋੜਨ ਦੀਆਂ ਲੋਕ ਮਾਰੂ ਨੀਤੀਆਂ ਦੀ ਮਾਰ ਝੇਲ ਰਹੇ ਹਨ ਤੇ ਭੁਖਮਰੀ ਦਾ ਸ਼ਿਕਾਰ ਹੋ ਰਹੇ ਹਨ। ਹੁਣ ਪੰਜਾਬ ਸਰਕਾਰ ਨੇ ਸਮਾਰਟ ਫੋਨ ਵੰਡਣ ਦੇ ਡਰਾਮਿਆਂ ਦੇ ਪਰਦੇ ਹੇਠਾਂ ਬੇਰੁਜ਼ਗਾਰ ਨੌਜਵਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ, ਜੋ ਨੌਕਰੀ ਦੀ ਤਲਾਸ਼ ’ਚ ਦਰ ਦਰ ਭਟਕਦੇ ਫਿਰ ਰਹੇ ਹਨ। ਪੰਜਾਬ ਦੇ ਨੌਜਵਾਨ ਰੁਜ਼ਗਾਰ ਤੇ ਸਸਤੀ ਮਿਆਰੀ ਵਿਦਿਆ ਚਾਹੁੰਦੇ ਹਨ ਨਾ ਕਿ ਸਮਾਰਟ ਫੋਨ, ਤਾਂ ਕਿ ਉਹ ਸਵੈਮਾਨ ਨਾਲ ਆਪਣੀ ਜ਼ਿੰਦਗੀ ਜੀਅ ਸਕਣ।
ਪਾਰਟੀ ਆਗੂਆਂ ਨੇ ਅੱਗੇ ਕਿਹਾ ਕਿ ਨਿੱਜੀਕਰਨ ਤੇ ਖੇਤੀਬਾੜੀ ਨੂੰ ਤਬਾਹ ਕਰਨ ਵਾਲੀਆਂ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਦੇਸ਼ ਭਰ ’ਚ ਮਜ਼ਦੂਰਾਂ-ਕਿਸਾਨਾਂ ਦਾ ਰੋਹ ਜ਼ੋਰ ਫੜ ਰਿਹਾ ਹੈ ਤੇ ਪੰਜਾਬ ਦੀ ਸਰਕਾਰ ਦੇ ਖਾਲੀ ਅਸਾਮੀਆਂ ਨੂੰ ਖਤਮ ਕਰਨ ਦੇ ਫੈਸਲੇ ਇਸ ਲੋਕ ਰੋਹ ਦੀ ਪੌਣ ਨੂੰ ਵੱਡੇ ਤੂਫ਼ਾਨ ’ਚ ਬਦਲਣ ਦਾ ਕੰਮ ਕਰਨਗੇ। ਆਰ.ਐਮ.ਪੀ.ਆਈ. ਪੰਜਾਬ ਸਰਕਾਰ ਨੂੰ ਉਪਰੋਕਤ ਫੈਸਲੇ ਤੁਰੰਤ ਰੋਕਣ ਦੀ ਮੰਗ ਕਰਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦੁਆਉਂਦੀ ਹੈ ਕਿ ਲੋਕ ਹਿਤਾਂ ਦਾ ਖਿਲਵਾੜ ਕਰਨ ਵਾਲੇ ਕੈਪਟਨ ਸਰਕਾਰ ਦੇ ਫੈਸਲਿਆਂ ਵਿਰੁੱਧ ਘੋਲਾਂ ’ਚ ਉਹ ਪੂਰਾ ਤਾਨ ਲਾ ਕੇ ਸੰਘਰਸ਼ਸ਼ੀਲ ਲੋਕਾਂ ਦਾ ਸਾਥ ਦੇਵੇਗੀ।

Sunday, 26 July 2020

ਲੋਕ ਘੋਲਾਂ 'ਤੇ ਲਾਈਆਂ ਪਾਬੰਦੀਆਂ ਦੀ ਆਰਐਮਪੀਆਈ ਵੱਲੋਂ ਘੋਰ ਨਿੰਦਾ

ਸੂਬਾ ਹਕੂਮਤ ਦੀ ਲੋਕ ਮਾਰੂ-ਤਾਨਾਸ਼ਾਹ ਪਹੁੰਚ ਵਿਰੁੱਧ ਵਿਸ਼ਾਲ ਲੋਕ ਲਾਮਬੰਦੀ 'ਤੇ ਆਧਾਰਿਤ ਸੰਘਰਸ਼ ਵਿੱਢਣ ਦਾ ਨਿਰਣਾ
ਜਲੰਧਰ, 26 ਜੁਲਾਈ (ਵਿਸ਼ੇਸ਼ ਪ੍ਰਤੀਨਿਧ) - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੇ ਸੂਬਾਈ ਸਕੱਤਰੇਤ ਦੀ ਮੀਟਿੰਗ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਮੀਟਿੰਗ ਵਿੱਚ ਉਚੇਚੇ ਤੌਰ 'ਤੇ ਸ਼ਾਮਲ ਹੋਏ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਮੀਟਿੰਗ ਵੱਲੋਂ ਕੋਰੋਨਾ ਦੀ ਆੜ ਹੇਠ ਜਨਤਕ ਘੋਲਾਂ ਨੂੰ ਸਾਬੋਤਾਜ ਕਰਨ ਦੀ ਮੰਨਸ਼ਾ ਤਹਿਤ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਲੋਕ ਸੰਗਰਾਮਾਂ 'ਤੇ ਲਾਈਆਂ ਪਾਬੰਦੀਆਂ ਦੀ ਜੋਰਦਾਰ ਨਿਖੇਧੀ ਕਰਦਿਆਂ ਉਕਤ ਤਾਨਾਸ਼ਾਹੀ ਵਾਲਾ ਫੈਸਲਾ ਫੌਰੀ ਰੱਦ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵੱਲੋਂ ਜਮਹੂਰੀਅਤ ਦੇ ਜੜੀਂ ਤੇਲ ਦੇਣ ਵਾਲੀਆਂ, ਲੋਕਾਈ ਦੇ ਸੰਵਿਧਾਨਕ ਹੱਕਾਂ ਦੀ ਸੰਘੀ ਘੁੱਟਣ ਵਾਲੀਆਂ ਉਕਤ ਪਾਬੰਦੀਆਂ ਖ਼ਿਲਾਫ਼ ਪਾਰਟੀ ਦੇ ਆਜ਼ਾਦਾਨਾ ਅਤੇ ਖੱਬੀਆਂ-ਜਮਹੂਰੀ ਸ਼ਕਤੀਆਂ ਦੇ ਸਾਂਝੇ ਘੋਲਾਂ ਦੀ ਉਸਾਰੀ ਦਾ ਨਿਰਣਾ ਲਿਆ ਗਿਆ।
ਸਕੱਤਰੇਤ ਵੱਲੋਂ ਇਹ ਵੀ ਨਿਰਣਾ ਲਿਆ ਗਿਆ ਕਿ ਆਪੋ-ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ-ਕਿਸਾਨਾਂ, ਕਰਜ਼ਾ ਮੁਕਤੀ ਲਈ ਜੂਝ ਰਹੀਆਂ ਕਿਰਤੀ ਔਰਤਾਂ ਤੇ ਹੋਰ ਮਿਹਨਤੀ ਤਬਕਿਆਂ ਦੇ ਹੱਕੀ ਸੰਘਰਸ਼ਾਂ ਦੀ ਡੱਟਵੀਂ ਹਿਮਾਇਤ ਕਰਨ ਦਾ ਨਿਰਣਾ ਲਿਆ ਗਿਆ।
ਕੇਂਦਰੀ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਕਰੋੜਾਂ ਲੋਕਾਂ ਦੀ ਪਿਛਲੇ ਸੱਤ ਦਹਾਕਿਆਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਅਦਾ ਕੀਤੇ ਟੈਕਸਾਂ ਰਾਹੀਂ ਉਸਾਰੇ ਗਏ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵਿਦੇਸ਼ੀ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਖ਼ਿਲਾਫ਼ ਜੋਰਦਾਰ ਜਨ ਲਾਮਬੰਦੀ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਭਾਰਤ ਛੱਡੋ ਅੰਦੋਲਨ ਦੀ ਸਾਲਗਿਰਹਾ ਮੌਕੇ, 9 ਅਗਸਤ ਨੂੰ 'ਸਾਮਰਾਜੀ ਲੁੱਟ ਦੇ ਖਾਤਮੇ ਅਤੇ ਸਾਂਝੀਵਾਲਤਾ ਦੀ ਰਾਖੀ ਦੇ ਨਾਲ ਨਾਲ ਬਸਤੀਵਾਦੀ ਜਾਬਰ ਕਾਨੂੰਨਾਂ ਦੇ ਖਾਤਮੇ ਲਈ ਸੰਘਰਸ਼ ਤਿੱਖਾ ਕਰਨ ਲਈ ਸੰਕਲਪ ਦਿਵਸ ਮਨਾਉਂਦਿਆਂ ਥਾਂ-ਥਾਂ ਮਨੁੱਖੀ ਕੜੀਆਂ ਉਸਾਰਨ ਦਾ ਵੀ ਫ਼ੈਸਲਾ ਕੀਤਾ ਗਿਆ।

Saturday, 13 June 2020

3 ਜੁਲਾਈ ਦੇ ਐਕਸ਼ਨ ਦੀ ਆਰਐਮਪੀਆਈ ਵਲੋਂ ਹਮਾਇਤ ਦਾ ਐਲਾਨ

ਜਲੰਧਰ, 13 ਜੂਨ - ‘ਕੇਂਦਰੀ ਟਰੇਡ ਯੂਨੀਅਨਾਂ ਦੀ ਸਾਂਝੀ ਐਕਸ਼ਨ ਕਮੇਟੀ’ ਵਲੋਂ ਦਿੱਤੇ ਗਏ 3 ਜੁਲਾਈ 2020 ਨੂੰ ਦੇਸ਼ ਵਿਆਪੀ ਪ੍ਰਤੀਰੋਧ ਐਕਸ਼ਨ ਮਨਾਏ ਜਾਣ ਦੇ ਸੱਦੇ ਦਾ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਨੇ ਡੱਟਵਾਂ ਸਮਰਥਨ ਕਰਨ ਦਾ ਐਲਾਨ ਕੀਤਾ ਹੈ।
ਅੱਜ ਇਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਅਤੇ ਕਾਰਜਕਾਰੀ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਪਾਰਟੀ ਦੀਆਂ ਸਮੂਹ ਇਕਾਈਆਂ, ਹਮਦਰਦਾਂ ਅਤੇ ਜਨਸੰਗਠਨਾਂ ਦੇ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ 3 ਜੁਲਾਈ ਨੂੰ ਟਰੇਡ ਯੂਨੀਅਨਾਂ ਵੱਲੋਂ ਕੀਤੇ ਜਾ ਰਹੇ ਤਹਿਸੀਲ ਅਤੇ ਜ਼ਿਲ੍ਹਾ ਪੱਧਰੇ ਰੋਸ ਐਕਸ਼ਨਾਂ ਵਿੱਚ ਪੂਰੀ ਸ਼ਕਤੀ ਨਾਲ ਸ਼ਮੂਲੀਅਤ ਕਰਦਿਆਂ, ਮਿਹਨਤਕਸ਼ ਵਸੋਂ ਦੇ ਸਾਰੇ ਹਿੱਸਿਆਂ ਨੂੰ ਉਕਤ ਐਕਸ਼ਨਾਂ ਦੀ ਹਿਮਾਇਤ ਵਿੱਚ ਲਾਮਬੰਦ ਕਰਨ ਦੇ ਜੀਅ ਤੋੜ ਯਤਨ ਕਰਨ।
ਸਾਥੀ ਪਾਸਲਾ, ਹਰਕੰਵਲ ਅਤੇ ਜਾਮਾਰਾਏ ਨੇ ਕੋਰੋਨਾ ਮਹਾਂਮਾਰੀ ਦੀ ਆੜ ਵਿੱਚ, ਕੇਂਦਰ ਦੀ ਮੋਦੀ ਸਰਕਾਰ ਦੀ ਸਾਜ਼ਿਸ਼ ਤਹਿਤ, ਕਿਰਤ ਕਾਨੂੰਨ ਮੁਲਤਵੀ ਕਰਨ ਵਾਲੀਆਂ ਪ੍ਰਾਂਤਕ ਸਰਕਾਰਾਂ ਦੀ ਜੋਰਦਾਰ ਨਿਖੇਧੀ ਕਰਦਿਆਂ ਲੋਕਾਈ ਨੂੰ ਅਜਿਹੇ ਲੋਕ ਵਿਰੋਧੀ ਫੈਸਲਿਆਂ ਖਿਲਾਫ਼ ਹਰ ਪੱਧਰ ਤੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਿਆਂ ਸਭਨਾਂ ਅਗਾਂਹਵਧੂ ਅਤੇ ਸੰਗਰਾਮੀ ਧਿਰਾਂ ਨੂੰ 3 ਜੁਲਾਈ ਦੇ ਦੇਸ਼ ਵਿਆਪੀ ਪ੍ਰਤੀਰੋਧ ਐਕਸ਼ਨਾਂ ਦੀ ਡਟਵੀਂ ਹਿਮਾਇਤ ਕਰਨ ਦਾ ਸੱਦਾ ਦਿੱਤਾ।

Friday, 12 June 2020

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਜ਼ਿਲ੍ਹਾ ਕੇਂਦਰਾਂ ’ਤੇ ਧਰਨੇ-ਮੁਜ਼ਾਹਰੇ 8 ਨੂੰ


ਜਲੰਧਰ, 12 ਜੂਨ -ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੂਬਾਈ ਸਕੱਤਰੇਤ ਦੀ ਮੀਟਿੰਗ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਉਚੇਚੇ ਸ਼ਾਮਲ ਹੋਏ।
ਮੀਟਿੰਗ ਵਲੋਂ ਇਹ ਗੱਲ ਡਾਢੇ ਦੁੱਖ ਅਤੇ ਰੋਸ ਨਾਲ ਨੋਟ ਕੀਤੀ ਗਈ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਲਾਗੂ ਕੀਤੀ ਗਈ ਲੌਕ ਡਾਊਨ ਦਰਮਿਆਨ, ਕੇਂਦਰੀ ਸਰਕਾਰ ਦੀ ਮੁਜ਼ਰਿਮਾਨਾ ਅਣਗਹਿਲੀ ਸਦਕਾ ਹੋਈ ਕਰੋੜਾਂ ਕਿਰਤੀਆਂ ਦੀ ਦਰਦਨਾਕ ਖੱਜਲ-ਖੁਆਰੀ ਅਤੇ ਹਜਾਰਾਂ ਅਜਾਈਂ ਮੌਤਾਂ ਦੇ ਬਾਵਜੂਦ ਮੋਦੀ ਸਰਕਾਰ ਲੋਕਾਂ ਦੀ ਰਾਖੀ ਲਈ ਅਤਿ ਲੋੜੀਂਦੇ ਢੁਕਵੇਂ ਕਦਮ ਚੁੱਕਣ ਦੀ ਬਜਾਇ, ਆਰ ਐਸ ਐਸ ਦੀ ਸਰਪ੍ਰਸਤੀ ਹੇਠ ਫੁੱਟ ਦੇ ਜ਼ਹਿਰੀਲੇ ਬੀਜ ਬੀਜਣ ਵਾਲਾ ਫਿਰਕੂ-ਫਾਸੀ ਏਜੰਡਾ ਨਿਰਲੱਜਤਾ ਨਾਲ ਅੱਗੇ ਵਧਾ ਰਹੀ ਹੈ। ਸਾਮਰਾਜੀ ਅਤੇ ਕਾਰਪੋਰੇਟ ਲੁੱਟ ਦੀ ਗਰੰਟੀ ਕਰਦੀਆਂ ਨਵਉਦਾਰਵਾਦੀ ਨੀਤੀਆਂ ਲਾਗੂ ਕਰਦਿਆਂ ਆਮ ਲੋਕਾਂ, ਖਾਸ ਕਰ ਕਿਰਤੀ ਸ਼੍ਰੇਣੀ ’ਤੇ ਮਣਾਂ ਮੂੰਹੀਂ ਆਰਥਿਕ ਬੋਝ ਲੱਦਣ ਤੋਂ ਇਲਾਵਾ ਜਾਨ ਹੂਲਵੇਂ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਕਿਰਤ ਕਾਨੂੰਨਾਂ ਤੇ ਹੋਰ ਅਧਿਕਾਰਾਂ ਦਾ ਤੇਜੀ ਨਾਲ ਖਾਤਮਾ ਕੀਤਾ ਜਾ ਰਿਹਾ ਹੈ। ਕਿਸਾਨੀ ਵਸੋਂ ਦੇ ਵਿਸ਼ਾਲ ਭਾਗਾਂ ਨੂੰ ਕੰਗਾਲ ਕਰਨ ਵਾਲੇ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਵੀ ਉਕਤ ਨੀਤੀਆਂ ਦਾ ਹੀ ਭਾਗ ਹਨ। ਪੰਜਾਬ ਦੀ ਕਾਂਗਰਸੀ ਸਰਕਾਰ ਵੀ ਉਕਤ ਨੀਤੀਆਂ ’ਤੇ ਹੀ ਅਮਲ ਕਰ ਰਹੀ ਹੈ ਅਤੇ ਗਰੀਬਾਂ ਦੀ ਬਾਂਹ ਫੜ੍ਹਨ ਪੱਖੋਂ ਇਸ ਦਾ ਰਵੱਈਆ ਵੀ ਕੇਂਦਰ ਦੀ ਮੋਦੀ ਸਰਕਾਰ ਵਰਗਾ ਹੀ ਜ਼ਾਲਮਾਨਾ ਹੈ।
 ਮੀਟਿੰਗ ਵੱਲੋਂ ਉਕਤ ਨੀਤੀ ਚੌਖਟੇ ਵਿਰੁੱਧ ਸਾਂਝੇ ਅਤੇ ਆਜ਼ਾਦਾਨਾ ਸੰਘਰਸ਼ ਤੇਜ ਕਰਨ ਦੀ ਵਿਉਂਤਬੰਦੀ ਕੀਤੀ ਗਈ। ਇਸੇ ਕੜੀ ਵਿੱਚ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵਿੱਚ ਸ਼ਾਮਲ ਪਾਰਟੀਆਂ ਵੱਲੋਂ 8 ਜੁਲਾਈ ਨੂੰ ਜ਼ਿਲ੍ਹਾ ਕੇਂਦਰਾਂ ’ਤੇ ਕੀਤੇ ਜਾ ਰਹੇ ਧਰਨੇ-ਮੁਜ਼ਾਹਰਿਆਂ ਵਿੱਚ ਵਧੇਰੇ ਤੋਂ ਵਧੇਰੇ ਆਮ ਲੋਕਾਂ ਨੂੰ ਸ਼ਾਮਲ ਕਰਾਉਣ ਦਾ ਨਿਰਣਾ ਲਿਆ ਗਿਆ।
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਪਾਰਟੀ ਦੀ ਪੰਜਾਬ ਇਕਾਈ ਦੇ ਕਾਰਜਕਾਰੀ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਪਾਰਟੀ ਵਲੋਂ ਪਿੰਡਾਂ ਵਿੱਚ ਝੋਨੇ ਦੀ ਲੁਆਈ ਦੇ ਮਸਲੇ ਨੂੰ ਲੈ ਕੇ ਹਾਕਮ ਧਿਰ ਦੀਆਂ ਪਾਰਟੀਆਂ ਦੇ ਪ੍ਰਭਾਵ ਵਾਲੀਆਂ ਪੰਚਾਇਤਾਂ ਵੱਲੋਂ ਪਾਏ ਜਾ ਰਹੇ ਗੈਰ ਕਾਨੂੰਨੀ ਮਤਿਆਂ ਦੀ ਜੋਰਦਾਰ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਤੁਰੰਤ ਅਜਿਹੀਆਂ ਪੰਚਾਇਤਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਨਿੱਜੀ ਫਾਈਨਾਂਸ ਕੰਪਨੀਆਂ ਰਾਹੀਂ, ਰਿਜ਼ਰਵ ਬੈਂਕ ਦੀਆਂ ਕਰਜ਼ ਵਸੂਲੀ ਮੁਅੱਤਲ ਕਰਨ ਦੀਆਂ ਹਿਦਾਇਤਾਂ ਦੇ ਬਾਵਜੂਦ, ਕੀਤੀ ਜਾ ਰਹੀ ਵਸੂਲੀ ਅਤੇ ਧੱਕੇਸ਼ਾਹੀ ਖਿਲਾਫ਼ ਸੰਘਰਸ਼ ਕਰ ਰਹੇ ਕਿਰਤੀਆਂ, ਖਾਸ ਕਰਕੇ ਔਰਤਾਂ ਦੇ ਨਿਆਂਈ ਸੰਗਰਾਮ ਨੂੰ ਭਰਪੂਰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ।
ਹਰ ਬੇਜ਼ਮੀਨੇ-ਸਾਧਨਹੀਣ ਕਿਰਤੀ ਪਰਿਵਾਰ ਨੂੰ ਬਿਨਾਂ ਸ਼ਰਤ ਰਾਸ਼ਨ ਤਕਸੀਮ ਕਰਨ ਅਤੇ ਨਗਦ ਮੁਆਵਜ਼ਾ ਰਾਸ਼ੀ ਦਿੱਤੇ ਜਾਣ ਦੀਆਂ ਮੰਗਾਂ ਲਈ ਚੱਲ ਰਹੇ ਹੱਕੀ ਸੰਗਰਾਮ ਨੂੰ ਹੋਰ ਵਿਸ਼ਾਲ ਅਤੇ ਤੀਬਰ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੇ ਸ਼ੁਰੂ ਵਿੱਚ ਕੋਰੋਨਾ ਮਹਾਂਮਾਰੀ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀ ਬਦਇੰਤਜਾਮੀ ਕਾਰਣ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਮੌਨ ਖਲੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

Friday, 1 May 2020

ਲੌਕਡਾੳੂਨ ਦੇ ਚਲਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ

ਪੰਜਾਬ ਭਰ ’ਚ ਆਰਐਮਪੀਆਈ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਅੱਜ ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਲੌਕਡਾੳੂਨ ਕਾਰਨ ਆਪਣੇ ਘਰਾਂ ’ਚ, ਘਰਾਂ ਦੀਆਂ ਛੱਤਾਂ ਅਤੇ ਸਰੀਰਕ ਦੂਰੀ ਨੂੰ ਕਾਇਮ ਰੱਖਦਿਆਂ ਵੱਖ-ਵੱਖ ਤਰੀਕੇ ਨਾਲ ਇਹ ਦਿਨ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ।
 
ਇਸ ਵਾਰ ਫ਼ੋਟੋਆਂ ਰਾਹੀਂ ਇਸ ਰਿਪੋਰਟ ਦੀ ਸਾਂਝ ਆਪ ਨਾਲ ਪਾ ਰਹੇ ਹਾਂ। ਇਨ੍ਹਾਂ ਫ਼ੋਟੋਆਂ ’ਚ ਕੁੱਝ ਦੁਹਰਾਓ ਵੀ ਹੈ ਪਰ ਫਿਰ ਵੀ ਜੇ ਕਿਸੇ ਇਕਾਈ ਜਾਂ ਜਥੇਬੰਦੀ ਦੀ ਫ਼ੋਟੋ ਰਹਿ ਗਈ ਹੋਵੇ ਤਾਂ 98143-64723 ’ਤੇ ਵਟਸਐਪ ਕਰ ਸਕਦੇ ਹੋ। ਅਜਿਹੀਆਂ ਫ਼ੋਟੋਆਂ ਨੂੰ, ਪ੍ਰਕਾਸ਼ਿਤ ਇਨ੍ਹਾਂ ਫ਼ੋਟੋਆਂ ’ਚ ਸ਼ਾਮਲ ਕਰ ਲਿਆ ਜਾਵੇਗਾ। ਉਮੀਦ ਹੈ ਕਿ ਆਪ ਨੂੰ ਸਾਡੀ ਇਹ ਨਵੇਕਲੀ ਰਿਪੋਰਟ ਪਸੰਦ ਆਵੇਗੀ।